ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ ਤੋਂ ਲੈ ਕੇ ਬੈਂਕਾਂ, ਐੱਨਬੀਐੱਫਸੀਜ਼ ਅਤੇ ਐੱਮਐੱਫਆਈਜ਼ ਦੁਆਰਾ 14.96 ਲੱਖ ਕਰੋੜ ਰੁਪਏ ਦੀ ਰਕਮ ਦੇ 28.68 ਕਰੋੜ ਤੋਂ ਵੱਧ ਕਰਜ਼ੇ ਪ੍ਰਵਾਨ ਕੀਤੇ ਗਏ
ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਨੇ 2015 ਤੋਂ 2018 ਤੱਕ 1.12 ਕਰੋੜ ਨੈੱਟ ਐਡੀਸ਼ਨਲ ਰੋਜ਼ਗਾਰ ਪੈਦਾ ਕਰਨ ’ਚ ਮਦਦ ਕੀਤੀ
Posted On:
07 APR 2021 9:43AM by PIB Chandigarh
ਵਿੱਤ ਮੰਤਰਾਲਾ ਵਿੱਤੀ ਸਮਾਵੇਸ਼ਨ ਮੁਹੱਈਆ ਕਰਵਾਉਣ ਅਤੇ ਹਾਸ਼ੀਏ ’ਤੇ ਪੁੱਜ ਚੁੱਕੇ ਲੋਕਾਂ ਅਤੇ ਸਮਾਜਿਕ–ਆਰਥਿਕ ਤੌਰ ਉੱਤੇ ਵਾਂਝੇ ਰਹੇ ਵਰਗਾਂ ਦੀ ਮਦਦ ਕਰਨ ਲਈ ਪ੍ਰਤੀਬੱਧ ਹੈ। ਨਵੇਂ ਉੱਦਮੀਆਂ ਤੋਂ ਲੈ ਕੇ ਸਖ਼ਤ ਮਿਹਨਤੀ ਕਿਸਾਨਾਂ ਤੱਕ ਸਾਰੇ ਸਬੰਧਿਤ ਹਿਤਧਾਰਕਾਂ ਦੀਆਂ ਵਿੱਤੀ ਜ਼ਰੂਰਤਾਂ ਵੀ ਵਿਭਿੰਨ ਪਹਿਲਾਂ ਰਾਹੀਂ ਪੂਰੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ (ਪੀਐੱਮਐੱਮਵਾਈ) ਇਸ ਪਾਸੇ ਪ੍ਰਮੁੱਖ ਪਹਿਲ ਹੈ, ਜਿਸ ਨੇ ਕਰੋੜਾਂ ਦੇ ਸੁਪਨਿਆਂ ਤੇ ਆਕਾਂਖਿਆਵਾਂ ਨੂੰ ਖੰਭ ਦੇਣ ਦੇ ਨਾਲ-ਨਾਲ ਸਵੈ-ਕੀਮਤ ਤੇ ਆਜ਼ਾਦੀ ਦਾ ਅਹਿਸਾਸ ਕਰਵਾਇਆ ਹੈ।
ਗ਼ੈਰ–ਕਾਰਪੋਰੇਟ, ਗ਼ੈਰ–ਖੇਤੀ ਛੋਟੇ/ਸੂਖਮ ਉੱਦਮੀਆਂ ਨੂੰ 10 ਲੱਖ ਰੁਪਏ ਤੱਕ ਦੇ ਕਰਜ਼ੇ ਮੁਹੱਈਆ ਕਰਵਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 8 ਅਪ੍ਰੈਲ, 2015 ਨੂੰ ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ (ਪੀਐੱਮਐੱਮਵਾਈ) ਲਾਂਚ ਕੀਤੀ ਗਈ ਸੀ। ਹੁਣ ਜਦੋਂ ਅਸੀਂ ਪੀਐੱਮਐੱਮਵਾਈ ਦੀ ਛੇਵੀਂ ਵਰ੍ਹੇਗੰਢ ਮਨਾ ਰਹੇ ਹਾਂ, ਅਸੀਂ ਇਸ ਯੋਜਨਾ ਦੇ ਪ੍ਰਮੁੱਖ ਪੱਖਾਂ ਅਤੇ ਇਸ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਉੱਤੇ ਝਾਤ ਪਾਉਂਦੇ ਹਾਂ।
ਮੁਦਰਾ ਯੋਜਨਾ ਕਿਉਂ?
