ਪ੍ਰਧਾਨ ਮੰਤਰੀ ਦਫਤਰ

10 ਗੁਆਂਢੀ ਦੇਸ਼ਾਂ ਨਾਲ “ਕੋਵਿਡ-19 ਪ੍ਰਬੰਧਨ: ਅਨੁਭਵ, ਚੰਗੀਆਂ ਪਿਰਤਾਂ ਅਤੇ ਅਗਲਾ ਰਸਤਾ” ਵਿਸ਼ੇ ’ਤੇ ਵਰਕਸ਼ਾਪ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 18 FEB 2021 3:32PM by PIB Chandigarh


 

ਐਕਸੀਲੈਂਸੀਜ਼,

 

ਨਮਸਕਾਰ!

 

ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਨੇੜਲੇ ਅਤੇ ਗੁਆਂਢੀ ਦੇਸ਼ਾਂ ਦੇ ਸਿਹਤ ਅਧਿਕਾਰੀ ਅਤੇ ਮਾਹਿਰ ਅੱਜ ਮਿਲ ਰਹੇ ਹਨ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਲਾਭਕਾਰੀ ਵਿਚਾਰ-ਵਟਾਂਦਰੇ ਲਈ ਸ਼ੁਭਕਾਮਨਾਵਾਂ ਦੇ ਕੇ ਸ਼ੁਰੂਆਤ ਕਰਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਕਿ ਇਸ ਮਹਾਮਾਰੀ ਦੇ ਦੌਰਾਨ ਸਾਡੇ ਸਿਹਤ ਪ੍ਰਣਾਲੀਆਂ ਨੇ ਜਿਸ ਤਰੀਕੇ ਨਾਲ ਸਹਿਯੋਗ ਕੀਤਾ ਹੈ। ਪਿਛਲੇ ਸਾਲ ਜਦੋਂ ਕੋਵਿਡ-19 ਵਿਸ਼ਵ ਭਰ ਵਿੱਚ ਆਈ ਸੀ, ਤਾਂ ਬਹੁਤ ਸਾਰੇ ਮਾਹਿਰਾਂ ਨੇ ਸਾਡੇ ਸੰਘਣੀ ਆਬਾਦੀ ਵਾਲੇ ਖੇਤਰ ਬਾਰੇ ਵਿਸ਼ੇਸ਼ ਚਿੰਤਾ ਜ਼ਾਹਰ ਕੀਤੀ। ਲੇਕਿਨ ਸ਼ੁਰੂ ਤੋਂ ਹੀ, ਅਸੀਂ ਸਾਰੀਆਂ ਨੇ ਇਸ ਚੁਣੌਤੀ ਦਾ ਤਾਲਮੇਲ ਨਾਲ ਮੋੜਵਾਂ ਜਵਾਬ ਦਿੱਤਾ। ਪਿਛਲੇ ਸਾਲ ਮਾਰਚ ਵਿੱਚ, ਅਸੀਂ ਡਰ ਨੂੰ ਪਛਾਣਨ ਅਤੇ ਇਸ ਨਾਲ ਮਿਲ ਕੇ ਲੜਨ ਦੀ ਪ੍ਰਤੀਬੱਧਤਾ ਲਈ ਸਭ ਤੋਂ ਪਹਿਲਾਂ ਅੱਗੇ ਆਏ ਸੀ। ਕਈ ਹੋਰ ਖੇਤਰਾਂ ਅਤੇ ਸਮੂਹਾਂ ਨੇ ਸਾਡੀ ਮੁੱਢਲੀ ਉਦਾਹਰਣ ਦਾ ਪਾਲਣ ਕੀਤਾ।

 

