ਰਾਸ਼ਟਰਪਤੀ ਸਕੱਤਰੇਤ

ਗੰਗਾ, ਵਾਤਾਵਰਣ ਅਤੇ ਸੱਭਿਆਚਾਰ ਦੀ ਸੰਭਾਲ਼ ਅਤੇ ਪ੍ਰਸਾਰ ਸਾਡੇ ਦੇਸ਼ ਦੇ ਵਿਕਾਸ ਦੀ ਬੁਨਿਆਦ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਵਾਰਾਣਸੀ ਵਿੱਚ ਗੰਗਾ, ਵਾਤਾਵਰਣ ਅਤੇ ਸੱਭਿਆਚਾਰ ਦੇ ਮੁੱਦਿਆਂ 'ਤੇ ਜਾਗਰਣ ਫੋਰਮ ਦੇ ਉਦਘਾਟਨੀ ਸੈਸ਼ਨ ਵਿੱਚ ਸ਼ਿਰਕਤ ਕੀਤੀ

Posted On: 15 MAR 2021 4:40PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ, "ਗੰਗਾ, ਵਾਤਾਵਰਣ ਅਤੇ ਸੱਭਿਆਚਾਰ" ਦੀ ਸੰਭਾਲ਼ ਅਤੇ ਪ੍ਰਸਾਰ ਸਾਡੇ ਦੇਸ਼ ਦੇ ਵਿਕਾਸ ਦੀ ਬੁਨਿਆਦ ਹੈ। ਉਹ ਅੱਜ (15 ਮਾਰਚ, 2021) ਵਾਰਾਣਸੀ ਵਿੱਚ ਦੈਨਿਕ ਜਾਗਰਣ ਦੁਆਰਾ ਆਯੋਜਿਤ ਗੰਗਾ, ਵਾਤਾਵਰਣ ਅਤੇ ਸੱਭਿਆਚਾਰ ਦੇ ਮੁੱਦਿਆਂ ਉੱਤੇ ਜਾਗਰਣ ਫੋਰਮ ਦੇ ਉਦਘਾਟਨੀ ਸੈਸ਼ਨ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕਰਨਾ ਨਾ ਸਿਰਫ ਜ਼ਰੂਰੀ ਹੈ, ਬਲਕਿ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਮਾਨਵਤਾ ਦੇ ਵਿਕਾਸ ਲਈ ਰਾਹ ਪੱਧਰਾ ਕਰਨ ਵਿੱਚ ਸਾਡੀ ਸਹਾਇਤਾ ਕਰਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਜ਼ਿੰਦਗੀ ਵਿੱਚ ਗੰਗਾ ਦੀ ਪਵਿੱਤਰਤਾ ਸਰਬਸ੍ਰੇਸ਼ਠ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਸਾਡੇ ਮਨ, ਸ਼ਬਦ ਅਤੇ ਕਾਰਜ ਗੰਗਾ ਜਲ (ਨੀਰ) ਵਾਂਗ ਸ਼ੁੱਧ ਹੋਣੇ ਚਾਹੀਦੇ ਹਨ।  