ਭਾਰਤ ਨੌਜਵਾਨ ਉਤਸ਼ਾਹ ਤੇ ਖ਼ਾਹਿਸ਼ਾਂ ਨਾਲ ਭਰਪੂਰ ਇੱਕ ਯੁਵਾ ਦੇਸ਼ ਹੈ। ਭਾਰਤ ਦੇ ਵਿਕਾਸ ਦੇ ਬੀਜ ਬੀਜਣ ਹਿਤ ਇੱਕ ਉਪਜਾਊ ਭੂਮੀ ਮੁਹੱਈਆ ਕਰਵਾਉਣ ਲਈ ਯੁਵਾ ਭਾਰਤ ਦੇ ਇਸ ਇਨੋਵੇਟਿਵ ਉਤਸ਼ਾਹ ਦਾ ਸਹੀ ਇਸਤੇਮਾਲ ਕਰਨਾ ਬਹੁਤ ਅਹਿਮ ਹੈ, ਜੋ ਦੇਸ਼ ਦੇ ਆਰਥਿਕ ਈਕੋਸਿਸਟਮ ਵਿੱਚ ਮੌਜੂਦਾ ਪਾੜਿਆਂ ਦੇ ਨਵੇਂ ਯੁਗ ਦੇ ਹੱਲ ਮੁਹੱਈਆ ਕਰਵਾ ਸਕਦਾ ਹੈ। ਭਾਰਤ ’ਚ ਉੱਦਮਤਾ ਦੀ ਲੁਕੀ ਹੋਈ ਸੰਭਾਵਨਾ ਦਾ ਲਾਭ ਲੈਣ ਦੀ ਲੋੜ ਨੂੰ ਸਮਝਦੇ ਹੋਏ, ਐੱਨਡੀਏ ਸਰਕਾਰ ਨੇ ਆਪਣੇ ਪਹਿਲੇ ਹੀ ਬਜਟ ਵਿੱਚ ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ ਦੀ ਸ਼ੁਰੂਆਤ ਕਰ ਦਿੱਤੀ ਸੀ।
‘ਮੁਦਰਾ ਯੋਜਨਾ’ ਕਿਵੇਂ ਕੰਮ ਕਰਦੀ ਹੈ?
‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ (ਪੀਐੱਮਐੱਮਵਾਈ) ਦੇ ਤਹਿਤ ਸ਼ਡਿਊਲਡ ਕਮਰਸ਼ੀਅਲ ਬੈਂਕਾਂ, ਰੀਜਨਲ ਰੂਰਲ ਬੈਂਕਾਂ (ਆਰਆਰਬੀਜ਼), ਛੋਟੇ ਵਿੱਤ ਬੈਂਕਾਂ (ਐੱਸਐੱਫਬੀਜ਼), ਨਾਨ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀਜ਼), ਸੂਖਮ ਵਿੱਤੀ ਸੰਸਥਾਵਾਂ (ਐੱਮਐੱਫਆਈਜ਼) ਆਦਿ ਜਿਹੀਆਂ ‘ਮੈਂਬਰ ਲੈਂਡਿੰਗ ਇੰਸਟੀਟਿਊਸ਼ਨਸ’ (ਐੱਮਐੱਲਆਈਜ਼) ਦੁਆਰਾ 10 ਲੱਖ ਰੁਪਏ ਤੱਕ ਦਾ ਕੋਲੈਟਰਲ ਫ੍ਰੀ ਲੋਨ ਦਿੱਤੇ ਜਾਂਦੇ ਹਨ।
ਇਹ ਕਰਜ਼ੇ ਮੈਨੂਫੈਕਚਰਿੰਗ, ਟ੍ਰੇਡਿੰਗ ਅਤੇ ਸਰਵਿਸਿਜ਼ ਸੈਕਟਰਾਂ ਅਤੇ ਖੇਤੀਬਾੜੀ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ ਦਿੱਤੇ ਜਾਂਦੇ ਹਨ।
ਮੁਦਰਾ ਕਰਜ਼ੇ ‘ਸ਼ਿਸ਼ੂ’, ‘ਕਿਸ਼ੋਰ’ ਅਤੇ ‘ਤਰੁਣ’ ਨਾਮੀ ਤਿੰਨ ਵਰਗਾਂ ਵਿੱਚ ਦਿੱਤੇ ਜਾਂਦੇ ਹਨ, ਜੋ ਕਰਜ਼ੇ ਉਧਾਰ ਲੈਣ ਵਾਲਿਆਂ ਦੇ ਵਿਕਾਸ ਦੀ ਸਟੇਜ ਅਤੇ ਉਨ੍ਹਾਂ ਦੀਆਂ ਫੰਡਿੰਗ ਜ਼ਰੂਰਤਾਂ ਨੂੰ ਦਰਸਾਉਂਦੇ ਹਨ:-
ਸ਼ਿਸ਼ੂ: 50,000/– ਰੁਪਏ ਤੱਕ ਦੇ ਕਰਜ਼ੇ ਕਵਰ ਕਰਨਾ
ਕਿਸ਼ੋਰ: 50,000/– ਰੁਪਏ ਤੋਂ ਵੱਧ ਅਤੇ 5 ਲੱਖ ਰੁਪਏ ਤੱਕ ਦੇ ਕਰਜ਼ੇ ਕਵਰ ਕਰਨਾ
ਤਰੁਣ: 5 ਲੱਖ ਰੁਪਏ ਤੋਂ ਉੱਪਰ ਅਤੇ 10 ਲੱਖ ਰੁਪਏ ਤੱਕ ਦੇ ਕਰਜ਼ੇ ਕਵਰ ਕਰਨਾ
