ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਸੰਵਾਦ ਨੂੰ ਸੰਬੋਧਨ ਕੀਤਾ

ਭਾਰਤ ਵਿੱਚ ਕੋਰੋਨਾ ਦੀ ਪ੍ਰਭਾਵਸ਼ਾਲੀ ਰੋਕਥਾਮ ਨੇ ਮਾਨਵਤਾ ਨੂੰ ਇੱਕ ਬਹੁਤ ਵੱਡੇ ਦੁਖਾਂਤ ਤੋਂ ਬਚਾਇਆ ਹੈ: ਪ੍ਰਧਾਨ ਮੰਤਰੀ



ਆਤਮਨਿਰਭਰ ਭਾਰਤ ਮੁਹਿੰਮ ਗਲੋਬਲ ਅੱਛਾਈ ਅਤੇ ਗਲੋਬਲ ਸਪਲਾਈ ਚੇਨ ਲਈ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ



ਟੈਕਸ ਵਿਵਸਥਾ ਤੋਂ ਲੈ ਕੇ ਐੱਫਡੀਆਈ ਦੇ ਨਿਯਮਾਂ ਤੱਕ ਭਾਰਤ ਇੱਕ ਅਨੁਮਾਨਯੋਗ ਅਤੇ ਅਨੁਕੂਲ ਵਾਤਾਵਰਣ ਦੀ ਪੇਸ਼ਕਸ਼ ਕਰਦਾ ਹੈ: ਪ੍ਰਧਾਨ ਮੰਤਰੀ



ਦੇਸ਼ ਦਾ ਡਿਜੀਟਲ ਪ੍ਰੋਫਾਈਲ ਪੂਰੀ ਤਰ੍ਹਾਂ ਬਦਲ ਗਿਆ ਹੈ: ਪ੍ਰਧਾਨ ਮੰਤਰੀ



ਭਾਰਤ ਟਿਕਾਊ ਸ਼ਹਿਰੀਕਰਣ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਜਿਸ ਨਾਲ ਜੀਵਨ ਵਿੱਚ ਅਸਾਨੀ, ਕਾਰੋਬਾਰ ਵਿੱਚ ਅਸਾਨੀ ਅਤੇ ਜਲਵਾਯੂ ਸੰਵੇਦਨਸ਼ੀਲ ਵਿਕਾਸ ਸ਼ਾਮਲ ਹੈ: ਪ੍ਰਧਾਨ ਮੰਤਰੀ

Posted On: 28 JAN 2021 8:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਸੰਵਾਦ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ। ਉਨ੍ਹਾਂ ‘ਚੌਥੀ ਉਦਯੋਗਿਕ ਕ੍ਰਾਂਤੀ - ਮਾਨਵਤਾ ਦੇ ਭਲੇ ਲਈ ਟੈਕਨੋਲੋਜੀ ਦੀ ਵਰਤੋਂ’ 'ਤੇ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਸਮਾਗਮ ਦੌਰਾਨ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨਾਲ ਗੱਲਬਾਤ ਵੀ ਕੀਤੀ।


 