ਰਾਸ਼ਟਰਪਤੀ ਨੇ ਕਿਹਾ ਕਿ ਅਸਲ ਵਿੱਚ, ਗੰਗਾ ਦੀ ਸਫਾਈ ਦਰਸਾਉਂਦੀ ਹੈ ਕਿ ਅਸੀਂ ਇੱਕ ਸ਼ੁਧ ਹਿਰਦੇ ਨਾਲ ਜੀਵਨ ਜੀਉਂਦੇ ਹਾਂ, ਇਹ ਜੀਵਨ ਵਿੱਚ ਸਦੀਵੀ ਨਿਰੰਤਰਤਾ ਦਾ ਸੰਦੇਸ਼ ਦਿੰਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਗੰਗਾ ਨੂੰ ਸਿਰਫ ਨਦੀ ਸਮਝਣਾ ਉਚਿਤ ਨਹੀਂ ਹੋਵੇਗਾ। ਇਹ ਭਾਰਤੀ ਸੱਭਿਆਚਾਰ ਦੀ ਜੀਵਨ ਰੇਖਾ ਹੈ ਅਤੇ ਰੂਹਾਨੀਅਤ ਅਤੇ ਵਿਸ਼ਵਾਸ ਦੀ ਵਾਹਕ ਹੈ। ਸਾਡੇ ਦੇਸ਼ ਵਿੱਚ ਇੱਕ ਵਿਸ਼ਵਾਸ ਹੈ ਕਿ ਭਾਰਤ ਦੀਆਂ ਸਾਰੀਆਂ ਨਦੀਆਂ ਵਿੱਚ ਗੰਗਾ ਦਾ ਤੱਤ ਹੈ। ਬਹੁਤ ਸਾਰੇ ਸ਼ਰਧਾਲੂ ਭਾਰਤ ਤੋਂ ਗੰਗਾ-ਜਲ ਲੈਂਦੇ ਹਨ ਅਤੇ ਇਸ ਨੂੰ ਵਿਦੇਸ਼ਾਂ ਦੀਆਂ ਨਦੀਆਂ ਵਿੱਚ ਪਾ ਦਿੰਦੇ ਹਨ, ਜਿਸ ਨਾਲ ਉਹ ਉਨ੍ਹਾਂ ਨਦੀਆਂ ਨੂੰ ਆਪਣੇ ਵਿਸ਼ਵਾਸ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਗੰਗਾ ਵਿਸ਼ਵ ਦੇ ਹਰ ਕੋਨੇ ਵਿੱਚ ਵਸੇ ਭਾਰਤੀਆਂ ਨੂੰ ਆਪਣੀ ਮਾਤ ਭੂਮੀ ਅਤੇ ਆਪਣੇ ਦੇਸ਼ ਦੀ ਸੰਸਕ੍ਰਿਤੀ ਅਤੇ ਪਰੰਪਰਾ ਨਾਲ ਜੋੜਦੀ ਹੈ। ਇਸ ਤਰ੍ਹਾਂ ਗੰਗਾ ਭਾਰਤ ਦੇ ਲੋਕਾਂ ਦੀ ਪਹਿਚਾਣ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵਾਤਾਵਰਣ ਅਤੇ ਸੱਭਿਆਚਾਰ ਦੀ ਰੱਖਿਆ ਅਤੇ ਪ੍ਰਸਾਰ ਉਦੋਂ ਹੀ ਹੋ ਸਕਦਾ ਹੈ ਜਦੋਂ ਗੰਗਾ ਨਿਰਵਿਘਨ ਅਤੇ ਸਵੱਛ ਰਹਿੰਦੀ ਹੈ। ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਦਾ ਖੇਤਰ 11 ਰਾਜਾਂ ਵਿੱਚ ਫੈਲਿਆ ਹੋਇਆ ਹੈ। ਇੱਕ ਅੰਦਾਜ਼ੇ ਅਨੁਸਾਰ ਇਸ ਖੇਤਰ ਵਿੱਚ ਦੇਸ਼ ਦੀ 43 ਪ੍ਰਤੀਸ਼ਤ ਆਬਾਦੀ ਵੱਸਦੀ ਹੈ। ਇਸ ਲਈ, ਗੰਗਾ ਨਦੀ ਦੇ ਬੇਸਿਨ ਵਿੱਚ ਪਾਣੀ ਦੀ ਸੰਭਾਲ਼ ਅਤੇ ਇਸ ਖੇਤਰ ਵਿੱਚ ਹੜ੍ਹਾਂ ਅਤੇ ਕਟਾਈ ਨੂੰ ਘਟਾਉਣਾ ਪ੍ਰਮੁੱਖ ਮਹੱਤਤਾ ਵਾਲੀ ਗੱਲ ਹੈ। ਇਨ੍ਹਾਂ ਉਦੇਸ਼ਾਂ ਨਾਲ, ਗੰਗਾ ਦੀ ਸਵੱਛਤਾ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਟੀਚੇ ਵੀ ਜੁੜੇ ਹੋਏ ਹਨ।

