ਪ੍ਰਧਾਨ ਮੰਤਰੀ ਦਫਤਰ

ਦ ਤਮਿਲ ਨਾਡੂ ਡਾ. ਐੱਮ.ਜੀ.ਆਰ. ਮੈਡੀਕਲ ਯੂਨੀਵਰਸਿਟੀ ਦੀ 33ਵੀਂ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 FEB 2021 12:14PM by PIB Chandigarh

ਵਣਕਮ,

 

ਤਮਿਲ ਨਾਡੂ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਉਪ ਕੁਲਪਤੀ ਸੁਧਾ ਸ਼ੇਸ਼ਯਨ, ਫੈਕਲਟੀ, ਸਟਾਫ ਅਤੇ ਮੇਰੇ ਪਿਆਰੇ ਵਿਦਿਆਰਥੀਓ,

 

ਜਦਕਿ ਤੁਸੀਂ ਯੂਨੀਵਰਸਿਟੀ ਦੀ 33ਵੀਂ ਕਨਵੋਕੇਸ਼ਨ ਦੇ ਅਵਸਰ ‘ਤੇ ਵਿਭਿੰਨ ਮੈਡੀਕਲ, ਡੈਂਟਲ, ਆਯੁਸ਼ ਅਤੇ ਪੈਰਾਮੈਡੀਕਲ ਸ਼ਾਸਤਰ ਵਿੱਚ ਡਿਗਰੀਆਂ ਅਤੇ ਡਿਪਲੋਮੇ ਪ੍ਰਾਪਤ ਕਰ ਰਹੇ ਹੋ, ਤੁਹਾਡੇ ਨਾਲ ਹੋਣ 'ਤੇ ਮੈਨੂੰ ਬਹੁਤ ਖੁਸ਼ੀ ਮਿਲ ਰਹੀ ਹੈ।

 

ਮੈਨੂੰ ਦੱਸਿਆ ਗਿਆ ਹੈ ਕਿ ਅੱਜ 21 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਡਿਗਰੀਆਂ ਅਤੇ ਡਿਪਲੋਮੇ ਦਿੱਤੇ ਜਾ ਰਹੇ ਹਨ। ਪਰ ਇੱਕ ਤੱਥ ਹੈ ਜਿਸ ਦਾ ਮੈਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਨਾ ਚਾਹੁੰਦਾ ਹਾਂ। ਗਿਣਤੀ ਦਰਸਾਉਂਦੀ ਹੈ ਕਿ ਤਕਰੀਬਨ 30% ਮਰਦ ਅਤੇ 70% ਮਹਿਲਾਵਾਂ ਹਨ। ਜਿਵੇਂ ਕਿ ਮੈਂ ਸਾਰੇ ਗ੍ਰੈਜੂਏਟਾਂ ਨੂੰ ਵਧਾਈ ਦਿੰਦਾ ਹਾਂ, ਮੈਂ ਮਹਿਲਾ ਉਮੀਦਵਾਰਾਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਾ ਹਾਂ। ਕਿਸੇ ਵੀ ਖੇਤਰ ਵਿੱਚ ਮਹਿਲਾਵਾਂ ਨੂੰ ਅੱਗੇ ਵਧ ਕੇ ਅਗਵਾਈ ਕਰਦੇ ਹੋਏ ਵੇਖਣਾ ਹਮੇਸ਼ਾ ਵਿਸ਼ੇਸ਼ ਹੁੰਦਾ ਹੈ। ਜਦੋਂ ਅਜਿਹਾ ਹੁੰਦਾ ਹੈ ਇਹ ਮਾਣ ਦਾ ਇੱਕ ਪਲ ਅਤੇ ਖੁਸ਼ੀ ਦਾ ਪਲ ਹੁੰਦਾ ਹੈ।

 

ਮਿੱਤਰੋ,

 

ਤੁਹਾਡੇ ਸਾਰਿਆਂ ਦੀ ਅਤੇ ਇਸ ਸੰਸਥਾ ਦੀ ਸਫਲਤਾ ਨੇ ਮਹਾਨ ਐੱਮ.ਜੀ.ਆਰ. ਨੂੰ ਬਹੁਤ ਖੁਸ਼ ਕੀਤਾ ਹੋਵੇਗਾ।

