ਰਾਸ਼ਟਰਪਤੀ ਸਕੱਤਰੇਤ
ਸੰਸਦ ਦੀ ਸੰਯੁਕਤ ਬੈਠਕ ਸਮੇਂ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੰਬੋਧਨ
Posted On:
29 JAN 2021 12:36PM by PIB Chandigarh
ਮਾਣਯੋਗ ਮੈਂਬਰ ਸਾਹਿਬਾਨ,
-
ਕੋਰੋਨਾ ਵਿਸ਼ਵ ਮਹਾਮਾਰੀ ਦੇ ਇਸ ਦੌਰ ਵਿੱਚ ਹੋ ਰਿਹਾ ਸੰਸਦ ਦਾ ਇਹ ਸਾਂਝਾ ਸਦਨ ਬਹੁਤ ਮਹੱਤਵਪੂਰਨ ਹੈ। ਨਵਾਂ ਸਾਲ ਵੀ ਹੈ, ਨਵਾਂ ਦਹਾਕਾ ਵੀ ਹੈ ਅਤੇ ਇਸੇ ਸਾਲ ਅਸੀਂ ਆਜ਼ਾਦੀ ਦੇ 75 ਵੇਂ ਸਾਲ ਵਿੱਚ ਵੀ ਪ੍ਰਵੇਸ਼ ਕਰਨ ਵਾਲੇ ਹਾਂ। ਅੱਜ ਸੰਸਦ ਦੇ ਤੁਸੀਂ ਸਾਰੇ ਮੈਂਬਰ, ਹਰ ਭਾਰਤ ਵਾਸੀ ਦੇ ਇਸ ਸੰਦੇਸ਼ ਅਤੇ ਇਸ ਵਿਸ਼ਵਾਸ ਦੇ ਨਾਲ ਇੱਥੇ ਮੌਜੂਦ ਹੋ ਕਿ ਚੁਣੌਤੀ ਕਿੰਨੀ ਹੀ ਵੱਡੀ ਕਿਉਂ ਨਾ ਹੋਵੇ, ਨਾ ਅਸੀਂ ਰੁਕਾਂਗੇ ਅਤੇ ਨਾ ਭਾਰਤ ਰੁਕੇਗਾ।
-
ਭਾਰਤ ਜਦ-ਜਦ ਇਕਜੁੱਟ ਹੋਇਆ ਹੈ, ਤਦ-ਤਦ ਉਸ ਨੇ ਅਸੰਭਵ ਲਗਣ ਵਾਲੇ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ। ਅਜਿਹੀ ਹੀ ਇਕਜੁੱਟਤਾ ਅਤੇ ਪੂਜਨੀਕ ਬਾਪੂ ਜੀ ਦੀ ਪ੍ਰੇਰਣਾ ਨੇ ਸਾਨੂੰ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਆਜ਼ਾਦੀ ਦਿਵਾਈ ਸੀ। ਇਸੇ ਭਾਵਨਾ ਨੂੰ ਵਿਅਕਤ ਕਰਦੇ ਹੋਏ, ਰਾਸ਼ਟਰ ਪ੍ਰੇਮ ਨਾਲ ਭਰੇ ਕਵੀ, ਅਸਮ ਕੇਸਰੀ, ਅੰਬਿਕਾਗਿਰੀ ਰਾਏ ਚੌਧਰੀ ਨੇ ਕਿਹਾ ਸੀ:
ਓਮ ਤਤਸਤ ਭਾਰਤ ਮਹਤ, ਏਕ ਚੇਤੋਨਾਤ, ਏਕ ਧਿਆਨੋਤ,
ਏਕ ਸਾਧੋਨਾਤ, ਏਕ ਆਵੇਗੋਤ, ਏਕ ਹੋਏ ਜ਼ਾ, ਏਕ ਹੋਏ ਜ਼ਾ।
( ओम तत्सत् भारत महत, एक चेतोनात, एक ध्यानोत,
एक साधोनात, एक आवेगोत, एक होइ ज़ा, एक होइ ज़ा। )
ਅਰਥਾਤ,
ਭਾਰਤ ਦੀ ਮਹਾਨਤਾ ਪਰਮ ਸੱਚ ਹੈ। ਇੱਕ ਹੀ ਚੇਤਨਾ ਵਿੱਚ, ਇੱਕ ਹੀ ਧਿਆਨ ਵਿੱਚ, ਇੱਕ ਹੀ ਸਾਧਨਾ ਵਿੱਚ, ਇੱਕ ਹੀ ਆਵੇਗ ਵਿੱਚ, ਇੱਕ ਹੋ ਜਾਓ, ਇੱਕ ਹੋ ਜਾਓ।
-
ਅੱਜ ਸਾਡੀ ਭਾਰਤੀਆਂ ਦੀ ਇਹੀ ਇਕਜੁੱਟਤਾ, ਇਹੀ ਸਾਧਨਾ, ਦੇਸ਼ ਨੂੰ ਅਨੇਕਾਂ ਆਪਦਾਵਾਂ ਤੋਂ ਬਾਹਰ ਕੱਢ ਕੇ ਲਿਆਈ ਹੈ। ਇੱਕ ਪਾਸੇ ਕੋਰੋਨਾ ਜਿਹੀ ਆਲਮੀ ਮਹਾਮਾਰੀ, ਦੂਸਰੀ ਤਰਫ਼ ਅਨੇਕ ਰਾਜਾਂ ਵਿੱਚ ਹੜ੍ਹ, ਕਦੇ ਅਨੇਕ ਰਾਜਾਂ ਵਿੱਚ ਭੁਚਾਲ ਤਾਂ ਕਦੇ ਵੱਡੇ-ਵੱਡੇ ਸਾਈਕਲੋਨ, ਟਿੱਡੀ ਦਲ ਦੇ ਹਮਲੇ ਤੋਂ ਲੈ ਕੇ ਬਰਡ ਫਲੂ ਤੱਕ, ਦੇਸ਼ਵਾਸੀਆਂ ਨੇ ਹਰ ਆਪਦਾ ਦਾ ਡਟ ਕੇ ਸਾਹਮਣਾ ਕੀਤਾ। ਇਸੇ ਕਾਲ ਵਿੱਚ ਸਰਹੱਦ ’ਤੇ ਵੀ ਬੇਲੋੜਾ ਤਣਾਅ ਵਧਿਆ। ਇੰਨੀਆਂ ਆਪਦਾਵਾਂ ਨਾਲ, ਇੰਨੇ ਮੋਰਚਿਆਂ ’ਤੇ, ਦੇਸ਼ ਇਕੱਠਾ ਲੜਿਆ ਅਤੇ ਹਰ ਕਸੌਟੀ ’ਤੇ ਖਰਾ ਉਤਰਿਆ। ਇਸ ਦੌਰਾਨ ਅਸੀਂ ਸਾਰੇ, ਦੇਸ਼ਵਾਸੀਆਂ ਦੇ ਲਾਸਾਨੀ ਸਾਹਸ, ਸੰਜਮ, ਅਨੁਸ਼ਾਸਨ ਅਤੇ ਸੇਵਾ ਭਾਵ ਦੇ ਵੀ ਸਾਖੀ ਬਣੇ ਹਾਂ।
-
ਮਹਾਮਾਰੀ ਦੇ ਖ਼ਿਲਾਫ਼ ਇਸ ਲੜਾਈ ਵਿੱਚ ਅਸੀਂ ਅਨੇਕ ਦੇਸਵਾਸੀਆਂ ਨੂੰ ਸਮੇਂ ਤੋਂ ਪਹਿਲਾਂ ਖੋਇਆ ਵੀ ਹੈ। ਸਾਡੇ ਸਾਰਿਆਂ ਦੇ ਪਿਆਰੇ ਅਤੇ ਮੇਰੇ ਪੂਰਵ-ਵਰਤੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਅਕਾਲ ਚਲਾਣਾ ਵੀ ਕੋਰੋਨਾ ਕਾਲ ਵਿੱਚ ਹੋਇਆ। ਸੰਸਦ ਦੇ ਛੇ ਮੈਂਬਰ ਵੀ ਕੋਰੋਨਾ ਦੀ ਵਜ੍ਹਾ ਨਾਲ ਸਮੇਂ ਤੋਂ ਪਹਿਲਾਂ ਸਾਨੂੰ ਛੱਡ ਕੇ ਚਲੇ ਗਏ। ਮੈਂ ਸਾਰਿਆਂ ਦੇ ਪ੍ਰਤੀ ਆਪਣੀ ਸਨਿਮਰ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
-
ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ – “ਕ੍ਰਿਤਮ੍ ਮੇ ਦਕਸ਼ਿਣੇ ਹਸਤੇ, ਜਯੋ ਮੇ ਸਵਯ ਆਹਿਤ:” (“कृतम् मे दक्षिणे हस्ते, जयो मे सव्य आहितः”) ਅਰਥਾਤ, ਸਾਡੇ ਇੱਕ ਹੱਥ ਵਿੱਚ ਕਰਤੱਵ ਹੁੰਦਾ ਹੈ ਤਾਂ ਦੂਸਰੇ ਹੱਥ ਵਿੱਚ ਸਫ਼ਲਤਾ ਹੁੰਦੀ ਹੈ। ਕੋਰੋਨਾ ਮਾਹਾਮਾਰੀ ਦੇ ਸਮੇਂ ਵਿੱਚ, ਜਦੋਂ ਦੁਨੀਆ ਦਾ ਹਰੇਕ ਵਿਅਕਤੀ, ਹਰ ਦੇਸ਼ ਇਸ ਤੋਂ ਪ੍ਰਭਾਵਿਤ ਹੋਇਆ, ਅੱਜ ਭਾਰਤ ਇੱਕ ਨਵੀਂ ਸਮਰੱਥਾ ਦੇ ਨਾਲ ਦੁਨੀਆ ਦੇ ਸਾਹਮਣੇ ਉੱਭਰ ਕੇ ਆਇਆ ਹੈ। ਮੈਨੂੰ ਸੰਤੁਸ਼ਟੀ ਹੈ ਕਿ ਮੇਰੀ ਸਰਕਾਰ ਦੇ ਸਮੇਂ ’ਤੇ ਲਏ ਗਏ ਸਟੀਕ ਫ਼ੈਸਲਿਆਂ ਨਾਲ ਲੱਖਾਂ ਦੇਸ਼ਵਾਸੀਆਂ ਦਾ ਜੀਵਨ ਬਚਿਆ ਹੈ। ਅੱਜ ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਸੰਖਿਆ ਵੀ ਤੇਜ਼ੀ ਨਾਲ ਘਟ ਰਹੀ ਹੈ ਅਤੇ ਜੋ ਸੰਕ੍ਰਮਣ ਤੋਂ ਠੀਕ ਹੋ ਚੁੱਕੇ ਹਨ ਉਨ੍ਹਾਂ ਦੀ ਸੰਖਿਆ ਵੀ ਬਹੁਤ ਜ਼ਿਆਦਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
-
ਜਦੋਂ ਅਸੀਂ ਬੀਤੇ ਇੱਕ ਸਾਲ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਯਾਦ ਆਉਂਦਾ ਹੈ ਕਿ ਕਿਵੇਂ ਇੱਕ ਪਾਸੇ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਦੀ ਚੁਣੌਤੀ ਸੀ, ਤਾਂ ਦੂਸਰੇ ਪਾਸੇ ਅਰਥਵਿਵਸਥਾ ਦੀ ਚਿੰਤਾ ਵੀ ਕਰਨੀ ਸੀ। ਅਰਥਵਿਵਸਥਾ ਨੂੰ ਸੰਭਾਲ਼ਣ ਦੇ ਲਈ ਰਿਕਾਰਡ ਆਰਥਿਕ ਪੈਕੇਜ ਦੇ ਐਲਾਨ ਦੇ ਨਾਲ ਹੀ ਮੇਰੀ ਸਰਕਾਰ ਨੇ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਕਿਸੇ ਗ਼ਰੀਬ ਨੂੰ ਭੁੱਖਾ ਨਾ ਰਹਿਣਾ ਪਵੇ।
-
‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਦੇ ਮਾਧਿਅਮ ਨਾਲ 8 ਮਹੀਨਿਆਂ ਤੱਕ 80 ਕਰੋੜ ਲੋਕਾਂ ਨੂੰ 5 ਕਿਲੋ ਪ੍ਰਤੀ ਹਫ਼ਤਾ ਵਾਧੂ ਅਨਾਜ ਮੁਫ਼ਤ ਸੁਨਿਸ਼ਚਿਤ ਕੀਤਾ ਗਿਆ। ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ, ਕਾਰੀਗਰਾਂ ਅਤੇ ਆਪਣੇ ਘਰ ਤੋਂ ਦੂਰ ਰਹਿਣ ਵਾਲੇ ਲੋਕਾਂ ਦੀ ਵੀ ਚਿੰਤਾ ਕੀਤੀ। ਵੰਨ ਨੇਸ਼ਨ-ਵੰਨ ਰਾਸ਼ਨ ਕਾਰਡ ਦੀ ਸੁਵਿਧਾ ਦੇਣ ਦੇ ਨਾਲ ਹੀ ਸਰਕਾਰ ਨੇ ਉਨ੍ਹਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਅਤੇ ਉਨ੍ਹਾਂ ਦੇ ਲਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ।
-
ਮਹਾਮਾਰੀ ਦੇ ਕਾਰਨ ਸ਼ਹਿਰਾਂ ਤੋਂ ਵਾਪਸ ਆਏ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਹੀ ਪਿੰਡਾਂ ਵਿੱਚ ਕੰਮ ਦੇਣ ਦੇ ਲਈ ਮੇਰੀ ਸਰਕਾਰ ਨੇ 6 ਰਾਜਾਂ ਵਿੱਚ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਵੀ ਚਲਾਇਆ। ਇਸ ਅਭਿਯਾਨ ਦੀ ਵਜ੍ਹਾ ਨਾਲ 50 ਕਰੋੜ ਮਾਨਵ ਦਿਵਸ ਦੇ ਬਰਾਬਰ ਰੋਜ਼ਗਾਰ ਪੈਦਾ ਹੋਇਆ। ਸਰਕਾਰ ਨੇ ਰੇਹੜੀ ਪਟੜੀ ਵਾਲਿਆਂ ਤੇ ਠੇਲਾ ਲਗਾਉਣ ਵਾਲੇ ਭਾਈ ਭੈਣਾਂ ਦੇ ਲਈ ਵਿਸ਼ੇਸ਼ ਸਵਨਿਧੀ ਯੋਜਨਾ ਵੀ ਸ਼ੁਰੂ ਕੀਤੀ। ਇਸ ਦੇ ਨਾਲ ਹੀ ਕਰੀਬ 31 ਹਜ਼ਾਰ ਕਰੋੜ ਰੁਪਏ ਗ਼ਰੀਬ ਮਹਿਲਾਵਾਂ ਦੇ ਜਨ ਧਨ ਖਾਤਿਆਂ ਵਿੱਚ ਸਿੱਧੇ ਟਰਾਂਸਫਰ ਵੀ ਕੀਤੇ। ਇਸ ਦੌਰਾਨ ਦੇਸ਼ ਭਰ ਵਿੱਚ ਉੱਜਵਲਾ ਯੋਜਨਾ ਦੀਆਂ ਲਾਭਾਰਥੀ ਗ਼ਰੀਬ ਮਹਿਲਾਵਾਂ ਨੂੰ 14 ਕਰੋੜ ਤੋਂ ਜ਼ਿਆਦਾ ਮੁਫ਼ਤ ਸਿਲੰਡਰ ਵੀ ਮਿਲੇ।
-
ਆਪਣੇ ਸਾਰੇ ਫ਼ੈਸਲਿਆਂ ਵਿੱਚ ਮੇਰੀ ਸਰਕਾਰ ਨੇ ਸੰਘੀ ਢਾਂਚੇ ਦੀ ਸਮੂਹਿਕ ਤਾਕਤ ਦੀ ਅਦਭੁੱਤ ਉਦਾਹਰਣ ਵੀ ਪੇਸ਼ ਕੀਤੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੇ ਦਰਮਿਆਨ ਇਸ ਸਹਿਯੋਗ ਨੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਹੈ ਅਤੇ ਸੰਵਿਧਾਨ ਦੀ ਪ੍ਰਤਿਸ਼ਠਾ ਨੂੰ ਸਸ਼ਕਤ ਕੀਤਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
-
ਆਚਾਰੀਆ ਚਾਣਕਯ ਨੇ ਕਿਹਾ ਹੈ –
ਤ੍ਰਿਣਮ੍ ਲਘੁ, ਤ੍ਰਿਣਾਤ੍ ਤੂਲਮ, ਤੁਲਾਦਪਿ ਚ ਜਾਚਕ:।
ਵਾਯੁਨਾ ਕਿਮ੍ ਨ ਨੀਤੋऽਸੌ, ਮਾਮਯਮ੍ ਯਾਚਯਿਸ਼ਯਤਿ।।
(तृणम् लघु, तृणात् तूलम्, तूलादपि च याचकः।
वायुना किम् न नीतोऽसौ, मामयम् याचयिष्यति ॥)
ਜਾਚਨਾ ਕਰਨ ਵਾਲੇ ਨੂੰ ਘਾਹ ਦੇ ਤਿਣਕੇ ਅਤੇ ਰੂੰ ਤੋਂ ਵੀ ਹਲਕਾ ਮੰਨਿਆ ਗਿਆ ਹੈ। ਰੂੰ ਅਤੇ ਤਿਣਕੇ ਨੂੰ ਉਡਾ ਲੈ ਜਾਣ ਵਾਲੀ ਹਵਾ ਵੀ ਜਾਚਨਾ ਨੂੰ ਇਸ ਲਈ ਆਪਣੇ ਨਾਲ ਉਡਾ ਕੇ ਨਹੀਂ ਲੈ ਜਾਂਦੀ ਕਿ ਕਿਤੇ ਉਹ ਹਵਾ ਤੋਂ ਵੀ ਕੁਝ ਮੰਗ ਨਾ ਲਵੇ। ਇਸ ਤਰ੍ਹਾਂ, ਹਰ ਕੋਈ ਜਾਚਕ ਤੋਂ ਬਚਦਾ ਹੈ।
ਇਸ ਦਾ ਅਰਥ ਇਹ ਹੈ ਕਿ ਜੇਕਰ ਆਪਣੇ ਮਹੱਤਵ ਨੂੰ ਵਧਾਉਣਾ ਹੈ ਤਾਂ ਦੂਸਰਿਆਂ ’ਤੇ ਨਿਰਭਰਤਾ ਨੂੰ ਘੱਟ ਕਰਦੇ ਹੋਏ ਆਤਮਨਿਰਭਰ ਬਣਨਾ ਹੋਵੇਗਾ।
-
ਆਜ਼ਾਦੀ ਦੀ ਲੜਾਈ ਦੇ ਸਮੇਂ ਸਾਡੇ ਸੁਤੰਤਰਤਾ ਸੈਨਾਨੀ ਜਿਸ ਸਸ਼ਕਤ ਅਤੇ ਆਜ਼ਾਦ ਭਾਰਤ ਦਾ ਸੁਪਨਾ ਦੇਖ ਰਹੇ ਸੀ, ਉਸ ਸੁਪਨੇ ਨੂੰ ਸੱਚ ਕਰਨ ਦਾ ਆਧਾਰ ਵੀ ਦੇਸ਼ ਦੀ ਆਤਮਨਿਰਭਰਤਾ ਨਾਲ ਹੀ ਜੁੜਿਆ ਸੀ। ਕੋਰੋਨਾ ਕਾਲ ਵਿੱਚ ਬਣੀਆਂ ਸੰਸਾਰਕ ਪਰਿਸਥਿਤੀਆਂ ਨੇ, ਹਰ ਦੇਸ਼ ਦੀ ਪ੍ਰਾਥਮਿਕਤਾ ਉਸਦੀ ਆਪਣੀਆਂ ਜ਼ਰੂਰਤਾਂ ਸੀ, ਸਾਨੂੰ ਇਹ ਯਾਦ ਦਿਵਾਇਆ ਹੈ ਕਿ ਆਤਮਨਿਰਭਰ ਭਾਰਤ ਦਾ ਨਿਰਮਾਣ ਕਿਉਂ ਇਨ੍ਹਾਂ ਮਹੱਤਵਪੂਰਨ ਹੈ।
-
