ਨੀਤੀ ਆਯੋਗ
ਨੀਤੀ ਆਯੋਗ ਨੇ ਇੰਡੀਆ ਇਨੋਵੇਸ਼ਨ ਇੰਡੈਕਸ ਦਾ ਦੂਜਾ ਐਡੀਸ਼ਨ ਜਾਰੀ ਕੀਤਾ
ਕੁੱਲ ਮਿਲਾ ਕੇ ਦਿੱਲੀ ਸੂਚੀ ਵਿੱਚ ਚੋਟੀ ‘ਤੇ, ਚੰਡੀਗੜ੍ਹ ਨੂੰ ਵੱਡਾ ਲਾਭ, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਆਪਣੀਆਂ ਸਬੰਧਿਤ ਸ਼੍ਰੇਣੀਆਂ ਵਿੱਚ ਮੋਹਰੀ
Posted On:
20 JAN 2021 6:32PM by PIB Chandigarh
ਨੀਤੀ ਆਯੋਗ ਨੇ ਇੰਸਟੀਚਿਊਟ ਫਾਰ ਕੰਪੀਟੀਟਿਵਨੈੱਸ ਦੇ ਨਾਲ, ਅੱਜ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਇੰਡੀਆ ਇਨੋਵੇਸ਼ਨ ਇੰਡੈਕਸ ਦਾ ਦੂਸਰਾ ਐਡੀਸ਼ਨ ਜਾਰੀ ਕੀਤਾ। ਇਹ ਰਿਪੋਰਟ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨਵੀਨਤਾ ਸਮਰੱਥਾ ਅਤੇ ਪ੍ਰਦਰਸ਼ਨ ਦੀ ਪੜਤਾਲ ਕਰਦੀ ਹੈ। ਸੂਚਕਾਂਕ ਦਾ ਪਹਿਲਾ ਸੰਸਕਰਣ ਅਕਤੂਬਰ 2019 ਵਿੱਚ ਲਾਂਚ ਕੀਤਾ ਗਿਆ ਸੀ।
ਇੰਡੀਆ ਇਨੋਵੇਸ਼ਨ ਇੰਡੈਕਸ 2020 ਨੂੰ ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਮੈਂਬਰ (ਸਿਹਤ) ਡਾ. ਵੀ ਕੇ ਪਾਲ, ਮੈਂਬਰ (ਖੇਤੀਬਾੜੀ) ਡਾ. ਰਮੇਸ਼ ਚੰਦ, ਸੀਈਓ ਅਮਿਤਾਭ ਕਾਂਤ, ਸਲਾਹਕਾਰ (ਵਿਗਿਆਨ ਅਤੇ ਤਕਨਾਲੋਜੀ) ਨੀਰਜ ਸਿਨਹਾ, ਅਤੇ ਇੰਸਟੀਚਿਊਟ ਫਾਰ ਕੰਪੀਟੀਟਿਵਨੈੱਸ ਦੇ ਮੁੱਖੀ ਡਾ. ਅਮਿਤ ਕਪੂਰ ਦੀ ਹਾਜ਼ਰੀ ਵਿੱਚ ਜਾਰੀ ਕੀਤਾ।
ਇਸ ਸਮਾਰੋਹ ਵਿੱਚ ਹੋਰਾਂ ਤੋਂ ਇਲਾਵਾ, ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਸਕੱਤਰ ਡਾ. ਸ਼ੇਖਰ ਸੀ ਮੰਡੇ, ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰੇਨੂੰ ਸਵਰੂਪ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ ਐੱਨ ਰਾਜੀਵਨ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਪ੍ਰਦੀਪ ਸਿੰਘ ਖਰੋਲਾ ਅਤੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਸਕੱਤਰ ਡਾ. ਕਸ਼ੱਤ੍ਰਪਤੀ ਸ਼ਿਵਾਜੀ ਨੇ ਸ਼ਿਰਕਤ ਕੀਤੀ।