 

ਉਨ੍ਹਾਂ ਦਾ ਸ਼ਾਸਨ ਗ਼ਰੀਬਾਂ ਪ੍ਰਤੀ ਹਮਦਰਦੀ ਵਾਲਾ ਸੀ। ਸਿਹਤ ਸੰਭਾਲ਼, ਸਿੱਖਿਆ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਦੇ ਵਿਸ਼ੇ ਉਨ੍ਹਾਂ ਨੂੰ ਪਿਆਰੇ ਸਨ। ਕੁਝ ਸਾਲ ਪਹਿਲਾਂ, ਮੈਂ ਸ੍ਰੀ ਲੰਕਾ ਗਿਆ ਸੀ, ਜਿੱਥੇ ਐੱਮਜੀਆਰ ਦਾ ਜਨਮ ਹੋਇਆ ਸੀ। ਸ੍ਰੀ ਲੰਕਾ ਵਿੱਚ ਸਿਹਤ ਦੇ ਖੇਤਰ ਵਿੱਚ ਸਾਡੀਆਂ ਤਾਮਿਲ ਭੈਣਾਂ ਅਤੇ ਭਰਾਵਾਂ ਲਈ ਕੰਮ ਕਰਨ ‘ਤੇ ਭਾਰਤ ਨੂੰ ਮਾਣ ਹੈ। ਭਾਰਤ ਦੁਆਰਾ ਫੰਡ ਕੀਤੀ ਗਈ ਇੱਕ ਮੁਫਤ ਐਂਬੂਲੈਂਸ ਸੇਵਾ ਦੀ ਤਮਿਲ ਭਾਈਚਾਰੇ ਦੁਆਰਾ ਵਿਆਪਕ ਵਰਤੋਂ ਕੀਤੀ ਜਾ ਰਹੀ ਹੈ। ਮੈਂ ਡਿਕੋਇਆ ਵਿਖੇ ਹਸਪਤਾਲ ਦੇ ਉਦਘਾਟਨ ਸਮਾਰੋਹ ਨੂੰ ਕਦੇ ਨਹੀਂ ਭੁੱਲ ਸਕਦਾ। ਇਹ ਇੱਕ ਆਧੁਨਿਕ ਹਸਪਤਾਲ ਹੈ ਜੋ ਬਹੁਤਿਆਂ ਦੀ ਮਦਦ ਕਰੇਗਾ। ਸਿਹਤ ਸੁਵਿਧਾਵਾਂ ਵਿੱਚ ਇਹ ਯਤਨ, ਅਤੇ ਉਹ ਵੀ ਤਾਮਿਲ ਭਾਈਚਾਰੇ ਲਈ ਐੱਮਜੀਆਰ ਨੂੰ ਬਹੁਤ ਖੁਸ਼ ਕਰਦੇ।

 

ਵਿਦਿਆਰਥੀ ਮਿੱਤਰੋ,

 

ਇਹ ਉਹ ਸਮਾਂ ਹੈ ਜਦੋਂ ਤੁਸੀਂ ਆਪਣੇ ਜੀਵਨ ਦੇ ਇੱਕ ਮਹੱਤਵਪੂਰਨ ਪੜਾਅ ਤੋਂ ਦੂਜੇ ਪੜਾਅ ਵਿੱਚ ਦਾਖਲ ਹੋ ਜਾਵੋਗੇ।

 