 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਆਸ਼ੰਕਾ ਦੇ ਦੌਰ ਦੌਰਾਨ 1.3 ਅਰਬ ਭਾਰਤੀਆਂ ਦਾ ਵਿਸ਼ਵਾਸ, ਸਕਾਰਾਤਮਕਤਾ ਅਤੇ ਉਮੀਦ ਦਾ ਸੰਦੇਸ਼ ਲਿਆਏ ਹਨ। ਪ੍ਰਧਾਨ ਮੰਤਰੀ ਨੇ ਇਕੱਠ ਨੂੰ ਦੱਸਿਆ ਕਿ ਮਹਾਮਾਰੀ ਨਾਲ ਨੱਜਿਠਣ ਦੀ ਭਾਰਤ ਦੀ ਸਮਰੱਥਾ ਬਾਰੇ ਮੁੱਢਲੇ ਭੁਲੇਖਿਆਂ ਦੇ ਬਾਵਜੂਦ, ਭਾਰਤ ਕਿਰਿਆਸ਼ੀਲ ਅਤੇ ਭਾਗੀਦਾਰੀ ਦੀ ਪਹੁੰਚ ਨਾਲ ਅੱਗੇ ਵਧਿਆ ਅਤੇ ਕੋਵਿਡ ਦੇ ਖਾਸ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ, ਆਪਣੇ ਮਨੁੱਖੀ ਸਰੋਤ ਨੂੰ ਮਹਾਮਾਰੀ ਨਾਲ ਨਜਿੱਠਣ ਲਈ ਟ੍ਰੇਨਿੰਗ ਦਿੱਤੀ ਅਤੇ ਇਸਦੀ ਕੇਸਾਂ ਦੀ ਜਾਂਚ ਅਤੇ ਨਿਗਰਾਨੀ ਵਿੱਚ ਵੱਡੇ ਪੱਧਰ ‘ਤੇ ਟੈਕਨੋਲੋਜੀ ਦੀ ਵਰਤੋਂ ਕੀਤੀ। ਭਾਰਤ ਵਿੱਚ, ਕੋਰੋਨਾ ਵਿਰੁੱਧ ਲੜਾਈ ਨੂੰ ਲੋਕਾਂ ਦੀ ਲਹਿਰ ਵਿੱਚ ਬਦਲ ਦਿੱਤਾ ਗਿਆ ਅਤੇ ਭਾਰਤ ਆਪਣੇ ਜ਼ਿਆਦਾਤਰ ਨਾਗਰਿਕਾਂ ਦੀ ਜਾਨ ਬਚਾਉਣ ਵਿੱਚ ਸਫਲ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸਫਲਤਾ ਦਾ ਗਲੋਬਲ ਪ੍ਰਭਾਵ ਹੈ ਕਿਉਂਕਿ ਵਿਸ਼ਵ ਦੀ 18 ਪ੍ਰਤੀਸ਼ਤ ਆਬਾਦੀ ਇੱਥੇ ਰਹਿੰਦੀ ਹੈ, ਅਤੇ ਪ੍ਰਭਾਵਸ਼ਾਲੀ ਰੋਕਥਾਮ ਨੇ ਮਾਨਵਤਾ ਨੂੰ ਇੱਕ ਬਹੁਤ ਵੱਡੇ ਦੁਖਾਂਤ ਤੋਂ ਬਚਾਇਆ ਹੈ। ਸ਼੍ਰੀ ਮੋਦੀ ਨੇ ਮਹਾਮਾਰੀ ਦੌਰਾਨ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਅਤੇ ਭਾਰਤ ਦੀਆਂ ਵਿਸ਼ਵ ਵਿਆਪੀ ਕੋਸ਼ਿਸ਼ਾਂ ਬਾਰੇ ਵੀ ਗੱਲ ਕੀਤੀ।  ਉਨ੍ਹਾਂ ਹਵਾਈ ਮਾਰਗ ਬੰਦ ਹੋਣ ‘ਤੇ ਨਾਗਰਿਕਾਂ ਦੀ ਨਿਕਾਸੀ ਅਤੇ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਦੀ ਸਪਲਾਈ ਕਰਨ ਬਾਰੇ ਗੱਲ ਕੀਤੀ। ਅੱਜ, ਭਾਰਤ ਦੂਸਰੇ ਦੇਸ਼ਾਂ ਦੀ ਔਨਲਾਈਨ ਟ੍ਰੇਨਿੰਗ, ਰਵਾਇਤੀ ਗਿਆਨ ਬਾਰੇ ਗਿਆਨ ਦੇਣ, ਵੈਕਸੀਨ ਅਤੇ ਟੀਕੇ ਦੇ ਬੁਨਿਆਦੀ ਢਾਂਚੇ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਬਣਾਏ ਗਏ ਦੋ ਮੌਜੂਦਾ ਟੀਕਿਆਂ ਤੋਂ ਇਲਾਵਾ ਹੋਰ ਟੀਕੇ ਵੀ ਪਾਈਪਲਾਈਨ ਵਿੱਚ ਹਨ ਜਿਸ ਨਾਲ ਕਿ ਭਾਰਤ ਵਿਸ਼ਾਲ ਪੱਧਰ ਅਤੇ ਗਤੀ ਨਾਲ ਦੁਨੀਆ ਦੀ ਸਹਾਇਤਾ ਕਰਨ ਦੇ ਸਮਰੱਥ ਬਣ ਸਕੇਗਾ।


