ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਲਕਾਤਾ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ’ਚ ਹਿੱਸਾ ਲਿਆ

ਨੇਤਾਜੀ ਭਾਰਤ ਦੀ ਸ਼ਕਤੀ ਤੇ ਪ੍ਰੇਰਣਾ ਦੀ ਮੂਰਤ ਹਨ: ਪ੍ਰਧਾਨ ਮੰਤਰੀ

Posted On: 23 JAN 2021 6:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ’ਚ ‘ਪਰਾਕ੍ਰਮ ਦਿਵਸ’ ਸਮਾਰੋਹਾਂ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕੀਤੀ। ਨੇਤਾਜੀ ਬਾਰੇ ਇੱਕ ਸਥਾਈ ਪ੍ਰਦਰਸ਼ਨੀ ਅਤੇ ਇੱਕ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਦਾ ਉਦਘਾਟਨ ਇਸ ਮੌਕੇ ਕੀਤਾ ਗਿਆ। ਪ੍ਰਧਾਨ ਨੇ ਇੱਕ ਯਾਦਗਾਰੀ ਸਿੱਕਾ ਤੇ ਡਾਕ–ਟਿਕਟ ਵੀ ਜਾਰੀ ਕੀਤੇ। ਨੇਤਾਜੀ ਦੇ ਵਿਸ਼ੇ ਉੱਤੇ ਅਧਾਰਿਤ ਇੱਕ ਸੱਭਿਆਚਾਰਕ ਪ੍ਰੋਗਰਾਮ ‘ਆਮਰਾ ਨੂਤੋਨ ਜੂਬੋਨੇਰੀ ਦੂਤ’ ਵੀ ਕਰਵਾਇਆ ਗਿਆ ਸੀ।

 

ਇਸ ਸਮਾਰੋਹ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਾਜੀ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਉਣ ਲਈ ਐਲਗਿਨ ਰੋਡ ਉੱਤੇ ਸਥਿਤ ਨੇਤਾਜੀ ਸੁਭਾਸ਼ ਬੋਸ ਦੇ ਘਰ, ਨੇਤਾਜੀ ਭਵਨ ਗਏ। ਬਾਅਦ ’ਚ ਉਹ ਕੋਲਕਾਤਾ ਦੀ ਨੈਸ਼ਨਲ ਲਾਇਬ੍ਰੇਰੀ ਗਏ, ਜਿੱਥੇ ‘21ਵੀਂ ਸਦੀ ਵਿੱਚ ਨੇਤਾਜੀ ਸੁਭਾਸ਼ ਦੀ ਵਿਰਾਸਤ ਦੀ ਮੁੜ–ਚਰਚਾ’ ਵਿਸ਼ੇ ਉੱਤੇ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਅਤੇ ਕਲਾਕਾਰਾਂ ਦੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਵਿਕਟੋਰੀਆ ਮੈਮੋਰੀਅਲ ’ਚ ਪਰਾਕ੍ਰਮ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਲਾਕਾਰਾਂ ਤੇ ਕਾਨਫ਼ਰੰਸ ਦੇ ਭਾਗੀਦਾਰਾਂ ਨਾਲ ਗੱਲਬਾਤ ਵੀ ਕੀਤੀ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮਾਂ ਭਾਰਤੀ ਦੇ ਵੀਰ ਸਪੂਤ ਦਾ ਜਨਮ–ਦਿਨ ਹੈ, ਜਿਨ੍ਹਾਂ ਨੇ ਸੁਤੰਤਰ ਭਾਰਤ ਦੇ ਸੁਪਨੇ ਨੂੰ ਨਵੀਂ ਦਿਸ਼ਾ ਦਿੱਤੀ। ਅੱਜ ਜਿਸ ਚੇਤੰਨਤਾ ਦੇ ਜਸ਼ਨ ਅਸੀਂ ਮਨਾ ਰਹੇ ਹਾਂ, ਉਹ ਗ਼ੁਲਾਮੀ ਦੇ ਹਨੇਰੇ ਨੂੰ ਚੀਰ ਕੇ ਨਿੱਕਲੀ ਸੀ ਅਤੇ ਇਨ੍ਹਾਂ ਸ਼ਬਦਾਂ ਨਾਲ ਵਿਸ਼ਵ ਦੀ ਸਭ ਤੋਂ ਮਜ਼ਬੂਤ ਤਾਕਤ ਨੂੰ ਚੁਣੌਤੀ ਦਿੱਤੀ ਸੀ ਕਿ ‘ਮੈਂ ਆਜ਼ਾਦੀ ਮੰਗਾਂਗਾ ਨਹੀਂ, ਮੈਂ ਇਸ ਨੂੰ ਲਵਾਂਗਾ।’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ 23 ਜਨਵਰੀ ਨੂੰ ਨੇਤਾਜੀ ਦੀ ਜਨਮ ਵਰ੍ਹੇਗੰਢ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ, ਤਾਂ ਜੋ ਨੇਤਾਜੀ ਦੀ ਅਜੇਤੂ ਭਾਵਨਾ ਦਾ ਆਦਰ ਕਰ ਸਕੀਏ ਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਨਿਸ਼ਕਾਮ ਸੇਵਾ ਨੂੰ ਯਾਦ ਕਰ ਸਕੀਏ। ਸ਼੍ਰੀ ਮੋਦੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਨੇਤਾਜੀ ਭਾਰਤ ਦੀ ਸ਼ਕਤੀ ਤੇ ਪ੍ਰੇਰਣਾ ਦੀ ਮੂਰਤ ਹਨ।

