ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਜਨਤਕ ਵਿਚਾਰ–ਵਟਾਂਦਰੇ ਦੌਰਾਨ ਵਧੀਆ ਭਾਸ਼ਾ ਵਰਤਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ
ਉਪ ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ਵਿੱਚ ਅਹਿੰਸਾ ਸ਼ਬਦਾਂ ਦੇ ਨਾਲ–ਨਾਲ ਵਿਚਾਰਾਂ ’ਚ ਵੀ ਸ਼ਾਮਲ ਹੈ
ਗਾਂਧੀ ਜੀ ਤੇ ਸਰਦਾਰ ਪਟੇਲ ਜਿਹੀਆਂ ਸ਼ਖ਼ਸੀਅਤਾਂ ਸਾਡੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਲਈ ਇਕਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ – ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਦਾਂਡੀ ਨਮਕ ਮਾਰਚ ਨੂੰ ‘ਇਤਿਹਾਸਿਕ ਛਿਣ’ ਦੱਸਿਆ, ਜਿਸ ਨੇ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਆਯੋਜਿਤ ਰਸਮੀ ‘ਦਾਂਡੀ ਮਾਰਚ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
ਸ਼੍ਰੀ ਨਾਇਡੂ ਨੇ ਕਿਹਾ ਕਿ ‘ਅੰਮ੍ਰਿਤ ਮਹੋਤਸਵ’ ਨੂੰ ਪੁਨਰ–ਜਾਗ੍ਰਿਤ, ਆਤਮਨਿਰਭਰ ਭਾਰਤ ਦੇ ਮੁੜ–ਜਾਗਰੂਕ ਹੋਣ ਦਾ ਅਗਾਊਂ ਸੁਨੇਹਾ ਦੇਣਾ ਚਾਹੀਦਾ ਹੈ
ਭਾਰਤ ਇਨ੍ਹਾਂ ਔਖੇ ਸਮਿਆਂ ਵੇਲੇ ਵੀ 53 ਤੋਂ ਵੱਧ ਦੇਸ਼ਾਂ ਨੂੰ ਕੋਵਿਡ–19 ਵੈਕਸੀਨਾਂ ਸਪਲਾਈ ਕਰ ਕੇ ਗਾਂਧੀ ਜੀ ਦੇ ਫ਼ਲਸਫ਼ੇ ਦੀ ਪਾਲਣਾ ਕਰ ਰਿਹਾ ਹੈ – ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਸਾਨਾਂ ਨੂੰ ‘ਮੋਹਰੀ ਜੋਧੇ’ ਆਖਿਆ
Posted On:
06 APR 2021 4:08PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਜਨਤਕ ਵਿਚਾਰ–ਵਟਾਂਦਰੇ ਦੌਰਾਨ ਸ਼ਬਦਾਂ ’ਚ ਨਿਮਰਤਾ ਅਤੇ ਵਧੀਆ ਭਾਸ਼ਾ ਵਰਤਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹਾ ਕਰਨਾ ਇੱਕ ਸਿਹਤਮੰਦ ਤੇ ਮਜ਼ਬੂਤ ਲੋਕਤੰਤਰ ਲਈ ਜ਼ਰੂਰੀ ਹੈ।