ਅਸੀਂ ਮਹਾਮਾਰੀ ਨਾਲ ਲੜਨ ਦੇ ਤੁਰੰਤ ਖਰਚਿਆਂ ਨੂੰ ਪੂਰਾ ਕਰਨ ਲਈ ਕੋਵਿਡ-19 ਐਮਰਜੈਂਸੀ ਰਿਸਪਾਂਸ ਫੰਡ ਬਣਾਇਆ ਹੈ। ਅਸੀਂ ਆਪਣੇ ਸਰੋਤ- ਦਵਾਈਆਂ, ਪੀਪੀਈ, ਅਤੇ ਟੈਸਟਿੰਗ ਉਪਕਰਣ ਸਾਂਝੇ ਕੀਤੇ। ਅਤੇ ਸਭ ਤੋਂ ਉੱਤੇ, ਅਸੀਂ ਸਭ ਤੋਂ ਕੀਮਤੀ ਚੀਜ਼ਾਂ ਸਾਂਝੀਆਂ ਕੀਤੀਆਂ- ਸਾਡੇ ਸਿਹਤ ਕਰਮਚਾਰੀਆਂ ਦੀ ਸਹਿਕਾਰੀ ਸਿਖਲਾਈ ਰਾਹੀਂ– ਗਿਆਨ ਨੂੰ ਸਾਂਝਾ ਕੀਤਾ। ਵੈਬੀਨਾਰਾਂ, ਔਨਲਾਈਨ ਕੋਰਸਾਂ ਅਤੇ ਆਈਟੀ ਪੋਰਟਲਾਂ ਦੇ ਜ਼ਰੀਏ, ਅਸੀਂ ਅਨੁਭਵ ਸਾਂਝੇ ਕੀਤੇ ਅਤੇ ਇੱਕ ਦੂਸਰੇ ਦੇ ਟੈਸਟਿੰਗ, ਇਨਫੈਕਸ਼ਨ ਕੰਟਰੋਲ ਅਤੇ ਮੈਡੀਕਲ ਵੇਸਟ ਮੈਨੇਜਮੈਂਟ ਦੀਆਂ ਬਿਹਤਰੀਨ ਪਿਰਤਾਂ ਤੋਂ ਸਿੱਖਿਆ। ਅਸੀਂ ਆਪਣੇ ਖੁਦ ਦੀਆਂ ਉੱਤਮ ਪਿਰਤਾਂ ਵਿਕਸਿਤ ਕੀਤੀਆਂ ਹਨ ਜੋ ਸਾਡੇ ਲਈ ਸਭ ਤੋਂ ਵਧੀਆ ਕੰਮ ਕਰਦੇ ਹਨ। ਸਾਡੇ ਵਿੱਚੋਂ ਹਰੇਕ ਨੇ ਗਿਆਨ ਅਤੇ ਅਨੁਭਵ ਦੀ ਇਸ ਤਿਆਰੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।

 

ਦੋਸਤੋ,

 

ਸਹਿਕਾਰਤਾ ਦੀ ਭਾਵਨਾ ਇਸ ਮਹਾਮਾਰੀ ਤੋਂ ਸਿੱਖਣ ਵਾਲਾ ਇੱਕ ਮਹੱਤਵਪੂਰਨ ਲਾਭ ਹੈ। ਆਪਣੇ ਖੁੱਲ੍ਹੇਪਣ ਅਤੇ ਦ੍ਰਿੜ੍ਹਤਾ ਦੁਆਰਾ, ਅਸੀਂ ਵਿਸ਼ਵ ਵਿੱਚ ਸਭ ਤੋਂ ਘੱਟ ਮੌਤ ਦਰਾਂ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਾਂ। ਇਹ ਸ਼ਲਾਘਾ ਯੋਗ ਹੈ। ਅੱਜ, ਸਾਡੇ ਖੇਤਰ ਅਤੇ ਵਿਸ਼ਵ ਦੀਆਂ ਉਮੀਦਾਂ ਟੀਕਿਆਂ ਦੀ ਤੇਜ਼ੀ ਨਾਲ ਤੈਨਾਤੀ ’ਤੇ ਕੇਂਦ੍ਰਿਤ ਹਨ। ਇਸ ਵਿੱਚ ਵੀ ਸਾਨੂੰ ਉਹੀ ਸਹਿਕਾਰੀ ਅਤੇ ਸਹਿਯੋਗੀ ਭਾਵਨਾ ਬਣਾਈ ਰੱਖਣੀ ਚਾਹੀਦੀ ਹੈ।

 

ਦੋਸਤੋ,

 