ਇਸ ਦੌਰਾਨ ਭਾਰਤ ਨੇ ਬਹੁਤ ਹੀ ਘੱਟ ਸਮੇਂ ਵਿੱਚ 2200 ਤੋਂ ਜ਼ਿਆਦਾ ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਬਣਾ ਕੇ, ਹਜ਼ਾਰਾਂ ਵੈਂਟੀਲੇਟਰ ਦਾ ਨਿਰਮਾਣ ਕਰਕੇ, ਪੀਪੀਈ ਕਿੱਟ ਤੋਂ ਲੈ ਕੇ ਟੈਸਟ ਕਿੱਟ ਬਣਾਉਣ ਤੱਕ ਵਿੱਚ ਆਤਮਨਿਰਭਰਤਾ ਹਾਸਲ ਕਰਕੇ ਆਪਣੀ ਵਿਗਿਆਨਕ ਸਮਰੱਥਾ, ਆਪਣੀ ਤਕਨੀਕੀ ਮੁਹਾਰਤ ਅਤੇ ਆਪਣੇ ਮਜ਼ਬੂਤ ਸਟਾਰਟ-ਅੱਪ ਈਕੋਸਿਸਟਮ ਦੀ ਵੀ ਪਛਾਣ ਦਿਖਾਈ ਹੈ। ਸਾਡੇ ਲਈ ਇਹ ਹੋਰ ਵੀ ਮਾਣ ਦੀ ਗੱਲ ਹੈ ਕਿ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਯਾਨ ਚਲਾ ਰਿਹਾ ਹੈ। ਇਸ ਪ੍ਰੋਗਰਾਮ ਦੀਆਂ ਦੋਨੋਂ ਵੈਕਸੀਨ ਭਾਰਤ ਵਿੱਚ ਹੀ ਬਣਾਈਆਂ ਗਈਆਂ ਹਨ। ਸੰਕਟ ਦੇ ਸਮੇਂ ਵਿੱਚ ਭਾਰਤ ਨੇ ਮਨੁੱਖਤਾ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਅਨੇਕਾਂ ਦੇਸ਼ ਨੂੰ ਕੋਰੋਨਾ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਉਪਲਬਧ ਕਰਵਾਈਆਂ ਹਨ। ਭਾਰਤ ਦੇ ਇਸ ਕਾਰਜ ਦੀ ਵਿਸ਼ਵ ਭਰ ਵਿੱਚ ਹੋ ਰਹੀ ਪ੍ਰਸੰਸਾ, ਸਾਡੀ ਹਜ਼ਾਰਾਂ ਸਾਲਾਂ ਤੋਂ ਪੁਰਾਣੀ ਸੰਸਕ੍ਰਿਤੀ, ਸਰਵੇ ਸੰਤੁ ਨਿਰਾਮਯਾ: (सर्वे सन्तु निरामयाः ) ਦੀ ਭਾਵਨਾ ਦੇ ਨਾਲ ਜਗ ਕਲਿਆਣ ਦੀ ਸਾਡੀ ਪ੍ਰਾਰਥਨਾ, ਸਾਡੇ ਯਤਨਾਂ ਨੂੰ ਹੋਰ ਊਰਜਾ ਦੇ ਰਹੀ ਹੈ।
ਮਾਣਯੋਗ ਮੈਂਬਰ ਸਾਹਿਬਾਨ,
-
ਮੇਰੀ ਸਰਕਾਰ ਦੁਆਰਾ ਸਿਹਤ ਦੇ ਖੇਤਰ ਵਿੱਚ ਪਿਛਲੇ 6 ਸਾਲਾਂ ਵਿੱਚ ਜੋ ਕੰਮ ਕੀਤੇ ਗਏ ਹਨ, ਉਨ੍ਹਾਂ ਦਾ ਬਹੁਤ ਵੱਡਾ ਲਾਭ ਅਸੀਂ ਇਸ ਕੋਰੋਨਾ ਸੰਕਟ ਦੇ ਦੌਰਾਨ ਦੇਖਿਆ ਹੈ। ਇਨ੍ਹਾਂ ਸਾਲਾਂ ਵਿੱਚ ਇਲਾਜ ਨਾਲ ਜੁੜੀਆਂ ਵਿਵਸਥਾਵਾਂ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਬਿਮਾਰੀ ਤੋਂ ਬਚਣ ਉੱਤੇ ਵੀ ਉਤਨਾ ਹੀ ਜ਼ੋਰ ਦਿੱਤਾ ਗਿਆ ਹੈ। ਰਾਸ਼ਟਰੀ ਪੋਸ਼ਣ ਅਭਿਯਾਨ, ਫਿੱਟ ਇੰਡੀਆ ਅਭਿਯਾਨ, ਖੇਲੋ ਇੰਡੀਆ ਅਭਿਯਾਨ, ਅਜਿਹੇ ਅਨੇਕ ਪ੍ਰੋਗਰਾਮਾਂ ਨੇ ਸਿਹਤ ਨੂੰ ਲੈ ਕੇ ਦੇਸ਼ ਵਿੱਚ ਨਵੀਂ ਸਤਰਕਤਾ ਆਈ ਹੈ। ਆਯੂਰਵੇਦ ਅਤੇ ਯੋਗ ਨੂੰ ਹੁਲਾਰਾ ਦੇਣ ਦੇ ਮੇਰੀ ਸਰਕਾਰ ਦੇ ਯਤਨਾਂ ਦਾ ਲਾਭ ਵੀ ਸਾਨੂੰ ਦੇਖਣ ਨੂੰ ਮਿਲਿਆ ਹੈ।
-
ਮੇਰੀ ਸਰਕਾਰ ਦੇ ਯਤਨਾਂ ਨਾਲ, ਅੱਜ ਦੇਸ਼ ਦੀਆਂ ਸਿਹਤ ਸੇਵਾਵਾਂ ਗ਼ਰੀਬਾਂ ਨੂੰ ਅਸਾਨੀ ਨਾਲ ਉਪਲਬਧ ਹੋ ਰਹੀਆਂ ਹਨ ਅਤੇ ਬਿਮਾਰੀਆਂ ’ਤੇ ਹੋਣ ਵਾਲਾ ਉਨ੍ਹਾਂ ਦਾ ਖਰਚ ਘੱਟ ਹੋ ਰਿਹਾ ਹੈ। ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ ਦੇਸ਼ ਵਿੱਚ 1.5 ਕਰੋੜ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਿਆ ਹੈ। ਅੱਜ ਦੇਸ਼ ਦੇ 24 ਹਜ਼ਾਰ ਤੋਂ ਜ਼ਿਆਦਾ ਹਸਪਤਾਲਾਂ ਵਿੱਚੋਂ ਕਿਸੇ ਵਿੱਚ ਵੀ ਆਯੁਸ਼ਮਾਨ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਭਾਰਤੀ ਜਨ-ਔਸ਼ਧੀ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਬਣੇ 7 ਹਜ਼ਾਰ ਕੇਂਦਰਾਂ ਤੋਂ ਗ਼ਰੀਬਾਂ ਨੂੰ ਬਹੁਤ ਸਸਤੀ ਦਰਾਂ ’ਤੇ ਦਵਾਈਆਂ ਮਿਲ ਰਹੀਆਂ ਹਨ। ਇਨ੍ਹਾਂ ਕੇਂਦਰਾਂ ਵਿੱਚ ਰੋਜ਼ਾਨਾ ਲੱਖਾਂ ਮਰੀਜ਼ ਦਵਾਈ ਖ਼ਰੀਦ ਰਹੇ ਹਨ। ਕੀਮਤ ਘੱਟ ਹੋਣ ਦੀ ਵਜ੍ਹਾ ਨਾਲ ਮਰੀਜ਼ਾਂ ਨੂੰ ਸਲਾਨਾ, ਲਗਭਗ 3600 ਕਰੋੜ ਰੁਪਏ ਦੀ ਬੱਚਤ ਹੋ ਰਹੀ ਹੈ।
ਮਾਣਯੋਗ ਮੈਂਬਰ ਸਾਹਿਬਾਨ,
-
ਦੇਸ਼ ਵਿੱਚ ਸਿਹਤ ਸੇਵਾਵਾਂ ਦੇ ਵਿਸਤਾਰ ਦੇ ਲਈ ਮੈਡੀਕਲ ਸਿੱਖਿਆ ਦਾ ਵਿਸਤਾਰ ਵੀ ਬੇਹੱਦ ਜ਼ਰੂਰੀ ਹੈ। ਸਾਲ 2014 ਵਿੱਚ ਦੇਸ਼ ਵਿੱਚ ਸਿਰਫ਼ 387 ਮੈਡੀਕਲ ਕਾਲਜ ਸਨ, ਪਰ ਅੱਜ ਦੇਸ਼ ਵਿੱਚ 562 ਮੈਡੀਕਲ ਕਾਲਜ ਹਨ। ਬੀਤੇ 6 ਸਾਲਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗਰੈਜੂਏਟ ਮੈਡੀਕਲ ਸਿੱਖਿਆ ਵਿੱਚ 50 ਹਜ਼ਾਰ ਤੋਂ ਜ਼ਿਆਦਾ ਸੀਟਾਂ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਦੇ ਤਹਿਤ ਸਰਕਾਰ ਨੇ 22 ਨਵੇਂ ‘ਏਮਸ’ ਨੂੰ ਵੀ ਮਨਜ਼ੂਰੀ ਦਿੱਤੀ ਹੈ।
-
ਰਾਸ਼ਟਰੀ ਚਿਕਿਤਸਾ ਯੋਗ ਦੇ ਨਾਲ ਹੀ ਚਾਰ ਅਟਾਨਮਸ ਬੋਰਡਾਂ ਦਾ ਗਠਨ ਕਰਕੇ ਕੇਂਦਰ ਸਰਕਾਰ ਨੇ ਚਿਕਿਤਸਾ ਸਿੱਖਿਆ ਦੇ ਖੇਤਰ ਵਿੱਚ ਇਤਿਹਾਸਿਕ ਸੁਧਾਰਾਂ ਦੀ ਬੁਨਿਆਦ ਰੱਖੀ ਹੈ। ਇੰਨਾ ਹੀ ਸੁਧਾਰਾਂ ਦੇ ਕ੍ਰਮ ਵਿੱਚ ਦਹਾਕਿਆਂ ਤੋਂ ਪੁਰਾਣੀ ਮੈਡੀਕਲ ਕੌਂਸਿਲ ਆਵ੍ ਇੰਡੀਆ ਦੇ ਸਥਾਨ ’ਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ।
ਮਾਣਯੋਗ ਮੈਂਬਰ ਸਾਹਿਬਾਨ,
-
ਆਤਮਨਿਰਭਰ ਭਾਰਤ ਅਭਿਯਾਨ ਸਿਰਫ਼ ਭਾਰਤ ਵਿੱਚ ਨਿਰਮਾਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਹ ਭਾਰਤ ਦੇ ਹਰ ਨਾਗਰਿਕ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਅਤੇ ਦੇਸ਼ ਦਾ ਆਤਮਵਿਸ਼ਵਾਸ ਵਧਾਉਣ ਦਾ ਵੀ ਅਭਿਯਾਨ ਹੈ।
-
ਆਤਮਨਿਰਭਰ ਭਾਰਤ ਦਾ ਸਾਡਾ ਟੀਚਾ ਆਤਮਨਿਰਭਰ ਖੇਤੀਬਾੜੀ ਤੋਂ ਹੋਰ ਸਸ਼ਕਤ ਹੋਵੇਗਾ। ਇਸੇ ਸੋਚ ਦੇ ਨਾਲ ਸਰਕਾਰ ਨੇ ਬੀਤੇ 6 ਸਾਲਾਂ ਵਿੱਚ ਬੀਜ ਤੋਂ ਲੈ ਕੇ ਬਜ਼ਾਰ ਤੱਕ ਹਰ ਵਿਵਸਥਾ ਵਿੱਚ ਸਕਰਾਤਮਕ ਪਰਿਵਰਤਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਭਾਰਤੀ ਖੇਤੀਬਾੜੀ ਆਧੁਨਿਕ ਵੀ ਬਣੇ ਅਤੇ ਖੇਤੀ ਦਾ ਵਿਸਤਾਰ ਵੀ ਹੋਵੇ। ਇਨ੍ਹਾਂ ਯਤਨਾਂ ਦੇ ਕ੍ਰਮ ਵਿੱਚ ਮੇਰੀ ਸਰਕਾਰ ਨੇ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਦੇ ਹੋਏ ਲਾਗਤ ਤੋਂ ਡੇਢ ਗੁਣਾ ਐੱਮਐੱਸਪੀ ਦੇਣ ਦਾ ਫ਼ੈਸਲਾ ਵੀ ਕੀਤਾ ਸੀ। ਮੇਰੀ ਸਰਕਾਰ ਅੱਜ ਨਾ ਸਿਰਫ਼ ਐੱਮਐੱਸਪੀ ’ਤੇ ਰਿਕਾਰਡ ਮਾਤਰਾ ਵਿੱਚ ਖ਼ਰੀਦ ਕਰ ਰਹੀ ਹੈ ਬਲਕਿ ਖਰੀਦ ਕੇਂਦਰਾਂ ਦੀ ਸੰਖਿਆ ਨੂੰ ਵੀ ਵਧਾ ਰਹੀ ਹੈ।
-
ਅੱਜ ਖੇਤੀਬਾੜੀ ਦੇ ਲਈ ਉਪਲਬਧ ਸਿੰਚਾਈ ਦੇ ਸਾਧਨਾਂ ਵਿੱਚ ਵੀ ਵਿਆਪਕ ਸੁਧਾਰ ਆ ਰਿਹਾ ਹੈ। ਪਰ ਡ੍ਰੌਪ ਮੋਰ ਕ੍ਰੌਪ ਦੇ ਮੰਤਰ ਨਾਲ ਚਲਦੇ ਹੋਏ ਸਰਕਾਰ ਪੁਰਾਣੇ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਨਾਲ ਹੀ ਸਿੰਚਾਈ ਦੇ ਆਧੁਨਿਕ ਤਰੀਕੇ ਵੀ ਕਿਸਾਨਾਂ ਤੱਕ ਪਹੁੰਚਾ ਰਹੀ ਹੈ। 2013-14 ਵਿੱਚ ਜਿੱਥੇ 42 ਲੱਖ ਹੈਕਟੇਅਰ ਜ਼ਮੀਨ ਵਿੱਚ ਹੀ ਮਾਈਕ੍ਰੋ ਇਰੀਗੇਸ਼ਨ ਦੀ ਸੁਵਿਧਾ ਸੀ, ਉੱਥੇ ਅੱਜ 56 ਲੱਖ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਨੂੰ ਮਾਈਕ੍ਰੋ ਇਰੀਗੇਸ਼ਨ ਨਾਲ ਜੋੜਿਆ ਜਾ ਚੁੱਕਿਆ ਹੈ।
-
ਮੈਨੂੰ ਖ਼ੁਸ਼ੀ ਹੈ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਸਾਡੇ ਕਿਸਾਨ ਆਪਣੀ ਮਿਹਨਤ ਨਾਲ ਹੋਰ ਅੱਗੇ ਵਧਾ ਰਹੇ ਹਨ। ਅੱਜ ਦੇਸ਼ ਵਿੱਚ ਖਾਦ ਉਪਲਬਧਤਾ ਰਿਕਾਰਡ ਪੱਧਰ ’ਤੇ ਹੈ। ਸਾਲ 2008-09 ਵਿੱਚ ਜਿੱਥੇ ਦੇਸ਼ ਵਿੱਚ 234 ਮਿਲੀਅਨ ਟਨ ਖਾਦ ਦੀ ਪੈਦਾਵਾਰ ਹੁੰਦੀ ਸੀ ਉੱਥੇ ਸਾਲ 2019-20 ਵਿੱਚ ਦੇਸ਼ ਦੀ ਪੈਦਾਵਾਰ ਵਧ ਕੇ 296 ਮਿਲੀਅਨ ਟਨ ਤੱਕ ਪਹੁੰਚ ਗਈ ਹੈ। ਇਸੇ ਮਿਆਦ ਵਿੱਚ ਸਬਜ਼ੀ ਅਤੇ ਫਲਾਂ ਦਾ ਉਤਪਾਦਨ ਵੀ 215 ਮਿਲੀਅਨ ਟਨ ਤੋਂ ਵਧ ਕੇ ਹੁਣ 320 ਮਿਲੀਅਨ ਟਨ ਤੱਕ ਪਹੁੰਚ ਚੁੱਕਾ ਹੈ। ਮੈਂ ਇਸ ਦੇ ਲਈ ਦੇਸ਼ ਦੇ ਕਿਸਾਨਾਂ ਦਾ ਅਭਿਨੰਦਨ ਕਰਦਾ ਹਾਂ।
ਮਾਣਯੋਗ ਮੈਂਬਰ ਸਾਹਿਬਾਨ,
-
ਸਮੇਂ ਦੀ ਮੰਗ ਹੈ ਕਿ ਖੇਤੀਬਾੜੀ ਖੇਤਰ ਵਿੱਚ ਸਾਡੇ ਜੋ ਛੋਟੇ ਅਤੇ ਸੀਮਾਂਤ ਕਿਸਾਨ ਹਨ, ਜਿਨ੍ਹਾਂ ਦੇ ਕੋਲ ਸਿਰਫ਼ ਇੱਕ ਜਾਂ ਦੋ ਹੈਕਟੇਅਰ ਜ਼ਮੀਨ ਹੁੰਦੀ ਹੈ, ਉਨ੍ਹਾਂ ’ਤੇ ਖਾਸ ਧਿਆਨ ਦਿੱਤਾ ਜਾਵੇ। ਦੇਸ਼ ਦੇ ਸਾਰੇ ਕਿਸਾਨਾਂ ਵਿੱਚੋਂ 80 ਫ਼ੀਸਦੀ ਤੋਂ ਜ਼ਿਆਦਾ ਇਹ ਛੋਟੇ ਕਿਸਾਨ ਹੀ ਹਨ ਅਤੇ ਇਨ੍ਹਾਂ ਦੀ ਸੰਖਿਆ 10 ਕਰੋੜ ਤੋਂ ਜ਼ਿਆਦਾ ਹੈ।
-
ਮੇਰੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਵਿੱਚੋਂ ਇਹ ਛੋਟੇ ਅਤੇ ਸੀਮਾਂਤ ਕਿਸਾਨ ਵੀ ਹਨ। ਅਜਿਹੇ ਕਿਸਾਨਾਂ ਦੇ ਛੋਟੇ-ਛੋਟੇ ਖਰਚ ਵਿੱਚ ਸਹਿਯੋਗ ਕਰਨ ਦੇ ਲਈ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਜ਼ਰੀਏ ਉਨ੍ਹਾਂ ਦੇ ਖਾਤਿਆਂ ਵਿੱਚ ਲਗਭਗ ਇੱਕ ਲੱਖ ਤੇਰਾਂ ਹਜ਼ਾਰ ਕਰੋੜ ਤੋਂ ਜ਼ਿਆਦਾ ਰੁਪਏ ਸਿੱਧੇ ਟਰਾਂਸਫਰ ਕੀਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦਾ ਲਾਭ ਵੀ ਦੇਸ਼ ਦੇ ਛੋਟੇ ਕਿਸਾਨਾਂ ਨੂੰ ਹੋਇਆ ਹੈ। ਇਸ ਯੋਜਨਾ ਦੇ ਤਹਿਤ ਪਿਛਲੇ 5 ਸਾਲਾਂ ਵਿੱਚ ਕਿਸਾਨਾਂ ਨੂੰ 17 ਹਜ਼ਾਰ ਕਰੋੜ ਰੁਪਏ ਪ੍ਰੀਮੀਅਮ ਦੇ ਵਜੋਂ ਲਗਭਗ 90 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ, ਮੁਆਵਜ਼ੇ ਦੇ ਤੌਰ ’ਤੇ ਮਿਲੀ ਹੈ।
-