 

ਪ੍ਰਧਾਨ ਮੰਤਰੀ ਨੇ ਮੰਚ ਨੂੰ ਆਰਥਿਕ ਮੋਰਚੇ 'ਤੇ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਭਾਰਤ ਨੇ ਅਰਬਾਂ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਕੇ ਅਤੇ ਰੋਜ਼ਗਾਰ ਲਈ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕਰਕੇ ਆਰਥਿਕ ਗਤੀਵਿਧੀ ਬਰਕਰਾਰ ਰੱਖੀ ਹੈ। ਪਹਿਲਾਂ ਅਸੀਂ ਜ਼ਿੰਦਗੀ ਨੂੰ ਬਚਾਉਣ 'ਤੇ ਧਿਆਨ ਕੇਂਦ੍ਰਿਤ ਕਰਦੇ ਸੀ ਹੁਣ ਹਰ ਕੋਈ ਦੇਸ਼ ਦੇ ਵਿਕਾਸ ‘ਤੇ ਫੋਕਸਡ ਹੈ। ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਭਾਰਤ ਦੀ ਆਤਮਨਿਰਭਰਤਾ ਦੀ ਲਾਲਸਾ ਗਲੋਬਲਾਈਜ਼ੇਸ਼ਨ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰੇਗੀ ਅਤੇ ਉਦਯੋਗ 4.0 ਵਿੱਚ ਸਹਾਇਤਾ ਕਰੇਗੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਉਦਯੋਗ 4.0 ਦੇ ਸਾਰੇ ਚਾਰ ਕਾਰਕਾਂ- ਕਨੈਕਟੀਵਿਟੀ, ਆਟੋਮੇਸ਼ਨ, ਆਰਟੀਫੀਸ਼ੀਅਲ  ਇੰਟੈਲੀਜੈਂਸ ਜਾਂ ਮਸ਼ੀਨ ਲਰਨਿੰਗ ਅਤੇ ਰੀਅਲ-ਟਾਈਮ ਅੰਕੜਿਆਂ 'ਤੇ ਕੰਮ ਕਰ ਰਿਹਾ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇੱਕ ਹੈ ਜਿਥੇ ਡਾਟਾ ਖਰਚ ਸਭ ਤੋਂ ਸਸਤਾ ਅਤੇ ਮੋਬਾਈਲ ਕਨੈਕਟੀਵਿਟੀ ਅਤੇ ਸਮਾਰਟ ਫੋਨ ਦੂਰ-ਦੂਰ ਤੱਕ ਪਹੁੰਚ ਗਏ ਹਨ। ਭਾਰਤ ਦਾ ਆਟੋਮੇਸ਼ਨ ਡਿਜ਼ਾਈਨ ਮਾਹਿਰ ਪੂਲ ਵਿਸ਼ਾਲ ਹੈ ਅਤੇ ਦੇਸ਼ ਨੇ ਏਆਈ ਅਤੇ ਮਸ਼ੀਨ ਲਰਨਿੰਗ ਦੇ ਖੇਤਰ ਵਿੱਚ ਆਪਣੀ ਪਹਿਚਾਣ ਬਣਾਈ ਹੈ। ਵਧ ਰਹੇ ਡਿਜੀਟਲ ਬੁਨਿਆਦੀ ਢਾਂਚੇ ਸਦਕਾ ਭਾਰਤ ਵਿੱਚ ਡਿਜੀਟਲ ਹੱਲ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 1.3 ਬਿਲੀਅਨ ਭਾਰਤੀਆਂ ਕੋਲ ਯੂਨੀਵਰਸਲ ਆਈਡੀ-ਆਧਾਰ ਹੈ ਜੋ ਉਨ੍ਹਾਂ ਦੇ ਖਾਤੇ ਅਤੇ ਫੋਨ ਨਾਲ ਜੁੜਿਆ ਹੋਇਆ ਹੈ।  ਦਸੰਬਰ ਵਿੱਚ ਹੀ ਯੂਪੀਆਈ ਦੁਆਰਾ 4 ਟ੍ਰਿਲੀਅਨ ਰੁਪਏ ਦਾ ਲੈਣ ਦੇਣ ਹੋਇਆ ਹੈ। 

