ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਨੇ ਕੋਵਿਡ ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਨਵੀਂਆਂ ਟੈਕਨੋਲੋਜੀਆਂ ਅਤੇ ਨਵੀਨਤਾਕਾਰੀ ਉਤਪਾਦਾਂ ਨੂੰ ਵਿਕਸਤ ਕਰਨ ਲਈ ਸਟਾਰਟਅੱਪਸ ਅਤੇ ਕੰਪਨੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ

Posted On: 21 MAY 2021 8:15AM by PIB Chandigarh

 ਦੇਸ਼ ਵਿੱਚ ਕੋਵਿਡ ਦੀ ਦੂਜੀ ਲਹਿਰ ਦੀ ਮੌਜੂਦਾ ਚੁਣੌਤੀ ਨਾਲ ਨਜਿੱਠਣ ਲਈ ਇੱਕ ਸਟਾਰਟਅੱਪ-ਸੰਚਾਲਿਤ ਹੱਲ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ, ਭਾਰਤੀ ਸਟਾਰਟਅੱਪਸ ਅਤੇ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਤਾਂ ਜੋ ਇਸ ਸੰਕਟ ਦਾ ਸਾਹਮਣਾ ਕਰਨ ਲਈ ਨਵੀਂਆਂ ਟੈਕਨੋਲੋਜੀਆਂ ਅਤੇ ਨਵੀਨਤਾਕਾਰੀ ਉਤਪਾਦਾਂ ਨੂੰ ਵਿਕਸਤ ਕੀਤਾ ਜਾ ਸਕੇ।

 ਨਿਧੀ4ਕੋਵਿਡ2.0 (NIDHI4COVID2.0) ਇੱਕ ਨਵੀਂ ਪਹਿਲ ਹੈ ਜਿਸ ਦੇ ਤਹਿਤ ਕੰਪਨੀਆਂ ਅਪਲਾਈ ਕਰ ਸਕਦੀਆਂ ਹਨ। ਇਸ ਦੇ ਜ਼ਰੀਏ, ਭਾਰਤ ਵਿੱਚ ਰਜਿਸਟਰਡ, ਉਨ੍ਹਾਂ ਯੋਗ ਸਟਾਰਟ-ਅੱਪਸ ਅਤੇ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ, ਜੋ ਆਕਸੀਜਨ ਨਵੀਨਤਾ, ਪੋਰਟੇਬਲ ਉਪਕਰਣਾਂ, ਜ਼ਰੂਰੀ ਡਾਕਟਰੀ ਸਹਾਇਕ ਸਮੱਗਰੀ, ਨਿਦਾਨ ਦੇ ਹੱਲ ਅਤੇ ਕੋਵਿਡ -19 ਦੇ ਡੂੰਘੇ ਪ੍ਰਭਾਵ ਦਾ ਸਾਹਮਣਾ ਕਰ ਰਹੇ ਦੇਸ਼/ਸਮਾਜ ਦੀ ਮਦਦ ਅਤੇ ਇਸਦੇ ਪ੍ਰਭਾਵ ਨੂੰ ਘਟਾਉਣ ਲਈ ਇੱਕ ਹੱਲ ਲੱਭਣ ਵਿੱਚ ਸਹਾਇਤਾ ਕਰ ਸਕਣ।

 ਇਹ ਪਹਿਲ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਧੀਨ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮ ਵਿਕਾਸ ਬੋਰਡ (ਐੱਨਐੱਸਟੀਈਡੀਬੀ) ਦੀ ਇੱਕ ਵਿਸ਼ੇਸ਼ ਮੁਹਿੰਮ ਹੈ, ਜਿਸ ਤਹਿਤ ਦੇਸ਼ ਮਹਾਮਾਰੀ ਸੰਕਟ ਦੀ ਮੌਜੂਦਾ ਚੁਣੌਤੀ ਦਾ ਸਾਹਮਣਾ ਕਰਨ ਲਈ ਘਰੇਲੂ ਹੱਲ ਅਤੇ ਨਵੀਨਤਾਕਾਰੀ ਉਤਪਾਦ ਪ੍ਰਾਪਤ ਕਰ ਸਕਦਾ ਹੈ।