ਇੱਛਾਵਾਂ ਨਾਲ ਭਰਪੂਰ ਨੌਜਵਾਨਾਂ ਦੀ ਨਵੀਂ ਪੀੜ੍ਹੀ ’ਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸ਼ਿਸ਼ੂ ਵਰਗ ਦੀਆਂ ਇਕਾਈਆਂ ਅਤੇ ਫਿਰ ਕਿਸ਼ੋਰ ਤੇ ਤਰੁਣ ਵਰਗਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ।
ਇਸ ਯੋਜਨਾ ਦੀਆਂ ਪ੍ਰਾਪਤੀਆਂ (19 ਮਾਰਚ, 2021 ਦੀ ਸਥਿਤੀ ਅਨੁਸਾਰ)
• ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ 14.96 ਲੱਖ ਕਰੋੜ ਰੁਪਏ ਦੀ ਰਕਮ ਦੇ 28.68 ਕਰੋੜ ਤੋਂ ਵੱਧ ਕਰਜ਼ੇ ਪ੍ਰਵਾਨ ਕੀਤੇ ਜਾ ਚੁੱਕੇ ਹਨ (19 ਮਾਰਚ, 2021 ਦੀ ਸਥਿਤੀ ਅਨੁਸਾਰ)
• ਵਿੱਤ ਵਰ੍ਹੇ 2020–21 ’ਚ 4.20 ਕਰੋੜ ਪੀਐੱਮਐੱਮਵਾਈ ਕਰਜ਼ੇ ਪ੍ਰਵਾਨ ਕੀਤੇ ਗਏ ਅਤੇ ਵਿੱਤ ਵਰ੍ਹੇ 2020–21 ਵਿੱਚ 2.66 ਲੱਖ ਕਰੋੜ ਰੁਪਏ ਪ੍ਰਵਾਨ ਕੀਤੇ ਗਏ (19 ਮਾਰਚ, 2021 ਦੀ ਸਥਿਤੀ ਅਨੁਸਾਰ)
• ਕਰਜ਼ਿਆਂ ਦਾ ਔਸਤ ਟਿਕਟ ਸਾਈਜ਼ ਲਗਭਗ 52,000/– ਰੁਪਏ ਹੈ
• 88% ਕਰਜ਼ੇ ‘ਸ਼ਿਸ਼ੂ’ ਵਰਗ ਦੇ ਹਨ
• ਲਗਭਗ 24% ਕਰਜ਼ੇ ਨਵੇਂ ਉੱਦਮੀਆਂ ਨੂੰ ਦਿੱਤੇ ਗਏ ਹਨ
• ਲਗਭਗ 68% ਕਰਜ਼ੇ ਮਹਿਲਾ ਉੱਦਮੀਆਂ ਨੂੰ ਦਿੱਤੇ ਗਏ ਹਨਿ
• ਲਗਭਗ 51% ਕਰਜ਼ੇ ਅਨੁਸੂਚਿਤ ਜਾਤਾਂ/ਅਨੁਸੂਚਿਤ ਕਬੀਲਿਆਂ/ਹੋਰ ਪਿਛੜੀਆਂ ਸ਼੍ਰੇਣੀਆਂ ਦੇ ਰਿਣੀਆਂ ਨੂੰ ਦਿੱਤੇ ਗਏ ਹਨ:
o ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦੇ ਰਿਣੀ ਕੁੱਲ ਰਿਣੀਆਂ ਦਾ 22.53% ਹਨ
o ਹੋਰ ਪਿਛੜੀਆਂ ਸ਼੍ਰੇਣੀਆਂ ਦੇ ਰਿਣੀ ਕੁੱਲ ਰਿਣੀਆਂ ਦਾ 28.42% ਹਨ
• ਲਗਭਗ 11% ਕਰਜ਼ੇ ਘੱਟ-ਗਿਣਤੀ ਭਾਈਚਾਰਿਆਂ ਦੇ ਰਿਣੀਆਂ ਨੂੰ ਦਿੱਤੇ ਗਏ ਹਨ।
• ਕਿਰਤ ਤੇ ਰੋਜ਼ਗਾਰ ਮੰਤਰਾਲੇ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਪੀਐੱਮਐੱਮਵਾਈ ਨੇ 2015 ਤੋਂ 2018 ਤੱਕ 1.12 ਕਰੋੜ ਨੈੱਟ ਐਡੀਸ਼ਨਲ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਕੀਤੀ। ਰੋਜ਼ਗਾਰ ਵਿੱਚ 1.12 ਕਰੋੜ ਦੇ ਅਨੁਮਾਨਿਤ ਵਾਧੇ ਵਿੱਚੋਂ ਮਹਿਲਾਵਾਂ ਦੀ ਗਿਣਤੀ 69 ਲੱਖ (62%) ਹੈ।
****
ਆਰਐੱਮ/ਐੱਮਵੀ/ਕੇਐੱਮਐੱਨ
(Release ID: 1710000)
Visitor Counter : 233