ਵਿੱਤ ਮੰਤਰਾਲਾ
ਸਰਕਾਰ / ਸੀਪੀਐੱਸਈ ਦੇ ਨਾਲ ਠੇਕੇਦਾਰੀ ਵਿਵਾਦਾਂ ਦੇ ਤੁਰੰਤ ਨਿਪਟਾਰੇ ਦੇ ਲਈ ਸਮਾਧਾਨ ਤੰਤਰ ਦਾ ਗਠਨ ਕੀਤਾ ਜਾਵੇਗਾ
ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਲਈ 3,768 ਕਰੋੜ ਰੁਪਏ ਦਾ ਪ੍ਰਸਤਾਵ
ਡਾਇਮੰਡ ਜੁਬਲੀ ਸਮਾਗਮਾਂ ਲਈ ਗੋਆ ਸਰਕਾਰ ਨੂੰ 300 ਕਰੋੜ ਰੁਪਏ ਦੀ ਗ੍ਰਾਂਟ
Posted On:
01 FEB 2021 2:03PM by PIB Chandigarh
ਅੱਜ ਸੰਸਦ ਵਿੱਚ ਕੇਂਦਰੀ ਬਜਟ 2021-22 ਪੇਸ਼ ਕਰਦਿਆਂ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਬਜਟ ਦੇ ਛੇ ਥੰਮ੍ਹਾਂ ਵਿਚੋਂ ਇੱਕ ਵਿੱਚ ਸੁਧਾਰ ਦੀਆਂ ਯੋਜਨਾਵਾਂ ਦੀ "ਨਿਊਨਤਮ ਸਰਕਾਰ, ਅਧਿਕਤਮ ਪ੍ਰਸ਼ਾਸਨ" ਨਾਲ ਰੂਪ ਰੇਖਾ ਪੇਸ਼ ਕੀਤੀ।
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਆਉਣ ਵਾਲੀ ਜਨਗਣਨਾ ਭਾਰਤ ਦੇ ਇਤਿਹਾਸ ਦੀ ਪਹਿਲੀ ਡਿਜੀਟਲ ਜਨਗਣਨਾ ਹੋਵੇਗੀ ਅਤੇ ਸਾਲ 2021-2022 ਵਿੱਚ 3,768 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਜਾਂ ਸੀਪੀਐੱਸਈ ਨਾਲ ਕਾਰੋਬਾਰ ਕਰਨ ਅਤੇ ਠੇਕੇ ਲੈਣ ਵਾਲੇ ਲੋਕਾਂ ਲਈ ਕਾਰੋਬਾਰ ਵਿੱਚ ਸੁਖਾਲੇਪਣ ਲਈ, ਇੱਕ ਸੁਲ੍ਹਾ-ਸਫ਼ਾਈ ਵਿਧੀ ਸਥਾਪਿਤ ਕਰਨ ਅਤੇ ਠੇਕੇਦਾਰੀ ਦੇ ਝਗੜਿਆਂ ਦੇ ਛੇਤੀ ਹੱਲ ਲਈ ਇਸ ਦੀ ਵਰਤੋਂ ਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਇਹ ਨਿਜੀ ਨਿਵੇਸ਼ਕਾਂ ਅਤੇ ਠੇਕੇਦਾਰਾਂ ਵਿੱਚ ਵਿਸ਼ਵਾਸ ਪੈਦਾ ਕਰੇਗਾ।
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸਰਕਾਰ ਨੇ 56 ਸਹਾਇਕ ਸਿਹਤ ਸੰਭਾਲ਼ ਪੇਸ਼ਿਆਂ ਸਬੰਧੀ ਪਾਰਦਰਸ਼ੀ ਅਤੇ ਕੁਸ਼ਲ ਰੈਗੂਲੇਸ਼ਨ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਅਲਾਇਡ ਹੈਲਥਕੇਅਰ ਪ੍ਰੋਫੈਸ਼ਨਲਸ ਬਿਲ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਨਰਸਿੰਗ ਪੇਸ਼ੇ ਵਿੱਚ ਪਾਰਦਰਸ਼ਤਾ, ਕੁਸ਼ਲਤਾ ਅਤੇ ਪ੍ਰਸ਼ਾਸਨਿਕ ਸੁਧਾਰ ਲਿਆਉਣ ਲਈ ਨੈਸ਼ਨਲ ਨਰਸਿੰਗ ਐਂਡ ਮਿਡਵਾਈਫਰੀ ਕਮਿਸ਼ਨ ਬਿਲ ਸਰਕਾਰ ਵਲੋਂ ਪੇਸ਼ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਿਆਂ ਦੀ ਤੇਜ਼ੀ ਨਾਲ ਸਪੁਰਦਗੀ ਲਈ ਪਿਛਲੇ ਕੁਝ ਸਾਲਾਂ ਦੌਰਾਨ ਟ੍ਰਿਬਿਊਨਲਾਂ ਵਿੱਚ ਸੁਧਾਰ ਲਿਆਉਣ ਲਈ ਕਈ ਕਦਮ ਚੁੱਕੇ ਹਨ। ਮੰਤਰੀ ਨੇ ਕਿਹਾ ਕਿ ਸੁਧਾਰ ਦੀ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ ਹੁਣ ਟ੍ਰਿਬਿਊਨਲ ਦੇ ਕੰਮਕਾਜ ਨੂੰ ਤਰਕਸੰਗਤ ਬਣਾਉਣ ਲਈ ਹੋਰ ਉਪਰਾਲੇ ਕਰਨ ਦੀ ਤਜਵੀਜ਼ ਹੈ।
ਗੋਆ, ਪੁਰਤਗਾਲੀ ਰਾਜ ਤੋਂ ਮੁਕਤੀ ਦੀ ਡਾਇਮੰਡ ਜੁਬਲੀ ਸਾਲ ਮਨਾ ਰਿਹਾ ਹੈ। ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੇਂਦਰ ਸਰਕਾਰ ਸਮਾਗਮਾਂ ਲਈ ਗੋਆ ਸਰਕਾਰ ਨੂੰ 300 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ।
*****
ਆਰਐੱਮ/ਬੀਬੀ/ਐੱਨਬੀ/ਯੂਡੀ
(Release ID: 1694093)
Visitor Counter : 246