ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਭਾਵਨਾਤਮਕ ਅਤੇ ਸਮਾਜਿਕ ਕੁਸ਼ਲਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ
ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿਆਨ ਨੂੰ ਸਮਾਜਿਕ ਪ੍ਰਸੰਗ ਨਾਲ ਜੋੜਨ
ਵਿਗਿਆਨ ਅਤੇ ਟੈਕਨੋਲੋਜੀ ਨਾਲ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਣਾ ਚਾਹੀਦਾ ਹੈ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਇੰਸਟੀਟਿਊਟ ਦਿਵਸ ਦੇ ਮੌਕੇ ‘ਤੇ ਆਈਆਈਟੀ ਤਿਰੂਪਤੀ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਗੱਲਬਾਤ ਕੀਤੀ
ਆਈਆਈਟੀਜ਼ ਇੱਕ ਨਵੇਂ ਉੱਭਰ ਰਹੇ ਅਤੇ ਅਭਿਲਾਸ਼ੀ ਭਾਰਤ ਦੇ ਪ੍ਰਤੀਬਿੰਬ ਦੀ ਪ੍ਰਤੀਨਿਧਤਾ ਕਰਦੇ ਹਨ: ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਰੋਜ਼ਗਾਰਯੋਗਤਾ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ
ਉੱਚ ਪ੍ਰਤੀਸ਼ਤਤਾ ਵਿੱਚ ਵਿਦਿਆਰਥਣਾਂ ਦੇ ਦਾਖਲੇ ਲਈ ਆਈਆਈਟੀ ਤਿਰੂਪਤੀ ਦੀ ਪ੍ਰਸ਼ੰਸਾ ਕੀਤੀ
Posted On:
04 MAR 2021 3:50PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਇੰਜੀਨੀਅਰਿੰਗ ਵਿਦਿਆਰਥੀਆਂ ਲਈ ਤਕਨੀਕੀ ਕੁਸ਼ਲਤਾ ਦੇ ਨਾਲ ਨਾਲ ਭਾਵਨਾਤਮਕ ਅਤੇ ਸਮਾਜਿਕ ਕੁਸ਼ਲਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਨਰਾਂ ਨਾਲ ਵਿਦਿਆਰਥੀ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਆਪਣੇ ਆਪ ਨੂੰ ਢਾਲ ਸਕਣ ਦੇ ਸਮਰੱਥ ਹੋਣਗੇ।