 ਆਕਸੀਜਨ ਕੰਸਨਟ੍ਰੇਟਰਾਂ ਵਰਗੇ ਯੰਤਰਾਂ ਲਈ ਇਸ ਵੇਲੇ ਆਯਾਤ ਕੀਤੇ ਜਾ ਰਹੇ ਉਤਪਾਦਾਂ ਦੇ ਪੁਰਜ਼ਿਆਂ ਦੇ ਵਿਕਾਸ ਅਤੇ ਨਿਰਮਾਣ (ਆਯਾਤ ਦਾ ਬਦਲ) ਅਤੇ ਇਸ ਤਰ੍ਹਾਂ ਟੀਬੀਆਈਸ ਦੇ ਡੀਐੱਸਟੀ ਸਹਿਯੋਗੀ ਨੈੱਟਵਰਕ ਦੁਆਰਾ ਸੀਡ ਸਹਾਇਤਾ ਲਈ ਵੀ ਵਿਚਾਰਿਆ ਜਾਵੇਗਾ। ਉਤਸ਼ਾਹੀ ਸਟਾਰਟ-ਅੱਪਸ ਨੂੰ ਉਨ੍ਹਾਂ ਦੇ ਉਤਪਾਦਾਂ / ਤਕਨਾਲੋਜੀਆਂ ਦਾ ਪੱਧਰ ਵਧਾਉਣ ਅਤੇ ਉਨ੍ਹਾਂ ਦੀਆਂ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣ ਅਤੇ ਜਿੰਨੀ ਜਲਦੀ ਸੰਭਵ ਹੋ ਸਕੇ ਉਤਪਾਦਾਂ ਦੀ ਤਾਇਨਾਤੀ ਪੜਾਅ ਤੱਕ ਪਹੁੰਚਣ ਵਿੱਚ ਸਹਾਇਤਾ ਲਈ ਵਿੱਤੀ ਅਤੇ ਸਲਾਹਕਾਰੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ।

 ਇਹ ਪਹਿਲ ਐੱਨਐੱਸਟੀਈਡੀਬੀ ਦੇ ਸੈਂਟਰ ਫਾਰ ਓਗਮੈਂਟਿੰਗ ਵਾਰ ਵਿਦ ਕੋਵਿਡ -19 ਹੈੱਲਥ ਕ੍ਰਾਈਸਿਸ (ਕਵਚ-CAWACH) ਨੂੰ ਲਾਗੂ ਕਰਨ ਦੇ ਪਿਛਲੇ ਤਜ਼ੁਰਬੇ ਦੇ ਅਧਾਰ ‘ਤੇ ਅਤੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਜ਼ (ਟੀਬੀਆਈ) ਤੋਂ ਨੈਸ਼ਨਲ ਇਨੀਸ਼ੀਏਟਿਵ ਫਾਰ ਡਿਵੈਲਪਿੰਗ ਐਂਡ ਹਾਰਨਸਿੰਗ ਇਨੋਵੇਸ਼ਨਜ਼ - ਸੀਡ ਸਪੋਰਟ ਸਿਸਟਮ(ਐੱਨਆਈਡੀਐੱਚਆਈ-ਐੱਸਐੱਸਐੱਸ) ਦੁਆਰਾ 2020 ਵਿੱਚ ਸਟਾਰਟਅੱਪਸ ਦੀ ਸਹਾਇਤਾ ਲਈ ਬਣਾਈ ਗਈ ਹੈ।

 ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ “ਆਕਸੀਜਨ ਕੰਸਨਟ੍ਰੇਟਰਸ ਵਰਗੇ ਯੰਤਰਾਂ, ਜੋ ਆਯਾਤ ਕੀਤੇ ਜਾ ਰਹੇ ਹਨ, ਦੇ ਵਿਕਾਸ ਵਿੱਚ ਸਹਾਇਤਾ ਨਾਲ ਕਈ ਮਹੱਤਵਪੂਰਨ ਹਿੱਸਿਆਂ ਦੇ ਵਿਕਾਸ ਅਤੇ ਨਿਰਮਾਣ ਵਿਚ ਵੱਡੇ ਅਵਸਰ ਵੀ ਮਿਲਦੇ ਹਨ ਜਿਵੇਂ ਕਿ ਵਿਸ਼ੇਸ਼ ਵਾਲਵ, ਜ਼ੀਓਲਾਈਟ ਸਮੱਗਰੀ, ਤੇਲ ਮੁਕਤ ਅਤੇ ਸ਼ੋਰ ਰਹਿਤ ਛੋਟੇ ਕੰਪ੍ਰੈਸਰ, ਗੈਸ ਸੈਂਸਰ ਆਦਿ, ਜਿਨ੍ਹਾਂ ਦੀ ਸਾਰੇ ਖੇਤਰਾਂ ਵਿੱਚ ਵਿਆਪਕ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ।”