ਦੂਜੇ ਸੰਸਕਰਣ ਵਿੱਚ ਵੀ, ਸੂਚਕਾਂਕ ਨੇ ਪਾਇਆ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੁਕਾਬਲੇਬਾਜ਼ੀ ਦਾ ਪੱਧਰ ਉੱਚਾ ਸੀ, ਜੋ ਉਹਨਾਂ ਲਈ ਸਮਰੱਥ ਕਰਨ ਵਾਲੇ ਕਾਰਕਾਂ ਦੇ ਨਾਲ ਨਾਲ ਨਵੀਨਤਾ ਪ੍ਰਦਰਸ਼ਨ ਵਿੱਚ, ਸਾਲ ਪ੍ਰਤੀ ਸਾਲ ਲਗਾਤਾਰ ਸੁਧਾਰ ਕਰਨਾ ਜ਼ਰੂਰੀ ਹੈ।
‘ਮੇਜਰ ਸਟੇਟਸ’ ਸ਼੍ਰੇਣੀ ਵਿੱਚ ਕਰਨਾਟਕ ਪਹਿਲੇ ਸਥਾਨ ‘ਤੇ ਕਾਬਜ਼ ਰਿਹਾ, ਜਦੋਂਕਿ ਮਹਾਰਾਸ਼ਟਰ ਤਾਮਿਲਨਾਡੂ ਨੂੰ ਪਛਾੜ ਕੇ ਦੂਜੇ ਸਥਾਨ ‘ਤੇ ਪਹੁੰਚ ਗਿਆ। ਤੇਲੰਗਾਨਾ, ਕੇਰਲ, ਹਰਿਆਣਾ, ਆਂਧਰਾ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੰਜਾਬ ਨੇ ਇਸ ਕ੍ਰਮ ਵਿੱਚ ਚੋਟੀ ਦੇ ਦਸ ਦੀ ਸੂਚੀ ਨੂੰ ਪੂਰਾ ਕੀਤਾ। ਕਰਨਾਟਕ ਦਾ ਰੈਂਕ ਇਸ ਦੇ ਮਹੱਤਵਪੂਰਣ ਗਿਣਤੀ ਵਿੱਚ ਕੀਤੇ ਉੱਦਮ ਪੂੰਜੀ ਸੌਦਿਆਂ, ਰਜਿਸਟਰਡ ਭੂਗੋਲਿਕ ਸੂਚਕਾਂ ਅਤੇ ਜਾਣਕਾਰੀ ਅਤੇ ਸੰਚਾਰ ਟੈਕਨੋਲੋਜੀ ਨਿਰਯਾਤ ਦੇ ਕਾਰਨ ਹੈ। ਕਰਨਾਟਕ ਵਿੱਚ ਹੋਏ ਉੱਚੇਰੇ ਵਿਦੇਸ਼ੀ ਸਿੱਧੇ ਨਿਵੇਸ਼ (ਐੱਫਡੀਆਈ) ਨੇ ਵੀ ਰਾਜ ਦੀ ਨਵੀਨਤਾ ਸਮਰੱਥਾ ਨੂੰ ਵਧਾ ਦਿੱਤਾ ਹੈ। ਚਾਰ ਦੱਖਣੀ ਰਾਜਾਂ - ਕਰਨਾਟਕ, ਤਾਮਿਲਨਾਡੂ, ਤੇਲੰਗਾਨਾ ਅਤੇ ਕੇਰਲ- ਨੇ ਇਸ ਸਾਲ ‘ਮੇਜਰ ਸਟੇਟਸ’ ਸ਼੍ਰੇਣੀ ਅਧੀਨ ਚੋਟੀ ਦੇ ਪੰਜ ਸਥਾਨਾਂ ਉੱਤੇ ਕਬਜ਼ਾ ਕੀਤਾ ਹੈ।
ਕੁਲ ਮਿਲਾ ਕੇ, ਦਿੱਲੀ ਨੇ ਆਪਣਾ ਪਹਿਲਾ ਦਰਜਾ ਬਰਕਰਾਰ ਰੱਖਿਆ, ਜਦੋਂ ਕਿ 2019 ਤੋਂ ਚੰਡੀਗੜ੍ਹ ਨੇ ਵੱਡੀ ਛਲਾਂਗ ਲਗਾ ਲਈ ਅਤੇ ਇਸ ਸਾਲ ਦੂਜੇ ਸਥਾਨ 'ਤੇ ਪਹੁੰਚ ਗਿਆ। ‘ਉੱਤਰ-ਪੂਰਬੀ / ਪਹਾੜੀ ਰਾਜਾਂ’ ਸ਼੍ਰੇਣੀ ਤਹਿਤ ਹਿਮਾਚਲ ਪ੍ਰਦੇਸ਼ ਦੂਸਰੇ ਸਥਾਨ ਤੋਂ ਉੱਪਰ ਵੱਧ ਕੇ ਇਸ ਸਾਲ ਚੋਟੀ ਦੇ ਰੈਂਕਟਰ ਵਜੋਂ ਉਭਰਿਆ ਹੈ, ਜਦੋਂਕਿ 2019 ਦਾ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ (ਇਸ ਸ਼੍ਰੇਣੀ ਵਿੱਚ) ਸਿੱਕਮ ਚੌਥੇ ਨੰਬਰ ‘ਤੇ ਖਿਸਕ ਗਿਆ।