ਗੁਜਰਾਤ ਦੇ ਇਤਿਹਾਸਿਕ ਦਾਂਡੀ ਪਿੰਡ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਆਯੋਜਿਤ 25 ਦਿਨਾਂ ਤੱਕ ਚਲੇ ਰਸਮੀ ‘ਦਾਂਡੀ ਮਾਰਚ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਹਰੇਕ ਨੂੰ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲੈਣ ਲਈ ਕਿਹਾ, ਜਿਨ੍ਹਾਂ ਆਪਣੇ ਵਿਰੋਧੀਆਂ ਲਈ ਵੀ ਸਦਾ ਸਨਿਮਰ ਤੇ ਆਦਰਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ। ਉਨ੍ਹਾਂ ਕਿਹਾ,‘ਗਾਂਧੀ ਜੀ ਦਾ ਅਹਿੰਸਾ ਦਾ ਸਿਧਾਂਤ ਕੇਵਲ ਸਰੀਰਕ ਹਿੰਸਾ ਤੱਕ ਹੀ ਸੀਮਤ ਨਹੀਂ ਸੀ, ਸਗੋਂ ਇਹ ਸ਼ਬਦਾਂ ਤੇ ਵਿਚਾਰਾਂ ਵਿੱਚ ਵੀ ਅਹਿੰਸਾ ਦਾ ਲਖਾਇਕ ਸੀ’, ਇਸੇ ਲਈ ਸਿਆਸੀ ਪਾਰਟੀਆਂ ਨੂੰ ਇੱਕ–ਦੂਜੇ ਨੂੰ ਦੁਸ਼ਮਣ ਨਹੀਂ, ਸਗੋਂ ਸ਼ਰੀਕ ਸਮਝਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 12 ਮਾਰਚ, 2021 ਨੂੰ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਮਨਾਉਣ ਲਈ 75 ਹਫ਼ਤਿਆਂ ਦੇ ਉਤਸਵ – ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਸ਼ੁਰੂਆਤ 12 ਮਾਰਚ, 2021 ਨੂੰ ਕੀਤੀ ਸੀ। ਇਹ ਉਤਸਵ ਪਿਛਲੇ 75 ਸਾਲਾਂ ਦੌਰਾਨ ਭਾਰਤ ਵੱਲੋਂ ਤੇਜ਼ੀ ਨਾਲ ਪੁੱਟੀਆਂ ਪੁਲਾਂਘਾਂ ਦੇ ਜਸ਼ਨ ਮਨਾਉਣ ਲਈ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਅਜਿਹਾ ਉਤਸਵ ਹੈ, ਜੋ ਸਾਨੂੰ ਸਾਡੀਆਂ ਲੁਕੀਆਂ ਤਾਕਤਾਂ ਮੁੜ ਲੱਭਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਸਾਨੂੰ ਦੇਸ਼ਾਂ ਦੇ ਆਪਸੀ ਭਲੇ ਲਈ ਸਾਡਾ ਸਹੀ ਸਥਾਨ ਮੁੜ ਹਾਸਲ ਕਰਨ ਵਾਸਤੇ ਸੁਹਿਰਦ, ਉਤਪ੍ਰੇਰਕ ਕਾਰਵਾਈ ਕਰਨ ਲਈ ਪ੍ਰੇਰਦਾ ਹੈ।
ਮਹਾਤਮਾ ਗਾਂਧੀ ਦੇ ਪ੍ਰਸਿੱਧ ‘ਦਾਂਡੀ ਨਮਕ ਮਾਰਚ’ ਨੂੰ ਸਾਡੀ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਇਤਿਹਾਸਿਕ ਛਿਣ ਕਰਾਰ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨੇ ਇਤਿਹਾਸ ਦੀ ਦਿਸ਼ਾ ਬਦਲ ਕੇ ਰੱਖ ਦਿੱਤੀ ਸੀ। ਉਨ੍ਹਾਂ ਕਿਹਾ,‘ਜਿਹੜੇ ਦਾਂਡੀ ਮਾਰਚ ਨੂੰ ਅੱਜ ਅਸੀਂ ਪ੍ਰਤੀਕਾਤਮਕ ਤੌਰ ਉੱਤੇ ਵੇਖ ਰਹੇ ਹਾਂ, ਉਹ ਸਾਡੀਆਂ ਚੁਣੌਤੀਆਂ ਵੇਲੇ ਵੀ ਦੇਸ਼ ਦੇ ਇਕਜੁੱਟ ਬਣੇ ਰਹਿਣ ਦੀ ਯੋਗਤਾ ਨੂੰ ਦਰਸਾਉਂਦਾ ਹੈ।’ਵਿਕਾਸ ਦੇ ਪਥ ਉੱਤੇ ਇਕਜੁੱਟਤਾ ਨਾਲ ਅੱਗੇ ਵਧਣ ਦੀ ਯੋਗਤਾ ਸਦਕਾ ਸਾਹਮਣੇ ਆਏ ਬਹੁਤ ਸਾਰੇ ਸਕਾਰਾਤਮਕ ਨਤੀਜਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਭਵਿੱਖ ’ਚ ਵੀ ਨਿਰੰਤਰ ਇਸੇ ਰਾਹ ਉੱਤੇ ਅੱਗੇ ਵਧਦੇ ਰਹਿਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ।
ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਗਾਂਧੀ ਜੀ ਤੇ ਸਰਦਾਰ ਪਟੇਲ ਜਿਹੀਆਂ ਸ਼ਖ਼ਸੀਅਤਾਂ ਦੇ ਸੰਦੇਸ਼ ਸਾਨੂੰ ਸਾਡੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਉਹ ਭਾਰਤ ਹੈ, ਜੋ ਆਪਣੀ ਖ਼ੁਸ਼ਹਾਲੀ ਹੋਰਨਾਂ ਦੇਸ਼ਾਂ ਨਾਲ ਸਾਂਝੀ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ,‘ਇਹ ਉਹ ਦੇਸ਼ ਹੈ, ਜੋ ਸੰਵਿਧਾਨਕ ਕਦਰਾਂ–ਕੀਮਤਾਂ ਤੇ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ਼ ਕੇ ਰੱਖਦਾ ਹੈ ਅਤੇ ਜਿਸ ਦੀ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਆਦਰਸ਼–ਵਾਕ ਅਨੁਸਾਰ ਲੋਕਾਂ ਦੀ ਭਲਾਈ ਪ੍ਰਤੀ ਡੂੰਘੀ ਪ੍ਰਤੀਬੱਧਤਾ ਹੈ।’
ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ–ਵਾਇਰਸ ਮਹਾਮਾਰੀ ਸਾਡੀ ਸਹਿਣ–ਸ਼ਕਤੀ, ਉੱਦਮ ਚਲਾਉਣ ਦੀ ਭਾਵਨਾ ਤੇ ਨਵੀਂਆਂ ਖੋਜਾਂ ਕਰਨ ਦਾ ਇਮਤਿਹਾਨ ਸਿੱਧ ਹੋਈ ਹੈ। ਉਨ੍ਹਾਂ ਖੋਜਕਾਰਾਂ, ਵਿਗਿਆਨੀਆਂ ਤੇ ਉੱਦਮੀਆਂ ਦੀ ਸ਼ਲਾਘਾ ਕੀਤੀ ਜੋ ਪੀਪੀਈ ਕਿਟਸ, ਸਰਜੀਕਲ ਦਸਤਾਨੇ, ਫ਼ੇਸ ਮਾਸਕਸ ਤੋਂ ਲੈ ਕੇ ਵੈਂਟੀਲੇਟਰਸ ਤੇ ਵੈਕਸੀਨਾਂ ਜਿਹੀਆਂ ਜ਼ਰੂਰੀ ਵਸਤਾਂ ਦੇ ਨਿਰਮਾਣ ਰਾਹੀਂ ਆਤਮਨਿਰਭਰ ਭਾਰਤ ਦੀ ਦੂਰ–ਦ੍ਰਿਸ਼ਟੀ ਨੂੰ ਹਕੀਕਤ ਦਾ ਰੂਪ ਦੇ ਰਹੇ ਹਨ।