ਦੇਸ਼ ਦੇ ਛੋਟੇ ਕਿਸਾਨਾਂ ਨੂੰ ਨਾਲ ਜੋੜ ਕੇ 10 ਹਜ਼ਾਰ ਕਿਸਾਨ ਉਤਪਾਦਕ ਸੰਗਠਨਾਂ ਯਾਨੀ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨਸ ਨੂੰ ਸਥਾਪਿਤ ਕਰਨ ਦਾ ਅਭਿਆਨ ਇੱਕ ਅਜਿਹਾ ਹੀ ਪ੍ਰਭਾਵਸ਼ਾਲੀ ਕਦਮ ਹੈ। ਇਸ ਨਾਲ ਇਨ੍ਹਾਂ ਛੋਟੇ ਕਿਸਾਨਾਂ ਨੂੰ ਖੁਸ਼ਹਾਲ ਕਿਸਾਨਾਂ ਦੀ ਤਰ੍ਹਾਂ ਬਿਹਤਰ ਤਕਨੀਕ, ਜ਼ਿਆਦਾ ਕਰਜ਼ਾ, ਪੋਸਟ ਹਾਰਵੈਸਟਿੰਗ ਪ੍ਰੋਸੈੱਸਿੰਗ ਐਂਡ ਮਾਰਕਿਟਿੰਗ ਦੀਆਂ ਸੁਵਿਧਾਵਾਂ ਅਤੇ ਕੁਦਰਤੀ ਆਪਦਾ ਦੇ ਸਮੇਂ ਸੁਰੱਖਿਆ ਮਿਲਣੀ ਸੁਨਿਸ਼ਚਿਤ ਹੋਈ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੀ ਜ਼ਿਆਦਾ ਕੀਮਤ ਅਤੇ ਜ਼ਿਆਦਾ ਬੱਚਤ ਦਾ ਵਿਕਲਪ ਵੀ ਮਿਲਿਆ ਹੈ।
ਮਾਣਯੋਗ ਮੈਂਬਰ ਸਾਹਿਬਾਨ,
-
ਵਿਆਪਕ ਚਰਚਾ ਤੋਂ ਬਾਅਦ ਸੰਸਦ ਨੇ ਸੱਤ ਮਹੀਨੇ ਪਹਿਲਾਂ ਤਿੰਨ ਮਹੱਤਵਪੂਰਨ ਖੇਤੀਬਾੜੀ ਸੁਧਾਰ, ਖੇਤੀਬਾੜੀ ਉਪਜ ਵਪਾਰ ਅਤੇ ਵਣਜ (ਪ੍ਰਮੋਸ਼ਨ ਅਤੇ ਫੈਸੀਲੀਟੇਸ਼ਨ) ਬਿਲ, ਖੇਤੀਬਾੜੀ (ਸਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਅਸ਼ਯੋਰੈਂਸ ਅਤੇ ਖੇਤੀ ਸੇਵਾ ਕਰਾਰ ਬਿਲ, ਅਤੇ ਲੋੜੀਂਦੀਆਂ ਵਸਤੂਆਂ ਸੁਧਾਰ ਬਿਲ ਪਾਸ ਕੀਤੇ ਹਨ। ਇਨ੍ਹਾਂ ਖੇਤੀ ਸੁਧਾਰਾਂ ਦਾ ਸਭ ਤੋਂ ਵੱਡਾ ਲਾਭ ਵੀ 10 ਕਰੋੜ ਤੋਂ ਜ਼ਿਆਦਾ ਛੋਟੇ ਕਿਸਾਨਾਂ ਨੂੰ ਤੁਰੰਤ ਮਿਲਣਾ ਸ਼ੁਰੂ ਹੋਇਆ। ਛੋਟੇ ਕਿਸਾਨਾਂ ਨੂੰ ਮਿਲਣ ਵਾਲੇ ਇਨ੍ਹਾਂ ਫਾਇਦਿਆਂ ਨੂੰ ਸਮਝਦੇ ਹੋਏ ਹੀ ਅਨੇਕਾਂ ਰਾਜਨੀਤਕ ਦਲਾਂ ਨੇ ਸਮੇਂ-ਸਮੇਂ ’ਤੇ ਇਨ੍ਹਾਂ ਸੁਧਾਰਾਂ ਨੂੰ ਆਪਣਾ ਭਰਪੂਰ ਸਮਰਥਨ ਦਿੱਤਾ ਸੀ। ਦੇਸ਼ ਵਿੱਚ ਵੱਖ-ਵੱਖ ਫੋਰਮ ਹਨ, ਦੇਸ਼ ਦੇ ਹਰ ਖੇਤਰ ਵਿੱਚ ਦੋ ਦਹਾਕਿਆਂ ਤੋਂ ਇਨ੍ਹਾਂ ਸੁਧਾਰਾਂ ਦੀ ਚਰਚਾ ਚਲ ਰਹੀ ਸੀ ਅਤੇ ਜੋ ਮੰਗ ਹੋ ਰਹੀ ਸੀ, ਉਹ ਸਦਨ ਵਿੱਚ ਚਰਚਾ ਦੇ ਦੌਰਾਨ ਵੀ ਝਲਕੀ ਸੀ।
-
ਮੌਜੂਦਾ ਸਮੇਂ ਵਿੱਚ ਇਨ੍ਹਾਂ ਕਾਨੂੰਨਾਂ ਦਾ ਅਮਲੀਕਰਨ ਦੇਸ਼ ਦੀ ਸਰਬਉੱਚ ਅਦਾਲਤ ਨੇ ਮੁਲਤਵੀ ਕੀਤਾ ਹੋਇਆ ਹੈ। ਮੇਰੀ ਸਰਕਾਰ ਸਰਬਉੱਚ ਅਦਾਲਤ ਦੇ ਫ਼ੈਸਲੇ ਦਾ ਪੂਰਾ ਸਨਮਾਨ ਕਰਦੇ ਹੋਏ ਇਸ ਦਾ ਪਾਲਣ ਕਰੇਗੀ।
ਲੋਕਤੰਤਰ ਅਤੇ ਸੰਵਿਧਾਨ ਦੀ ਮਰਯਾਦਾ ਨੂੰ ਸਭ ਤੋਂ ਉੱਪਰ ਰੱਖਣ ਵਾਲੀ ਮੇਰੀ ਸਰਕਾਰ, ਇਨ੍ਹਾਂ ਕਾਨੂੰਨਾਂ ਦੇ ਸੰਦਰਭ ਵਿੱਚ ਪੈਦਾ ਕੀਤੇ ਗਏ ਭਰਮ ਨੂੰ ਦੂਰ ਕਰਨ ਦਾ ਲਗਾਤਾਰ ਯਤਨ ਕਰ ਰਹੀ ਹੈ। ਮੇਰੀ ਸਰਕਾਰ ਨੇ ਲੋਕਤੰਤਰ ਵਿੱਚ ਅਭਿਵਿਅਕਤੀ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਅੰਦੋਲਨਾਂ ਦਾ ਹਮੇਸ਼ਾ ਸਨਮਾਨ ਕੀਤਾ ਹੈ। ਪਰ ਪਿਛਲੇ ਦਿਨੀਂ ਤਿਰੰਗੇ ਅਤੇ ਗਣਤੰਤਰ ਦਿਵਸ ਜਿਹੇ ਪਵਿੱਤਰ ਦਿਨ ਦਾ ਅਪਮਾਨ ਬਹੁਤ ਦੁਰਭਾਗਪੂਰਨ ਹੈ। ਜੋ ਸੰਵਿਧਾਨ ਸਾਨੂੰ ਅਭਿਵਿਅਕਤੀ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਉਹੀ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਕਾਨੂੰਨ ਅਤੇ ਨਿਯਮ ਦਾ ਵੀ ਉਤਨੀ ਹੀ ਗੰਭੀਰਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ।
-
ਮੇਰੀ ਸਰਕਾਰ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਪਹਿਲਾਂ ਪੁਰਾਣੀਆਂ ਵਿਵਸਥਾਵਾਂ ਦੇ ਤਹਿਤ ਜੋ ਅਧਿਕਾਰ ਸੀ ਅਤੇ ਜੋ ਸੁਵਿਧਾਵਾਂ ਸੀ, ਉਨ੍ਹਾਂ ਵਿੱਚ ਕੋਈ ਕਮੀ ਨਹੀਂ ਕੀਤੀ ਗਈ ਹੈ। ਬਲਕਿ ਇਨ੍ਹਾਂ ਖੇਤੀਬਾੜੀ ਸੁਧਾਰਾਂ ਦੇ ਜ਼ਰੀਏ ਸਰਕਾਰ ਨੇ ਕਿਸਾਨਾਂ ਨੂੰ ਨਵੀਆਂ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਨਾਲ-ਨਾਲ ਨਵੇਂ ਅਧਿਕਾਰ ਵੀ ਦਿੱਤੇ ਹਨ।
ਮਾਣਯੋਗ ਮੈਂਬਰ ਸਾਹਿਬਾਨ,
-
ਖੇਤੀਬਾੜੀ ਨੂੰ ਹੋਰ ਲਾਭਕਾਰੀ ਬਣਾਉਣ ਦੇ ਲਈ ਮੇਰੀ ਸਰਕਾਰ ਆਧੁਨਿਕ ਖੇਤੀਬਾੜੀ ਇਨਫਰਾਸਟ੍ਰਕਚਰ ਵੱਲ ਵੀ ਖਾਸ ਧਿਆਨ ਦੇ ਰਹੀ ਹੈ। ਇਸ ਦੇ ਲਈ ਇੱਕ ਲੱਖ ਕਰੋੜ ਰੁਪਏ ਦੇ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ।
-
ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਕਿਸਾਨ ਰੇਲ ਭਾਰਤ ਦੇ ਕਿਸਾਨਾਂ ਨੂੰ ਨਵਾਂ ਬਜ਼ਾਰ ਉਪਲਬਧ ਕਰਵਾਉਣ ਵਿੱਚ ਨਵਾਂ ਅਧਿਆਇ ਲਿਖ ਰਹੀ ਹੈ। ਇਹ ਕਿਸਾਨ ਰੇਲ ਇੱਕ ਤਰ੍ਹਾਂ ਨਾਲ ਚਲਦਾ ਫਿਰਦਾ ਕੋਲਡ ਸਟੋਰੇਜ ਹੈ। ਹੁਣ ਤੱਕ 100 ਤੋਂ ਜ਼ਿਆਦਾ ਕਿਸਾਨ ਰੇਲਾਂ ਚਲਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਦੇ ਮਾਧਿਅਮ ਨਾਲ 38 ਹਜ਼ਾਰ ਟਨ ਤੋਂ ਜ਼ਿਆਦਾ ਅਨਾਜ ਅਤੇ ਫਲ ਸਬਜ਼ੀਆਂ, ਇੱਕ ਖੇਤਰ ਤੋਂ ਦੂਸਰੇ ਖੇਤਰ ਤੱਕ ਕਿਸਾਨਾਂ ਦੁਆਰਾ ਭੇਜੀਆਂ ਗਈਆਂ ਹਨ।
-
ਕਿਸਾਨਾਂ ਦੀ ਆਮਦਨ ਵਧਾਉਣ ਲਈ ਮੇਰੀ ਸਰਕਾਰ ਨੇ ਪਸ਼ੂ ਧਨ ਨੂੰ ਆਮਦਨ ਦੇ ਸਰੋਤ ਦੇ ਰੂਪ ਵਿੱਚ ਸਥਾਪਿਤ ਕਰਨ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਸ ਦਾ ਨਤੀਜਾ ਹੈ ਕਿ ਦੇਸ਼ ਦਾ ਪਸ਼ੂ ਧਨ ਪਿਛਲੇ 5 ਸਾਲਾਂ ਵਿੱਚ ਸਲਾਨਾ 8.2 ਪ੍ਰਤੀਸ਼ਤ ਦੀ ਦਰ ਨਾਲ ਵਧ ਰਿਹਾ ਹੈ। ਸਰਕਾਰ ਨੇ ਡੇਅਰੀ ਖੇਤਰ ਵਿੱਚ ਬੁਨਿਆਦੀ ਢਾਂਚੇ ਦੀ ਸਥਾਪਨਾ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦੇ ਪਸ਼ੂ ਪਾਲਣ ਬੁਨਿਆਦੀ ਵਿਕਾਸ ਫੰਡ ਦੀ ਸਥਾਪਨਾ ਵੀ ਕੀਤੀ ਹੈ।
-
ਮੇਰੀ ਸਰਕਾਰ ਨੇ ਪਸ਼ੂ-ਪਾਲਣ ਅਤੇ ਮੱਛੀ ਪਾਲਣ ਨੂੰ ਵੀ ਖੇਤੀਬਾੜੀ ਖੇਤਰ ਦੀ ਤਰ੍ਹਾਂ ਹੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਹੈ। ਦੇਸ਼ ਵਿੱਚ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਜ਼ਰੀਏ ਮਛੇਰਿਆਂ ਦੀ ਆਮਦਨ ਨੂੰ ਵਧਾਉਣ ਲਈ ਵੀ ਕੰਮ ਹੋ ਰਿਹਾ ਹੈ। ਇਸ ਖੇਤਰ ਵਿੱਚ ਅਗਲੇ ਪੰਜ ਸਾਲਾਂ ਵਿੱਚ ਲਗਭਗ ਵੀਹ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ।
-
ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਮੇਰੀ ਸਰਕਾਰ ਅੰਨਦਾਤਾ ਨੂੰ ਊਰਜਾਦਾਤਾ ਬਣਾਉਣ ਦਾ ਵੀ ਅਭਿਆਨ ਚਲਾ ਰਹੀ ਹੈ। ਪ੍ਰਧਾਨ ਮੰਤਰੀ ਕੁਸੁਮ ਯੋਜਨਾ ਤਹਿਤ ਕਿਸਾਨਾਂ ਨੂੰ 20 ਲੱਖ ਸੋਲਰ ਪੰਪ ਦਿੱਤੇ ਜਾ ਰਹੇ ਹਨ। ਸਰਕਾਰ ਵੱਲੋਂ ਗੰਨੇ ਦੇ ਸੀਰੇ, ਮੱਕੀ, ਧਾਨ ਆਦਿ ਤੋਂ ਇਥਨੌਲ ਦੇ ਉਤਪਾਦਨ ਨੂੰ ਵੀ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਪਿਛਲੇ 6 ਸਾਲਾਂ ਵਿੱਚ ਸਰਕਾਰ ਦੀਆਂ ਸਕਾਰਾਤਮਕ ਨੀਤੀਆਂ ਕਾਰਨ ਇਥਨੌਲ ਦਾ ਉਤਪਾਦਨ 38 ਕਰੋੜ ਲੀਟਰ ਤੋਂ ਵਧ ਕੇ 190 ਕਰੋੜ ਲੀਟਰ ਹੋਇਆ ਹੈ। ਇਹ ਉਤਪਾਦਨ, ਇਸ ਸਾਲ ਵਧ ਕੇ 320 ਕਰੋੜ ਲੀਟਰ ਤੱਕ ਹੋ ਜਾਵੇਗਾ, ਅਜਿਹੀ ਉਮੀਦ ਹੈ। ਇਥਨੌਲ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਉਣ ਦਾ ਇੱਕ ਵੱਡਾ ਜ਼ਰੀਆ ਬਣ ਕੇ ਉੱਭਰ ਰਿਹਾ ਹੈ।
ਮਾਣਯੋਗ ਮੈਂਬਰ ਸਾਹਿਬਾਨ,
-
ਪੂਜਨੀਕ ਬਾਪੂ ਆਤਮਨਿਰਭਰ ‘ਆਦਰਸ਼ ਪਿੰਡਾਂ’ ਦੇ ਨਿਰਮਾਣ ਦੀ ਇੱਛਾ ਰੱਖਦੇ ਸਨ। ਇਸੀ ਵਿਚਾਰ ਨੂੰ ਲੈ ਕੇ ਚਲ ਰਹੀ ਮੇਰੀ ਸਰਕਾਰ ਅੱਜ ਪਿੰਡਾਂ ਦੇ ਬਹੁਆਯਾਮੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਸੁਧਰੇ, ਇਹ ਮੇਰੀ ਸਰਕਾਰ ਦੀ ਤਰਜੀਹ ਹੈ। ਇਸ ਦਾ ਉੱਤਮ ਉਦਾਹਰਣ 2014 ਤੋਂ ਗ਼ਰੀਬ ਗ੍ਰਾਮੀਣ ਪਰਿਵਾਰਾਂ ਲਈ ਬਣਾਏ ਗਏ 2 ਕਰੋੜ ਘਰ ਹਨ। ਸਾਲ 2022 ਤੱਕ ਹਰ ਗ਼ਰੀਬ ਨੂੰ ਪੱਕੀ ਛੱਤ ਦੇਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗਤੀ ਵੀ ਤੇਜ਼ ਕੀਤੀ ਗਈ ਹੈ।
-
ਮੇਰੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸਵਾਮਿਤਵ ਯੋਜਨਾ ਨਾਲ ਹੁਣ ਗ੍ਰਾਮੀਣਾਂ ਨੂੰ ਉਨ੍ਹਾਂ ਦੀ ਸੰਪਤੀ ’ਤੇ ਕਾਨੂੰਨੀ ਹੱਕ ਮਿਲ ਰਿਹਾ ਹੈ। ਸਵਾਮਿਤਵ ਦੇ ਇਸ ਅਧਿਕਾਰ ਨਾਲ ਹੁਣ ਪਿੰਡਾਂ ਵਿੱਚ ਵੀ ਸੰਪਤੀਆਂ ’ਤੇ ਬੈਂਕ ਲੋਨ ਲੈਣਾ, ਹਾਊਸ ਲੋਨ ਲੈਣਾ ਅਸਾਨ ਬਣੇਗਾ ਅਤੇ ਗ੍ਰਾਮੀਣ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਤੇਜ਼ ਹੋਣਗੀਆਂ। ਇਸ ਯੋਜਨਾ ਦਾ ਵੀ ਵਿਸ਼ੇਸ਼ ਲਾਭ ਪਿੰਡਾਂ ਦੇ ਛੋਟੇ ਉੱਦਮੀਆਂ ਅਤੇ ਕੁਟੀਰ ਉਦਯੋਗ ਨਾਲ ਜੁੜੇ ਲੋਕਾਂ ਅਤੇ ਛੋਟੇ ਕਿਸਾਨਾਂ ਨੂੰ ਹੋਵੇਗਾ।
ਮਾਣਯੋਗ ਮੈਂਬਰ ਸਹਿਬਾਨ,
-
ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਦੇ ਮੁੱਖ ਸ਼ਿਲਪੀ ਹੋਣ ਦੇ ਨਾਲ-ਨਾਲ ਸਾਡੇ ਦੇਸ਼ ਵਿੱਚ ਵਾਟਰ ਪਾਲਿਸੀ ਨੂੰ ਦਿਸ਼ਾ ਦਿਖਾਉਣ ਵਾਲੇ ਵੀ ਸਨ। 8 ਨਵੰਬਰ, 1945 ਨੂੰ ਕਟਕ ਵਿੱਚ ਇੱਕ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਸੀ- Water is Wealth. Water being the wealth of the people and its distribution being uncertain, the correct approach is not to complain against nature but to conserve water.