ਇਹ ਉਹ ਸਮਾਂ ਹੈ ਜਦੋਂ ਤੁਸੀਂ ਸਿੱਖਣ ਦੇ ਦੌਰ ਤੋਂ ਬਿਮਾਰੀਆਂ ਦੇ ਇਲਾਜ ਕਰਨ ਦੇ ਦੌਰ ਵਿੱਚ ਤਬਦੀਲ ਹੋ ਜਾਓਗੇ। ਇਹ ਉਹ ਸਮਾਂ ਹੈ ਜਦੋਂ ਤੁਸੀਂ ਆਪਣੀਆਂ ਪਰੀਖਿਆਵਾਂ ਵਿੱਚ ਅੰਕ ਪ੍ਰਾਪਤ ਕਰਨ ਤੋਂ ਬਦਲ ਕੇ ਸਮਾਜ ਵਿੱਚ ਆਪਣੀ ਇੱਕ ਛਾਪ ਕਾਇਮ ਕਰਨ ਵੱਲ ਪ੍ਰੇਰਿਤ ਹੋਵੋਗੇ।

 

ਮਿੱਤਰੋ,

 

ਕੋਵਿਡ-19 ਮਹਾਮਾਰੀ ਸੰਸਾਰ ਲਈ ਇੱਕ ਪੂਰੀ ਤਰ੍ਹਾਂ ਅਚਾਨਕ ਵਾਪਰੀ ਘਟਨਾ ਸੀ। ਕਿਸੇ ਵੀ ਚੀਜ਼ ਲਈ ਪਹਿਲਾਂ ਤੋਂ ਸਥਾਪਿਤ ਕੋਈ ਨਿਯਤ ਫਾਰਮੂਲਾ ਨਹੀਂ ਸੀ। ਅਜਿਹੇ ਸਮੇਂ ਵਿੱਚ, ਭਾਰਤ ਨੇ ਨਾ ਸਿਰਫ ਇੱਕ ਨਵਾਂ ਰਾਹ ਬਣਾਇਆ ਹੈ, ਬਲਕਿ ਦੂਜਿਆਂ ਨੂੰ ਵੀ ਇਸ ਦੇ ਨਾਲ ਚੱਲਣ ਵਿੱਚ ਸਹਾਇਤਾ ਕੀਤੀ ਹੈ। ਮੌਤ ਦੀ ਦਰ ਸਭ ਤੋਂ ਘੱਟ ਹੈ। ਰਿਕਵਰੀ ਦੀਆਂ ਦਰਾਂ ਉੱਚੀਆਂ ਹਨ। ਭਾਰਤ ਵਿਸ਼ਵ ਲਈ ਦਵਾਈਆਂ ਤਿਆਰ ਕਰ ਰਿਹਾ ਹੈ ਅਤੇ ਵਿਸ਼ਵ ਲਈ ਟੀਕੇ ਬਣਾ ਰਿਹਾ ਹੈ। ਤੁਸੀਂ ਉਸ ਸਮੇਂ ਗ੍ਰੈਜੂਏਟ ਹੋ ਰਹੇ ਹੋ ਜਦੋਂ ਭਾਰਤੀ ਡਾਕਟਰੀ ਪੇਸ਼ੇਵਰਾਂ, ਵਿਗਿਆਨੀਆਂ ਅਤੇ ਫਾਰਮਾ ਪੇਸ਼ੇਵਰਾਂ ਦੀ ਬਹੁਤ ਪ੍ਰਸ਼ੰਸਾ ਅਤੇ ਸਤਿਕਾਰ ਹੈ। ਕੁੱਲ ਮਿਲਾ ਕੇ, ਭਾਰਤੀ ਸਿਹਤ ਵਾਤਾਵਰਣ ਨੂੰ ਨਵੇਂ ਨਜ਼ਰੀਏ, ਨਵੀਂ ਇੱਜ਼ਤ ਅਤੇ ਨਵੀਂ ਭਰੋਸੇਯੋਗਤਾ ਨਾਲ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਇਸ ਦਾ ਅਰਥ ਇਹ ਵੀ ਹੈ ਕਿ ਦੁਨੀਆ ਤੁਹਾਡੇ ਤੋਂ ਬਹੁਤ ਜ਼ਿਆਦਾ ਉਮੀਦਾਂ ਰੱਖੇਗੀ, ਜਿਸ ਦੀ ਤੁਹਾਡੇ ਜਵਾਨ ਅਤੇ ਮਜ਼ਬੂਤ ਮੋਢਿਆਂ 'ਤੇ ਜ਼ਿੰਮੇਵਾਰੀ ਹੈ। ਇਸ ਮਹਾਮਾਰੀ ਤੋਂ ਸਿੱਖੇ ਗਏ ਸਬਕ ਸਾਨੂੰ ਟੀ ਬੀ ਵਰਗੀਆਂ ਹੋਰ ਬਿਮਾਰੀਆਂ ਨਾਲ ਵੀ ਲੜਨ ਵਿੱਚ ਸਹਾਇਤਾ ਕਰ ਸਕਦੇ ਹਨ।