ਆਈਆਈਟੀ ਤਿਰੂਪਤੀ ਦੇ ਛੇਵੇਂ ਇੰਸਟੀਟਿਊਟ ਦਿਵਸ ਮੌਕੇ ਆਈਆਈਟੀ ਤਿਰੂਪਤੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿਆਨ ਨੂੰ ਸਮਾਜਿਕ ਪ੍ਰਸੰਗ ਨਾਲ ਜੋੜਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਿਦਿਆਰਥੀ ਆਪਣੀ ਕਿਸਮਤ ਤੈਅ ਕਰਨਗੇ ਅਤੇ ਇਥੋਂ ਹਾਸਲ ਕੀਤੇ ਆਪਣੇ ਗਿਆਨ ਅਤੇ ਕੌਸ਼ਲ ਨਾਲ ਰਾਸ਼ਟਰੀ ਤਬਦੀਲੀ ਵਿੱਚ ਯੋਗਦਾਨ ਪਾਉਣਗੇ।”
ਟੈਕਨੋਲੋਜੀਕਲ ਤਰੱਕੀ ਨੂੰ ਕਿਸੇ ਦੇਸ਼ ਦੇ ਵਿਕਾਸ ਢਾਂਚੇ ਵਿੱਚ ਇੱਕ ਅਹਿਮ ਨਿਰਣਾਇਕ ਕਾਰਕ ਦੱਸਦੇ ਹੋਏ, ਸ਼੍ਰੀ ਨਾਇਡੂ ਨੇ ਤਕਨੀਕੀ ਤਰੱਕੀ ਦੇ ਮਾਰਗ 'ਤੇ ਨਿਰੰਤਰ ਅਤੇ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਵਿਗਿਆਨ ਅਤੇ ਟੈਕਨੋਲੋਜੀ ਨੂੰ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਕਨੀਕੀ ਤਰੱਕੀ ਜਾਰੀ ਰੱਖਦੇ ਹੋਏ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਪ੍ਰਤੀ ਸੁਚੇਤ ਰਹਿਣਾ ਪਏਗਾ।
ਆਈਆਈਟੀ ਨੂੰ ਉਭਰ ਰਹੇ ਅਤੇ ਅਭਿਲਾਸ਼ੀ ਭਾਰਤ ਦੇ ਪ੍ਰਤੀਕ ਦਾ ਪ੍ਰਤੀਨਿਧੀ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿਸ਼ਵ ਭਾਈਚਾਰੇ ਵਿੱਚ ਆਪਣਾ ਬਣਦਾ ਸਥਾਨ ਹਾਸਲ ਕਰਨ ਲਈ ਦ੍ਰਿੜ ਹੈ। ਉਨ੍ਹਾਂ ਕਿਹਾ “ਇਹ ਸੁਪਨਾ ਤਦ ਹੀ ਪੂਰਾ ਹੋਵੇਗਾ ਜਦੋਂ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਾਂਗੇ।”
ਨਵੀਂ ਸਿਖਿਆ ਨੀਤੀ ਨੂੰ ਇੱਕ ਸੋਚਿਆ ਸਮਝਿਆ ਦਸਤਾਵੇਜ਼ ਦੱਸਦਿਆਂ ਸ਼੍ਰੀ ਨਾਇਡੂ ਨੇ ਇਸ ਨੀਤੀ ਦੇ ਛੇਤੀ ਅਮਲ ‘ਤੇ ਜ਼ੋਰ ਦਿੱਤਾ। ਉਪ ਰਾਸ਼ਟਰਪਤੀ ਨੇ ਬੱਚਿਆਂ ਨੂੰ ਮਾਂ ਬੋਲੀ ਵਿੱਚ ਮੁੱਢਲੀ ਸਿਖਿਆ ਦੇਣ ਦੀ ਗੱਲ ਕੀਤੀ। ਉਨ੍ਹਾਂ ਤਕਨੀਕੀ ਸਿੱਖਿਆ ਵਿੱਚ ਭਾਰਤੀ ਭਾਸ਼ਾਵਾਂ ਦੀ ਵਰਤੋਂ ਵਧਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ। ਉਨ੍ਹਾਂ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਵਿੱਚ ਭਾਰਤੀ ਭਾਸ਼ਾਵਾਂ ਦੀ ਵਰਤੋਂ ‘ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਹਰ ਸਾਲ 15 ਲੱਖ ਇੰਜੀਨੀਅਰ ਪ੍ਰੀਖਿਆ ਪਾਸ ਕਰਦੇ ਹਨ, ਪਰ ਸਿਰਫ 7 ਪ੍ਰਤੀਸ਼ਤ ਬੇਸਿਕ ਇੰਜੀਨੀਅਰਿੰਗ ਰੋਜ਼ਗਾਰ ਲਈ ਯੋਗ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ਗਾਰਯੋਗਤਾ ਵਧਾਉਣੀ ਹੋਵੇਗੀ ਅਤੇ ਕੰਮ ਦੀਆਂ ਜ਼ਰੂਰਤਾਂ ਅਨੁਸਾਰ ਕੌਸ਼ਲ ਪ੍ਰਦਾਨ ਕਰਨੇ ਪੈਣਗੇ।
ਉਪ ਰਾਸ਼ਟਰਪਤੀ ਨੇ ਸਿੱਖਿਆ ਅਤੇ ਉਦਯੋਗ ਦਰਮਿਆਨ ਮਜ਼ਬੂਤ ਸੰਪਰਕ ਬਣਾਉਣ ‘ਤੇ ਵੀ ਜ਼ੋਰ ਦਿੱਤਾ।
ਉਪ ਰਾਸ਼ਟਰਪਤੀ ਨੇ ਭਾਰਤ ਦੇ ਸ਼ਾਨਦਾਰ ਅਤੀਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਭਾਰਤ ਇੱਕ ਵਿਸ਼ਵ ਗੁਰੂ ਮੰਨਿਆ ਜਾਂਦਾ ਸੀ ਅਤੇ ਏਸ਼ੀਆ ਦੇ ਵਿਦਿਆਰਥੀ ਨਾਲੰਦਾ, ਤਕਸ਼ਿਲਾ ਅਤੇ ਪੁਸ਼ਪਗਿਰੀ ਜਿਹੇ ਮਹਾਨ ਅਦਾਰਿਆਂ ਵਿੱਚ ਪੜ੍ਹਨ ਲਈ ਆਉਂਦੇ ਸਨ। ਉਨ੍ਹਾਂ ਕਿਹਾ “ਸਾਨੂੰ ਪੁਰਾਣੀ ਸ਼ਾਨ ਦੁਬਾਰਾ ਪ੍ਰਾਪਤ ਕਰਨੀ ਪਏਗੀ। ਸਾਨੂੰ ਭਾਰਤ ਨੂੰ ਇੱਕ ਵਾਰ ਫਿਰ ਗਿਆਨ ਅਤੇ ਸਿੱਖਿਆ ਦਾ ਕੇਂਦਰ ਬਣਾਉਣਾ ਹੋਵੇਗਾ” ਅਤੇ ਇਸ ਨੂੰ ਪ੍ਰਾਪਤ ਕਰਨ ਲਈ ਹੁਸ਼ਿਆਰ ਬਣ ਕੇ ਸਖਤ ਮਿਹਨਤ ਕਰਨ ਸੱਦਾ ਦਿੱਤਾ।
ਇਹ ਦੇਖਦਿਆਂ ਕਿ 30 ਸਾਲ ਤੋਂ ਘੱਟ ਦੀ ਔਸਤ ਉਮਰ ਵਾਲਾ ਭਾਰਤ ਵਿਸ਼ਵ ਦਾ ਸਭ ਤੋਂ ਘੱਟ ਉਮਰ ਵਾਲਾ ਰਾਸ਼ਟਰ ਹੈ, ਸ਼੍ਰੀ ਨਾਇਡੂ ਨੇ ਰਾਸ਼ਟਰ ਨਿਰਮਾਣ ਲਈ ਇਸ ਯੁਵਾ ਊਰਜਾ ਨੂੰ ਉਸਾਰੂ ਢੰਗ ਨਾਲ ਕਿਰਿਆਸ਼ੀਲ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ “ਨੌਜਵਾਨ ਉਦੋਂ ਹੀ ਤਬਦੀਲੀ ਦੀ ਭੂਮਿਕਾ ਅਦਾ ਕਰ ਸਕਣਗੇ ਜਦੋਂ ਉਨ੍ਹਾਂ ਨੂੰ ਸਹੀ ਢੰਗ ਨਾਲ ਨਿਪੁੰਨ, ਪ੍ਰੇਰਿਤ ਅਤੇ ਸਹੀ ਅਵਸਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਤਿਰੂਪਤੀ ਦਾ ਉਨ੍ਹਾਂ ਦੇ ਦਿਲ ਵਿੱਚ ਵਿਸ਼ੇਸ਼ ਸਥਾਨ ਹੈ, ਉਨ੍ਹਾਂ ਵਿਦਿਆਰਥੀਆਂ ਨੂੰ ਨਾ ਸਿਰਫ ਨਵੀਂਆਂ ਤਕਨੀਕਾਂ ਸਿੱਖਣ ਬਲਕਿ ਭਾਰਤ ਦੇ ਪ੍ਰਾਚੀਨ ਸਭਿਆਚਾਰ ਦੀ ਪੜਚੋਲ ਕਰਨ ਲਈ ਵੀ ਕਿਹਾ। ਸ਼੍ਰੀ ਨਾਇਡੂ ਨੇ ਵਿਸ਼ਵਾਸ ਜਤਾਇਆ ਕਿ ਤਿਰੂਪਤੀ ਆਈਆਈਟੀ ਅਤੇ ਆਈਆਈਐੱਸਈਆਰ ਜਿਹੀਆਂ ਕਈ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਦੇ ਨਾਲ ਭਵਿੱਖ ਦਾ ਸਿੱਖਿਆ ਕੇਂਦਰ ਬਣਨ ਲਈ ਤਿਆਰ ਹੈ।
ਉਨ੍ਹਾਂ ਨਵੀਂ ਆਈਆਈਟੀ ਅਤੇ ਆਈਆਈਐੱਮ ਦੀ ਸਥਾਪਨਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਸਚਮੁੱਚ ਵਿਸ਼ਵ ਪੱਧਰੀ ਸੰਸਥਾਵਾਂ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਅਧਿਐਨ, ਖੋਜ ਅਤੇ ਪ੍ਰਯੋਗ ਦੇ ਉਦੇਸ਼ ਨਾਲ ਵਿਦਿਆਰਥੀਆਂ ਲਈ ਇੱਕ ਸਹਿਜ ਮਾਹੌਲ ਬਣਾਉਣ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਨਵੀਆਂ ਆਈਆਈਟੀਜ਼ ਕੋਲ ਪਿਛਲੇ ਕੁਝ ਦਹਾਕਿਆਂ ਦੌਰਾਨ ਹਾਸਲ ਕੀਤੇ ਬ੍ਰਾਂਡ ਨਾਮ ਦਾ ਫਾਇਦਾ ਹਾਸਲ ਹੈ, ਪਰ ਉਨ੍ਹਾਂ ਦੀ ਜ਼ਿੰਮੇਵਾਰੀ ਪੁਰਾਣੀਆਂ ਆਈਆਈਟੀਜ਼ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਬਰਕਰਾਰ ਰੱਖਣ ਦੀ ਹੈ।
ਤੀਜੀ ਪੀੜ੍ਹੀ ਦੀਆਂ ਆਈਆਈਟੀਜ਼ ਦੇ ਤੇਜ਼ ਗਤੀ ਨਾਲ ਵਾਧੇ 'ਤੇ ਸੰਤੁਸ਼ਟੀ ਜ਼ਾਹਰ ਕਰਦਿਆਂ, ਉਪ ਰਾਸ਼ਟਰਪਤੀ ਨੇ ਵਿਸ਼ੇਸ਼ ਤੌਰ ‘ਤੇ ਟਿਕਾਊ ਉਸਾਰੀ ਸਮੱਗਰੀ ਅਤੇ ਤਕਨਾਲੋਜੀ ਨਾਲ ਵਾਤਾਵਰਣ ਪੱਖੀ ਟ੍ਰਾਂਜਿਟ ਕੈਂਪਸ ਦੇ ਡਿਜ਼ਾਈਨ ਅਤੇ ਉਸਾਰੀ ਲਈ ਦੋ ਪ੍ਰਸਿੱਧ ਸਥਿਰਤਾ ਅਵਾਰਡਾਂ, ਗ੍ਰਹਿ ਅਤੇ ਹਡਕੋ ਅਵਾਰਡ ਪ੍ਰਾਪਤ ਕਰਨ ਲਈ ਆਈਆਈਟੀ ਤਿਰੂਪਤੀ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ।
