ਪ੍ਰਧਾਨ ਮੰਤਰੀ ਦਫਤਰ

ਅਫ਼ਗ਼ਾਨਿਸਤਾਨ ’ਚ ਲਾਲੰਦਰ (ਸ਼ਹਤੂਤ) ਬੰਨ੍ਹ ਦੇ ਨਿਰਮਾਣ ਲਈ ਸਹਿਮਤੀ–ਪੱਤਰ ’ਤੇ ਹਸਤਾਖਰ ਦੀ ਰਸਮ

Posted On: 09 FEB 2021 3:29PM by PIB Chandigarh

ਅਫ਼ਗ਼ਾਨਿਸਤਾਨ ’ਚ ਲਾਲੰਦਰ (ਸ਼ਹਤੂਤ) ਬੰਨ੍ਹ ਦੇ ਨਿਰਮਾਣ ਲਈ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਦੀ ਰਸਮ 9 ਫ਼ਰਵਰੀ, 2021 ਨੂੰ ਵੀਟੀਸੀ (VTC) ਉੱਤੇ ਹੋਈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਅਸ਼ਰਫ਼ ਗ਼ਨੀ ਦੀ ਮੌਜੂਦਗੀ ’ਚ ਇਸ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਵਿਦੇਸ਼ ਮੰਤਰੀ, ਡਾ. ਜੈਸ਼ੰਕਰ ਤੇ ਵਿਦੇਸ਼ ਮੰਤਰੀ, ਸ਼੍ਰੀ ਹਨੀਫ਼ ਅਤਮਾਰ ਨੇ ਕੀਤੇ।

ਇਹ ਪ੍ਰੋਜੈਕਟ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਨਵੇਂ ਵਿਕਾਸ ਦੀ ਭਾਈਵਾਲੀ ਦਾ ਇੱਕ ਹਿੱਸਾ ਹੈ। ਲਾਲੰਦਰ (ਸ਼ਹਤੂਤ) ਬੰਨ੍ਹ ਕਾਬੁਲ ਸ਼ਹਿਰ ਦੀਆਂ ਪੀਣ ਵਾਲੇ ਸੁਰੱਖਿਅਤ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ, ਲਾਗਲੇ ਇਲਾਕਿਆਂ ਨੂੰ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਏਗਾ, ਸਿੰਜਾਈ ਤੇ ਜਲ–ਨਿਕਾਸ ਦੇ ਮੌਜੂਦਾ ਨੈੱਟਵਰਕ ਨੂੰ ਮੁੜ–ਸਥਾਪਤ ਕਰੇਗਾ, ਉਸ ਇਲਾਕੇ ਵਿੱਚ ਹੜ੍ਹਾਂ ਤੋਂ ਸੁਰੱਖਿਅਤ ਅਤੇ ਪ੍ਰਬੰਧਨ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰੇਗਾ ਅਤੇ ਉਸ ਖੇਤਰ ਨੂੰ ਬਿਜਲੀ ਵੀ ਮੁਹੱਈਆ ਕਰਵਾਏਗਾ।

ਭਾਰਤ–ਅਫ਼ਗ਼ਾਨਿਸਤਾਨ ਦੋਸਤੀ ਬੰਨ੍ਹ (ਸਲਮਾ ਬੰਨ੍ਹ), ਜਿਸ ਦਾ ਉਦਘਾਟਨ ਜੂਨ 2016 ’ਚ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਸੀ, ਤੋਂ ਬਾਅਦ ਅਫ਼ਗ਼ਾਨਿਸਤਾਨ ’ਚ ਭਾਰਤ ਵੱਲੋਂ ਉਸਾਰਿਆ ਜਾ ਰਿਹਾ ਇਹ ਦੂਜਾ ਵੱਡਾ ਬੰਨ੍ਹ ਹੈ। ਲਾਲੰਦਰ (ਸ਼ਹਤੂਤ) ਬੰਨ੍ਹ ਨਾਲ ਸਬੰਧਤ ਸਹਿਮਤੀ–ਪੱਤਰ ਉੱਤੇ ਕੀਤੇ ਗਏ ਇਹ ਹਸਤਾਖਰ ਅਫ਼ਗ਼ਾਨਿਸਤਾਨ ਦੇ ਸਮਾਜਕ–ਆਰਥਿਕ ਵਿਕਾਸ ਵੱਲੋਂ ਭਾਰਤ ਦੀ ਮਜ਼ਬੂਤ ਤੇ ਦੀਰਘਕਾਲੀਨ ਪ੍ਰਤੀਬੱਧਤਾ ਅਤੇ ਸਾਡੇ ਦੋਵੇਂ ਦੇਸ਼ਾਂ ਵਿਚਾਲੇ ਚਿਰਜੀਵੀ ਭਾਈਵਾਲੀ ਦਾ ਪ੍ਰਗਟਾਵਾ ਹਨ। ਅਫ਼ਗ਼ਾਨਿਸਤਾਨ ਨਾਲ ਸਾਡੇ ਵਿਕਾਸ ਸਹਿਯੋਗ ਦੇ ਹਿੱਸੇ ਵਜੋਂ, ਭਾਰਤ ਨੇ ਅਫ਼ਗ਼ਾਨਿਸਤਾਨ ਦੇ ਸਾਰੇ 34 ਰਾਜਾਂ ਵਿੱਚ 400 ਤੋਂ ਵੀ ਵੱਧ ਪ੍ਰੋਜੈਕਟ ਮੁਕੰਮਲ ਕਰ ਲਏ ਹਨ।

ਪ੍ਰਧਾਨ ਮੰਤਰੀ ਨੇ ਆਪਣੀਆਂ ਟਿੱਪਣੀਆਂ ਵਿੱਚ ਭਾਰਤ ਤੇ ਅਫ਼ਗ਼ਾਨਿਸਤਾਨ ਵਿਚਾਲੇ ਸੱਭਿਆਤਮਕ ਸਬੰਧਾਂ ਨੂੰ ਉਜਾਗਰ ਕਰਦਿਆਂ ਇੱਕ ਸ਼ਾਂਤੀਪੂਰਨ, ਇੱਕਜੁਟ, ਸਥਿਰ, ਖ਼ੁਸ਼ਹਾਲ ਤੇ ਸਮਾਵੇਸ਼ੀ ਅਫ਼ਗ਼ਾਨਿਸਤਾਨ ਲਈ ਭਾਰਤ ਦੇ ਨਿਰੰਤਰ ਸਹਿਯੋਗ ਦਾ ਭਰੋਸਾ ਦਿਵਾਇਆ।

***

ਡੀਐੱਸ/ਏਕੇ



(Release ID: 1696540) Visitor Counter : 200