ਪਿਛਲੇ ਸਾਲ ਦੌਰਾਨ, ਸਾਡਾ ਸਿਹਤ ਸਹਿਯੋਗ ਪਹਿਲਾਂ ਹੀ ਬਹੁਤ ਕੁਝ ਪ੍ਰਾਪਤ ਕਰ ਚੁੱਕਾ ਹੈ। ਕੀ ਹੁਣ ਅਸੀਂ ਆਪਣੀ ਇੱਛਾ ਨੂੰ ਹੋਰ ਵਧਾਉਣ ਬਾਰੇ ਸੋਚ ਸਕਦੇ ਹਾਂ? ਮੈਨੂੰ ਅੱਜ ਤੁਹਾਡੇ ਵਿਚਾਰ-ਵਟਾਂਦਰੇ ਲਈ ਕੁਝ ਸੁਝਾਅ ਦੇਣ ਦੀ ਆਗਿਆ ਦਿਓ:

 

  • ਕੀ ਅਸੀਂ ਆਪਣੇ ਡਾਕਟਰਾਂ ਅਤੇ ਨਰਸਾਂ ਲਈ ਇੱਕ ਵਿਸ਼ੇਸ਼ ਵੀਜ਼ਾ ਸਕੀਮ ਬਣਾਉਣ ’ਤੇ ਵਿਚਾਰ ਕਰ ਸਕਦੇ ਹਾਂ, ਤਾਂ ਜੋ ਸਿਹਤ ਪ੍ਰਾਪਤ ਕਰਨ ਵਾਲੇ ਦੇਸ਼ ਦੀ ਬੇਨਤੀ ’ਤੇ ਸਿਹਤ ਸੰਕਟਕਾਲ ਦੌਰਾਨ ਉਹ ਸਾਡੇ ਖੇਤਰ ਵਿੱਚ ਤੇਜ਼ੀ ਨਾਲ ਯਾਤਰਾ ਕਰ ਸਕਣ?

  • ਕੀ ਸਾਡੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਮੈਡੀਕਲ ਦੁਰਘਟਨਾਵਾਂ ਲਈ ਖੇਤਰੀ ਏਅਰ ਐਂਬੂਲੈਂਸ ਸਮਝੌਤੇ ਦਾ ਤਾਲਮੇਲ ਕਰ ਸਕਦੇ ਹਨ?

  • ਕੀ ਅਸੀਂ ਸਾਡੀ ਆਬਾਦੀ ਵਿੱਚ ਕੋਵਿਡ-19 ਟੀਕਿਆਂ ਦੀ ਪ੍ਰਭਾਵਸ਼ੀਲਤਾ ਬਾਰੇ ਅੰਕੜਿਆਂ ਨੂੰ ਜੋੜਨ, ਕੰਪਾਈਲ ਕਰਨ ਅਤੇ ਅਧਿਐਨ ਕਰਨ ਲਈ ਇੱਕ ਖੇਤਰੀ ਪਲੈਟਫਾਰਮ ਬਣਾ ਸਕਦੇ ਹਾਂ?

  • ਕੀ ਅਸੀਂ ਇਸੇ ਤਰ੍ਹਾਂ ਭਵਿੱਖ ਦੀਆਂ ਮਹਾਮਾਰੀਆਂ ਨੂੰ ਰੋਕਣ ਲਈ ਟੈਕਨੋਲੋਜੀ ਸਹਾਇਤਾ ਮਹਾਮਾਰੀ ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਖੇਤਰੀ ਨੈੱਟਵਰਕ ਬਣਾ ਸਕਦੇ ਹਾਂ?

 