 

ਭਾਰਤ ਵਿੱਚ ਮਹਾਮਾਰੀ ਦੌਰਾਨ 1.8 ਟ੍ਰਿਲੀਅਨ ਰੁਪਏ ਦੀ ਸਹਾਇਤਾ ਰਾਸ਼ੀ ਸਿੱਧੇ ਲਾਭ ਟ੍ਰਾਂਸਫਰ ਦੁਆਰਾ 760 ਮਿਲੀਅਨ ਭਾਰਤੀਆਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਸਕੀ ਹੈ।

 

ਡਿਜੀਟਲ ਬੁਨਿਆਦੀ ਢਾਂਚੇ ਨੇ ਜਨਤਕ ਸੇਵਾਵਾਂ ਦੀ ਸਪੁਰਦਗੀ ਨੂੰ ਦਕਸ਼ ਅਤੇ ਪਾਰਦਰਸ਼ੀ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਵਿਲੱਖਣ ਹੈਲਥ ਆਈਡੀ ਦੇ ਕੇ ਸਿਹਤ ਸੁਵਿਧਾਵਾਂ ਦੀ ਅਸਾਨ ਪਹੁੰਚ ਲਈ ਅਭਿਯਾਨ ਦੀ ਸ਼ੁਰੂਆਤ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਮੰਚ ਨੂੰ ਭਰੋਸਾ ਦਿਵਾਇਆ ਕਿ ਭਾਰਤ ਦਾ ਆਤਮਨਿਰਭਰ ਭਾਰਤ ਅੰਦੋਲਨ ਗਲੋਬਲ ਅੱਛਾਈ ਅਤੇ ਗਲੋਬਲ ਸਪਲਾਈ ਚੇਨ ਪ੍ਰਤੀ ਵਚਨਬੱਧ ਹੈ ਕਿਉਂਕਿ ਭਾਰਤ ਕੋਲ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੀ ਸਮਰੱਥਾ, ਯੋਗਤਾ ਅਤੇ ਭਰੋਸੇਯੋਗਤਾ ਹੈ। ਇਸਦਾ ਵਿਸ਼ਾਲ ਉਪਭੋਗਤਾ ਅਧਾਰ ਹੋਰ ਵਧੇਗਾ ਅਤੇ ਗਲੋਬਲ ਅਰਥਵਿਵਸਥਾ ਦੀ ਸਹਾਇਤਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਸੰਭਾਵਨਾਵਾਂ ਦੇ ਨਾਲ ਨਾਲ, ਭਰੋਸੇ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਹੈ ਕਿਉਂਕਿ ਸੁਧਾਰਾਂ ਅਤੇ ਪ੍ਰੋਤਸਾਹਨ ਅਧਾਰਿਤ ਉਤੇਜਕ ਉੱਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਕੋਰੋਨਾ ਸਮੇਂ ਦੌਰਾਨ ਢਾਂਚਾਗਤ ਸੁਧਾਰਾਂ ਨੂੰ ਉਤਪਾਦਨ ਨਾਲ ਜੁੜੇ ਪ੍ਰੋਤਸਾਹਨਾਂ ਦੁਆਰਾ ਸਮਰਥਨ ਦਿੱਤਾ ਗਿਆ ਹੈ। ਭਾਰਤ ਕਾਰੋਬਾਰ ਕਰਨ ਵਿੱਚ ਅਸਾਨਤਾ ਦੀ ਪੇਸ਼ਕਸ਼ ਕਰਦਾ ਹੈ ਕਿਉਂਕਿ ਟੈਕਸ ਵਿਵਸਥਾ ਤੋਂ ਲੈ ਕੇ ਐੱਫਡੀਆਈ ਦੇ ਨਿਯਮਾਂ ਤੱਕ ਅਨੁਮਾਨਯੋਗ ਅਤੇ ਅਨੁਕੂਲ ਵਾਤਾਵਰਣ ਮੌਜੂਦ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਭਾਰਤ ਮੌਸਮੀ ਤਬਦੀਲੀ ਦੇ ਟੀਚਿਆਂ ਦੇ ਨਾਲ ਆਪਣੇ ਵਿਕਾਸ ਨੂੰ ਅੱਗੇ ਵਧਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸਿੱਟਾ ਕੱਢਦਿਆਂ, ਚੇਤਾਵਨੀ ਦਿੱਤੀ ਕਿ ਟੈਕਨੋਲੋਜੀ ਇੱਕ ਜਾਲ ਬਣਨ ਦੀ ਬਜਾਏ ਜੀਵਨ ਜੀਉਣ ਦੀ ਅਸਾਨੀ ਦਾ ਸਾਧਨ ਬਣਣੀ ਚਾਹੀਦੀ ਹੈ, ਸਾਨੂੰ ਇਸ ਗੱਲ ਨੂੰ ਯਾਦ ਰੱਖਣਾ ਪਏਗਾ ਕਿਉਂਕਿ ਕੋਰੋਨਾ ਸੰਕਟ ਨੇ ਮਾਨਵਤਾ ਦੇ ਮੁੱਲ ਦੀ ਯਾਦ ਦਿਵਾ ਦਿੱਤੀ ਹੈ।

