ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਪ੍ਰਮੁੱਖ ਆਕਸੀਜਨ ਨਿਰਮਾਤਾਵਾਂ ਨਾਲ ਗੱਲਬਾਤ ਕੀਤੀ

Posted On: 23 APR 2021 5:56PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਪ੍ਰਮੁੱਖ ਆਕਸੀਜਨ ਨਿਰਮਾਤਾਵਾਂ ਨਾਲ ਇੱਕ ਬੈਠਕ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਮਾਂ ਨਾ ਸਿਰਫ਼ ਚੁਣੌਤੀਆਂ ਨਾਲ ਨਿਪਟਣ ਦਾ ਹੈ, ਬਲਕਿ ਬਹੁਤ ਘੱਟ ਸਮੇਂ ’ਚ ਹੱਲ ਮੁਹੱਈਆ ਕਰਵਾਉਣ ਦਾ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਅਤੇ ਆਕਸੀਜਨ ਉਤਪਾਦਕਾਂ ਵਿਚਾਲੇ ਚੰਗਾ ਤਾਲਮੇਲ ਕਾਇਮ ਰੱਖਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਉਤਪਾਦਨ ਵਧਾਉਣ ਲਈ ਆਕਸੀਜਨ ਦੇ ਨਿਰਮਾਤਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਤਰਲ ਆਕਸੀਜਨ ਦਾ ਉਤਪਾਦਨ ਵਧਾਉਣ ਲਈ ਕਈ ਕਦਮ ਉਠਾਏ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀਆਂ ਮੈਡੀਕਲ ਜ਼ਰੂਰਤ ਦੀ ਪੂਰਤੀ ਲਈ ਉਦਯੋਗਿਕ ਆਕਸੀਜਨ ਨੂੰ ਵਰਤਣ ਲਈ ਉਦਯੋਗ ਦਾ ਧੰਨਵਾਦ ਵੀ ਕੀਤਾ।

ਸਥਿਤੀ ਵਿੱਚ ਹੋਰ ਸੁਧਾਰ ਲਿਆਉਣ ਲਈ, ਪ੍ਰਧਾਨ ਮੰਤਰੀ ਮੋਦੀ ਨੇ ਆਉਣ ਵਾਲੇ ਦਿਨਾਂ ਵਿੱਚ ਆਕਸੀਜਨ ਦੀ ਮੰਗ ਦੀ ਪੂਰਤੀ ਲਈ ਉਦਯੋਗ ਦੀ ਪੂਰੀ ਸੰਭਾਵਨਾ ਦਾ ਉਪਯੋਗ ਕਰਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਨੋਟ ਕੀਤਾ ਕਿ ਆਕਸੀਜਨ ਸਿਲੰਡਰਾਂ ਦੀ ਉਪਲਬਧਤਾ ਵਿੱਚ ਵਾਧਾ ਕਰਨ ਦੇ ਨਾਲ–ਨਾਲ ਆਕਸੀਜਨ ਨੂੰ ਲਿਆਉਣ–ਲਿਜਾਣ ਲਈ ਲੌਜਿਸਟਿਕਸ ਸੁਵਿਧਾਵਾਂ ਅੱਪਗ੍ਰੇਡ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਉਦਯੋਗ ਨੂੰ ਬੇਨਤੀ ਕੀਤੀ ਕਿ ਉਹ ਹੋਰ ਗੈਸਾਂ ਦੀ ਆਵਾਜਾਈ ਲਈ ਵਰਤੇ ਜਾਣ ਵਾਲੇ ਟੈਂਕਰਾਂ ਦੀ ਵਰਤੋਂ ਆਕਸੀਜਨ ਦੀ ਸਪਲਾਈ ਲਈ ਕਰਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਕਸੀਜਨ ਨਾਲ ਸਬੰਧਿਤ ਰਾਜਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਰੇਲਵੇਜ਼ ਤੇ ਹਵਾਈ ਫ਼ੌਜ ਦੀ ਪ੍ਰਭਾਵੀ ਤਰੀਕੇ ਵਰਤੋਂ ਕਰ ਰਹੀ ਹੈ, ਤਾਂ ਜੋ ਟੈਂਕਰ ਛੇਤੀ ਤੋਂ ਛੇਤੀ ਉਤਪਾਦਨ ਕੇਂਦਰ ਤੱਕ ਪਹੁੰਚ ਸਕਣ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ, ਰਾਜਾਂ ਅਤੇ ਟ੍ਰਾਂਸਪੋਰਟਰਸ ਤੇ ਸਾਰੇ ਹਸਪਤਾਲਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਜਿੰਨੀ ਬਿਹਤਰ ਇਕਜੁੱਟਤਾ ਤੇ ਤਾਲਮੇਲ ਹੋਣਗੇ, ਇਸ ਚੁਣੌਤੀ ਨਾਲ ਨਿਪਟਣਾ ਓਨਾ ਹੀ ਸੌਖਾ ਹੋਵੇਗਾ।