 

ਪ੍ਰਧਾਨ ਮੰਤਰੀ ਨੇ ਇਸ ਨੂੰ ਆਪਣੀ ਚੰਗੀ ਕਿਸਮਤ ਕਰਾਰ ਦਿੱਤਾ ਕਿ ਸਾਲ 2018 ’ਚ ਉਨ੍ਹਾਂ ਦੀ ਸਰਕਾਰ ਨੇ ਅੰਡੇਮਾਨ ਟਾਪੂ ਦਾ ਨਾਮ ‘ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ’ ਰੱਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਨੇਤਾਜੀ ਨਾਲ ਸਬੰਧਿਤ ਫ਼ਾਈਲਾਂ ਵੀ ਸਰਕਾਰ ਵੱਲੋਂ ਜੱਗ–ਜ਼ਾਹਿਰ ਕੀਤੀਆਂ ਗਈਆਂ ਸਨ। ਉਨ੍ਹਾਂ 26 ਜਨਵਰੀ ਦੀ ਪਰੇਡ ਵਿੱਚ ਆਜ਼ਾਦ ਹਿੰਦ ਫ਼ੌਜ ਦੇ ਬਜ਼ੁਰਗ ਸੈਨਾਨੀਆਂ ਦੀ ਪਰੇਡ ਦੀ ਸ਼ਮੂਲੀਅਤ ਦਾ ਜ਼ਿਕਰ ਵੀ ਮਾਣ ਨਾਲ ਕਰਦਿਆਂ ਕਿਹਾ ਕਿ ਲਾਲ ਕਿਲੇ ਉੱਤੇ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਦਿੱਲੀ ਵਿਖੇ ਲਾਲ ਕਿਲੇ ਉੱਤੇ ਤਿਰੰਗਾ ਲਹਿਰਾਉਣ ਦਾ ਨੇਤਾਜੀ ਦਾ ਸੁਪਨਾ ਪੂਰਾ ਹੋਵੇਗਾ।

 