ਸ਼੍ਰੀ ਨਾਇਡੂ ਨੇ ਆਈਆਈਟੀ ਤਿਰੂਪਤੀ ਦੀ ਕੋਵਿਡ 19 ਮਹਾਮਾਰੀ ਨਾਲ ਲੜਨ ਵਿੱਚ ਕੌਮ ਨਾਲ ਹੱਥ ਮਿਲਾਉਣ ਅਤੇ ਇੰਸਟੀਟਿਊਟ ਦੁਆਰਾ ਬਹੁਤ ਸਾਰੀਆਂ ਤਕਨੀਕਾਂ ਵਿਕਸਤ ਕਰਨ ਲਈ ਜਿਨ੍ਹਾਂ ਵਿੱਚ ਥਰਮਲ ਏਅਰ ਸਟੈਰੀਲਾਈਜ਼ਰ, ਐੱਨ95 ਦੇ ਬਰਾਬਰ ਮੁੜ ਵਰਤੋਂ ਯੋਗ ਰੈਸਪੀਰੇਟਰਜ਼ ਅਤੇ ਛਾਤੀ ਦੇ ਐਕਸ-ਰੇ ਚਿੱਤਰਾਂ ਦੀ ਵਰਤੋਂ ਕਰਦੇ ਹੋਏ ਆਮ, ਨਿਮੂਨੀਆ ਅਤੇ ਕੋਵਿਡ -19 ਮਰੀਜ਼ਾਂ ਦਾ ਵਰਗੀਕਰਨ ਕਰਨ ਲਈ ਡੂੰਘੀ ਸਿਖਲਾਈ-ਅਧਾਰਤ ਪਹੁੰਚ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਕਿਹਾ ਕਿ ਤਿਰੂਪਤੀ ਭਾਰਤ ਦਾ ਇਕਲੌਤਾ ਸ਼ਹਿਰ ਹੈ ਜਿਸ ਵਿੱਚ ਆਈਆਈਟੀ ਅਤੇ ਆਈਆਈਐੱਸਈਆਰ ਦੋਵੇਂ ਹਨ। ਸ਼੍ਰੀ ਨਾਇਡੂ ਨੇ ਉਮੀਦ ਜਤਾਈ ਕਿ ਇਹ ਸਹਿਯੋਗੀ ਕੰਮ ਅਤੇ ਇਕਸਾਰਤਾ ਵਾਲੀ ਤਰੱਕੀ ਨੂੰ ਸੰਭਵ ਬਣਾਉਂਦਾ ਹੈ।
ਉਨ੍ਹਾਂ ਆਈਆਈਟੀ ਤਿਰੂਪਤੀ ਦੀ ਸਾਰੇ ਆਈਆਈਟੀਜ਼ ਵਿੱਚੋਂ ਬੀ ਟੈੱਕ ਪ੍ਰੋਗਰਾਮ ਵਿੱਚ ਮਹਿਲਾ ਵਿਦਿਆਰਥੀ ਦਾਖਲੇ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ (18%) ਬਣਾਈ ਰੱਖਣ ਲਈ ਵੀ ਪ੍ਰਸ਼ੰਸਾ ਕੀਤੀ।
ਉਪ ਰਾਸ਼ਟਰਪਤੀ ਨੇ ਡਾਇਰੈਕਟਰ, ਫੈਕਲਟੀ, ਸਟਾਫ ਅਤੇ ਆਈਆਈਟੀ ਤਿਰੂਪਤੀ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣਾ ਜਾਰੀ ਰੱਖਣਗੇ। ਸਮਾਰੋਹ ਵਿੱਚ ਆਂਧਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਸ਼੍ਰੀ ਕੇ ਨਰਾਇਣ ਸਵਾਮੀ, ਆਈਆਈਟੀ ਤਿਰੂਪਤੀ ਦੇ ਡਾਇਰੈਕਟਰ ਪ੍ਰੋ ਕੇ ਐੱਨ ਸੱਤਯਨਰਾਇਣ, ਆਈਆਈਟੀ ਤਿਰੂਪਤੀ ਦੇ ਡੀਨ, ਵਿਦਿਆਰਥੀ ਪ੍ਰੋ ਐੱਨ ਵੈਂਕਈਆ ਅਤੇ ਪ੍ਰੋ ਏ ਮੇਹਰ ਪ੍ਰਸਾਦ ਅਤੇ ਹੋਰ ਮੌਜੂਦ ਸਨ।
***********
ਐੱਮਐੱਸ/ਆਰਕੇ/ਡੀਪੀ
(Release ID: 1702606)
Visitor Counter : 124