‘ਵਸੁਧੈਵ ਕੁਟੁੰਬਕਮ’ (ਸਮੁੱਚਾ ਵਿਸ਼ਵ ਇੱਕ ਪਰਿਵਾਰ ਹੈ) ਦੀ ਭਾਵਨਾ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਇਹ ਤੱਥ ਉਜਾਗਰ ਕੀਤਾ ਕਿ ਭਾਰਤ ਜਿੱਥੇ ਵਿਸ਼ਵ ਦੀ ਸਭ ਤੋਂ ਵਿਸ਼ਾਲ ਟੀਕਾਕਰਣ ਮੁਹਿੰਮ ਚਲਾ ਰਿਹਾ ਹੈ, ਉੱਥੇ ਨਾਲ ਹੀ ਪੂਰੀ ਦੁਨੀਆ ਦੇ ਅਨੇਕ ਦੇਸ਼ਾਂ ਨੂੰ ਵੈਕਸੀਨਾਂ ਵੀ ਸਪਲਾਈ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਉਹ ਅੰਮ੍ਰਿਤ ਹੈ, ਸਦੀਵੀ ਵਿਆਪਕ ਦੂਰ–ਦ੍ਰਿਸ਼ਟੀ ਜਿਹੜੀ ਸਾਨੂੰ ਵਿਰਸੇ ’ਚ ਮਿਲੀ ਹੈ’ ਅਤੇ ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਇਨ੍ਹਾਂ ਔਖੇ ਸਮਿਆਂ ਵੇਲੇ ਵੀ ਦੇਸ਼ ਗਾਂਧੀ ਜੀ ਦੇ ਨੈਤਿਕ ਫ਼ਲਸਫ਼ੇ ਦੀ ਪਾਲਣਾ ਕਰ ਰਿਹਾ ਹੈ।
ਇਸ ਮੌਕੇ ਸ਼੍ਰੀ ਨਾਇਡੂ ਨੇ ਕੋਵਿਡ–19 ਕਾਰਣ ਲਾਏ ਗਏ ਲੌਕਡਾਊਨ ਦੌਰਾਨ ਸਾਹਮਣੇ ਆਈਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ ਅਨਾਜ ਦੇ ਰਿਕਾਰਡ ਉਤਪਾਦਨ ਲਈ ਕਿਸਾਨ ਭਾਈਚਾਰੇ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ‘ਮੋਹਰੇ ਜੋਧੇ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬਿਪਤਾ ਸਮੇਂ ਸਾਡੀ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਇਆ।
ਉਪ ਰਾਸ਼ਟਰਪਤੀ ਨੇ ਕਿਹਾ ਕਿ ‘ਅੰਮ੍ਰਿਤ ਮਹੋਤਸਵ’ ਨੂੰ ਪੁਨਰ–ਜਾਗ੍ਰਿਤ ਆਤਮਨਿਰਭਰ ਭਾਰਤ ਦੇ ਮੁੜ ਜਾਗਰੂਕ ਹੋਣ ਦਾ ਸੁਨੇਹਾ ਦੇਣਾ ਚਾਹੀਦਾ ਹੈ ਅਤੇ ਇਸ ‘ਅੰਮ੍ਰਿਤ ਮਹੋਤਸਵ’ ਦਾ ਊਦੇਸ਼ ਆਜ਼ਾਦੀ ਸੰਘਰਸ਼ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਖ਼ੁਦ ਨੂੰ ਆਪਣੇ ਆਦਰਸ਼ਾਂ ਤੇ ਕਦਰਾਂ–ਕੀਮਤਾਂ ਪ੍ਰਤੀ ਸਮਰਪਿਤ ਕਰਨਾ ਹੈ। ਉਨ੍ਹਾਂ 81 ਵਲੰਟੀਅਰਾਂ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ ਇਸ ਰਸਮੀ ਦਾਂਡੀ ਮਾਰਚ ਵਿੱਚ ਭਾਗ ਲਿਆ ਅਤੇ 25 ਦਾਂ ਵਿੱਚ 385 ਕਿਲੋਮੀਟਰ ਦਾ ਪੰਧ ਤੈਅ ਕੀਤਾ। ਉਨ੍ਹਾਂ ਕਿਹਾ ਕਿ ਦਾਂਡੀ ਮਾਰਚ (1930) ਵਿੱਚ ਭਾਗ ਲੈਣ ਵਾਲੇ ਜ਼ਿਆਦਾਤਰ ਵਿਅਕਤੀਆਂ ਦੀ ਉਮਰ 40 ਸਾਲ ਤੋਂ ਘੱਟ ਸੀ ਅਤੇ ਇੰਝ ਤਦ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਨੌਜਵਾਨਾਂ ਤੇ ਮਹਿਲਾਵਾਂ ਨੂੰ ਖਿੱਚਣ ਵਿੱਚ ਨਮਕ ਅੰਦੋਲਨ ਦੀ ਵੱਡੀ ਭੂਮਿਕਾ ਸੀ।