 

ਮਿੱਤਰੋ,

 

ਤਿਰੂਵੱਲੁਵਰ ਨੇ ਕਿਹਾ: ਬਿਮਾਰ, ਡਾਕਟਰ, ਦਵਾਈ ਅਤੇ ਦੇਖਭਾਲ਼ ਕਰਨ ਵਾਲਾ, ਇਹ ਸਾਰੇ ਚਾਰ, ਇਲਾਜ ਵਿੱਚ ਕਵਰ ਹਨ। ਮਹਾਮਾਰੀ ਦੇ ਦੌਰਾਨ ਅਤੇ ਵਿਘਨ ਦੇ ਮੱਧ ਵਿੱਚ, ਇਹ ਚਾਰੇ ਥੰਮ੍ਹਾਂ ਵਿਚੋਂ ਹਰ ਇੱਕ ਅਣਪਛਾਤੇ ਦੁਸ਼ਮਣ ਨਾਲ ਯੁੱਧ ਲੜਨ ਦੇ ਸਭ ਤੋਂ ਅੱਗੇ ਸੀ। ਉਹ ਸਾਰੇ ਜਿਨ੍ਹਾਂ ਨੇ ਵਿਸ਼ਾਣੂ ਨਾਲ ਲੜਿਆ ਉਹ ਮਨੁੱਖਤਾ ਦੇ ਨਾਇਕਾਂ ਵਜੋਂ ਉੱਭਰੇ।

 

ਮਿੱਤਰੋ,

 

ਅਸੀਂ ਪੂਰੀ ਡਾਕਟਰੀ ਸਿੱਖਿਆ ਅਤੇ ਸਿਹਤ ਸੰਭਾਲ਼ ਖੇਤਰ ਨੂੰ ਬਦਲ ਰਹੇ ਹਾਂ। ਨੈਸ਼ਨਲ ਮੈਡੀਕਲ ਕਮਿਸ਼ਨ ਵੱਡੀ ਪਾਰਦਰਸ਼ਤਾ ਲਿਆਏਗਾ। ਇਹ ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਦੇ ਮਾਪਦੰਡਾਂ ਨੂੰ ਵੀ ਤਰਕਸ਼ੀਲ ਬਣਾਏਗਾ। ਇਹ ਇਸ ਸੈਕਟਰ ਵਿੱਚ ਮਨੁੱਖੀ ਸੰਸਾਧਨ ਦੀ ਗੁਣਵੱਤਾ ਅਤੇ ਉਪਲਬਧਤਾ ਵਿੱਚ ਵੀ ਸੁਧਾਰ ਕਰੇਗਾ। ਪਿਛਲੇ ਛੇ ਸਾਲਾਂ ਦੌਰਾਨ, ਐੱਮਬੀਬੀਐੱਸ ਸੀਟਾਂ ਵਿੱਚ 30 ਹਜ਼ਾਰ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਕਿ 2014 ਤੋਂ 50% ਤੋਂ ਵੱਧ ਦਾ ਵਾਧਾ ਹੈ। ਪੀਜੀ ਸੀਟਾਂ ਦੀ ਗਿਣਤੀ 24 ਹਜ਼ਾਰ ਵਧੀ ਹੈ ਜੋ 2014 ਤੋਂ ਤਕਰੀਬਨ 80% ਦਾ ਵਾਧਾ ਹੈ। 2014 ਵਿੱਚ ਦੇਸ਼ ਵਿੱਚ 6 ਏਮਸ ਸਨ। ਪਿਛਲੇ 6 ਸਾਲਾਂ ਵਿੱਚ, ਅਸੀਂ ਦੇਸ਼ ਭਰ ਵਿੱਚ 15 ਹੋਰ ਏਮਸ ਨੂੰ ਮਨਜ਼ੂਰੀ ਦਿੱਤੀ ਹੈ। ਤਮਿਲ ਨਾਡੂ ਆਪਣੀ ਡਾਕਟਰੀ ਸਿੱਖਿਆ ਲਈ ਜਾਣਿਆ ਜਾਂਦਾ ਹੈ। ਰਾਜ ਦੇ ਸਾਡੇ ਨੌਜਵਾਨਾਂ ਦੀ ਸਹਾਇਤਾ ਲਈ, ਸਾਡੀ ਸਰਕਾਰ ਨੇ ਰਾਜ ਵਿੱਚ 11 ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਆਗਿਆ ਦਿੱਤੀ ਹੈ। ਇਹ ਨਵੇਂ ਮੈਡੀਕਲ ਕਾਲਜ ਉਨ੍ਹਾਂ ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿੱਚ ਇਸ ਵੇਲੇ ਮੈਡੀਕਲ ਕਾਲਜ ਨਹੀਂ ਹੈ। ਇਨ੍ਹਾਂ ਵਿੱਚੋਂ ਹਰੇਕ ਕਾਲਜ ਲਈ, ਭਾਰਤ ਸਰਕਾਰ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇਵੇਗੀ।