-
ਬਾਬਾ ਸਾਹਿਬ ਦੀ ਪ੍ਰੇਰਣਾ ਨੂੰ ਨਾਲ ਲੈ ਕੇ ਮੇਰੀ ਸਰਕਾਰ ‘ਜਲ ਜੀਵਨ ਮਿਸ਼ਨ’ ਦੀ ਖਾਹਿਸ਼ੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇਸ ਤਹਿਤ ‘ਹਰ ਘਰ ਜਲ’ ਪਹੁੰਚਾਉਣ ਦੇ ਨਾਲ ਹੀ ਜਲ ਸੰਭਾਲ਼ ’ਤੇ ਵੀ ਤੇਜ਼ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੈਨੂੰ ਇਹ ਦੱਸਦੇ ਹੋਏ ਮਾਣ ਹੈ ਕਿ ਇਸ ਅਭਿਆਨ ਤਹਿਤ ਹੁਣ ਤੱਕ 3 ਕਰੋੜ ਪਰਿਵਾਰਾਂ ਨੂੰ ਪਾਈਪ ਵਾਟਰ ਸਪਲਾਈ ਨਾਲ ਜੋੜਿਆ ਜਾ ਚੁੱਕਾ ਹੈ। ਇਸ ਅਭਿਆਨ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਭਾਈਆਂ-ਭੈਣਾਂ ਅਤੇ ਵੰਚਿਤ ਵਰਗਾਂ ਦੇ ਹੋਰ ਲੋਕਾਂ ਨੂੰ ਤਰਜੀਹ ਦੇ ਅਧਾਰ ’ਤੇ ਪਾਣੀ ਦਾ ਕਨੈਕਸ਼ਨ ਦਿੱਤਾ ਜਾ ਰਿਹਾ ਹੈ।
ਮਾਣਯੋਗ ਮੈਂਬਰ ਸਹਿਬਾਨ,
-
ਸਾਡੇ ਪਿੰਡਾਂ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਅਤੇ ਇਨਫ੍ਰਾਸਟ੍ਰਕਚਰ ਨਾਲ ਜੋੜਨ ਲਈ ਮੇਰੀ ਸਰਕਾਰ ਨੇ ਗ੍ਰਾਮੀਣ ਸੜਕ ਨੈੱਟਵਰਕ ਦੇ ਵਿਸਤਾਰ ਵਿੱਚ ਵੀ ਸ਼ਲਾਘਾਯੋਗ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ 6 ਲੱਖ 42 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਪੂਰਾ ਕਰ ਲਿਆ ਗਿਆ ਹੈ। ਇਸ ਯੋਜਨਾ ਦੇ ਤੀਜੇ ਪੜਾਅ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਬਸਾਵਟਾਂ ਦੇ ਨਾਲ-ਨਾਲ ਸਕੂਲਾਂ, ਬਜ਼ਾਰਾਂ ਅਤੇ ਹਸਪਤਾਲਾਂ ਆਦਿ ਨੂੰ ਜੋੜਨ ਵਾਲੇ 1 ਲੱਖ 25 ਹਜ਼ਾਰ ਕਿਲੋਮੀਟਰ ਰਸਤਿਆਂ ਨੂੰ ਵੀ ਅੱਪਗ੍ਰੇਡ ਕੀਤਾ ਜਾਵੇਗਾ। ਪਿੰਡਾਂ ਵਿੱਚ ਸੜਕਾਂ ਦੇ ਨਾਲ ਹੀ ਇੰਟਰਨੈੱਟ ਦੀ ਕਨੈਕਟੀਵਿਟੀ ਵੀ ਓਨੀ ਹੀ ਅਹਿਮ ਹੈ। ਹਰ ਪਿੰਡ ਤੱਕ ਬਿਜਲੀ ਪਹੁੰਚਾਉਣ ਦੇ ਬਾਅਦ ਮੇਰੀ ਸਰਕਾਰ ਦੇਸ਼ ਦੇ 6 ਲੱਖ ਤੋਂ ਜ਼ਿਆਦਾ ਪਿੰਡਾਂ ਨੂੰ ਔਪਟੀਕਲ ਫਾਈਬਰ ਨਾਲ ਜੋੜਨ ਲਈ ਅਭਿਆਨ ਚਲਾ ਰਹੀ ਹੈ।
ਮਾਣਯੋਗ ਮੈਂਬਰ ਸਹਿਬਾਨ,
-
ਸਾਡੀ ਅਰਥਵਿਵਸਥਾ ਦੀ ਬੁਨਿਆਦੀ ਤਾਕਤ ਸਾਡੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਫੈਲੇ ਸਾਡੇ ਲਘੂ ਉਦਯੋਗ, ਸਾਡੇ ਕੁਟੀਰ ਉਦਯੋਗ, ਐੱਮਐੱਸਐੱਮਈ’ਜ਼ (MSMEs) ਵੀ ਹਨ। ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਬਹੁਤ ਵੱਡੀ ਸਮਰੱਥਾ ਇਨ੍ਹਾਂ ਲਘੂ ਉਦਯੋਗਾਂ ਦੇ ਹੀ ਕੋਲ ਹੈ। ਦੇਸ਼ ਦੇ ਕੁੱਲ ਨਿਰਯਾਤ ਵਿੱਚ ਇਨ੍ਹਾਂ ਦੀ ਭਾਗੀਦਾਰੀ ਲਗਭਗ 50 ਪ੍ਰਤੀਸ਼ਤ ਦੀ ਹੈ। ਆਤਮਨਿਰਭਰ ਭਾਰਤ ਦੇ ਮਿਸ਼ਨ ਵਿੱਚ ਐੱਮਐੱਸਐੱਮਈ’ਜ਼ (MSMEs) ਦੀ ਭੂਮਿਕਾ ਨੂੰ ਵਧਾਉਣ ਲਈ ਵੀ ਅਨੇਕ ਕਦਮ ਉਠਾਏ ਗਏ ਹਨ।
-
ਐੱਮਐੱਸਐੱਮਈ’ਜ਼ (MSMEs) ਦੀ ਪਰਿਭਾਸ਼ਾ ਵਿੱਚ ਤਬਦੀਲੀ ਹੋਵੇ, ਨਿਵੇਸ਼ ਦੀ ਸੀਮਾ ਵਧਾਉਣੀ ਹੋਵੇ ਜਾਂ ਫਿਰ ਸਰਕਾਰੀ ਖਰੀਦ ਵਿੱਚ ਤਰਜੀਹ, ਹੁਣ ਲਘੂ ਅਤੇ ਕੁਟੀਰ ਉਦਯੋਗਾਂ ਨੂੰ ਵਿਕਾਸ ਲਈ ਜ਼ਰੂਰੀ ਪ੍ਰੋਤਸਾਹਨ ਮਿਲਿਆ ਹੈ। ਤਿੰਨ ਲੱਖ ਕਰੋੜ ਰੁਪਏ ਦੀ ਐਮਰਜੈਂਸੀ ਕ੍ਰੈਡਿਟ ਗਰੰਟੀ ਯੋਜਨਾ, ਮੁਸ਼ਕਿਲ ਵਿੱਚ ਫਸੇ ਐੱਮਐੱਮਸਐੱਮਈ’ਜ਼ (MSMEs) ਲਈ 20 ਹਜ਼ਾਰ ਕਰੋੜ ਦੀ ਵਿਸ਼ੇਸ਼ ਯੋਜਨਾ ਅਤੇ Fund of Funds ਵਰਗੇ ਯਤਨਾਂ ਨੇ ਲੱਖਾਂ ਲਘੂ ਉੱਦਮੀਆਂ ਨੂੰ ਲਾਭ ਪਹੁੰਚਾਇਆ ਹੈ। GeM (ਜੇਮ) ਪੋਰਟਲ ਨਾਲ ਦੇਸ਼ ਦੇ ਦੂਰ ਦਰਾਜ ਵਾਲੇ ਖੇਤਰਾਂ ਦੇ ਐੱਮਐੱਮਸਐੱਮਈ’ਜ਼ (MSMEs) ਨੂੰ ਸਰਕਾਰੀ ਖਰੀਦ ਵਿੱਚ ਪਾਰਦਰਸ਼ਤਾ ਦੇ ਨਾਲ-ਨਾਲ ਜ਼ਿਆਦਾ ਭਾਗੀਦਾਰੀ ਵੀ ਮਿਲ ਰਹੀ ਹੈ।
-
ਮੇਰੀ ਸਰਕਾਰ ਦੀ ਇਹ ਨਿਰੰਤਰ ਕੋਸ਼ਿਸ਼ ਹੈ ਕਿ ਉੱਦਮਸ਼ੀਲਤਾ ਦਾ ਲਾਭ ਦੇਸ਼ ਦੇ ਹਰ ਵਰਗ ਨੂੰ ਮਿਲੇ। ਹੁਨਰ ਹਾਟ ਅਤੇ ਉਸਤਾਦ ਯੋਜਨਾ ਜ਼ਰੀਏ ਲੱਖਾਂ ਸ਼ਿਲਪਕਾਰਾਂ ਦਾ ਕੁਸ਼ਲ ਵਿਕਾਸ ਵੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਅਵਸਰ ਦਿੱਤੇ ਜਾ ਰਹੇ ਹਨ। ਇਨ੍ਹਾਂ ਲਾਭਾਰਥੀਆਂ ਵਿੱਚ ਅੱਧੇ ਤੋਂ ਜ਼ਿਆਦਾ ਮਹਿਲਾ ਸ਼ਿਲਪਕਾਰ ਹਨ। e-haat ਜ਼ਰੀਏ ਇਨ੍ਹਾਂ ਸ਼ਿਲਪਕਾਰਾਂ ਨੂੰ ਪੂਰੀ ਦੁਨੀਆ ਦੇ ਖਰੀਦਦਾਰਾਂ ਨਾਲ ਜੋੜਿਆ ਜਾ ਰਿਹਾ ਹੈ।
-
ਆਤਮਨਿਰਭਰ ਭਾਰਤ ਵਿੱਚ ਮਹਿਲਾ ਉੱਦਮੀਆਂ ਦੀ ਵਿਸ਼ੇਸ਼ ਭੂਮਿਕਾ ਹੈ। ਮੇਰੀ ਸਰਕਾਰ ਨੇ ਮਹਿਲਾਵਾਂ ਨੂੰ ਸਵੈਰੋਜ਼ਗਾਰ ਦੇ ਨਵੇਂ ਅਵਸਰ ਦੇਣ ਲਈ ਕਈ ਕਦਮ ਉਠਾਏ ਹਨ। ਮੁਦਰਾ ਯੋਜਨਾ ਤਹਿਤ ਹੁਣ ਤੱਕ 25 ਕਰੋੜ ਤੋਂ ਜ਼ਿਆਦਾ ਲੋਨ ਦਿੱਤੇ ਜਾ ਚੁੱਕੇ ਹਨ ਜਿਸ ਵਿੱਚੋਂ ਲਗਭਗ 70 ਪ੍ਰਤੀਸ਼ਤ ਲੋਨ ਮਹਿਲਾ ਉੱਦਮੀਆਂ ਨੂੰ ਮਿਲੇ ਹਨ।
-
ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਕਾ ਮਿਸ਼ਨ ਤਹਿਤ ਦੇਸ਼ ਵਿੱਚ ਅੱਜ 7 ਕਰੋੜ ਤੋਂ ਜ਼ਿਆਦਾ ਮਹਿਲਾ ਉੱਦਮੀ ਕਰੀਬ 66 ਲੱਖ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ। ਬੈਂਕਾਂ ਜ਼ਰੀਏ ਇਨ੍ਹਾਂ ਮਹਿਲਾ ਸਮੂਹਾਂ ਨੂੰ ਪਿਛਲੇ 6 ਸਾਲਾਂ ਵਿੱਚ 3 ਲੱਖ 40 ਹਜ਼ਾਰ ਕਰੋੜ ਰੁਪਏ ਦਾ ਲੋਨ ਦਿੱਤਾ ਗਿਆ ਹੈ।
-
ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਤੈਨਾਤ ਮਹਿਲਾਵਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਇੱਕ ਰੁਪਏ ਵਿੱਚ ‘ਸੁਵਿਧਾ’ ਸੈਨੀਟਰੀ ਨੈਪਕਿਨ ਦੇਣ ਦੀ ਯੋਜਨਾ ਵੀ ਚਲਾ ਰਹੀ ਹੈ। ਸਰਕਾਰ ਗਰਭਵਤੀ ਮਹਿਲਾਵਾਂ ਦੇ ਮੁਫ਼ਤ ਚੈੱਕਅੱਪ ਦੀ ਮੁਹਿੰਮ ਅਤੇ ਰਾਸ਼ਟਰੀ ਪੋਸ਼ਣ ਅਭਿਆਨ ਚਲਾ ਕੇ ਉਨ੍ਹਾਂ ਨੂੰ ਆਰਥਿਕ ਮਦਦ ਦੇ ਕੇ, ਗਰਭਵਤੀ ਮਾਵਾਂ ਅਤੇ ਬੱਚਿਆਂ ਦੀ ਸਿਹਤ ਦੀ ਰਾਖੀ ਲਈ ਨਿਰੰਤਰ ਯਤਨਸ਼ੀਲ ਹੈ। ਇਸੀ ਦਾ ਨਤੀਜਾ ਹੈ ਕਿ ਦੇਸ਼ ਵਿੱਚ ਮਾਂ ਮੌਤ ਦਰ 2014 ਵਿੱਚ ਪ੍ਰਤੀ ਲੱਖ 130 ਤੋਂ ਘੱਟ ਹੋ ਕੇ 113 ਤੱਕ ਆ ਗਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵੀ ਪਹਿਲੀ ਵਾਰ ਘਟ ਕੇ 36 ਤੱਕ ਆ ਗਈ ਹੈ ਜੋ ਆਲਮੀ ਦਰ 39 ਤੋਂ ਘੱਟ ਹੈ।
-
ਮਹਿਲਾਵਾਂ ਦੀ ਬਰਾਬਰ ਭਾਗੀਦਾਰੀ ਨੂੰ ਲਾਜ਼ਮੀ ਮੰਨਣ ਵਾਲੀ ਮੇਰੀ ਸਰਕਾਰ ਨਵੇਂ-ਨਵੇਂ ਖੇਤਰਾਂ ਵਿੱਚ ਭੈਣਾਂ-ਬੇਟੀਆਂ ਲਈ ਨਵੇਂ ਅਵਸਰ ਬਣਾ ਰਹੀ ਹੈ। ਭਾਰਤੀ ਵਾਯੂ ਸੈਨਾ ਦੀ ਫਾਈਟ ਸਟ੍ਰੀਮ ਹੋਵੇ, ਮਿਲਟਰੀ ਪੁਲਿਸ ਵਿੱਚ ਮਹਿਲਾਵਾਂ ਦੀ ਨਿਯੁਕਤੀ ਹੋਵੇ ਜਾਂ ਫਿਰ ਅੰਡਰ ਗਰਾਊਂਡ ਮਾਈਨਸ ਵਿੱਚ ਅਤੇ ਓਪਨ ਕਾਸਟ ਮਾਈਨਸ ਵਿੱਚ ਮਹਿਲਾਵਾਂ ਨੂੰ ਰਾਤ ਵਿੱਚ ਕੰਮ ਕਰਨ ਦੀ ਆਗਿਆ, ਇਹ ਸਾਰੇ ਫੈਸਲੇ ਪਹਿਲੀ ਵਾਰ ਮੇਰੀ ਸਰਕਾਰ ਨੇ ਹੀ ਲਏ ਹਨ। ਮਹਿਲਾ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੰਨ ਸਟਾਪ ਸੈਂਟਰ, ਅਧਰਾਧੀਆਂ ਦਾ ਰਾਸ਼ਟਰੀ ਡੇਟਾਬੇਸ, ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਅਤੇ ਦੇਸ਼ ਭਰ ਵਿੱਚ ਫਾਸਟ ਟ੍ਰੈਕ ਕੋਰਟ ’ਤੇ ਤੇਜੀ ਨਾਲ ਕੰਮ ਕੀਤਾ ਗਿਆ ਹੈ।
ਮਾਣਯੋਗ ਮੈਂਬਰ ਸਹਿਬਾਨ,
-
21ਵੀਂ ਸਦੀ ਦੀਆਂ ਆਲਮੀ ਜ਼ਰੂਰਤਾਂ ਅਤੇ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਰਾਸ਼ਟਰੀ ਸਿੱਖਿਆ ਨੀਤੀ ਦਾ ਐਲਾਨ ਕੀਤਾ ਹੈ। ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਆਪਣੀ ਰੁਚੀ ਦੇ ਹਿਸਾਬ ਨਾਲ ਵਿਸ਼ੇ ਪੜ੍ਹਨ ਦੀ ਆਜ਼ਾਦੀ ਦਿੱਤੀ ਗਈ ਹੈ। ਕਿਸੇ ਕੋਰਸ ਦੇ ਵਿੱਚਕਾਰ ਵੀ ਵਿਸ਼ਾ ਅਤੇ ਸਟ੍ਰੀਮ ਬਦਲਣ ਦਾ ਵਿਕਲਪ ਨੌਜਵਾਨਾਂ ਨੂੰ ਦਿੱਤਾ ਗਿਆ ਹੈ।
-
ਮੇਰੀ ਸਰਕਾਰ ਨੇ ਪ੍ਰਧਾਨ ਮੰਤਰੀ ਈ-ਵਿਦਯਾ ਤਹਿਤ ਸਕੂਲੀ ਸਿੱਖਿਆ ਲਈ ਦੀਕਸ਼ਾ ਔਨਲਾਈਨ ਪੋਰਟਲ ਨੂੰ ਵਨ ਨੇਸ਼ਨ, ਵਨ ਡਿਜੀਟਲ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਕੀਤਾ ਹੈ। ਵਿਦਿਆਰਥੀਆਂ ਦੇ ਹਿਤਾਂ ਲਈ ਸੰਵੇਦਨਸ਼ੀਲ ਮੇਰੀ ਸਰਕਾਰ ਨੇ ਜੇਈਈ ਅਤੇ ਨੀਟ ਪਰੀਖਿਆਵਾਂ ਦਾ ਵੀ ਸਫਲ ਆਯੋਜਨ ਕਰ ਕੇ ਉਨ੍ਹਾਂ ਦਾ ਇੱਕ ਸਾਲ ਖਰਾਬ ਹੋਣ ਤੋਂ ਬਚਾਇਆ ਹੈ।
ਮਾਣਯੋਗ ਮੈਂਬਰ ਸਹਿਬਾਨ,
-
ਮੇਰੀ ਸਰਕਾਰ ਦਾ ਮੰਨਣਾ ਹੈ ਕਿ ਸਭ ਤੋਂ ਜ਼ਿਆਦਾ ਵੰਚਿਤ ਵਰਗਾਂ ਦੀ ਸਮਾਜਿਕ ਅਤੇ ਆਰਥਿਕ ਵਿਕਾਸ ਦੀ ਯਾਤਰਾ, ਗੁਣਵੱਤਾ ਭਰਪੂਰ ਸਿੱਖਿਆ ਤੋਂ ਸ਼ੁਰੂ ਹੁੰਦੀ ਹੈ। ਸਰਕਾਰ ਦੀਆਂ ਵਿਭਿੰਨ ਸਕਾਲਰਸ਼ਿਪ ਯੋਜਨਾਵਾਂ ਦਾ ਲਾਭ ਅਜਿਹੇ ਹੀ 3 ਕਰੋੜ 20 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚ ਅਨੁਸੂਚਿਤ ਜਾਤੀ, ਪਿੱਛੜਾ ਵਰਗ, ਵਣਵਾਸੀ ਅਤੇ ਜਨਜਾਤੀ ਵਰਗ ਅਤੇ ਘੱਟ ਗਿਣਤੀ ਸਮੁਦਾਏ ਦੇ ਵਿਦਿਆਰਥੀ ਸ਼ਾਮਲ ਹਨ। ਸਰਕਾਰ ਦਾ ਯਤਨ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਯੋਗ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਾ ਲਾਭ ਮਿਲੇ। ਇਸ ਦੇ ਨਾਲ ਹੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟਰਿਕ ਸਕਾਲਰਸ਼ਿਪ ਵਿੱਚ ਕੇਂਦਰ ਸਰਕਾਰ ਦੇ ਹਿੱਸੇ ਨੂੰ ਵੀ ਵਧਾਇਆ ਜਾ ਰਿਹਾ ਹੈ। ਇਸੀ ਪ੍ਰਕਾਰ ਜਨਜਾਤੀ ਨੌਜਵਾਨਾਂ ਦੀ ਸਿੱਖਿਆ ਲਈ ਹਰ ਆਦਿਵਾਸੀ ਬਹੁਤਾਤ ਬਲਾਕ ਤੱਕ ਏਕਲਵਿਆ ਰਿਹਾਇਸ਼ੀ ਮਾਡਲ ਸਕੂਲਾਂ ਦੇ ਵਿਸਤਾਰ ਦਾ ਕੰਮ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਪ੍ਰਕਾਰ ਦੇ ਸਾਢੇ ਪੰਚ ਸੌ ਤੋਂ ਜ਼ਿਆਦਾ ਸਕੂਲ ਸਵੀਕਾਰ ਕੀਤੇ ਜਾ ਚੁੱਕੇ ਹਨ।
-