 

ਰਾਸ਼ਟਰਪਤੀ ਨੇ ਦੱਸਿਆ ਕਿ ਗੰਗਾ ਅਤੇ ਵਾਤਾਵਰਣ ਦੀ ਰੱਖਿਆ ਦੇ ਉਦੇਸ਼ ਨਾਲ ਸਾਲ 2015 ਵਿੱਚ ‘ਨਮਾਮੀ ਗੰਗੇ’ ਨਾਮਕ ਇੱਕ ਏਕੀਕ੍ਰਿਤ ‘ਗੰਗਾ ਸੰਭਾਲ਼ ਮਿਸ਼ਨ’ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਮਿਸ਼ਨ ਦੇ ਚੰਗੇ ਨਤੀਜੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੰਗਾ ਦੀ ਸਫਾਈ ਅਤੇ ਕਾਸ਼ੀ ਦੀ ਸ਼ਾਨ ਨੂੰ ਸੁਧਾਰਨ ਲਈ ਪਹਿਲ ਕੀਤੀ ਹੈ। ਉਨ੍ਹਾਂ ਨੋਟ ਕੀਤਾ ਕਿ ਬਨਾਰਸ ਦੇ ਘਾਟ ਹੁਣ ਸਾਫ ਅਤੇ ਸੁਥਰੇ ਹਨ। ਗੰਗਾ, ਇਸਦੇ ਘਾਟ ਅਤੇ ਬਨਾਰਸ ਸ਼ਹਿਰ ਦੀ ਸਫਾਈ 'ਤੇ ਜੋਰ ਦੇਣ ਨਾਲ ਨਾ ਸਿਰਫ ਵਾਤਾਵਰਣ ਦੀ ਸੁਰੱਖਿਆਨੂੰ ਹੁਲਾਰਾ ਮਿਲਿਆ ਹੈ ਬਲਕਿ ਸੈਲਾਨੀਆਂ ਲਈ ਬਨਾਰਸ ਦੀ ਯਾਤਰਾ ਨੂੰ ਵਧੇਰੇ ਮਜ਼ੇਦਾਰ ਬਣਾਇਆ ਗਿਆ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਗੰਗਾ ਨੂੰ ਸਾਫ ਰੱਖਣਾ, ਵਾਤਾਵਰਣ ਦੀ ਰੱਖਿਆ ਕਰਨਾ ਅਤੇ ਸਾਡੇ ਸੱਭਿਆਚਾਰ ਅਤੇ ਵਿਰਾਸਤ ਨੂੰ ਸਮ੍ਰਿਧ ਬਣਾਉਣਾ ਨਾ ਸਿਰਫ ਸਰਕਾਰਾਂ ਦਾ ਫਰਜ਼ ਹੈ, ਬਲਕਿ ਸਾਰੇ ਨਾਗਰਿਕਾਂ ਦੀ ਸਮਾਜਿਕ ਅਤੇ ਵਿਅਕਤੀਗਤ ਜ਼ਿੰਮੇਵਾਰੀ ਵੀ ਹੈ। ਇਸ ਸੋਚ ਨੂੰ ਦੇਸ਼-ਵਿਆਪੀ ਪੱਧਰ 'ਤੇ ਅਪਨਾਉਣ ਅਤੇ ਅਭੇਦ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪਿਛਲੇ ਸਾਲਾਂ ਦੌਰਾਨ ਇਸ ਸਬੰਧ ਵਿੱਚ ਲੋਕਾਂ ਵਿੱਚ ਜਾਗਰੂਕਤਾ ਵਧੀ ਹੈ। ਕਈ ਸੰਗਠਨਾਂ ਅਤੇ ਵਿਭਿੰਨ ਖੇਤਰਾਂ ਦੇ ਲੋਕਾਂ, ਖ਼ਾਸ ਕਰਕੇ ਮੀਡੀਆ ਅਤੇ ਗੰਗਾ ਕਿਨਾਰੇ ਦੇ ਗ੍ਰਾਮ ਵਾਸੀਆਂ ਨੇ ਗੰਗਾ ਦੀ ਸਫਾਈ ਲਈ ਸ਼ਲਾਘਾਯੋਗ ਯੋਗਦਾਨ ਪਾਇਆ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਇਸ ਫੋਰਮ ਰਾਹੀਂ ਸਮਾਜਿਕ ਸਰੋਕਾਰ ਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਲਈ ਅਤੇ ਸਮਾਜ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਾਉਣ ਲਈ ਦੈਨਿਕ ਜਾਗਰਣ ਸਮੂਹ ਦਾ ਯਤਨ ਬਹੁਤ ਹੀ ਪ੍ਰਸ਼ੰਸਾਯੋਗ ਹੈ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਫੋਰਮ ਵਿੱਚ ਵਿਚਾਰ ਵਟਾਂਦਰੇ ਨਾਲ ਗੰਗਾ, ਵਾਤਾਵਰਣ ਅਤੇ ਸੱਭਿਆਚਾਰ ਦੇ ਅੰਤਰ-ਸਬੰਧਾਂ ਬਾਰੇ ਜਾਗਰੂਕਤਾ ਅਤੇ ਸਰਗਰਮੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਵਿਚਾਰ ਵਟਾਂਦਰੇ ਦੀ ਇਹ ਲੜੀ ਗੰਗਾ ਨਦੀ ਨੂੰ ਸਾਫ ਸੁਥਰਾ ਬਣਾਉਣ, ਵਧੀਆ ਵਾਤਾਵਰਣ ਪ੍ਰਦਾਨ ਕਰਨ ਅਤੇ ਇਸ ਤਰ੍ਹਾਂ ਸਾਡੇ ਸੱਭਿਆਚਾਰ ਨੂੰ ਸਮ੍ਰਿਧ ਬਣਾਉਣ ਵਿੱਚ ਲਾਭਦਾਇਕ ਸਿੱਧ ਹੋਵੇਗੀ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 



 

              **********


 

ਡੀਐੱਸ/ਏਕੇਪੀ/ਬੀਐੱਮ



(Release ID: 1704932) Visitor Counter : 150