 

ਅਸੀਂ ਪ੍ਰਧਾਨ ਮੰਤਰੀ ਆਤਮ ਨਿਰਭਰ ਸਵੱਸਥ ਭਾਰਤ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਲਈ ਬਜਟ ਵਿੱਚ 64 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਰਿਖੀ ਗਈ ਹੈ। ਇਹ ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ਼ ਦੀਆਂ ਸਮਰੱਥਾਵਾਂ ਨੂੰ ਵਧਾਏਗਾ ਜਿਸ ਨਾਲ ਨਵੀਆਂ ਅਤੇ ਉੱਭਰ ਰਹੀਆਂ ਬਿਮਾਰੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਇਲਾਜ ਕਰਨ ਵਿੱਚ ਸਹਾਇਤਾ ਹੋ ਸਕੇ। ਸਾਡਾ ਆਯੁਸ਼ਮਾਨ ਭਾਰਤ ਤਕਰੀਬਨ 1600 ਡਾਕਟਰੀ ਅਤੇ ਸਰਜੀਕਲ ਪ੍ਰਕਿਰਿਆਵਾਂ ਲਈ 50 ਕਰੋੜ ਲੋਕਾਂ ਨੂੰ ਗੁਣਵੱਤਾ ਦੀ ਦੇਖਭਾਲ ਪ੍ਰਦਾਨ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਵੱਡਾ ਸਿਹਤ ਭਰੋਸਾ ਪ੍ਰੋਗਰਾਮ ਹੈ।

 

ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਵਧਾ ਕੇ 7000 ਤੋਂ ਵੀ ਵੱਧ ਕਰ ਦਿੱਤੀ ਗਈ ਹੈ ਜੋ ਕਿ ਬਹੁਤ ਸਸਤੀਆਂ ਦਰਾਂ 'ਤੇ ਦਵਾਈਆਂ ਪ੍ਰਦਾਨ ਕਰਦੇ ਹਨ। ਸਾਡੇ ਦੇਸ਼ ਵਿੱਚ ਸਟੈਂਟਸ ਅਤੇ ਗੋਡੇ ਬਦਲਣ ਜਹੇ ਡਾਕਟਰੀ ਉਪਕਰਣ ਬਹੁਤ ਸਸਤੇ ਕੀਤੇ ਗਏ ਹਨ, ਜਿਸ ਨਾਲ ਕਰੋੜਾਂ ਲੋੜਵੰਦਾਂ ਦੀ ਸਹਾਇਤਾ ਹੋ ਰਹੀ ਹੈ।

 