ਗਾਂਧੀ ਜੀ ਦੀ ਆਜ਼ਾਦੀ ਦੀ ਧਾਰਨਾ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿਆਸੀ ਗ਼ੁਲਾਮੀ ਕਰਕੇ ਨਾ ਸਿਰਫ਼ ਆਰਥਿਕ ਸ਼ੋਸ਼ਣ ਹੁੰਦਾ ਹੈ, ਸਗੋਂ ਇਹ ਸਮਾਜ ਨੂੰ ਸੱਭਿਆਚਾਰਕ ਤੌਰ ਉੱਤੇ ਵੀ ਬਰਬਾਦ ਕਰ ਦਿੰਦੀ ਹੈ। ਇਸੇ ਲਈ, ਗਾਂਧੀ ਜੀ ਦੇ ਸੱਤਿਆਗ੍ਰਹਿ ਦਾ ਉਦੇਸ਼ ਸਿਰਫ਼ ਸਿਆਸੀ ਆਜ਼ਾਦੀ ਹੀ ਨਹੀਂ, ਸਗੋਂ ਦੇਸ਼ ਦੀ ਨੈਤਿਕ ਤੇ ਸਭਿਅਚਾਰਕ ਤਰੱਕੀ ਕਰਨਾ ਵੀ ਸੀ। ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਗਾਂਧੀ ਜੀ ਨੇ ਸਦਾ ਛੂਤਛਾਤ ਦੇ ਖ਼ਾਤਮੇ, ਫਿਰਕੂ ਇੱਕਸੁਰਤਾ ਅਤੇ ‘ਸਵਦੇਸ਼ੀ’ ਜਿਹੇ ਮੁੱਦੇ ਚੁੱਕੇ।
ਸੰਨ 1931 ’ਚ ‘ਯੰਗ ਇੰਡੀਆ’ ਵਿੱਚ ਮਹਾਤਮਾ ਗਾਂਧੀ ਵੱਲੋਂ ਲਿਖੇ ਇੱਕ ਲੇਖ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ‘ਪੂਰਨ ਸਵਰਾਜ’ ਉਦੋਂ ਤੱਕ ਹਾਸਲ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਕਿ ਇੱਕ ਗ਼ਰੀਬ ਨੂੰ ਵੀ ਅਮੀਰਾਂ ਲਈ ਉਪਲਬਧ ਸਾਰੀਆਂ ਸੁਵਿਧਾਵਾਂ ਤੇ ਅਧਿਕਾਰ ਨਹੀਂ ਮਿਲ ਜਾਂਦੇ। ਇਹੋ ਕਾਰਣ ਹੈ ਕਿ ਗਾਂਧੀ ਜੀ ਨੇ ਹਰੇਕ ਦੀ ਜ਼ਰੂਰਤ ‘ਲੂਣ’ (ਨਮਕ) ਨੂੰ ਆਪਣੇ ਸੱਤਿਆਗ੍ਰਹਿ ਦਾ ਵਿਸ਼ਾ ਬਣਾਇਆ ਸੀ।
ਪਿਛਲੇ 75 ਸਾਲਾਂ ਦੌਰਾਨ ਹੋਈ ਪ੍ਰਗਤੀ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਬਣਾਇਆ, ਜਮਹੂਰੀ ਪ੍ਰਕਿਰਿਆ ਵਿੱਚ ਸਾਰੇ ਵਰਗਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ, ਅਸੀਂ ਆਪਣੇ–ਆਪ ਨੂੰ ਅਨਾਜ ਉਤਪਾਦਨ ਦੇ ਮਾਮਲੇ ਵਿੱਚ ਆਤਮ–ਨਿਰਭਰ ਬਣਾਇਆ, ਸਿਹਤ ਦੇ ਸੂਚਕ–ਅੰਕਾਂ ਵਿੱਚ ਸੁਧਾਰ ਲਿਆਂਦਾ ਅਤੇ ਦੇਸ਼ ’ਚ ਭੌਤਿਕ ਤੇ ਇਲੈਕਟ੍ਰੌਨਿਕ ਬੁਨਿਆਦੀ ਢਾਂਚਾ ਸਿਰਜਿਆ। ਉਨ੍ਹਾਂ ਅਜਿਹੀਆਂ ਪ੍ਰਾਪਤੀਆਂ ਨੂੰ ਸ਼ਲਾਘਾਯੋਗ ਅਤੇ ਮਾਣਮੱਤੀਆਂ ਦੱਸਿਆ।