ਨੇਤਾਜੀ ਨੇ ਦਲੇਰਾਨਾ ਢੰਗ ਨਾਲ ਬਚ ਕੇ ਨਿਕਲਣ ਤੋਂ ਪਹਿਲਾਂ ਨੇਤਾਜੀ ਵੱਲੋਂ ਆਪਣੇ ਭਤੀਜੇ ਸਿਸਿਰ ਬੋਸ ਨੂੰ ਪੁੱਛੇ ਤਿੱਖੇ ਸੁਆਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ‘ਅੱਜ ਜੇ ਹਰੇਕ ਭਾਰਤੀ ਆਪਣਾ ਹੱਥ ਆਪਣੇ ਦਿਲ ਉੱਤੇ ਰੱਖੇ ਤੇ ਨੇਤਾ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰੇ, ਤਾਂ ਉਸ ਨੂੰ ਵੀ ਉਹੀ ਸੁਆਲ ਸੁਣਾਈ ਦੇਵੇਗਾ: ਕੀ ਤੂੰ ਮੇਰੇ ਲਈ ਕੁਝ ਕਰੇਂਗਾ? ਇਹ ਕਾਰਜ, ਇਹ ਕੰਮ, ਇਹ ਨਿਸ਼ਾਨਾ ਅੱਜ ਭਾਰਤ ਨੂੰ ਆਤਮ–ਨਿਰਭਰ ਬਣਾਉਣ ਲਈ ਹੈ। ਦੇਸ਼ ਦੀ ਜਨਤਾ, ਦੇਸ਼ ਦਾ ਹਰੇਕ ਖੇਤਰ, ਦੇਸ਼ ਦਾ ਹਰੇਕ ਵਿਅਕਤੀ ਇਸ ਦਾ ਹਿੱਸਾ ਹੈ।’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਅਕਸਰ ਗ਼ਰੀਬੀ, ਅਨਪੜ੍ਹਤਾ, ਬਿਮਾਰੀਆਂ ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਮੰਨਿਆ ਕਰਦੇ ਸਨ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸਾਡੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਗ਼ਰੀਬੀ, ਅਨਪੜ੍ਹਤਾ, ਬਿਮਾਰੀਆਂ ਤੇ ਵਿਗਿਆਨਕ ਉਤਪਾਦਨ ਦੀ ਕਮੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਮਾਜ ਨੂੰ ਇੱਕਜੁਟ ਹੋਣਾ ਹੋਵੇਗਾ, ਸਾਨੂੰ ਮਿਲ ਕੇ ਇੱਕਜੁਟ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ।

 

ਸ਼੍ਰੀ ਮੋਦੀ ਨੇ ਕਿਹਾ ਕਿ ‘ਆਤਮਨਿਰਭਰ ਭਾਰਤ’ ਦੇ ਸੁਪਨੇ ਨਾਲ ਨੇਤਾਜੀ ਸੁਭਾਸ਼ ‘ਸੋਨਾਰ ਬਾਂਗਲਾ’ ਦੀ ਵੀ ਸਭ ਤੋਂ ਵੱਡੀ ਪ੍ਰੇਰਣਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਨੇਤਾਜੀ ਨੇ ਜਿਹੜੀ ਭੂਮਿਕਾ ਨਿਭਾਈ ਸੀ, ਉਹੀ ਭੂਮਿਕਾ ਪੱਛਮੀ ਬੰਗਾਲ ਨੂੰ ਵੀ ‘ਆਤਮਨਿਰਭਰ ਭਾਰਤ’ ਦੀ ਖੋਜ ਲਈ ਨਿਭਾਉਣੀ ਹੋਵੇਗੀ। ਪ੍ਰਧਾਨ ਮੰਤਰੀ ਨੇ ਅੰਤ ’ਚ ਕਿਹਾ ਕਿ ‘ਆਤਮਨਿਰਭਰ ਭਾਰਤ’ ਦੀ ਅਗਵਾਈ ਵੀ ‘ਆਤਮਨਿਰਭਰ ਬੰਗਾਲ ਅਤੇ ਸੋਨਾਰ ਬਾਂਗਲਾ’ ਵੱਲੋਂ ਕੀਤੀ ਜਾਵੇਗੀ।

 

***

 

ਡੀਐੱਸ/ਏਕੇ



(Release ID: 1691696) Visitor Counter : 110