ਮਿੱਤਰੋ,

 

ਡਾਕਟਰ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਸਤਿਕਾਰਿਤ ਪੇਸ਼ੇਵਰਾਂ ਵਿੱਚੋਂ ਇੱਕ ਹਨ। ਅੱਜ, ਮਹਾਮਾਰੀ ਦੇ ਬਾਅਦ, ਇਹ ਸਤਿਕਾਰ ਹੋਰ ਵੀ ਵਧ ਗਿਆ ਹੈ।  ਇਹ ਸਤਿਕਾਰ ਇਸ ਲਈ ਹੈ ਕਿਉਂਕਿ ਲੋਕ ਤੁਹਾਡੇ ਪੇਸ਼ੇ ਦੀ ਗੰਭੀਰਤਾ ਨੂੰ ਜਾਣਦੇ ਹਨ ਜਿੱਥੇ ਕਈ ਵਾਰ, ਇਹ ਅਸਲ ਵਿੱਚ ਕਿਸੇ ਲਈ ਜੀਵਨ ਅਤੇ ਮੌਤ ਦਾ ਸਵਾਲ ਹੁੰਦਾ ਹੈ। ਹਾਲਾਂਕਿ, ਗੰਭੀਰ ਹੋਣਾ ਅਤੇ ਗੰਭੀਰ ਦਿਖਣਾ ਦੋ ਵੱਖਰੀਆਂ ਚੀਜ਼ਾਂ ਹਨ। ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਹਾਸੇ ਦੀ ਭਾਵਨਾ ਨੂੰ ਅਜੇ ਵੀ ਬਰਕਰਾਰ ਰੱਖੋ। ਇਹ ਤੁਹਾਡੇ ਆਪਣੇ ਮਰੀਜ਼ਾਂ ਨੂੰ ਤਾਜ਼ਗੀ ਦੇਣ ਅਤੇ ਉਨ੍ਹਾਂ ਦੇ ਮਨੋਬਲ ਨੂੰ ਉੱਚਾ ਰੱਖਣ ਵਿੱਚ ਸਹਾਇਤਾ ਕਰੇਗਾ। ਮੈਂ ਕੁਝ ਡਾਕਟਰਾਂ ਨੂੰ ਦੇਖਿਆ ਹੈ ਜਿਹੜੇ ਆਪਣੀ ਕੰਮ ਵਿੱਚ ਉੱਤਮ ਹਨ, ਪਰ ਮਰੀਜ਼ਾਂ ਅਤੇ ਇੱਥੋਂ ਤੱਕ ਕਿ ਸਟਾਫ ਨਾਲ ਉਹ ਹਾਸੇ-ਮਜ਼ਾਕ ਵਿੱਚ ਗੱਲਬਾਤ ਕਰਕੇ ਹਸਪਤਾਲ ਦੇ ਆਲੇ ਦੁਆਲੇ ਨੂੰ ਪ੍ਰਕਾਸ਼ਮਾਨ ਕਰਦੇ ਹਨ। ਇਹ ਲੋਕਾਂ ਨੂੰ ਉਮੀਦ ਵੀ ਦਿੰਦੀ ਹੈ, ਜੋ ਕਿ ਰਿਕਵਰੀ ਵਿਚ ਬਹੁਤ ਜ਼ਰੂਰੀ ਹੈ। ਆਪਣੀ ਹਾਸੇ ਦੀ ਭਾਵਨਾ ਨੂੰ ਸਿਹਤਮੰਦ ਰੱਖਣਾ ਅਜਿਹੇ ਉੱਚ ਦਬਾਅ ਵਾਲੇ ਪੇਸ਼ੇ ਵਿਚ ਤੁਹਾਡੀ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦੀ ਦੇਖਭਾਲ ਕਰਨ ਵਿੱਚ ਵੀ ਸਹਾਇਤਾ ਕਰੇਗਾ। ਤੁਸੀਂ ਉਹ ਲੋਕ ਹੋ ਜੋ ਦੇਸ਼ ਦੀ ਸਿਹਤ ਦਾ ਖਿਆਲ ਰੱਖਦੇ ਹਨ ਅਤੇ ਤੁਸੀਂ ਅਜਿਹਾਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਆਪਣੀ ਸਿਹਤ ਅਤੇ ਤੰਦਰੁਸਤੀ 'ਤੇ ਵੀ ਧਿਆਨ ਕੇਂਦ੍ਰਤ ਕਰਦੇ ਹੋ। ਯੋਗ, ਧਿਆਨ ਲਗਾਉਣਾ, ਦੌੜ, ਸਾਈਕਲਿੰਗ - ਕੁਝ ਤੰਦਰੁਸਤੀ ਵਿਧੀਆਂ ਚੁਣੋ ਜੋ ਤੁਹਾਡੀ ਆਪਣੀ ਤੰਦਰੁਸਤੀ ਵਿੱਚ ਵੀ ਸਹਾਇਤਾ ਕਰਦੀ ਹੈ।