ਪਹਿਲਾਂ ਦਿਨ ’ਚ, ਉਪ ਰਾਸ਼ਟਰਪਤੀ ਨੇ ਪ੍ਰਾਰਥਨਾ ਮੰਦਿਰ ’ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਰਸਮੀ ਦਾਂਡੀ ਮਾਰਚ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਨਾਲ ਗੱਲਬਾਤ ਕੀਤੀ। ਉਹ ਉਸ ਸੈਫ਼ੀ ਵਿਲਾ ਨੂੰ ਵੀ ਦੇਖਣ ਲਈ ਗਏ, ਜਿੱਥੇ ਗਾਂਧੀ ਜੀ ਨੇ 4 ਅਪ੍ਰੈਲ, 1930 ਦੀ ਰਾਤ ਬਿਤਾਈ ਸੀ। ਇਸ ਤੋਂ ਬਾਅਦ ਸ਼੍ਰੀ ਨਾਇਡੂ ‘ਰਾਸ਼ਟਰੀ ਨਮਕ ਸੱਤਿਆਗ੍ਰਹਿ ਯਾਦਗਾਰ’ ਵੇਖਣ ਲਈ ਗਏ – ਜੋ ਇੱਕ ਅਜਿਹਾ ਸਮਾਰਕ ਹੈ, ਜੋ ਨਮਕ ਸੱਤਿਆਗ੍ਰਹਿ ਵਿੱਚ ਭਾਗ ਲੈਣ ਵਾਲੇ ਕਾਰਕੁੰਨਾਂ ਤੇ ਹੋਰ ਭਾਗੀਦਾਰਾਂ ਨੂੰ ਮਾਣ ਬਖ਼ਸ਼ਦਾ ਹੈ। ਇਸ ਯਾਦਗਾਰ ਦੇ ਆਪਣੇ ਦੌਰੇ ਨੂੰ ਬਹੁਤ ਡੂੰਘਾ ਜਜ਼ਬਾਤੀ ਅਨੁਭਵ ਕਰਾਰ ਦਿੰਦਿਆਂ ਸ਼੍ਰੀ ਨਾਇਡੂ ਨੇ ਅਜਿਹੇ ਸਾਰੇ ਹੀ ਆਜ਼ਾਦੀ ਘੁਲਾਟੀਆਂ ਲਈ ਅਜਿਹੀਆਂ ਯਾਦਗਾਰਾਂ ਸਿਰਜਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ, ਤਾਂ ਜੋ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਹੋ ਸਕੇ। ਉਨ੍ਹਾਂ ਨੌਜਵਾਨਾਂ ਨੂੰ ਦਾਂਡੀ ਯਾਦਗਾਰ ਉੱਤੇ ਜਾਣ ਅਤੇ ਸਾਡੇ ਰਾਸ਼ਟਰਪਿਤਾ ਦੇ ਜੀਵਨ ਤੇ ਸੰਦੇਸ਼ ਤੋਂ ਪ੍ਰੇਰਣਾ ਲੈਣ ਦੀ ਬੇਨਤੀ ਕੀਤੀ।
ਇਸ ਪ੍ਰੋਗਰਾਮ ਦੌਰਾਨ ਉਪ ਰਾਸ਼ਟਰਪਤੀ ਨੇ ‘ਗੁਜਰਾਤ ਰਾਜ ਦਸਤਕਾਰੀ ਵਿਕਾਸ ਨਿਗਮ’ ਦੇ ਉਤਪਾਦਾਂ ‘ਜਿਓਗਰੌਫ਼ਿਕਲ ਇੰਡੇਕਸ਼ਨ’ (GI TAG) ਦੇ ਸਪੈਸ਼ਲ ਇਨਵੈਲਪਸ ਵੀ ਜਾਰੀ ਕੀਤੇ। ਉਨ੍ਹਾਂ ਸਿੱਕਿਮ, ਛੱਤੀਸਗੜ੍ਹ ਤੇ ਗੁਜਰਾਤ ਦੇ ਲੋਕ ਕਲਾਕਾਰਾਂ ਦੀ ਮਨਮੋਹਕ ਸੱਭਿਆਚਾਰਕ ਕਾਰਗੁਜ਼ਾਰੀ ਨੂੰ ਵੀ ਵੇਖਿਆ।
ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੇ ਰੁਪਾਣੀ, ਸਿੱਕਿਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ, ਕੇਂਦਰੀ ਟੂਰਿਜ਼ਮ ਤੇ ਸੱਭਿਆਚਾਰਕ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ, ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਪਟੇਲ, ਸਾਂਸਦ ਸ਼੍ਰੀ ਸੀਆਰ ਪਾਟਿਲ, ਉਪ ਰਾਸ਼ਟਰਪਤੀ ਦੇ ਸਕੱਤਰ ਸ਼੍ਰੀ ਐੱਲ.ਵੀ. ਸੁੱਬਾਰਾਓ, ਸਾਬਰਮਤੀ ਆਸ਼ਰਮ ਟ੍ਰੱਸਟ ਦੇ ਟ੍ਰੱਸਟੀ ਸ਼੍ਰੀ ਸੁਧਰਸ਼ਨ ਅਇੰਗਰ ਤੇ ਹੋਰ ਸ਼ਖ਼ਸੀਅਤਾਂ ਵੀ ਇਸ ਸਮਾਰੋਹ ’ਚ ਮੌਜੂਦ ਸਨ।
*****
ਐੱਮਐੱਸ/ਡੀਪੀ/ਆਰਕੇ
(Release ID: 1709935)
Visitor Counter : 288