ਸਿੱਖਿਆ ਦੇ ਨਾਲ-ਨਾਲ ਨੌਕਰੀ ਦੀਆਂ ਪ੍ਰਕਿਰਿਆਵਾਂ ਅਸਾਨ ਕਰਨ ਅਤੇ ਵਿਵਸਥਿਤ ਕਰਨ ’ਤੇ ਵੀ ਮੇਰੀ ਸਰਕਾਰ ਦਾ ਜ਼ੋਰ ਹੈ। ਗਰੁੱਪ ਸੀ ਅਤੇ ਗਰੁੱਪ ਡੀ ਵਿੱਚ ਇੰਟਰਵਿਊ ਖਤਮ ਕਰਨ ਨਾਲ ਨੌਜਵਾਨਾਂ ਨੂੰ ਬਹੁਤ ਲਾਭ ਹੋਇਆ ਹੈ। ਸਰਕਾਰ ਨੇ ਨੈਸ਼ਨਲ ਰਿਕਰੂਟਮੈਂਟ ਏਜੰਸੀ ਦਾ ਗਠਨ ਕਰਕੇ ਨੌਜਵਾਨਾਂ ਨੂੰ ਨਿਯੁਕਤੀ ਲਈ ਕਈ ਅਲੱਗ-ਅਲੱਗ ਪਰੀਖਿਆਵਾਂ ਦੇਣ ਦੀ ਪਰੇਸ਼ਾਨੀ ਤੋਂ ਮੁਕਤ ਕੀਤਾ ਹੈ।
ਮਾਣਯੋਗ ਮੈਂਬਰ ਸਹਿਬਾਨ,
-
ਮੇਰੀ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਮੰਤਰ ਨਾਲ ਦੇਸ਼ ਦੇ ਹਰ ਖੇਤਰ ਅਤੇ ਹਰ ਵਰਗ ਦੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ। ਦਿੱਵਯਾਂਗਜਨਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਦੇਸ਼ ਭਰ ਵਿੱਚ ਹਜ਼ਾਰਾਂ ਇਮਾਰਤਾਂ ਨੂੰ, ਜਨਤਕ ਬੱਸਾਂ ਅਤੇ ਰੇਲਵੇ ਨੂੰ ਸੁਗਮਯ ਬਣਾਇਆ ਗਿਆ ਹੈ। ਲਗਭਗ 700 ਵੈੱਬਸਾਈਟਾਂ ਨੂੰ ਦਿੱਵਯਾਂਗਜਨਾਂ ਦੇ ਅਨੁਕੂਲ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਟਰਾਂਸਜੈਂਡਰ ਵਿਅਕਤੀਆਂ ਨੂੰ ਵੀ ਬਿਹਤਰ ਸੁਵਿਧਾਵਾਂ ਅਤੇ ਸਮਾਨ ਅਵਸਰ ਦੇਣ ਲਈ Transgender Persons (Protection of Rights) Act ਲਾਗੂ ਕੀਤਾ ਗਿਆ ਹੈ। Denotified, Nomadic ਅਤੇ semi-nomadic communities ਯਾਨੀ ਵਿਮੁਕਤ, ਘੁਮੰਤੂ ਅਤੇ ਅਰਧ-ਘੁਮੰਤੂ ਭਾਈਚਾਰਿਆਂ ਲਈ ਵੀ ਵਿਕਾਸ ਅਤੇ ਕਲਿਆਣ ਬੋਰਡ ਦੀ ਸਥਾਪਨਾ ਕੀਤੀ ਗਈ ਹੈ।
-
ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਏ ਦੇਸ਼ ਦੇ 112 ਖਾਹਿਸ਼ੀ ਜ਼ਿਲ੍ਹਿਆਂ ਵਿੱਚ ਮੇਰੀ ਸਰਕਾਰ ਤਰਜੀਹ ਦੇ ਅਧਾਰ ’ਤੇ ਵਿਕਾਸ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ। ਇਸ ਦਾ ਬਹੁਤ ਵੱਡਾ ਲਾਭ ਆਦਿਵਾਸੀ ਭਾਈ-ਭੈਣਾਂ ਨੂੰ ਹੋ ਰਿਹਾ ਹੈ। ਆਦਿਵਾਸੀਆਂ ਦੀ ਜੀਵਕਾਂ ਦੇ ਪ੍ਰਮੁੱਖ ਸਾਧਨ ਯਾਨੀ ਵਣ ਉਪਜ ਦੀ ਮਾਰਕਿਟਿੰਗ ਅਤੇ ਵਣ ਉਪਜ ਅਧਾਰਿਤ ਛੋਟੇ ਉਦਯੋਗਾਂ ਦੀ ਸਥਾਪਨਾ ਦਾ ਕੰਮ ਵੀ ਜਾਰੀ ਹੈ। ਅਜਿਹੀਆਂ ਕੋਸ਼ਿਸ਼ਾਂ ਨਾਲ ਲਗਭਗ 600 ਕਰੋੜ ਰੁਪਏ ਦੀ ਵਧੀਕ ਰਾਸ਼ੀ ਜਨਜਾਤੀ ਪਰਿਵਾਰਾਂ ਤੱਕ ਪਹੁੰਚੀ ਹੈ। ਸਰਕਾਰ ਵੱਲੋ 46 ਵਣ ਉਪਜਾਂ ’ਤੇ MSP, 90 ਪ੍ਰਤੀਸ਼ਤ ਤੱਕ ਵਧਾਈ ਗਈ ਹੈ।
ਮਾਣਯੋਗ ਮੈਂਬਰ ਸਹਿਬਾਨ,
-
ਆਧੁਨਿਕ ਟੈਕਨੋਲੋਜੀ ਦਾ ਭਾਰਤ ਵਿੱਚ ਵਿਕਾਸ ਅਤੇ ਹਰ ਭਾਰਤੀ ਦੀ ਟੈਕਨੋਲੋਜੀ ਤੱਕ ਅਸਾਨ ਪਹੁੰਚ, ਆਤਮਨਿਰਭਰ ਬਣਦੇ ਭਾਰਤ ਦੀ ਅਹਿਮ ਪਹਿਚਾਣ ਹੈ।
-
ਦੋ ਗਜ਼ ਦੀ ਦੂਰੀ ਦੀ ਜ਼ਰੂਰਤ ਦੇ ਵਿੱਚ, ਦੇਸ਼ ਦੀਆ ਸੰਸਥਾਵਾਂ ਅਤੇ ਨਾਗਰਿਕਾਂ ਨੇ ਡਿਜੀਟਲ ਇੰਡੀਆ ਦੀ ਤਾਕਤ ਨਾਲ ਦੇਸ਼ ਦੀ ਰਫਤਾਰ ਨੂੰ ਸੁਸਤ ਨਹੀਂ ਹੋਣ ਦਿੱਤਾ। ਪਿਛਲੇ ਸਾਲ ਦਸੰਬਰ ਵਿੱਚ ਯੂਪੀਆਈ ਨਾਲ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਡਿਜੀਟਲ ਪੇਮੈਂਟ ਹੋਇਆ ਹੈ। ਅੱਜ ਦੇਸ਼ ਵਿੱਚ 200 ਤੋਂ ਜ਼ਿਆਦਾ ਬੈਂਕ ਯੂਪੀਆਈ ਵਿਵਸਥਾ ਨਾਲ ਜੁੜੇ ਹਨ। ਇਸ ਤਰ੍ਹਾਂ ਡਿਜੀਲਾਕਰ ਦਾ,400 ਕਰੋੜ ਤੋਂ ਜ਼ਿਆਦਾ ਡਿਜੀਟਲ ਡਾਕੂਮੈਂਟਸ ਦੇ ਲਈ, ਪੇਪਰਲੈੱਸ ਪਲੈਟਫਾਰਮ ਦੀ ਤਰ੍ਹਾਂ ਉਪਯੋਗ ਕੀਤਾ ਜਾ ਰਿਹਾ ਹੈ। ਉਮੰਗ ਐਪ ਉੱਤੇ ਵੀ ਦੇਸ਼ ਦੇ ਕਰੋੜਾਂ ਨਾਗਰਿਕ 2 ਹਜ਼ਾਰ ਤੋਂ ਜ਼ਿਆਦਾ ਸੇਵਾਵਾਂ ਦਾ ਲਾਭ ਉਠਾ ਰਹੇ ਹਨ। ਦੇਸ਼ ਵਿੱਚ ਸਾਢੇ 3 ਲੱਖ ਤੋਂ ਜ਼ਿਆਦਾ ਕੌਮਨ ਸਰਵਿਸ ਸੈਂਟਰ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਨੂੰ ਸਰਕਾਰੀ ਸੇਵਾਵਾਂ ਨਾਲ ਜੋੜ ਰਹੇ ਹਨ। ਇਸੇ ਕ੍ਰਮ ਵਿੱਚ ਇੰਡੀਅਨ ਸਟੈਂਪ ਐਕਟ ਵਿੱਚ ਸੋਧ ਕਰਕੇ ਹੁਣ ਦੇਸ਼ ਵਿੱਚ ਈ-ਸਟੈਂਪ ਦੀ ਵਿਵਸਥਾ ਲਾਗੂ ਕਰ ਦਿੱਤੀ ਹੈ।
-
ਜਨਧਨ ਖਾਤਿਆਂ, ਆਧਾਰ ਅਤੇ ਮੋਬਾਈਲ ਦੀ ਤ੍ਰੈਸ਼ਕਤੀ ਨੇ ਲੋਕਾਂ ਨੂੰ ਉਨ੍ਹਾਂ ਦਾ ਅਧਿਕਾਰ ਸੁਨਿਸ਼ਚਿਤ ਕੀਤਾ ਹੈ। ਇਸ JAM ਤ੍ਰੈਸ਼ਕਤੀ ਦੀ ਵਜ੍ਹਾ ਨਾਲ,ਇੱਕ ਲੱਖ ਅੱਸੀ ਹਜ਼ਾਰ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਰਹੇ ਹਨ।
-
ਮੇਰੀ ਸਰਕਾਰ ਦੁਆਰਾ 'ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ' ਦੇ ਜ਼ਰੀਏ ਮੈਡੀਕਲ ਸੇਵਾਵਾਂ ਨੂੰ ਡਿਜੀਟਲ ਬਣਾਉਣ ਦੀ ਸ਼ੁਰੂਆਤ ਵੀ ਕੀਤੀ ਗਈ ਹੇ। ਇਸ ਦੇ ਮਾਧਿਅਮ ਨਾਲ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਨਾਗਰਿਕ ਡਿਜੀਟਲ ਅਪਵਾਇੰਟਮੈਂਟ, ਡਿਜੀਟਲ ਰਿਪੋਰਟ ਦੇ ਨਾਲ-ਨਾਲ ਡਿਜੀਟਲ ਹੈਲਥ ਰਿਕਾਰਡ ਜਿਹੀਆਂ ਸੁਵਿਧਾਵਾਂ ਦਾ ਲਾਭ ਉਠਾ ਸਕਣਗੇ।
-
ਸਾਡਾ ਆਪਣਾ ਨੇਵੀਗੇਸ਼ਨ ਸੈਟੇਲਾਈਟ ਸਿਸਟਮ-ਨਾਵਿਕ ਵੀ ਅੱਜ ਭਾਰਤ ਦਾ ਗੌਰਵ ਵਧਾ ਰਿਹਾ ਹੈ। ਇਸ ਦਾ ਲਾਭ ਹੁਣ ਹਜ਼ਾਰਾਂ ਮਛਿਆਰੇ ਸਾਥੀਆ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਨੈਸ਼ਨਲ ਅਟੋਮਿਕ ਕਲੌਕ ਅਤੇ ਭਾਰਤੀਯ ਨਿਰਦੇਸ਼ਕ ਦ੍ਰਵਯ ਪ੍ਰਣਾਲੀ ਦੇ ਰੂਪ ਵਿੱਚ ਨਵੇਂ ਮਿਆਰਾਂ ਦੇ ਅਨੁਰੂਪ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ। ਇਨ੍ਹਾਂ ਸਵਦੇਸ਼ੀ ਸਮਾਧਾਨਾਂ ਨਾਲ ਭਾਰਤ ਦੇ ਪ੍ਰਡਕਟਸ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਬਣਾਉਣ ਵਿੱਚ ਮਦਦ ਮਿਲੇਗੀ।
-
ਟੈਕਨੋਲੋਜੀ ਦਾ ਇਹ ਅਭਿਆਨ ਦੇਸ਼ ਦੀਆਂ ਲੋਕਤਾਂਤਰਿਕ ਸੰਸਥਾਵਾਂ ਨੂੰ ਵੀ ਸਸ਼ਕਤ ਕਰ ਰਿਹਾ ਹੈ। ਇਸ ਦਿਸ਼ਾ ਵਿੱਚ ਰਾਸ਼ਟਰੀ 'ਈ-ਵਿਧਾਨ ਐੱਪ' ਦੇ ਜ਼ਰੀਏ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ,ਵਿਧਾਨ ਪਰਿਸ਼ਦਾਂ ਅਤੇ ਸੰਸਦ ਦੇ ਦੋਵੇਂ ਸਦਨਾਂ ਦਾ ਡਿਜੀਟਲੀਕਰਣ ਕੀਤਾ ਜਾ ਰਿਹਾ ਹੈ। ਰਾਜ ਵਿਧਾਨ ਸਭਾਵਾਂ ਵਿੱਚ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਯਾਨਿ 'ਨੇਵਾ' ਦਾ ਲਾਗੂ ਹੋਣਾ, ਵਿਧਾਨਿਕ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੇ ਸੰਚਾਲਨ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰੇਗਾ।
ਮਾਣਯੋਗ ਮੈਂਬਰ ਸਹਿਬਾਨ,
-
ਸਾਡੀ ਸੰਸਦ, ਲੋਕਤੰਤਰ ਵਿੱਚ ਦੇਸ਼ਵਾਸੀਆਂ ਦੀ ਵਧਦੀ ਹੋਈ ਭਾਗੀਦਾਰੀ ਅਤੇ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਦੀ ਪੂਰਤੀ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਪਹਿਲਾ ਦੀ ਸਰਕਾਰਾਂ ਵਿੱਚ ਅਤੇ ਸੰਸਦ ਦੇ ਸਦਨਾਂ ਵਿੱਚ ਇਹ ਗੱਲ ਉਠਦੀ ਰਹੀ ਹੈ ਕਿ ਸੰਸਦ ਦੀ ਇਹ ਇਮਾਰਤ, ਸਾਡੀਆਂ ਵਰਤਮਾਨ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਨਾਕਾਫੀ ਸਾਬਤ ਹੋ ਰਹੀ ਹੈ। ਸੰਸਦ ਦੀ ਨਵੀਂ ਇਮਾਰਤ ਨੂੰ ਲੈ ਕੇ ਪਹਿਲਾ ਦੀਆ ਸਰਕਾਰਾਂ ਨੇ ਵੀ ਯਤਨ ਕੀਤੇ ਸਨ।ਇਹ ਸੁਖਦ ਸੰਯੋਗ ਹੈ ਕਿ ਆਜ਼ਾਦੀ ਦੇ 75ਵੇਂ ਸਾਲ ਦੇ ਵੱਲ ਵਧਦੇ ਹੋਏ ਸਾਡੇ ਦੇਸ਼ ਨੇ,ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਨਵੇਂ ਸੰਸਦ ਭਵਨ ਵਿੱਚ ਆਪਣੀ ਸੰਸਦੀ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਹਰੇਕ ਮੈਂਬਰ ਨੂੰ ਜ਼ਿਅਦਾ ਸੁਵਿਧਾ ਮਿਲੇਗੀ।
ਮਾਣਯੋਗ ਮੈਂਬਰ ਸਹਿਬਾਨ,
-
ਦੇਸ਼ਵਾਸੀਆ ਨੇ ਜਿਸ ਤੇਜ਼ੀ ਨਾਲ ਤਕਨੀਕ ਅਤੇ ਬਦਲਾਅ ਨੂੰ ਆਤਮਸਾਤ ਕੀਤਾ ਹੈ, ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਅੱਜ ਹਰੇਕ ਭਾਰਤੀ, ਦੇਸ਼ ਨੂੰ ਨਵੀਂ ਉਚਾਈ 'ਤੇ ਦੇਖਣ ਲਈ ਕਿੰਨਾ ਕਾਹਲਾ ਹੈ। ਦੇਸ਼ਵਾਸੀਆਂ ਦੀਆਂ ਆਕਾਂਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਮੇਰੀ ਸਰਕਾਰ ਤੇਜ਼ੀ ਨਾਲ ਫੈਸਲੇ ਲੈ ਰਹੀ ਹੈ ਅਤੇ ਅਰਥਵਿਵਸਥਾ ਨਾਲ ਜੁੜੇ ਹਰ ਸੈਕਟਰ ਵਿੱਚ ਅਜਿਹੇ ਸੁਧਾਰ ਕਰ ਰਹੀ ਹੈ ਜਿਨ੍ਹਾਂ ਦਾ ਇੰਤਜ਼ਾਰ ਸਾਲਾਂ ਤੋਂ ਸੀ।
-
ਫੇਸਲੈੱਸ ਟੈਕਸ ਅਸੈੱਸਮੈਂਟ ਅਤੇ ਅਪੀਲ ਦੀ ਸੁਵਿਧਾ ਦੇਣ ਦੇ ਨਾਲ ਹੀ ਮੇਰੀ ਸਰਕਾਰ ਨੇ ਦੇਸ਼ ਵਿੱਚ ਉੱਦਮਸ਼ੀਲਤਾ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕੰਪਨੀ ਐਕਟ ਦੇ ਅਨੇਕ ਪ੍ਰਬੰਧਾਂ ਨੂੰ ਗ਼ੈਰ-ਅਪਰਾਧਿਕ ਬਣਾ ਦਿੱਤਾ ਹੈ। ਉਦਯੋਗਾਂ ਨੂੰ ਜ਼ਰੂਰੀ ਸੁਵਿਧਾਵਾਂ ਮਿਲ ਸਕਣ ਇਸ ਦੇ ਲਈ ਉਦਯੋਗਿਕ ਖੇਤਰਾਂ ਦਾ, ਜੀਆਈਐੱਸ ਤਕਨੀਕ 'ਤੇ ਅਧਾਰਿਤ ਡੇਟਾਬੇਸ ਤਿਆਰ ਕੀਤਾ ਗਿਆ ਹੈ। ਇਸ ਡੇਟਾਬੇਸ ਵਿੱਚ ਦੇਸ਼ਭਰ ਦੀ ਲਗਭਗ 5 ਲੱਖ ਹੈਕਟੇਅਰ ਭੂਮੀ ਨਾਲ ਜੁੜੀ ਜਾਣਕਾਰੀ ਉਪਲੱਬਧ ਹੈ।
-
ਮੈਨੂੰ ਖੁਸ਼ੀ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਨੇ ਸ਼੍ਰਮੇਵ ਜਯਤੇ ਦੀ ਭਾਵਨਾ 'ਤੇ ਚਲਦੇ ਹੋਏ ਕਾਮਿਆ ਦੇ ਜੀਵਨ ਵਿੱਚ ਬਦਲਾਅ ਲਿਆਉਣ ਵਾਲਾ ਫੈਸਲਾ ਲਿਆ ਹੈ। 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਘੱਟ ਕਰਕੇ 4 ਲੇਬਰ ਕੋਡ ਬਣਾਏ ਗਏ ਹਨ। ਇਨ੍ਹਾਂ ਕਿਰਤ ਸੁਧਾਰਾਂ ਵਿੱਚ ਰਾਜਾਂ ਨੇ ਵੀ ਅਗਵਾਈ ਕੀਤੀ ਹੈ। ਇਨ੍ਹਾਂ ਸੁਧਾਰਾਂ ਨਾਲ ਕਿਰਤ ਭਲਾਈ ਦਾ ਦਾਇਰਾ ਵਧੇਗਾ, ਕਾਮਿਆਂ ਨੂੰ ਨਿਸ਼ਚਿਤ ਸਮੇਂ 'ਤੇ ਮਜ਼ਦੂਰੀ ਮਿਲ ਸਕੇਗੀ ਅਤੇ ਰੋਜ਼ਗਾਰ ਦੇ ਜ਼ਿਆਦਾ ਅਵਸਰ ਤਿਆਰ ਹੋਣਗੇ। ਨਵੇਂ ਲੇਬਰ ਕੋਡ ਸਾਡੀਆਂ ਮਹਿਲਾ ਕਰਮਚਾਰੀਆਂ ਦੀ ਜ਼ਿਆਦਾ ਅਤੇ ਸਨਮਾਨਜਨਕ ਭਾਗੀਦਾਰੀ ਵੀ ਸੁਨਿਸ਼ਚਿਤ ਕਰਦੇ ਹਨ।
-
ਉਦਯੋਗਾਂ ਦੇ ਲਈ, ਕਿਰਤ ਦੇ ਨਾਲ-ਨਾਲ, ਅਸਾਨ ਪੂੰਜੀ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਦੇਸ਼ ਦੇ ਬੈਂਕਿੰਗ ਸਿਸਟਮ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਡੇ ਅਤੇ ਸ਼ਕਤੀਸ਼ਾਲੀ ਬੈਂਕਾਂ ਦੇ ਨਿਰਮਾਣ ਦੇ ਲਈ ਛੋਟੇ ਬੈਂਕਾਂ ਦਾ ਆਪਸ ਵਿੱਚ ਅਭੇਦ ਵੀ ਇਸੇ ਦਿਸ਼ਾ ਵਿੱਚ ਉਠਾਇਆ ਗਿਆ ਕਦਮ ਹੈ।
-
ਮੈਨੂਫੈਕਚਰਿੰਗ ਨਾਲ ਜੁੜੇ 10 ਸੈਕਟਰਜ਼ ਦੇ ਲਈ ਪਹਿਲੀ ਵਾਰ ਦੇਸ਼ ਦੇਸ਼ ਦੇ ਲਗਭਗ ਡੇਢ ਲੱਕ ਕਰੋੜ ਰੁਪਏ ਦੀ ਪ੍ਰਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਲਾਗੂ ਕੀਤੀ ਗਈ ਹੈ। ਇਸ ਦਾ ਲਾਭ ਇਲੈਟ੍ਰੌਨਿਕਸ ਸਹਿਤ ਅਨੇਕ ਦੂਸਰੇ ਸਮਾਨ ਦੀ ਮੈਨੂਫੈਕਚਰਿੰਗ ਵਿੱਚ ਦਿਖਣ ਲਗਿਆ ਹੈ। ਦੇਸ਼ ਅਤੇ ਵਿਦੇਸ਼ ਦੀਆਂ ਅਨੇਕ ਵੱਡੀਆਂ ਕੰਪਨੀਆਂ ਨੇ ਭਾਰਤ ਵਿੱਚ ਇਨ੍ਹਾਂ ਯੋਜਨਾਵਾਂ ਦੇ ਤਹਿਤ ਕੰਮ ਸ਼ੁਰੂ ਕਰ ਦਿੱਤਾ ਹੈ।
-
ਮੇਰੀ ਸਰਕਾਰ, ਭਾਰਤ ਵਿੱਚ ਬਣੇ ਸਮਾਨ ਦੇ ਉਪਯੋਗ ਦੇ ਲਈ ਜਨ-ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਅੱਜ ਵੋਕਲ ਫਾਰ ਲੋਕਲ ਦੇਸ਼ ਦੇ ਜਨ-ਅੰਦੋਲਨ ਦਾ ਰੂਪ ਲੈ ਚੁੱਕਿਆ ਹੈ। ਭਾਰਤ ਵਿੱਚ ਬਣੇ ਸਮਾਨ ਦੇ ਪ੍ਰਤੀ ਭਾਵਨਾਤਮਕ ਲਗਾਅ ਦੇ ਨਾਲ ਹੀ ਗੁਣਵੱਤਾ ਵਿੱਚ ਵੀ ਉਹ ਸ੍ਰੇਸ਼ਠ ਹੋਣ, ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ।
-
ਦੇਸ਼ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਸੁਧਾਰ ਦੇ ਲਈ ਵੀ ਨਿਰੰਤਰ ਕਦਮ ਉਠਾਏ ਜਾ ਰਹੇ ਹਨ। ਇਸ ਦੇ ਲਈ ਰਾਜਾਂ ਦੇ ਵਿੱਚ ਸਿਹਤਮੰਦ ਮੁਕਾਬਲੇ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਰੈਂਕਿੰਗ ਸੁਧਾਰ ਦੀ ਗੰਭੀਰਤਾ ਨੂੰ ਰਾਜ ਵੀ ਸਮਝ ਰਹੇ ਹਨ ਅਤੇ ਇਸ ਵਿੱਚ ਵਧ-ਚੜ੍ਹ ਕੇ ਹਿੱਸਾ ਵੀ ਲੈ ਰਹੇ ਹਨ।
-
ਕੋਰੋਨਾ ਦੇ ਇਸ ਕਾਲ ਵਿੱਚ, ਹਰੇਕ ਭਾਰਤੀ ਦਾ ਜੀਵਨ ਬਚਾਉਣ ਦੇ ਯਤਨਾਂ ਦੇ ਵਿੱਚ ਅਰਥਵਿਵਸਥਾ ਨੂੰ ਹੋ ਹਾਨੀ ਹੋਈ ਸੀ, ਉਸ ਤੋਂ ਵੀ ਹੁਣ ਦੇਸ਼ ਉੱਭਰਨ ਲਗਿਆ ਹੈ। ਇਹ ਅੱਜ ਅਨੇਕ ਇੰਡੀਕੇਟਰਸ ਦੇ ਮਾਧਿਅਮ ਨਾਲ ਸਪਸ਼ਟ ਹੋ ਰਿਹਾ ਹੈ। ਇਸ ਮੁਸ਼ਕਿਲ ਸਮੇਂ ਵਿੱਚ ਵੀ ਭਾਰਤ ਦੁਨੀਆ ਦੇ ਨਿਵੇਸ਼ਕਾਂ ਦੇ ਲਈ ਆਕਰਸ਼ਕ ਸਥਾਨ ਬਣਾ ਕੇ ਉੱਭਰਿਆ ਹੈ। ਅਪ੍ਰੈਲ ਤੋਂ ਅਗਸਤ, 2020 ਦੇ ਵਿੱਚ ਲਗਭਗ 36 ਅਰਬ ਡਾਲਰ ਦਾ ਰਿਕਾਰਡ ਸਿੱਧਾ ਵਿਦੇਸ਼ੀ ਨਿਵੇਸ਼ ਭਾਰਤ ਵਿੱਚ ਹੋਇਆ ਹੈ।
ਮਾਣਯੋਗ ਮੈਂਬਰ ਸਹਿਬਾਨ,
-
ਮੇਰੀ ਸਰਕਾਰ ਮੰਨਦੀ ਹੈ ਕਿ ਦੇਸ਼ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ, ਨਵੇਂ ਅਤੇ ਆਤਮਨਿਰਭਰ ਭਾਰਤ ਦੇ ਲਈ ਮਜ਼ਬੂਤ ਨੀਂਹ ਦਾ ਕੰਮ ਕਰੇਗਾ। ਕੋਰੋਨਾ ਕਾਲ ਵਿੱਚ ਵੀ ਆਧੁਨਿਕ ਬੁਨਿਆਦੀ ਢਾਂਚੇ ਦੇ ਅਨੇਕ ਵੱਡੇ ਪ੍ਰੋਜੈਕਟਾਂ 'ਤੇ ਤੇਜ਼ੀ ਨਾਲ ਕੰਮ ਹੋਣਾ ਅਤੇ ਉਨ੍ਹਾਂ ਦਾ ਪੂਰਾ ਹੋਣਾ,ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਚੇਨਈ ਤੋਂ ਪੋਰਟ ਬਲੇਅਰ ਤੱਕ ਸਬਮੈਰੀਨ ਔਪਟੀਕਲ ਫਾਈਬਰ ਕੇਬਲ ਹੋਵੇ, ਅਟਲ ਟਨਲ ਹੋਵੇ ਜਾਂ ਫਿਰ ਚਾਰ ਧਾਮ ਸੜਕ ਪ੍ਰੋਜੈਕਟ,ਸਾਡਾ ਦੇਸ਼ ਵਿਕਾਸ ਦੇ ਕਾਰਜਾਂ ਨੂੰ ਅੱਗੇ ਵਧਾਉਂਦਾ ਰਿਹਾ।
-
ਕੁਝ ਦਿਨ ਪਹਿਲਾ ਹੀ ਪੂਰਬੀ ਅਤੇ ਪੱਛਮੀ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੇ ਸੈਕਸ਼ਨਸ, ਦੇਸ਼ ਨੂੰ ਸਮਰਪਿਤ ਕੀਤੇ ਗਏ ਹਨ। ਇਹ ਫ੍ਰੇਟ ਕੌਰੀਡੋਰ ਪੂਰਬੀ ਭਾਰਤ ਵਿੱਚ ਉਦਯੋਗੀਕਰਣ ਨੂੰ ਪ੍ਰੋਤਸਾਹਨ ਦੇਣ ਦੇ ਨਾਲ ਹੀ ਰੇਲ ਯਾਤਰਾ ਵਿੱਚ ਹੋਣ ਵਾਲੀ ਬੇਲੋੜੀ ਦੇਰੀ ਨੂੰ ਵੀ ਘੱਟ ਕਰਨਗੇ।
-
ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਰੂਪ ਦੇਣ ਦੇ ਲਈ ਮੇਰੀ ਸਰਕਾਰ 110 ਲੱਖ ਕਰੋੜ ਤੋਂ ਜ਼ਿਆਦਾ ਦੀ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ 'ਤੇ ਵੀ ਕੰਮ ਕਰ ਰਹੀ ਹੈ। ਨਾਲ ਹੀ, ਭਾਰਤਮਾਲਾ ਪਰਿਯੋਜਨਾ ਦੇ ਪਹਿਲੇ ਪੜਾਅ ਵਿੱਚ ਛੇ ਨਵੇਂ ਐਕਸਪ੍ਰੈੱਸ-ਵੇ ਅਤੇ 18 ਨਵੇਂ ਐਕਸੇਸ ਕੰਟਰੋਲਡ ਕੌਰੀਡੋਰਸ ਦਾ ਨਿਰਮਾਣ ਚਲ ਰਿਹਾ ਹੈ।
-
ਗੁਜਰਾਤ ਦੇ ਹਜੀਰਾ ਅਤੇ ਘੋਘਾ ਦੇ ਵਿੱਚਕਾਰ ਸ਼ੁਰੂ ਕੀਤੀ ਗਈ ਰੋ-ਪੈਕਸ ਫੇਰੀ ਸੇਵਾ ਹੋਵੇ ਜਾਂ ਫਿਰ ਕੇਵਡੀਆ ਅਤੇ ਸਾਬਰਮਤੀ ਰਿਵਰ ਫਰੰਟ ਦੇ ਵਿੱਚ ਸੀ-ਪਲੇਨ ਸੇਵਾ,ਇਹ ਭਾਰਤ ਵਿੱਚ ਵਾਟਰ ਟਰਾਂਸਪੋਰਟ ਨੂੰ ਨਵਾਂ ਆਯਾਮ ਦੇ ਰਹੇ ਹਨ। ਦੁਨੀਆ ਦੀ ਸਭ ਤੋਂ ਉੱਚੀ ਸਰਦਾਰ ਪਟੇਲ ਦੀ ਪ੍ਰਤਿਮਾ ਦਾ ਗੌਰਵ ਆਪਣੇ ਨਾਲ ਰੱਖਣ ਵਾਲੇ ਕੇਵਡੀਆ ਨਾਲ ਹੁਣ ਦੇਸ਼ ਦੇ ਅਨੇਕ ਸ਼ਹਿਰਾਂ ਤੋਂ ਸਿੱਧੀਆਂ ਟ੍ਰੇਨਾਂ ਚਲਣ ਲਗੀਆਂ ਹਨ।
ਮਾਣਯੋਗ ਮੈਂਬਰ ਸਹਿਬਾਨ,
-
ਦੇਸ਼ ਨੂੰ ਗੈਸ ਬੇਸਿਡ ਇਕੌਨਮੀ ਬਣਾਉਣ ਦੇ ਲਈ ਗੈਸ ਕਨੈਕਟੀਵਿਟੀ 'ਤੇ ਵੀ ਤੇਜ਼ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾ ਹੀ ਕੋਚੀ-ਮੰਗਲੁਰੂ ਗੈਸ ਪਾਈਪਲਾਈਨ ਦਾ ਲੋਕਅਰਪਣ ਕੀਤਾ ਗਿਆ ਹੈ। ਡੋਭੀ-ਦੁਰਗਾਪੁਰ ਗੈਸ ਪਾਈਪਲਾਈਨ ਦਾ ਨਿਰਮਾਣ 'ਊਰਜਾ ਗੰਗਾ' ਦਾ ਪ੍ਰਵਾਹ ਵਧਾ ਰਿਹਾ ਹੈ। ਇਹ ਪਾਈਪਲਾਈਨ ਪੱਛਮ ਬੰਗਾਲ ਤੱਕ ਜਾਏਗੀ ਅਤੇ ਪੂਰਬੀ ਭਾਰਤ ਦੇ ਵਿਭਿੰਨ ਉਦਯੋਗਾਂ, ਵਿਸ਼ੇਸ਼ਕਰ ਖਾਦ ਕਾਰਖਾਨਿਆਂ ਨੂੰ, ਗੈਸ ਉਪਲੱਬਧ ਕਰਾਏਗੀ।ਇਸ ਤਰ੍ਹਾਂ ਤਮਿਲ ਨਾਡੂ ਦੇ ਖਾਦ ਕਾਰਖਾਨੇ ਅਤੇ ਹੋਰ ਉਦਯੋਗਿਕ ਇਕਾਈਆਂ ਨੂੰ ਗੈਸ ਪਾਈਪਲਾਈਨ ਨਾਲ ਜੋੜਨ ਦੇ ਲਈ ਤੂਤੀਕੋਰੀਨ-ਰਾਮਨਾਥਪੁਰਮ ਗੈਸ ਪਾਈਪਲਾਈਨ 'ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।
ਮਾਣਯੋਗ ਮੈਂਬਰ ਸਹਿਬਾਨ,
-
ਮੇਰੀ ਸਰਕਾਰ ਦੇਸ਼ ਵਿੱਚ ਸ਼ਹਿਰੀਕਰਣ ਦੇ ਵਿਕਾਸ ਨੂੰ ਇੱਕ ਅਵਸਰ ਦੇ ਰੂਪ ਵਿੱਚ ਦੇਖਦੀ ਹੈ, ਇਸ ਲਈ ਸ਼ਹਿਰੀ ਬੁਨਿਆਦੀ ਢਾਂਚੇ 'ਤੇ ਵਿਆਪਕ ਨਿਵੇਸ਼ ਕੀਤਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਗ਼ਰੀਬਾਂ ਦੇ ਲਈ ਮਨਜ਼ੂਰ ਇੱਕ ਕਰੋੜ ਤੋਂ ਜ਼ਿਆਦਾ ਘਰਾਂ ਵਿੱਚੋਂ ਕਰੀਬ 40 ਲੱਖ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਕੁਝ ਦਿਨਾਂ ਪਹਿਲਾ ਦੇਸ਼ ਦੇ 6 ਸ਼ਹਿਰਾਂ ਵਿੱਚ ਆਧੁਨਿਕ ਟੈਕਨੋਲੋਜੀ ਅਧਾਰਿਤ ਘਰ ਬਣਾਉਣ 'ਤੇ ਕੰਮ ਵੀ ਸ਼ੁਰੂ ਕੀਤਾ ਗਿਆ ਹੈ।ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਬਿਹਤਰ ਆਵਾਸ ਮਿਲ ਸਕਣ ਇਸ ਦੇ ਲਈ ਉਚਿਤ ਕਿਰਾਏ ਵਾਲੀ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ।
-
ਸ਼ਹਿਰਾਂ ਵਿੱਚ ਕਨੈਕਟੀਵਿਟੀ ਨਾਲ ਜੁੜਿਆ ਬੁਨਿਆਦੀ ਢਾਂਚਾ ਵੀ ਸਰਕਾਰ ਦੀ ਤਰਜੀਹ ਹੈ। ਅੱਜ ਦੇਸ਼ ਦੇ 27 ਸ਼ਹਿਰਾਂ ਵਿੱਚ ਮੈਟਰੋ ਸੇਵਾ ਦੇ ਵਿਸਤਾਰ ਦੇ ਲਈ ਕੰਮ ਚਲ ਰਿਹਾ ਹੈ। ਕੁਝ ਦਿਨ ਪਹਿਲਾ ਹੀ ਦਿੱਲੀ ਮੈਟਰੋ ਦੇ ਇੱਕ ਰੂਟ 'ਤੇ ਡਰਾਈਵਰਲੈੱਸ ਮੈਟਰੋ ਵੀ ਚਲਾਈ ਗਈ। ਸ਼ਹਿਰਾਂ ਵਿੱਚ ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ ਦੇ ਨਿਰਮਾਣ ਨਾਲ ਵੀ ਪਬਲਿਕ ਟਰਾਂਸਪੋਰਟ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਕੌਮਨ ਮੋਬਿਲਿਟੀ ਕਾਰਡ ਦੇ ਦੇਸ਼ਭਰ ਵਿੱਚ ਹੋ ਰਹੇ ਵਿਸਤਾਰ ਨਾਲ ਦੇਸ਼ ਵਿੱਚ ਯਾਤਰਾ ਹੋ ਅਸਾਨ ਹੋਵੇਗੀ।
ਮਾਣਯੋਗ ਮੈਂਬਰ ਸਹਿਬਾਨ,
-
ਮੇਰੀ ਸਰਕਾਰ ਪੂਰਬੀ ਭਾਰਤ ਦੇ ਸੰਪੂਰਨ ਅਤੇ ਸੰਤੁਲਿਤ ਵਿਕਾਸ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਪੂਰਬ ਉੱਤਰ ਭੂਗੋਲਿਕ, ਸੱਭਿਆਚਾਰਕ, ਭਾਸ਼ਾਈ ਵਿਸ਼ੇਸ਼ਤਾਵਾਂ ਅਤੇ ਸਮਾਜਿਕ ਪਹਿਚਾਣ ਨੂੰ ਸੁਰੱਖਿਅਤ ਰੱਖਦੇ ਹੋਏ ਤੇਜ਼ ਵਿਕਾਸ ਦੀ ਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ। ਬ੍ਰਹਮਪੁੱਤਰ ਨਦੀ ਅਸਾਮ ਸਮੇਤ ਉੱਤਰ-ਪੂਰਬੀ ਰਾਜਾਂ ਦੀ 'ਜੀਬੋਨਧਾਰਾ' ਹੈ। ਇਸੀ ਜੀਵਨਧਾਰਾ ਨੂੰ ਆਰਥਿਕ ਗਤੀਵਿਧੀਆਂ ਦਾ ਆਧਾਰ ਬਣਾ ਕੇ ਵਿਭਿੰਨ ਰਾਸ਼ਟਰੀ ਜਲਮਾਰਗਾਂ ਦੇ ਆਰੰਭ ਦੇ ਲਈ ਕੰਮ ਹੋ ਰਿਹਾ ਹੈ। ਇਸ ਦਾ ਲਾਭ ਪੂਰਬ ਉੱਤਰ ਦੇ ਕਿਸਾਨਾਂ,ਨੌਜਵਾਨਾਂ ਅਤੇ ਉੱਦਮੀਆਂ,ਸਾਰਿਆਂ ਨੁੰ ਹੋਵੇਗਾ। 'ਅਰਥ ਬ੍ਰਹਮਪੁੱਤਰ' ਪ੍ਰੋਗਰਾਮ ਨਾਲ 'ਇੰਟੀਗ੍ਰੇਟਿਡ ਨੈਸ਼ਨਲ ਵਾਟਰਵੇਜ਼' ਦਾ ਵਿਕਾਸ ਕਰਕੇ, ਬ੍ਰਹਮਪੁੱਤਰ ਅਤੇ ਬਰਾਕ ਨਦੀ ਨੂੰ ਵਿਕਾਸ ਦੀ ਧਾਰਾ ਬਣਾਉਣ ਦਾ ਯਤਨ ਜਾਰੀ ਹੈ।
-
ਮੇਰੀ ਸਰਕਾਰ ਨੇ ਪੂਰਬ ਉੱਤਰ ਵਿੱਚ ਸਥਾਈ ਸ਼ਾਂਤੀ ਦੇ ਲਈ ਸੰਵੇਦਨਾ ਅਤੇ ਸਹਿਯੋਗ ਦੀ ਜਿਸ ਨੀਤੀ ਦੇ ਨਾਲ ਕੰਮ ਕੀਤਾ ਹੈ ਉਸ ਦਾ ਲਾਭ ਅੱਜ ਸਾਫ ਦਿਖ ਰਿਹਾ ਹੈ। ਅੱਜ ਪੂਰਬ ਉੱਤਰ ਵਿੱਚ ਅਤਿਵਾਦ ਸਮਾਪਤੀ ਦੇ ਵੱਲ ਹੈ ਅਤੇ ਹਿੰਸਾ ਦੀ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ। ਹਿੰਸਾ ਦੇ ਰਸਤੇ 'ਤੇ ਭਟਕੇ ਨੌਜਵਾਨ ਹੁਣ ਵਿਕਾਸ ਅਤੇ ਰਾਸ਼ਟਰ-ਨਿਰਮਾਣ ਦੀ ਮੁੱਖਧਾਰਾ ਵਿੱਚ ਵਾਪਸ ਆ ਰਹੇ ਹਨ।
-
ਬਰੂ ਸ਼ਰਣਾਰਥੀਆਂ ਦੇ ਪੁਨਰਵਾਸ ਨੂੰ ਸ਼ਾਂਤੀ ਅਤੇ ਸਦਭਾਵਨਾ ਦੇ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਪ੍ਰਕਾਰ ਇਤਿਹਾਸਿਕ ਬੋਡੋ ਸ਼ਾਂਤੀ ਸਮਝੌਤਾ ਵੀ ਹੋਇਆ ਹੈ, ਜਿਸ ਨੂੰ ਸਫਲਤਾ-ਪੂਰਬਕ ਲਾਗੂ ਕੀਤਾ ਗਿਆ ਹੈ। ਸਮਝੌਤਾ ਹੋਣ ਦੇ ਬਾਅਦ ਇਸ ਵਾਰ ਬੋਡੋ ਟੈਰੀਟੋਰੀਅਲ ਕੌਂਸਲ ਦੀਆਂ ਚੋਣਾਂ ਵੀ ਸਫਲਤਾ ਦੇ ਨਾਲ ਪੂਰੀਆਂ ਹੋਈਆਂ ਹਨ।
ਮਾਣਯੋਗ ਮੈਂਬਰ ਸਹਿਬਾਨ,