 

ਮਿੱਤਰੋ,

 

ਸਵਾਮੀ ਵਿਵੇਕਾਨੰਦ ਦੇ ਗੁਰੂ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਕਹਿੰਦੇ ਸਨ, “ਸ਼ਿਵ ਗਿਆਨੇ ਜੀਵ ਸੇਵਾ” (“शिव ज्ञाने जीव सेवा”) – ਜਿਸ ਦਾ ਭਾਵ ਹੈ, ਲੋਕਾਂ ਦੀ ਸੇਵਾ ਕਰਨਾ ਹੀ ਸ਼ਿਵ ਜਾਂ ਭਗਵਾਨ ਦੀ ਸੇਵਾ ਕਰਨ ਵਾਂਗ ਹੈ। ਜੇ ਕੋਈ ਅਜਿਹਾ ਵਿਅਕਤੀ ਹੈ ਜਿਸ ਕੋਲ ਸੱਚਮੁੱਚ ਇਸ ਮਹਾਨ ਆਦਰਸ਼ ਨੂੰ ਜੀਉਣ ਦਾ ਸਭ ਤੋਂ ਵੱਡਾ ਮੌਕਾ ਹੈ, ਤਾਂ ਉਹ ਡਾਕਟਰੀ ਪੇਸ਼ੇਵਰ ਹੈ। ਆਪਣੇ ਲੰਬੇ ਕਰੀਅਰ ਵਿੱਚ, ਪੇਸ਼ੇਵਰ ਵਜੋਂ ਤਰੱਕੀ ਕਰੋ ਅਤੇ ਉਸੇ ਸਮੇਂ, ਆਪਣੇ ਖੁਦ ਦੇ ਵਿਕਾਸ ਨੂੰ ਕਦੇ ਨਾ ਭੁੱਲੋ। ਸਵੈ-ਹਿਤ ਤੋਂ ਉੱਪਰ ਉੱਠੋ। ਅਜਿਹਾ ਕਰਨ ਨਾਲ ਤੁਸੀਂ ਨਿਡਰ ਹੋਵੋਗੇ।

 

ਮਿੱਤਰੋ,

 

ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਇੱਕ ਵਾਰ ਫਿਰ ਵਧਾਈ! ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਆਪਣਾ ਸੰਬੋਧਨ ਦਾ ਸਮਾਪਨ ਕਰਦਾ ਹਾਂ ਅਤੇ ਆਪ ਸਭ ਨੂੰ ਇਸ ਉਤਕ੍ਰਿਸ਼ਟ, ਉਦੇਸ਼ਪੂਰਨ, ਅਦਭੁਤ ਅਤੇ ਚੁਣੌਤੀਪੂਰਨ ਕਰੀਅਰ ਵਿੱਚ ਸਫਲਤਾ ਹਾਸਲ ਕਰਨ ਦੀ ਕਾਮਨਾ ਕਰਦਾ ਹਾਂ।

 

ਤੁਹਾਡਾ ਧੰਨਵਾਦ!


 

                    ***********


 

ਡੀਐੱਸ / ਏਕੇਜੇ



(Release ID: 1701128) Visitor Counter : 170