ਨਵੀਨਤਾ ਦੀ ਇਨਪੁੱਟ ਨੂੰ ਪੰਜ ਯੋਗਤਾ ਪੈਰਾਮੀਟਰਾਂ ਦੁਆਰਾ ਅਤੇ ਆਉਟਪੁੱਟ ਨੂੰ ਦੋ ਪ੍ਰਦਰਸ਼ਨ ਪੈਰਾਮੀਟਰਾਂ ਦੁਆਰਾ ਮਾਪਿਆ ਗਿਆ ਸੀ। ਜਦੋਂ ਕਿ ‘ਮਨੁੱਖੀ ਪੂੰਜੀ’, ‘ਨਿਵੇਸ਼’, ‘ਨੌਲੇਜ ਵਰਕਰਜ਼’, ‘ਵਪਾਰਕ ਵਾਤਾਵਰਣ’, ‘ਸੁਰੱਖਿਆ ਅਤੇ ਕਾਨੂੰਨੀ ਵਾਤਾਵਰਣ’ ਨੂੰ ਸਮਰੱਥ ਮਾਪਦੰਡ ਵਜੋਂ ਪਛਾਣਿਆ ਗਿਆ, ‘ਨੌਲੇਜ ਆਉਟਪੁੱਟ’ ਅਤੇ ‘ਗਿਆਨ ਪ੍ਰਸਾਰ’ ਕਾਰਗੁਜ਼ਾਰੀ ਦੇ ਮਾਪਦੰਡਾਂ ਵਜੋਂ ਚੁਣੇ ਗਏ ਸਨ।
ਸਮਾਗਮ ਦੌਰਾਨ, ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ, ‘ਇੰਡੀਆ ਇਨੋਵੇਸ਼ਨ ਇੰਡੈਕਸ ਇਨੋਵੇਸ਼ਨ ਈਕੋਸਿਸਟਮ ਵਿੱਚ ਵਿਭਿੰਨ ਹਿਤਧਾਰਕਾਂ ਦਰਮਿਆਨ ਤਾਲਮੇਲ ਪੈਦਾ ਕਰੇਗਾ, ਜਿਸ ਨਾਲ ਭਾਰਤ ਨੂੰ ਪ੍ਰਤੀਯੋਗੀ ਗੁੱਡ ਗਵਰਨੈਂਸ ਵੱਲ ਤਬਦੀਲ ਕਰਨ ਦੇ ਯੋਗ ਬਣਾਇਆ ਜਾ ਸਕੇਗਾ।’
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਨਵੀਨਤਾ ਦੇ ਵਾਤਾਵਰਣ ਵਿੱਚ ਸੁਧਾਰ ਲਿਆਉਣ ਲਈ ਸੂਚਕਾਂਕ ਇੱਕ ਵਧੀਆ ਸ਼ੁਰੂਆਤ ਹੈ। ਇਹ ਭਾਰਤ ਨੂੰ ਵਿਸ਼ਵ ਦਾ ਨਵੀਨਤਾਕਾਰੀ ਲੀਡਰ ਬਣਾਉਣ ਵੱਲ ਸਹੀ ਕਦਮ ਹੈ।
ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ, ‘ਇੰਡੀਆ ਇਨੋਵੇਸ਼ਨ ਇੰਡੈਕਸ ਰਾਜਾਂ ਦੇ ਨਵੀਨਤਾ ਦੇ ਨਤੀਜਿਆਂ ਨੂੰ ਮਾਪਣ ਅਤੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਸ਼ਟਰੀ ਅਤੇ ਰਾਜ ਪ੍ਰਬੰਧਾਂ ਦੀ ਸਰਬੋਤਮ ਵਰਤੋਂ ਦੀ ਸੁਵਿਧਾ ਵੱਲ ਇੱਕ ਵੱਡਾ ਕਦਮ ਹੈ।’