 

ਪ੍ਰਸ਼ਨ ਉੱਤਰ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਜੋਏ ਕੇਸਰ, ਪ੍ਰਧਾਨ ਅਤੇ ਸੀਈਓ ਸੀਮੇਂਸ ਨੂੰ ਆਤਮਨਿਰਭਰ ਭਾਰਤ ਅਭਿਯਾਨ ਦੇ ਸੰਦਰਭਾਂ ਬਾਰੇ ਸਮਝਾਇਆ ਅਤੇ ਕਿਹਾ ਕਿ ਭਾਰਤ ਨੂੰ ਮੈਨੂਫੈਕਚਰਿੰਗ ਅਤੇ ਐਕਸਪੋਰਟ ਹੱਬ ਬਣਾਉਣਾ ਸੰਕਲਪ ਦਾ ਵੱਡਾ ਹਿੱਸਾ ਹੈ। ਉਨ੍ਹਾਂ ਗਲੋਬਲ ਖਿਡਾਰੀਆਂ ਨੂੰ 26 ਅਰਬ ਡਾਲਰ ਦੀ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀਐੱਲਆਈ) ਸਕੀਮ ਦਾ ਲਾਭ ਲੈਣ ਦਾ ਸੱਦਾ ਵੀ ਦਿੱਤਾ। ਏਬੀਬੀ ਦੇ ਸੀਈਓ ਬਜੋਰਨ ਰੋਸੇਨਗਰੇਨ ਦੇ ਜਵਾਬ ਵਿੱਚ ਸ਼੍ਰੀ ਮੋਦੀ ਨੇ ਦੇਸ਼ ਵਿਚ ਚੱਲ ਰਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸੂਚੀ ਦਿੱਤੀ ਅਤੇ ਦੱਸਿਆ ਕਿ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਦੇ ਤਹਿਤ ਅਗਲੇ ਪੰਜ ਸਾਲਾਂ ਵਿਚ ਦੇਸ਼ ਵਿਚ 1.5 ਟ੍ਰਿਲੀਅਨ ਅਮਰੀਕੀ ਡਾਲਰ ਦੇ ਪ੍ਰੋਜੈਕਟ ਲਾਗੂ ਕੀਤੇ ਜਾਣਗੇ। ਅਜੈ ਐੱਸ ਬੰਗਾ ਸੀਈਓ, ਮਾਸਟਰਕਾਰਡ, ਨੂੰ ਸ਼੍ਰੀ ਮੋਦੀ ਨੇ ਹਾਲ ਹੀ ਸਮੇਂ ਵਿੱਚ ਦੇਸ਼ ਵਿੱਚ ਹੋਈ ਵਿਸ਼ਾਲ ਵਿੱਤੀ ਸ਼ਮੂਲੀਅਤ ਅਤੇ ਐੱਮਐੱਸਐੱਮਈ ਖੇਤਰ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਿਆ। ਆਈਬੀਐੱਮ ਦੇ ਅਰਵਿੰਦ ਕ੍ਰਿਸ਼ਨਾ ਦੀ ਇੱਕ ਟਿੱਪਣੀ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਡਿਜੀਟਲ ਭਾਰਤ ਦੀ ਗਹਿਰਾਈ ਉੱਤੇ ਜ਼ੋਰ ਦਿੱਤਾ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਡਿਜੀਟਲ ਪ੍ਰੋਫਾਈਲ ਪੂਰੀ ਤਰ੍ਹਾਂ ਬਦਲ ਗਿਆ ਹੈ। ਸਰਕਾਰ ਦਾ ਵਿਜ਼ਨ ਉਪਯੋਗਕਰਤਾ ਦੀ ਗੋਪਨੀਯਤਾ ਨੂੰ ਯਕੀਨੀ ਬਣਾਉਂਦੇ ਹੋਏ ਪਹੁੰਚ, ਸ਼ਮੂਲੀਅਤ ਅਤੇ ਸਸ਼ਕਤੀਕਰਣ ਦੁਆਰਾ ਦੇਸ਼ ਨੂੰ ਬਦਲਣਾ ਹੈ।  ਐੱਨਈਸੀ ਕਾਰਪੋਰੇਸ਼ਨ ਦੇ ਬੋਰਡ ਦੇ ਚੇਅਰਮੈਨ ਨੋਬੂਹਿਰੋ ਐਂਡੋ ਨੂੰ ਪ੍ਰਧਾਨ ਮੰਤਰੀ ਨੇ ਸ਼ਹਿਰੀਕਰਣ ਦੁਆਰਾ ਪੈਦਾ ਕੀਤੇ ਗਏ ਅਵਸਰਾਂ ਪ੍ਰਤੀ ਭਾਰਤ ਦੀ ਪਹੁੰਚ ਬਾਰੇ ਦੱਸਿਆ। ਭਾਰਤ ਟਿਕਾਊ ਸ਼ਹਿਰੀਕਰਣ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਜਿਸ ਨਾਲ ਰਹਿਣ-ਸਹਿਣ ਦੀ ਸੁਵਿਧਾ, ਕਾਰੋਬਾਰ ਵਿੱਚ ਅਸਾਨੀ ਅਤੇ ਜਲਵਾਯੂ ਸੰਵੇਦਨਸ਼ੀਲ ਵਿਕਾਸ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰਤੀਬੱਧਤਾ ਸਦਕਾ ਸਾਲ 2014 ਤੋਂ 2020 ਦੌਰਾਨ ਸ਼ਹਿਰੀ ਭਾਰਤ ਵਿੱਚ 150 ਬਿਲੀਅਨ ਡਾਲਰ ਦਾ ਨਿਵੇਸ਼ ਹੋਇਆ ਹੈ।


 

 

                 

*********



 

ਡੀਐੱਸ


(Release ID: 1693218) Visitor Counter : 251