 ਮੌਜੂਦਾ ਸਥਿਤੀ ਵਿੱਚ, ਸਟਾਰਟਅੱਪਸ ਬਜ਼ਾਰ ਵਿੱਚ ਨਵੀਂਆਂ ਟੈਕਨੋਲੋਜੀਆਂ ਅਤੇ ਉਤਪਾਦ ਲਿਆਉਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ, ਇਸ ਤਰ੍ਹਾਂ ਕੋਵਿਡ ਵਿਰੁੱਧ ਚੱਲ ਰਹੀ ਲੜਾਈ ਵਿੱਚ ਵਿਭਿੰਨ ਮੋਰਚਿਆਂ ‘ਤੇ ਸਾਡੇ ਦੇਸ਼ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਕੁਝ ਸਟਾਰਟਅੱਪਸ ਕੋਲ ਪਹਿਲਾਂ ਤੋਂ ਹੀ ਕਾਰਗਰ ਤਕਨਾਲੋਜੀਆਂ ਹੁੰਦੀਆਂ ਹਨ ਪਰੰਤੂ ਅਗਲੇ ਪੜਾਅ ‘ਤੇ ਜਾਣ ਲਈ ਸਲਾਹ, ਵਿੱਤੀ ਅਤੇ ਮਾਰਕੀਟਿੰਗ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ, ਡੀਐੱਸਟੀ ਦੀ ਇਸ ਨਵੀਂ ਪਹਿਲ ਦੁਆਰਾ ਕੋਸ਼ਿਸ਼ ਕੀਤੀ ਗਈ ਹੈ ਕਿ ਕਾਬਲ ਸਟਾਰਟਅੱਪਸ ਨੂੰ, ਉਨ੍ਹਾਂ ਦੀਆਂ ਤਕਨੀਕਾਂ ਨੂੰ ਵਧਾਉਣ ਲਈ ਲੋੜੀਂਦੀ ਸਹਾਇਤਾ ਨਾਲ ਸਕਾਊਟ ਅਤੇ ਸਮਰਥਨ ਕੀਤਾ ਜਾਵੇ, ਜਿਸ ਨਾਲ ਉਨ੍ਹਾਂ ਨੂੰ ਉਤਪਾਦ ਦੀ ਤੈਨਾਤੀ ਦੇ ਪੜਾਅ 'ਤੇ ਜਲਦੀ ਤੋਂ ਜਲਦੀ ਪਹੁੰਚਣ ਵਿੱਚ ਸਹਾਇਤਾ ਮਿਲ ਸਕੇ।

 ਹੱਲ ਦੀ ਪੇਸ਼ਕਸ਼ ਕਰਨ ਵਾਲੇ ਇਛੁੱਕ ਬਿਨੈਕਾਰ ਕੇਂਦਰੀ ਪੋਰਟਲ https://dstnidhi4covid.in ਦੁਆਰਾ 31.05.2021 ਨੂੰ 23.59 ਵਜੇ ਤਕ ਅਪਲਾਈ ਕਰ ਸਕਦੇ ਹਨ।

 ਵਧੇਰੇ ਜਾਣਕਾਰੀ ਅਤੇ ਯੋਗਤਾ ਦੀਆਂ ਸ਼ਰਤਾਂ ਲਈ, ਬਿਨੈਕਾਰ https://dstnidhi4covid.in/ ‘ਤੇ ਵਿਜ਼ਿਟ ਕਰ ਸਕਦੇ ਹਨ।

   

   **********

 

 ਐੱਸਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)



(Release ID: 1720786) Visitor Counter : 219