ਆਕਸੀਜਨ ਉਤਪਾਦਕਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮੁਕੰਮਲ ਮਦਦ ਦੇਣ ਲਈ ਕਿਹਾ ਤੇ ਆਸ ਪ੍ਰਗਟਾਈ ਕਿ ਦੇਸ਼ ਛੇਤੀ ਹੀ ਇਸ ਸੰਕਟ ਦਾ ਟਾਕਰਾ ਕਰਨ ਵਿੱਚ ਸਫ਼ਲ ਹੋਵੇਗਾ।

ਸ਼੍ਰੀ ਮੁਕੇਸ਼ ਅੰਬਾਨੀ, RIL ਦੇ ਸੀਐੱਮਡੀ, ਸ਼੍ਰੀਮਤੀ ਸੋਮਾ ਮੰਡਲ, SAIL ਦੇ ਚੇਅਰਪਰਸਨ, JSW ਦੇ ਸ਼੍ਰੀ ਸੱਜਣ ਜਿੰਦਲ, ਟਾਟਾ ਸਟੀਲ ਦੇ ਸ਼੍ਰੀ ਨਰੇਂਦਰਨ, JSPL ਦੇ ਸ਼੍ਰੀ ਨਵੀਨ ਜਿੰਦਲ, AMNS ਦੇ ਸ਼੍ਰੀ ਦਿਲੀਪ ਊਮੈੱਨ, LINDE ਦੇ ਸ਼੍ਰੀ ਐੱਮ. ਬੈਨਰਜੀ, ਇਨੌਕਸ ਦੇ ਸ਼੍ਰੀ ਸਿਧਾਰਥ ਜੈਨ, ਏਅਰ ਵਾਟਰ ਜਮਸ਼ੇਦਪੁਰ ਦੇ ਐੱਮਡੀ ਸ਼੍ਰੀ ਨੋਰੀਓ ਸ਼ਿਬੂਯਾ, ਨੈਸ਼ਨਲ ਆਕਸੀਜਨ ਲਿਮਿਟੇਡ ਦੇ ਸ਼੍ਰੀ ਰਾਜੇਸ਼ ਕੁਮਾਰ ਸਰਾਫ਼ ਅਤੇ ਆੱਲ ਇੰਡੀਆ ਇੰਡੀਆ ਇੰਡਸਟ੍ਰੀਅਲ ਗੈਸਜ਼ ਮੈਨੂਫ਼ੈਕਚਰਰਸ’ ਐਸੋਸੀੲਸ਼ਨ ਦੇ ਪ੍ਰਧਾਨ ਸ਼੍ਰੀ ਸਾਕੇਤ ਟਿਕੂ ਇਸ ਬੈਠਕ ਦੌਰਾਨ ਮੌਜੂਦ ਸਨ।

 

*****

 

ਡੀਐੱਸ/ਏਕੇਜੇ


(Release ID: 1713642) Visitor Counter : 261