ਗ੍ਰਹਿ ਮੰਤਰਾਲਾ
ਕੈਬਨਿਟ ਸਕੱਤਰ ਨੇ ਚਕਰਵਾਤੀ ਤੂਫ਼ਾਨ ਤਾਉਤੇ ਤੇ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐਨਸੀਐਮਸੀ) ਚੱਕਰਵਾਤ ਬਾਰੇ ਮੀਟਿੰਗ ਦੀ ਪ੍ਰਧਾਨਗੀ ਕੀਤੀ
ਉਦੇਸ਼ ਜਾਨ-ਮਾਲ ਦੇ ਘੱਟੋ ਘੱਟ ਨੁਕਸਾਨ ਨੂੰ ਯਕੀਨੀ ਬਣਾਉਣ ਦਾ ਹੋਣਾ ਚਾਹੀਦਾ ਹੈ, ਸ਼੍ਰੀ ਗਾਬਾ ਨੇ ਕਿਹਾ
ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ
Posted On:
16 MAY 2021 2:36PM by PIB Chandigarh
ਕੈਬਨਿਟ ਸਕੱਤਰ, ਸ਼੍ਰੀ ਰਾਜੀਵ ਗਾਬਾ ਨੇ ਅਰਬ ਸਾਗਰ ਵਿੱਚ ਚੱਕਰਵਾਤੀ ਤੂਫਾਨ ਤਾਉਤੇ ਦੇ ਮੱਦੇਨਜ਼ਰ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐਨਸੀਐਮਸੀ) ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਗੁਜਰਾਤ, ਮਹਾਰਾਸ਼ਟਰ, ਗੋਆ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਰਾਜਾਂ ਦੇ ਮੁੱਖ ਸਕੱਤਰਾਂ ਦੇ ਨਾਲ-ਨਾਲ ਲਕਸ਼ਦੀਪ ਅਤੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਉ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਦੇ ਸਲਾਹਕਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਵੱਖ ਵੱਖ ਕੇਂਦਰੀ ਮੰਤਰਾਲਿਆਂ ਦੇ ਸਕੱਤਰ ਵੀ ਵੀਡੀਓ ਕਾਨਫਰੰਸ ਵਿੱਚ ਸ਼ਾਮਲ ਹੋਏ।
ਕੇਂਦਰੀ ਅਤੇ ਰਾਜ ਏਜੰਸੀਆਂ ਦੀ ਤਿਆਰੀ ਦੀ ਸਮੀਖਿਆ ਕਰਦਿਆਂ ਸ੍ਰੀ ਰਾਜੀਵ ਗਾਬਾ ਨੇ ਇਸ ਗੱਲ ਤੇ ਜ਼ੋਰ ਦਿਤਾ ਕਿ ਚੱਕਰਵਾਤੀ ਤੂਫ਼ਾਨ ਤੋਂ ਪ੍ਰਭਾਵਤ ਇਲਾਕਿਆਂ ਦੇ ਲੋਕਾਂ ਨੂੰ ਬਾਹਰ ਕੱਢਣ ਲਈ ਸਾਰੇ ਉਪਾਅ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਜ਼ੀਰੋ ਮਾਲੀ ਅਤੇ ਜਾਨੀ ਨੁਕਸਾਨ ਨੂੰ ਯਕੀਨੀ ਬਣਾਇਆ ਜਾ ਸਕੇ। ਬਿਜਲੀ, ਦੂਰਸੰਚਾਰ ਅਤੇ ਹੋਰ ਮਹੱਤਵਪੂਰਨ ਸੇਵਾਵਾਂ ਨੂੰ ਬਹਾਲ ਕਰਨ ਲਈ ਤਿਆਰੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਕੈਬਨਿਟ ਸਕੱਤਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਦੇ ਕੰਮਕਾਜ ਵਿਚ ਕਿਸੇ ਵੀ ਤਰ੍ਹਾਂ ਦੇ ਵਿਘਨ ਨੂੰ ਰੋਕਣ ਅਤੇ ਉਨ੍ਹਾਂ ਨੂੰ ਆਕਸੀਜਨ ਦੀ ਨਿਯਮਤ ਸਪਲਾਈ ਬਣਾਈ ਰੱਖਣ ਲਈ ਸਾਰੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸੰਬੰਧ ਵਿੱਚ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਦੇਸ਼ ਭਰ ਵਿਚ ਕੋਵਿਡ ਸਹੂਲਤਾਂ ਨੂੰ ਆਕਸੀਜਨ ਦੇ ਉਤਪਾਦਨ ਅਤੇ ਸਪਲਾਈ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਕੈਬਨਿਟ ਸਕੱਤਰ ਨੇ ਸਬੰਧਤ ਏਜੰਸੀਆਂ ਨੂੰ ਨਜ਼ਦੀਕੀ ਤਾਲਮੇਲ ਵਿਚ ਕੰਮ ਕਰਨ ਅਤੇ ਰਾਜ ਪ੍ਰਸ਼ਾਸਨਾਂ ਨੂੰ ਹਰ ਢੁਕਵੀਂ ਸਹਾਇਤਾ ਵਧਾਉਣ ਦੇ ਨਿਰਦੇਸ਼ ਵੀ ਦਿੱਤੇ।
ਸਬੰਧਤ ਰਾਜਾਂ ਦੇ ਮੁੱਖ ਸਕੱਤਰਾਂ ਨੇ ਚੱਕਰਵਾਤੀ ਤੂਫਾਨ ਨਾਲ ਨਜਿੱਠਣ ਲਈ ਕੀਤੇ ਗਏ ਤਿਆਰੀ ਦੇ ਉਪਰਾਲਿਆਂ ਦੀ ਕਮੇਟੀ ਬਾਰੇ ਜਾਣੂ ਕਰਾਇਆ ਗਿਆ। ਅਨਾਜ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸਪਲਾਈ ਦੇ ਲੋੜੀਂਦੇ ਸਟਾਕ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਕਿ ਬਿਜਲੀ, ਦੂਰ ਸੰਚਾਰ ਆਦਿ ਨੂੰ ਬਣਾਈ ਰੱਖਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ।
ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐਨਡੀਆਰਐਫ) ਨੇ ਸੂਚਿਤ ਕੀਤਾ ਕਿ ਇਸਨੇ ਪ੍ਰਭਾਵਤ ਰਾਜਾਂ ਵਿੱਚ 79 ਟੀਮਾਂ ਤਾਇਨਾਤ ਕੀਤੀਆਂ / ਉਪਲਬਧ ਕਰਵਾਈਆਂ ਹਨ ਅਤੇ 22 ਵਾਧੂ ਟੀਮਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। ਸੈਨਾ, ਜਲ ਸੈਨਾ ਅਤੇ ਤੱਟ ਰੱਖਿਅਕਾਂ ਦੀਆਂ ਬਚਾਅ ਅਤੇ ਰਾਹਤ ਟੀਮਾਂ ਨੂੰ ਵੀ ਸਮੁਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਸਮੇਤ ਤਾਇਨਾਤ ਕੀਤਾ ਗਿਆ ਹੈ।
--------------------------------------------
ਐਨ ਡਬਲਯੂ /ਆਰ ਕੇ/ਪੀ ਕੇ/ਏ ਵਾਈ /ਡੀ ਡੀ ਡੀ
(Release ID: 1719227)
Visitor Counter : 153