-
ਮੇਰੀ ਸਰਕਾਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨਾਲ ਨਜਿੱਠਣ ਲਈ ਹਰ ਪੱਧਰ 'ਤੇ ਪ੍ਰਯਤਨਸ਼ੀਲ ਹੈ। ਇੱਕ ਪਾਸੇ ਜਿੱਥੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਨਾਲ ਸਖ਼ਤਾਈ ਵਰਤੀ ਜਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਨਕਸਲਵਾਦੀ ਹਿੰਸਾ ਦੀਆਂ ਘਟਨਾਵਾਂ ਵਿੱਚ ਇੱਕ ਮਹੱਤਵਪੂਰਨ ਕਮੀ ਆਈ ਹੈ ਅਤੇ ਨਕਸਲ ਪ੍ਰਭਾਵਿਤ ਖੇਤਰ ਦਾ ਦਾਇਰਾ ਸੰਕੁਚਿਤ ਹੋ ਰਿਹਾ ਹੈ।
-
ਜੰਮੂ-ਕਸ਼ਮੀਰ ਦੇ ਲੋਕਾਂ ਨੇ ਵੀ ਮੇਰੀ ਸਰਕਾਰ ਦੀ ਵਿਕਾਸ ਨੀਤੀ ਦਾ ਭਰਪੂਰ ਸਮਰਥਨ ਕੀਤਾ ਹੈ। ਕੁਝ ਹਫ਼ਤੇ ਪਹਿਲਾਂ ਹੀ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਜੰਮੂ-ਕਸ਼ਮੀਰ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਸਫਲਤਾ ਪੂਰਵਕ ਸੰਪੰਨ ਹੋਈਆਂ ਹਨ। ਵੱਡੀ ਗਿਣਤੀ ਵਿੱਚ ਵੋਟਰਾਂ ਦੀ ਭਾਗੀਦਾਰੀ ਨੇ ਦਰਸਾਇਆ ਹੈ ਕਿ ਜੰਮੂ-ਕਸ਼ਮੀਰ ਇੱਕ ਨਵੇਂ ਲੋਕਤੰਤਰੀ ਭਵਿੱਖ ਵੱਲ ਤੇਜ਼ੀ ਨਾਲ ਅੱਗੇ ਵਧ ਚਲਿਆ ਹੈ। ਪ੍ਰਦੇਸ਼ ਦੇ ਲੋਕਾਂ ਨੂੰ ਨਵੇਂ ਅਧਿਕਾਰ ਮਿਲਣ ਨਾਲ ਉਨ੍ਹਾਂ ਦਾ ਸਸ਼ਕਤੀਕਰਨ ਹੋਇਆ ਹੈ। ਆਯੁਸ਼ਮਾਨ ਭਾਰਤ-ਸਿਹਤ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਹਰ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਲਾਭ ਮਿਲਣਾ ਤੈਅ ਹੋਇਆ ਹੈ। ਜੰਮੂ ਵਿੱਚ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਦਾ ਬੈਂਚ ਵੀ ਸਥਾਪਿਤ ਕੀਤਾ ਗਿਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗਠਨ ਤੋਂ ਬਾਅਦ ਲੱਦਾਖ ਖੁਦਮੁਖ਼ਤਿਆਰੀ ਪਹਾੜੀ ਵਿਕਾਸ ਪਰਿਸ਼ਦ ਦੀ ਚੋਣ ਦੀ ਪ੍ਰਕਿਰਿਆ ਕੁਝ ਮਹੀਨੇ ਪਹਿਲਾਂ ਸਫਲਤਾ ਪੂਰਵਕ ਮੁਕੰਮਲ ਹੋ ਗਈ ਹੈ। ਹੁਣ ਖ਼ੁਦ ਲੱਦਾਖ ਦੇ ਲੋਕ ਆਪਣੇ ਪ੍ਰਦੇਸ਼ ਦੇ ਵਿਕਾਸ ਨਾਲ ਜੁੜੇ ਫੈਸਲੇ ਹੋਰ ਤੇਜ਼ੀ ਨਾਲ ਲੈ ਰਹੇ ਹਨ।
ਮਾਣਯੋਗ ਮੈਂਬਰ ਸਹਿਬਾਨ,
77. ਜਦੋਂ ਅਸੀਂ ਇਸ ਕੋਰੋਨਾ ਕਾਲ ਵਿੱਚ ਦੇਸ਼ ਦੇ ਅੰਦਰ ਆਪਦਾਵਾਂ ਦਾ ਸਾਹਮਣਾ ਕਰ ਰਹੇ ਸਾਂ, ਉਸ ਸਮੇਂ ਸਾਡੀ ਸਰਹੱਦ 'ਤੇ ਵੀ ਦੇਸ਼ ਦੀ ਸਮਰੱਥਾ ਨੂੰ ਚੁਣੌਤੀ ਦੇਣ ਦੇ ਪ੍ਰਯਤਨ ਕੀਤੇ ਗਏ ਸਨ। ਐੱਲਏਸੀ 'ਤੇ ਦੁਵੱਲੇ ਸਬੰਧਾਂ ਅਤੇ ਸਮਝੌਤਿਆਂ ਨੂੰ ਦਰਕਿਨਾਰ ਕਰਦਿਆਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸਾਡੇ ਸੁਰੱਖਿਆ ਬਲਾਂ ਨੇ ਨਾ ਸਿਰਫ ਪੂਰੀ ਸਜਗਤਾ, ਸ਼ਕਤੀ ਅਤੇ ਹੌਂਸਲੇ ਦੇ ਨਾਲ ਇਨ੍ਹਾਂ ਸਾਜ਼ਿਸ਼ਾਂ ਦਾ ਮੂੰਹਤੋੜ ਜਵਾਬ ਦਿੱਤਾ, ਬਲਕਿ ਸਰਹੱਦ 'ਤੇ ਯਥਾਸਥਿਤੀ ਨੂੰ ਬਦਲਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਵੀ ਨਾਕਾਮ ਕਰ ਦਿੱਤਾ। ਸਾਡੇ ਜਾਬਾਜ਼ਾਂ ਨੇ ਜਿਸ ਸੰਜਮ, ਬਹਾਦਰੀ ਅਤੇ ਪਰਾਕ੍ਰਮ ਦਾ ਪਰੀਚੈ ਦਿੱਤਾ, ਉਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਏ, ਘੱਟ ਹੈ। ਜੂਨ 2020 ਵਿੱਚ, ਸਾਡੇ 20 ਜਵਾਨਾਂ ਨੇ ਮਾਤ੍ਰਭੂਮੀ ਦੀ ਰੱਖਿਆ ਲਈ ਗਲਵਾਨ ਘਾਟੀ ਵਿੱਚ ਆਪਣੀ ਸਰਬਉੱਚ ਕੁਰਬਾਨੀ ਵੀ ਦਿੱਤੀ। ਹਰ ਦੇਸ਼ਵਾਸੀ ਇਨ੍ਹਾਂ ਸ਼ਹੀਦਾਂ ਦਾ ਸ਼ੁਕਰਗੁਜ਼ਾਰ ਹੈ।
-
ਮੇਰੀ ਸਰਕਾਰ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਚੌਕਸ ਹੈ। ਐੱਲਏਸੀ ਉੱਤੇ ਭਾਰਤ ਦੀ ਸੰਪ੍ਰਭੂਤਾ ਦੀ ਰੱਖਿਆ ਲਈ ਅਤਿਰਿਕਤ ਸੈਨਾ ਬਲ ਵੀ ਤੈਨਾਤ ਕੀਤੇ ਗਏ ਹਨ।
ਮਾਣਯੋਗ ਮੈਂਬਰ ਸਹਿਬਾਨ,
-
ਸਾਡੇ ਸੁਤੰਤਰਤਾ ਸੰਗਰਾਮ ਦੌਰਾਨ ਦੇਸ਼ ਭਗਤੀ ਦੇ ਅਮਰ ਗੀਤਾਂ ਦੀ ਰਚਨਾ ਕਰਨ ਵਾਲੇ ਮਲਿਆਲਮ ਦੇ ਸਭ ਤੋਂ ਸ੍ਰੇਸ਼ਟ ਕਵੀ ਵੱਲਥੋਲ ਨੇ ਕਿਹਾ ਹੈ:
ਭਾਰਤਮ੍ ਐਨਾ ਪੇਰੂ ਕੇਟਾਲ ਅਭਿਮਾਨਾ ਪੂਰਿਦਮ੍ ਆਗਨਮ੍ ਅੰਤਰੰਗਮ੍।
(भारतम् ऐन्ना पेरू केट्टाल अभिमाना पूरिदम् आगनम् अंतरंगम्।)
ਅਰਥਾਤ,
ਜਦੋਂ ਵੀ ਤੁਸੀਂ ਭਾਰਤ ਦਾ ਨਾਮ ਸੁਣੋ, ਤੁਹਾਡਾ ਹਿਰਦਾ ਮਾਣ ਨਾਲ ਭਰ ਜਾਣਾ ਚਾਹੀਦਾ ਹੈ।
80. ਮੇਰੀ ਸਰਕਾਰ ਭਵਿੱਖ ਦੇ ਭਾਰਤ ਦੀ ਵਿਸ਼ਾਲ ਭੂਮਿਕਾ ਦੇ ਮੱਦੇਨਜ਼ਰ ਆਪਣੀ ਸੈਨਿਕ ਤਿਆਰੀ ਨੂੰ ਮਜ਼ਬੂਤ ਕਰਨ ਵਿੱਚ ਲਗੀ ਹੋਈ ਹੈ। ਅੱਜ ਬਹੁਤ ਸਾਰੇ ਆਧੁਨਿਕ ਸਾਜ਼ੋ-ਸਮਾਨ ਭਾਰਤ ਦੀ ਸੈਨਿਕ ਸਮਰੱਥਾ ਦਾ ਹਿੱਸਾ ਬਣ ਰਹੇ ਹਨ। ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਉੱਤੇ ਵੀ ਸਰਕਾਰ ਦਾ ਜ਼ੋਰ ਹੈ। ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਐੱਚਏਐੱਲ ਨੂੰ 83 ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਦੇ ਨਿਰਮਾਣ ਦਾ ਆਦੇਸ਼ ਦਿੱਤਾ ਹੈ। ਇਸ ‘ਤੇ 48 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਸਰਕਾਰ ਦੁਆਰਾ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ 100 ਤੋਂ ਵੱਧ ਰੱਖਿਆ ਨਾਲ ਜੁੜੇ ਸਮਾਨਾਂ ਦੇ ਆਯਾਤ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸੇ ਤਰ੍ਹਾਂ ਸੁਪਰਸੋਨਿਕ ਟਾਰਪੀਡੋ, ਤੇਜ਼ ਪ੍ਰਤਿਕ੍ਰਿਆ ਮਿਸਾਈਲਾਂ, ਟੈਂਕਾਂ ਅਤੇ ਸਵਦੇਸ਼ੀ ਰਾਈਫਲਾਂ ਸਮੇਤ ਬਹੁਤ ਸਾਰੇ ਅਤਿ ਆਧੁਨਿਕ ਹਥਿਆਰ ਦੇਸ਼ ਵਿੱਚ ਹੀ ਬਣ ਰਹੇ ਹਨ। ਅੱਜ ਭਾਰਤ, ਰੱਖਿਆ ਸਾਮਾਨ ਦੇ ਨਿਰਯਾਤ ਦੇ ਖੇਤਰ ਵਿੱਚ ਵੀ ਆਪਣੀ ਹਿੱਸੇਦਾਰੀ ਤੇਜ਼ੀ ਨਾਲ ਵਧਾ ਰਿਹਾ ਹੈ।
ਮਾਣਯੋਗ ਮੈਂਬਰ ਸਹਿਬਾਨ,
81. Indian National Space Promotion and Authorisation Centre - ‘IN-SPACe’ (ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਅਤੇ ਔਥੋਰਾਈਜ਼ੇਸ਼ਨ ਸੈਂਟਰ - 'ਇਨ-ਸਪੇਸ') ਦਾ ਗਠਨ ਪੁਲਾੜ ਖੇਤਰ ਵਿੱਚ ਵੱਡੇ ਸੁਧਾਰਾਂ ਨੂੰ ਗਤੀਮਾਨ ਕਰੇਗਾ। ਅੱਜ, ਸਾਨੂੰ ਮਾਣ ਹੈ ਕਿ ਇਸਰੋ ਦੇ ਵਿਗਿਆਨੀ ਚੰਦਰਯਾਨ -3, ਗਗਨਯਾਨ, ਅਤੇ Small Satellite Launch Vehicle ਵਰਗੇ ਮਹੱਤਵਪੂਰਨ ਅਭਿਆਨਾਂ 'ਤੇ ਕੰਮ ਕਰ ਰਹੇ ਹਨ। ਦੇਸ਼ ਪ੍ਰਮਾਣੂ ਊਰਜਾ ਵਿੱਚ ਵੀ ਤੇਜ਼ੀ ਨਾਲ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ। ਕੁਝ ਮਹੀਨੇ ਪਹਿਲਾਂ ਕਾਕਰਾਪਾਰ ਵਿੱਚ ਦੇਸ਼ ਦੇ ਪਹਿਲੇ ਸਵਦੇਸ਼ੀ pressurized heavy water reactor ਦਾ ਸਫ਼ਲ ਪਰੀਖਣ ਕੀਤਾ ਗਿਆ ਹੈ।
ਮਾਣਯੋਗ ਮੈਂਬਰ ਸਹਿਬਾਨ,
82. ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੀ ਸੁਰੱਖਿਆ ਵੀ ਮੇਰੀ ਸਰਕਾਰ ਦੀਆਂ ਪਹਿਲੀਆਂ ਤਰਜੀਹਾਂ ਵਿੱਚੋਂ ਇੱਕ ਹੈ। ਇਸੇ ਸੰਕਲਪ ਨੂੰ ਲੈ ਕੇ ਭਾਰਤ GDP ਦੀ Emissions Intensity ਨੂੰ ਸਾਲ 2005 ਦੇ ਮੁਕਾਬਲੇ 2030 ਤੱਕ 33 ਤੋਂ 35 ਪ੍ਰਤੀਸ਼ਤ ਤੱਕ ਘਟਾਉਣ ਦੇ ਟੀਚੇ 'ਤੇ ਕੰਮ ਕਰ ਰਿਹਾ ਹੈ। ਪੈਰਿਸ ਸਮਝੌਤੇ ਨੂੰ ਲਾਗੂ ਕਰਨ ਵਿੱਚ ਭਾਰਤ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੈ।
83. ਹਾਲ ਹੀ ਵਿੱਚ, ਕੱਛ ਦੇ ਰੇਗਿਸਤਾਨ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ Hybrid Renewable Energy Park ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ। ਪਿਛਲੇ 6 ਸਾਲਾਂ ਵਿੱਚ, ਭਾਰਤ ਦੀ ਅਖੁੱਟ ਊਰਜਾ ਸਮਰੱਥਾ ਵਿੱਚ ਢਾਈ ਗੁਣਾ ਵਾਧਾ ਹੋਇਆ ਹੈ, ਜਦੋਂ ਕਿ ਸੌਰ ਊਰਜਾ ਸਮਰੱਥਾ ਵਿੱਚ 13 ਗੁਣਾ ਵਾਧਾ ਹੋਇਆ ਹੈ। ਅੱਜ, ਦੇਸ਼ ਵਿੱਚ ਕੁੱਲ ਊਰਜਾ ਉਤਪਾਦਨ ਸਮਰੱਥਾ ਦਾ ਲਗਭਗ ਇੱਕ ਚੌਥਾਈ ਹਿੱਸਾ ਅਖੁੱਟ ਸੰਸਾਧਨਾਂ 'ਤੇ ਅਧਾਰਿਤ ਹੈ।
84. ਭਾਰਤ ਇਸ ਕੋਰੋਨਾ-ਕਾਲ ਸਮੇਂ ਵਿੱਚ ਵੀ ਜਿਸ ਗੰਭੀਰਤਾ ਨਾਲ ਆਪਣੀਆਂ ਗਲੋਬਲ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ, ਉਸ ਨੂੰ ਅੱਜ ਦੁਨੀਆ ਦੇਖ ਰਹੀ ਹੈ। "ਵਸੁਧੈਵ ਕੁਟੰਬਕਮ੍" ਦੀ ਭਾਵਨਾ ਨੂੰ ਸਾਕਾਰ ਕਰਦੇ ਹੋਏ, ਭਾਰਤ ਨੇ 150 ਤੋਂ ਵੱਧ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੀ ਸਪਲਾਈ ਕੀਤੀ। ਭਾਰਤ ਗਲੋਬਲ ਪੱਧਰ 'ਤੇ ਵੈਕਸਿਨ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਹ ਦੇਸ਼ ਦਾ ਮਾਣ ਵਧਾਉਣ ਵਾਲੀ ਗੱਲ ਹੈ ਕਿ ਵੰਦੇ ਭਾਰਤ ਮਿਸ਼ਨ, ਜੋ ਕਿ ਵਿਸ਼ਵ ਵਿੱਚ ਇਸ ਪ੍ਰਕਾਰ ਦੀ ਸਭ ਤੋਂ ਵੱਡੀ ਮੁਹਿੰਮ ਹੈ, ਦੀ ਸ਼ਲਾਘਾ ਹੋ ਰਹੀ ਹੈ। ਭਾਰਤ ਨੇ ਦੁਨੀਆ ਦੇ ਸਾਰੇ ਹਿੱਸਿਆਂ ਤੋਂ ਲਗਭਗ 50 ਲੱਖ ਭਾਰਤੀਆਂ ਨੂੰ ਸਵਦੇਸ਼ ਵਾਪਸ ਲਿਆਉਣ ਦੇ ਨਾਲ-ਨਾਲ ਇੱਕ ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਵਾਪਸ ਪਹੁੰਚਾਇਆ ਹੈ।
85. ਕੋਵਿਡ -19 ਦੀਆਂ ਮੁਸ਼ਕਿਲਾਂ ਦੇ ਬਾਵਜੂਦ, ਭਾਰਤ ਨੇ ਸਾਰੇ ਸਾਥੀ ਦੇਸ਼ਾਂ ਨਾਲ ਆਪਣੇ ਸੰਪਰਕਾਂ ਅਤੇ ਸਬੰਧਾਂ ਨੂੰ ਮਜ਼ਬੂਤ ਬਣਾਇਆ ਹੈ। ਇਸ ਦੌਰਾਨ ਭਾਰਤ ਨੇ ਵੱਡੀ ਸੰਖਿਆ ਵਿੱਚ ਸ਼ਿਖਰ ਸੰਮੇਲਨਾਂ, ਬਹੁਪੱਖੀ ਪ੍ਰੋਗਰਾਮਾਂ ਅਤੇ ਅਧਿਕਾਰਿਕ ਮੀਟਿੰਗਾਂ ਦੇ ਜ਼ਰੀਏ ਅੰਤਰਰਾਸ਼ਟਰੀ ਸਹਿਯੋਗ ਨੂੰ ਅੱਗੇ ਵਧਾਇਆ ਹੈ। ਭਾਰਤ ਨੇ ਇਤਿਹਾਸਿਕ ਗਲੋਬਲ ਸਮਰਥਨ ਪ੍ਰਾਪਤ ਕਰਦਿਆਂ ਇਸ ਸਾਲ ਅੱਠਵੀਂ ਵਾਰ ਅਸਥਾਈ ਮੈਂਬਰ ਵਜੋਂ ਸੁਰੱਖਿਆ ਪਰਿਸ਼ਦ ਵਿੱਚ ਪ੍ਰਵੇਸ਼ ਵੀ ਕੀਤਾ ਹੈ। ਭਾਰਤ ਨੇ 2021 ਦੇ ਲਈ ਬ੍ਰਿਕਸ ਵਿੱਚ ਚੇਅਰਪਰਸਨ ਦਾ ਅਹੁਦਾ ਵੀ ਸੰਭਾਲ਼ ਲਿਆ ਹੈ।
ਮਾਣਯੋਗ ਮੈਂਬਰ ਸਹਿਬਾਨ,
86. ਅੱਜ, ਜਦੋਂ ਭਾਰਤ ਦੁਨੀਆ ਵਿੱਚ ਆਪਣੀ ਨਵੀਂ ਪਹਿਚਾਣ ਦੇ ਨਾਲ ਅੱਗੇ ਵਧਣ ਲਈ ਤਿਆਰ ਹੈ, ਸਾਨੂੰ ਵੀ ਓਨੇ ਹੀ ਵੱਡੇ ਸੰਕਲਪਾਂ ਨੂੰ ਸਿੱਧ ਕਰਨਾ ਪਵੇਗਾ। 2021 ਦਾ ਇਹ ਸਾਲ ਸਾਡੇ ਵਾਸਤੇ ਇਸ ਲਈ ਵੀ ਮਹੱਤਵਪੂਰਨ ਹੈ। ਦੇਸ਼ ਨੇ ਕੁਝ ਦਿਨ ਪਹਿਲਾਂ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ 'ਪਰਾਕ੍ਰਮ ਦਿਵਸ' ਵਜੋਂ ਮਨਾਇਆ ਹੈ। ਇਹ ਸਾਲ ਨੇਤਾ ਜੀ ਦੀ 125 ਵੀਂ ਜਨਮ ਜਯੰਤੀ ਦਾ ਸਾਲ ਵੀ ਹੈ। ਨੇਤਾ ਜੀ ਦਾ ਜਨਮ ਦਿਹਾੜਾ ਵੱਡੇ ਪੈਮਾਨੇ ਉੱਤੇ ਮਨਾਉਣ ਲਈ, ਮੇਰੀ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਅਸੀਂ ਸਭ ਦੇ ਪੂਜਨੀਕ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਪੂਰੀ ਸ਼ਰਧਾ ਨਾਲ ਮਨਾਵਾਂਗੇ। ਇਨ੍ਹਾਂ ਸਮਾਰੋਹਾਂ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮਨਾਉਣ ਲਈ ਅੰਮ੍ਰਿਤ ਮਹਾਉਤਸਵ ਦਾ ਸ਼ੁਭ ਆਰੰਭ ਵੀ ਇਸੇ ਸਾਲ ਹੋ ਜਾਵੇਗਾ।
ਮਾਣਯੋਗ ਮੈਂਬਰ ਸਹਿਬਾਨ,
87. ਪਿਛਲੇ ਸਾਲ ਵਿੱਚ, ਅਸੀਂ ਸਮੂਹਿਕਤਾ ਦੀ ਜਿਸ ਸ਼ਕਤੀ ਨੂੰ ਸਾਖਿਆਤ ਕੀਤਾ ਹੈ, ਓਸੇ ਸ਼ਕਤੀ ਨਾਲ ਅਸੀਂ ਨਵੇਂ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਪਿਛਲੇ ਕੁਝ ਸਾਲਾਂ ਵਿੱਚ, ਦੇਸ਼ ਨੇ ਅਨੇਕ ਅਜਿਹੇ ਕੰਮ ਕਰ ਦਿਖਾਏ ਹਨ ਜਿਨ੍ਹਾਂ ਨੂੰ ਕਦੀ ਬਹੁਤ ਹੀ ਕਠਿਨ ਮੰਨਿਆਂ ਜਾਂਦਾ ਸੀ।
• ਧਾਰਾ 370 ਦੀਆਂ ਵਿਵਸਥਾਵਾਂ ਹਟ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਨਵੇਂ ਅਧਿਕਾਰ ਮਿਲੇ ਹਨ।
• ਸੰਸਦ ਦੁਆਰਾ ਨਾਗਰਿਕਤਾ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ।
• ਦੇਸ਼ ਨੂੰ ਚੀਫ ਆਵ੍ ਡਿਫੈਂਸ ਸਟਾਫ ਦੇ ਅਹੁਦੇ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।
• ਹਥਿਆਰਬੰਦ ਬਲਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧ ਰਹੀ ਹੈ।
• ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਭਵਯ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋ ਗਈ ਹੈ।
• ਭਾਰਤ ਨੇ ਈਜ਼ ਆਵ੍ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ ਰਿਕਾਰਡ ਸੁਧਾਰ ਕੀਤਾ ਹੈ। ਹੁਣ Compliance ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
• ਵਰਲਡ ਟੂਰਿਜ਼ਮ ਇੰਡੈਕਸ ਦੀ ਰੈਂਕਿੰਗ ਵਿੱਚ ਭਾਰਤ 65ਵੇਂ ਤੋਂ 34ਵੇਂ ਨੰਬਰ 'ਤੇ ਪਹੁੰਚ ਗਿਆ ਹੈ।
• ਜਿਸ ਡੀਬੀਟੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ, ਉਸ ਦੀ ਹੀ ਮਦਦ ਨਾਲ ਪਿਛਲੇ 6 ਸਾਲ ਵਿੱਚ 13 ਲੱਖ ਕਰੋੜ ਰੁਪਏ ਤੋਂ ਵੱਧ ਰਕਮ ਲਾਭਾਰਥੀਆਂ ਨੂੰ ਟ੍ਰਾਂਸਫਰ ਕੀਤੀ ਗਈ ਹੈ।
• ਕਦੇ ਸਾਡੇ ਕੋਲ ਸਿਰਫ 2 ਮੋਬਾਈਲ ਫੈਕਟਰੀਆਂ ਸਨ. ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਹੈ।
• ਅੱਜ ਮੱਧ ਵਰਗ ਦੇ ਲੱਖਾਂ ਲੋਕਾਂ ਨੂੰ Real Estate Regulation and Development Act ਦੇ ਤਹਿਤ Real Estate Regulatory Authority ਯਾਨੀ ਰੇਰਾ ਦਾ ਲਾਭ ਮਿਲ ਰਿਹਾ ਹੈ।
• ਇਸ ਸਮੇਂ ਦੌਰਾਨ ਨਾ ਸਿਰਫ ਨਵੇਂ ਕਾਨੂੰਨ ਲਾਗੂ ਕੀਤੇ ਗਏ ਬਲਕਿ 1500 ਤੋਂ ਵੱਧ ਪੁਰਾਣੇ ਅਤੇ ਅਪ੍ਰਾਸੰਗਿਕ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ।
88. ਅਜਿਹੇ ਹੀ ਅਨੇਕ ਫੈਸਲੇ ਹਨ ਜੋ ਲਗਭਗ ਹਰ ਖੇਤਰ ਵਿੱਚ ਲਏ ਗਏ ਹਨ। ਮੇਰੀ ਸਰਕਾਰ ਨੇ ਦਿਖਾਇਆ ਹੈ ਕਿ ਜੇਕਰ ਨੀਅਤ ਸਾਫ਼ ਹੋਵੇ, ਇਰਾਦੇ ਬੁਲੰਦ ਹੋਣ, ਤਾਂ ਬਦਲਾਅ ਲਿਆਂਦਾ ਜਾ ਸਕਦਾ ਹੈ। ਇਨ੍ਹਾਂ ਸਾਲਾਂ ਦੌਰਾਨ ਮੇਰੀ ਸਰਕਾਰ ਨੇ ਜਿੰਨੇ ਲੋਕਾਂ ਦੇ ਜੀਵਨਾਂ ਨੂੰ ਛੂਹਿਆ ਹੈ ਉਹ ਲਾਮਿਸਾਲ ਹੈ।
• ਹਰ ਗ਼ਰੀਬ ਦਾ ਘਰ ਰੋਸ਼ਨ ਹੋਵੇ, ਇਸ ਦੇ ਲਈ ਢਾਈ ਕਰੋੜ ਤੋਂ ਅਧਿਕ ਬਿਜਲੀ ਕਨੈਕਸ਼ਨ ਮੁਫਤ ਦਿੱਤੇ ਗਏ।
• ਗ਼ਰੀਬ ਅਤੇ ਮੱਧ ਵਰਗ ਦੇ ਬਿਜਲੀ ਦੇ ਬਿੱਲ ਨੂੰ ਘਟਾਉਣ ਲਈ 36 ਕਰੋੜ ਤੋਂ ਵੱਧ ਸਸਤੇ LED ਬਲਬ ਵੰਡੇ ਗਏ।
• ਦੁਰਘਟਨਾ ਦੀ ਸਥਿਤੀ ਵਿੱਚ, ਗ਼ਰੀਬ ਪਰਿਵਾਰ ਨੂੰ ਦਰ-ਦਰ ਨਾ ਭਟਕਣਾ ਪਵੇ, ਇਸ ਦੇ ਲਈ ਪ੍ਰਤੀ ਮਹੀਨਾ ਸਿਰਫ ਇੱਕ ਰੁਪਏ ਦੇ ਪ੍ਰੀਮੀਅਮ 'ਤੇ 21 ਕਰੋੜ ਤੋਂ ਵੱਧ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਬੀਮਾ ਯੋਜਨਾ ਨਾਲ ਜੋੜਿਆ ਗਿਆ।
• ਗ਼ਰੀਬ ਦੀ ਮੌਤ ਤੋਂ ਬਾਅਦ, ਉਸ ਦੇ ਪਰਿਵਾਰ ਕੋਲ ਇੱਕ ਸਹਾਰਾ ਰਹੇ, ਇਸ ਲਈ ਸਿਰਫ 90 ਪੈਸੇ ਪ੍ਰਤੀ ਦਿਨ ਦੇ ਪ੍ਰੀਮੀਅਮ ਨਾਲ ਲਗਭਗ ਸਾਢੇ 9 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਨਾਲ ਜੋੜਿਆ ਗਿਆ।
• ਗ਼ਰੀਬ ਦਾ ਬੱਚਾ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਨਾ ਹੋਏ, ਇਸ ਲਈ ਮੇਰੀ ਸਰਕਾਰ ਨੇ ਨਾ ਸਿਰਫ ਟੀਕੇ ਲਗਾਉਣ ਦੀ ਗਿਣਤੀ ਵਿੱਚ ਵਾਧਾ ਕੀਤਾ, ਬਲਕਿ ਇਸ ਟੀਕਾਕਰਣ ਮੁਹਿੰਮ ਨੂੰ ਦੇਸ਼ ਦੇ ਕਬਾਇਲੀ ਇਲਾਕਿਆਂ ਵਿੱਚ ਵੀ ਲੈ ਗਈ ਜੋ ਕਿ ਅਜੇ ਤੱਕ ਇਸ ਤੋਂ ਅਛੂਤੇ ਸਨ।
• ਮਿਸ਼ਨ ਇੰਦਰਧਨੁਸ਼ ਦੇ ਤਹਿਤ 3 ਕਰੋੜ ਤੋਂ ਵੱਧ ਬੱਚਿਆਂ ਦਾ ਟੀਕਾਕਰਣ ਕੀਤਾ ਗਿਆ।
• ਗ਼ਰੀਬਾਂ ਦੇ ਹੱਕ ਦਾ ਰਾਸ਼ਨ ਕੋਈ ਦੂਸਰਾ ਨਾ ਖੋਹ ਲਵੇ, ਇਸ ਦੇ ਲਈ 100 ਪ੍ਰਤੀਸ਼ਤ ਰਾਸ਼ਨ ਕਾਰਡਾਂ ਨੂੰ ਡਿਜੀਟਲ ਕੀਤਾ ਜਾ ਚੁੱਕਾ ਹੈ, 90 ਪ੍ਰਤੀਸ਼ਤ ਰਾਸ਼ਨ ਕਾਰਡਾਂ ਨੂੰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ।
• ਰਸੋਈ ਦੇ ਧੂੰਏਂ ਨਾਲ ਗ਼ਰੀਬ ਧੀ-ਭੈਣ ਦੀ ਸਿਹਤ ਖਰਾਬ ਨਾ ਹੋਵੇ, ਇਸ ਦੇ ਲਈ ਉੱਜਵਲਾ ਯੋਜਨਾ ਦੇ ਤਹਿਤ 8 ਕਰੋੜ ਤੋਂ ਵੱਧ ਮੁਫ਼ਤ ਕਨੈਕਸ਼ਨ ਦਿੱਤੇ ਗਏ।
• ਗ਼ਰੀਬ ਭੈਣ-ਬੇਟੀ ਦੀ ਪ੍ਰਤਿਸ਼ਠਾ ਵਧੇ, ਉਸ ਦੀ ਪਰੇਸ਼ਾਨੀ ਘਟੇ, ਇਸ ਦੇ ਲਈ ਸਵੱਛ ਭਾਰਤ ਮਿਸ਼ਨ ਦੇ ਤਹਿਤ 10 ਕਰੋੜ ਤੋਂ ਵੱਧ ਪਖਾਨੇ ਬਣਾਏ ਗਏ।
• ਘਰ ਵਿੱਚ ਕੰਮ ਕਰਨ ਵਾਲੇ ਭਾਈ –ਭੈਣ, ਗੱਡੀ ਚਲਾਉਣ ਵਾਲੇ, ਜੁੱਤੀਆਂ ਗੰਢਣ ਵਾਲੇ, ਕੱਪੜੇ ਪ੍ਰੈੱਸ ਕਰਨ ਵਾਲੇ, ਖੇਤੀਬਾੜੀ ਮਜ਼ਦੂਰਾਂ ਆਦਿ ਗ਼ਰੀਬ ਸਾਥੀਆਂ ਨੂੰ ਵੀ ਪੈਂਸ਼ਨ ਮਿਲੇ,ਇਸ ਦੇ ਲਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ ਚਲਾਈ ਗਈ।
• ਗ਼ਰੀਬਾਂ ਨੂੰ ਬੈਂਕਿੰਗ ਵਿਵਸਥਾ ਦਾ ਲਾਭ ਮਿਲੇ, ਇਸ ਦੇ ਲਈ 41 ਕਰੋੜ ਤੋਂ ਵੱਧ ਗ਼ਰੀਬਾਂ ਦੇ ਜਨ ਧਨ ਖਾਤੇ ਖੋਲ੍ਹੇ ਗਏ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਖਾਤੇ ਸਾਡੀਆਂ ਗ਼ਰੀਬ ਭੈਣਾਂ ਅਤੇ ਧੀਆਂ ਦੇ ਹਨ।
ਮਾਣਯੋਗ ਮੈਂਬਰ ਸਹਿਬਾਨ,
89. ਇਹ ਸਿਰਫ ਅੰਕੜੇ ਨਹੀਂ ਹਨ। ਇਨ੍ਹਾਂ ਵਿੱਚੋਂ ਹਰ ਅੰਕੜਾ ਆਪਣੇ ਆਪ ਵਿੱਚ ਇੱਕ ਜੀਵਨ-ਗਾਥਾ ਹੈ। ਇਸ ਸੰਸਦ ਦੇ ਬਹੁਤ ਸਾਰੇ ਮੈਂਬਰਾਂ ਨੇ ਇਨ੍ਹਾਂ ਪਰਿਸਥਿਤੀਆਂ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਲੰਮਾ ਸਮਾਂ ਬਤੀਤ ਕੀਤਾ ਹੈ। ਸਾਡੇ ਜਿਸ ਕੰਮ ਨਾਲ ਗ਼ਰੀਬ ਭੈਣ-ਭਰਾਵਾਂ ਦੀ ਚਿੰਤਾ, ਦੁੱਖ ਅਤੇ ਤਕਲੀਫ ਘਟ ਸਕੇ, ਉਨ੍ਹਾਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਨਾਲ ਜੋੜ ਕੇ ਸਸ਼ਕਤੀਕਰਨ ਅਤੇ ਆਤਮ-ਸਨਮਾਨ ਦੇ ਰਾਹ 'ਤੇ ਅੱਗੇ ਵਧਾਇਆ ਜਾ ਸਕੇ, ਅਜਿਹਾ ਹਰ ਕਾਰਜ ਇਸ ਸੰਸਦ ਵਿੱਚ ਸਾਡੀ ਮੌਜੂਦਗੀ ਨੂੰ ਸਾਰਥਕ ਬਣਾਏਗਾ।
90. ਮੈਨੂੰ ਗਰਵ ਹੈ ਕਿ ਮੇਰੀ ਸਰਕਾਰ ਪੂਰੀ ਲਗਨ ਅਤੇ ਇਮਾਨਦਾਰ ਨੀਅਤ ਨਾਲ ਪਿਛਲੇ 6 ਸਾਲ ਤੋਂ ਇਸ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੀ ਹੈ, ਫੈਸਲੇ ਲੈ ਰਹੀ ਹੈ ਅਤੇ ਉਨ੍ਹਾਂ ਨੂੰ ਲਾਗੂ ਕਰ ਰਹੀ ਹੈ।
ਮਾਣਯੋਗ ਮੈਂਬਰ ਸਹਿਬਾਨ,
91. ਵੀਰਤਾ, ਅਧਿਆਤਮ ਅਤੇ ਪ੍ਰਤਿਭਾਵਾਂ ਦੀ ਭੂਮੀ ਪੱਛਮ ਬੰਗਾਲ ਦੇ ਸਪੂਤ ਗੂਰੂਦੇਵ ਰਬਿੰਦਰਨਾਥ ਟੈਗੋਰ ਦੇ ਵੱਡੇ ਭਰਾ, ਜਯੋਤਿਰੀਂਦਰਨਾਥ ਟੈਗੋਰ ਨੇ ਦੇਸ਼-ਪ੍ਰੇਮ ਨਾਲ ਭਰਪੂਰ ਇੱਕ ਓਜਸਵੀ ਗੀਤ ਦੀ ਰਚਨਾ ਕੀਤੀ ਸੀ। ਉਨ੍ਹਾਂ ਲਿਖਿਆ ਸੀ:
ਚਾੱਲ ਰੇ ਚਾੱਲ ਸ਼ੌਬੇ, ਭਾਰੋਤ ਸ਼ਨਤਾਨ,
ਮਾਤ੍ਰਭੂਮੀ ਕਾੱਰੇ ਆਹਵਾਨ,
ਬੀਰ-ਓ ਦਾੱਰਪੇ, ਪੌਰੁਸ਼ ਗਾੱਰਬੇ,
ਸ਼ਾਧ ਰੇ ਸ਼ਾਧ ਸ਼ਾੱਬੇ, ਦੇਸ਼ੇਰ ਕਲਯਾਨ।
(चॉल रे चॉल शॉबे, भारोत शन्तान,
मातृभूमी कॉरे आह्वान,
बीर-ओ दॉरपे, पौरुष गॉरबे,
शाध रे शाध शॉबे, देशेर कल्यान।)
ਅਰਥਾਤ
ਮਾਤ੍ਰਭੂਮੀ ਸੱਦਾ ਦੇ ਰਹੀ ਹੈ ਕਿ ਹੇ ਭਾਰਤ ਦੀਓ ਸੰਤਾਨੋਂ, ਸਾਰੇ ਮਿਲ-ਜੁਲ ਕੇ ਚਲਦੇ ਰਹੋ। ਵੀਰਤਾ ਦੇ ਸਵੈਮਾਣ ਅਤੇ ਪਰਾਕ੍ਰਮ ਦੇ ਗਰਵ ਦੇ ਨਾਲ, ਤੁਸੀਂ ਸਾਰੇ ਦੇਸ਼ ਦੀ ਭਲਾਈ ਲਈ ਨਿਰੰਤਰ ਕਾਮਨਾ ਕਰਦੇ ਰਹੋ।
ਆਓ, ਅਸੀਂ ਸਾਰੇ ਮਿਲ ਕੇ ਅੱਗੇ ਵਧੀਏ, ਸਾਰੇ ਦੇਸ਼ਵਾਸੀ ਮਿਲ ਕੇ ਅੱਗੇ ਵਧਣ।
ਆਪਣਾ ਫਰਜ਼ ਨਿਭਾਓ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਓ,
ਆਓ ਭਾਰਤ ਨੂੰ ਆਤਮਨਿਰਭਰ ਬਣਾਈਏ।
ਆਪ ਸਭ ਨੂੰ ਸ਼ੁਭਕਾਮਨਾਵਾਂ।
ਜੈ ਹਿੰਦ!
*****
ਡੀਐੱਸ/ਐੱਸਐੱਚ
(Release ID: 1693374)
Visitor Counter : 357