ਅਤੇ, ਕੋਵਿਡ-19 ਤੋਂ ਇਲਾਵਾ, ਕੀ ਅਸੀਂ ਆਪਣੀਆਂ ਸਫ਼ਲ ਜਨਤਕ ਸਿਹਤ ਨੀਤੀਆਂ ਅਤੇ ਯੋਜਨਾਵਾਂ ਨੂੰ ਸਾਂਝਾ ਕਰ ਸਕਦੇ ਹਾਂ? ਭਾਰਤ ਤੋਂ, ਸਾਡੀ ਆਯੁਸ਼ਮਾਨ ਭਾਰਤ ਅਤੇ ਜਨ ਆਰੋਗਯ ਯੋਜਨਾਵਾਂ ਖਿੱਤੇ ਵਿੱਚ ਸਾਡੇ ਦੋਸਤਾਂ ਲਈ ਉਪਯੋਗੀ ਕੇਸ-ਸਟਡੀਜ਼ ਹੋ ਸਕਦੀਆਂ ਹਨ। ਅਜਿਹਾ ਸਹਿਯੋਗ ਹੋਰਨਾਂ ਖੇਤਰਾਂ ਵਿੱਚ ਵੀ ਸਾਡੇ ਵਿੱਚ ਵਧੇਰੇ ਖੇਤਰੀ ਸਹਿਯੋਗ ਲਈ ਰਾਹ ਬਣ ਸਕਦਾ ਹੈ। ਆਖਰਕਾਰ, ਅਸੀਂ ਬਹੁਤ ਸਾਰੀਆਂ ਸਾਂਝੀਆਂ ਚੁਣੌਤੀਆਂ ਸਾਂਝੀਆਂ ਕਰਦੇ ਹਾਂ – ਜਿਵੇਂ ਕਿ ਜਲਵਾਯੂ ਪਰਿਵਰਤਨ; ਕੁਦਰਤੀ ਆਫ਼ਤਾਂ, ਗ਼ਰੀਬੀ, ਅਨਪੜ੍ਹਤਾ, ਅਤੇ ਸਮਾਜਿਕ ਅਤੇ ਲਿੰਗ ਅਸੰਤੁਲਨ ਆਦਿ। ਪਰ ਅਸੀਂ ਸਦੀਆਂ ਪੁਰਾਣੀ ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦੀਆਂ ਸਾਂਝਾਂ ਦੀ ਸ਼ਕਤੀ ਨੂੰ ਸਾਂਝਾ ਕਰਦੇ ਹਾਂ। ਜੇ ਅਸੀਂ ਉਨ੍ਹਾਂ ਸਾਰੀਆਂ ਗੱਲਾਂ ’ਤੇ ਕੇਂਦ੍ਰਿਤ ਕਰਦੇ ਹਾਂ ਜੋ ਸਾਨੂੰ ਇਕਜੁੱਟ ਕਰਦੀਆਂ ਹਨ, ਤਾਂ ਸਾਡਾ ਖੇਤਰ ਨਾ ਸਿਰਫ ਮੌਜੂਦਾ ਮਹਾਮਾਰੀ, ਬਲਕਿ ਸਾਡੀਆਂ ਹੋਰ ਚੁਣੌਤੀਆਂ ਨੂੰ ਵੀ ਪਾਰ ਕਰ ਸਕਦਾ ਹੈ।

 

ਦੋਸਤੋ,

 

ਜੇ 21ਵੀਂ ਸਦੀ ਨੇ ਏਸ਼ੀਆਈ ਸਦੀ ਹੋਣਾ ਹੈ, ਤਾਂ ਇਹ ਦੱਖਣੀ ਏਸ਼ੀਆ ਦੇ ਦੇਸ਼ਾਂ ਅਤੇ ਹਿੰਦ ਮਹਾਂਸਾਗਰ ਦੇ ਟਾਪੂ ਦੇਸ਼ਾਂ ਵਿੱਚ ਵਧੇਰੇ ਏਕੀਕਰਣ ਤੋਂ ਬਿਨਾ ਨਹੀਂ ਹੋ ਸਕਦਾ। ਖੇਤਰੀ ਏਕਤਾ ਦੀ ਭਾਵਨਾ ਜੋ ਤੁਸੀਂ ਮਹਾਮਾਰੀ ਦੇ ਦੌਰਾਨ ਦਿਖਾਈ ਹੈ, ਉਸਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਜਿਹਾ ਏਕੀਕਰਣ ਸੰਭਵ ਹੈ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅੱਜ ਚੰਗੀ ਤਰ੍ਹਾਂ ਵਿਚਾਰ-ਵਟਾਂਦਰੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਤੁਹਾਡਾ ਧੰਨਵਾਦ!

 

ਤੁਹਾਡਾ ਬਹੁਤ-ਬਹੁਤ ਧੰਨਵਾਦ!

 

***

 

ਡੀਐੱਸ



(Release ID: 1699147) Visitor Counter : 228