ਨੀਤੀ ਆਯੋਗ ਦੇ ਸਲਾਹਕਾਰ ਨੀਰਜ ਸਿਨਹਾ ਨੇ ਕਿਹਾ, ‘ਸੂਬਿਆਂ ਲਈ ਉਨ੍ਹਾਂ ਦੀ ਨਵੀਨਤਾ ਕਾਰਗੁਜ਼ਾਰੀ ਦੀ ਪਛਾਣ ਕਰਨ ਅਤੇ ਉਨ੍ਹਾਂ ਦੀਆਂ ਵਿਲੱਖਣ ਸ਼ਕਤੀਆਂ ਦਾ ਲਾਭ ਉਠਾਉਣ ਲਈ ਲੋੜੀਂਦੀ ਨੀਤੀਗਤ ਦਖਲਅੰਦਾਜ਼ੀ ਕਰਨ ਲਈ ਇਹ ਸੂਚਕਾਂਕ ਬਹੁਤ ਮਹੱਤਵਪੂਰਣ ਸਾਬਿਤ ਹੋ ਸਕਦਾ ਹੈ।
ਇੰਸਟੀਚਿਊਟ ਫਾਰ ਕੰਪੀਟੀਟਿਵਨੈੱਸ ਦੇ ਮੁੱਖੀ, ਡਾ. ਅਮੀਤ ਕਪੂਰ ਨੇ ਕਿਹਾ, ‘ਸੂਚਕਾਂਕ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨਵੀਨਤਾ ਦੇ ਸੰਬੰਧ ਵਿੱਚ ਖੇਤਰੀ ਕਾਰਗੁਜ਼ਾਰੀ ਨੂੰ ਦਰਸਾਉਣ ਵਿੱਚ ਸਹਾਇਤਾ ਕਰ ਸਕਦਾ ਹੈ, ਅਤੇ ਇਸ ਬਾਰੇ ਨੀਤੀਗਤ ਸਮਝ ਪ੍ਰਦਾਨ ਕਰਦਾ ਹੈ ਕਿ ਇਸ ਨੂੰ ਬਿਹਤਰ ਬਣਾਉਣ ਅਤੇ ਇਸਨੂੰ ਵਧਾਉਣ ਲਈ ਕੀ ਕਰਨ ਦੀ ਜ਼ਰੂਰਤ ਹੈ।’
ਇੰਡੀਆ ਇਨੋਵੇਸ਼ਨ ਇੰਡੈਕਸ ਦਾ ਉਦੇਸ਼ ਹੈ ਕਿ ਭਾਰਤ ਦੇ ਨਵੀਨ ਵਾਤਾਵਰਣ ਦੇ ਨਿਰੰਤਰ ਮੁਲਾਂਕਣ ਲਈ ਇੱਕ ਵਿਆਪਕ ਢਾਂਚਾ ਤਿਆਰ ਕੀਤਾ ਜਾਵੇ। ਇੰਡੈਕਸ ਦਾ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਸਕੋਰ ਦੇ ਅਧਾਰ 'ਤੇ ਦਰਜਾ ਦੇਣਾ, ਅਵਸਰਾਂ ਅਤੇ ਚੁਣੌਤੀਆਂ ਨੂੰ ਪਛਾਣਨਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਨੀਤੀਆਂ ਨੂੰ ਤਿਆਰ ਕਰਨ ਵਿੱਚ ਸਹਾਇਤਾ ਕਰਨਾ ਹੈ।
ਨੀਤੀ ਆਯੋਗ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ‘ਪ੍ਰਤੀਯੋਗੀ ਸੰਘੀਵਾਦ’ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਆਦੇਸ਼ ਦੇ ਨਾਲ, ਦੇਸ਼ ਦੇ ਨਵੀਨਤਾ ਨਤੀਜਿਆਂ ਨੂੰ ਉਤਪੰਨ ਕਰਨ ਵਿੱਚ ਇੰਡੀਆ ਇਨੋਵੇਸ਼ਨ ਇੰਡੈਕਸ ਨੂੰ ਇਸਤੇਮਾਲ ਕਰਨ ਲਈ ਵਚਨਬੱਧ ਹੈ।
ਪੂਰੇ ਦਸਤਾਵੇਜ਼ਾਂ ਲਈ ਇਥੇ ਪਹੁੰਚ ਕੀਤੀ ਜਾ ਸਕਦੀ ਹੈ: https://niti.gov.in/sites/default/files/2021-01/IndiaInnovationReport2020Book.pdf
*********
ਡੀਐੱਸ/ਏਕੇਜੇ
(Release ID: 1690640)
Visitor Counter : 299