ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਟੈਚੂ ਆਵ੍ ਯੂਨਿਟੀ ਨੂੰ ਨਿਰਵਿਘਨ ਰੇਲ ਕਨੈਕਟੀਵਿਟੀ ਦੀ ਸੁਵਿਧਾ ਦੇਣ ਲਈ ਅੱਠ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ


ਗੁਜਰਾਤ ‘ਚ ਰੇਲਵੇ ਖੇਤਰ ਨਾਲ ਸਬੰਧਿਤ ਹੋਰ ਵੀ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ


ਐੱਮਜੀਆਰ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਅਰਪਿਤ ਕੀਤੀ


ਕੇਵਡੀਆ ਸੈਲਾਨੀਆਂ ਲਈ ਦੁਨੀਆ ਦੇ ਸਭ ਤੋਂ ਵੱਡੇ ਟਿਕਾਣੇ ਵਜੋਂ ਉੱਭਰਿਆ ਹੈ: ਪ੍ਰਧਾਨ ਮੰਤਰੀ


ਭਾਰਤੀ ਰੇਲਵੇ ਟੀਚਾ–ਕੇਂਦ੍ਰਿਤ ਕੋਸ਼ਿਸ਼ ਰਾਹੀਂ ਕਾਇਆਕਲਪ ਕਰ ਰਹੀ ਹੈ: ਪ੍ਰਧਾਨ ਮੰਤਰੀ

Posted On: 17 JAN 2021 1:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਗੁਜਰਾਤ ਦੇ ਕੇਵਡੀਆ ਨੂੰ ਦੇਸ਼ ਦੇ ਵੱਖੋ–ਵੱਖਰੇ ਖੇਤਰਾਂ ਨਾਲ ਜੋੜਨ ਵਾਲੀਆਂ ਅੱਠ ਟ੍ਰੇਨਾਂ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨਾਂ ‘ਸਟੈਚੂ ਆਵ੍ ਯੂਨਿਟੀ’ ਨੂੰ ਬੇਰੋਕ ਕਨੈਕਟੀਵਿਟੀ ਦੀ ਸੁਵਿਧਾ ਦੇਣਗੀਆਂ। ਪ੍ਰਧਾਨ ਮੰਤਰੀ ਨੇ ਡਭੋਈ-ਚਾਂਦੋਦ ਗੇਜ ਤੋ ਤਬਦੀਲ ਕਰ ਕੇ ਬ੍ਰੌਡ ਗੇਜ ਬਣਾਈ ਰੇਲਵੇ ਲਾਈਨ, ਚਾਂਦੋਦ–ਕੇਵਡੀਆ ਨਵੀਂ ਬ੍ਰੌਡਗੇਜ ਰੇਲਵੇ ਲਾਈਨ, ਨਵੇਂ ਬਿਜਲਈਕ੍ਰਿਤ ਪ੍ਰਤਾਪਨਗਰ–ਕੇਵਡੀਆ ਸੈਕਸ਼ਨ ਅਤੇ ਡਭੋਈ, ਚਾਂਦੋਦ ਤੇ ਕੇਵਡੀਆ ਦੇ ਸਟੇਸ਼ਨਾਂ ਦੀਆਂ ਨਵੀਆਂ ਇਮਾਰਤਾਂ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਕੇਂਦਰੀ ਰੇਲਵੇ ਮੰਤਰੀ ਵੀ ਮੌਜੂਦ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਇਦ ਰੇਲ ਵਿਭਾਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੇ ਵਿਭਿੰਨ ਕੋਣਿਆਂ ਤੋਂ ਇੱਕੋ ਟਿਕਾਣਿਆਂ ਲਈ ਟ੍ਰੇਨਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਵਿਸਤਾਰਪੂਰਬਕ ਦੱਸਿਆ ਕਿ ਅਜਿਹਾ ਇਸ ਲਈ ਹੈ ਕਿਉਂਕਿ ‘ਸਟੈਚੂ ਆਵ੍ ਯੂਨਿਟੀ’ ਅਤੇ ਸਰਦਾਰ ਸਰੋਵਰ ਬੰਨ੍ਹ ਕਾਰਨ ਕੇਵਡੀਆ ਦੀ ਆਪਣੀ ਮਹੱਤਤਾ ਹੈ। ਅੱਜ ਦਾ ਇਹ ਸਮਾਰੋਹ ਰੇਲ ਵਿਭਾਗ ਦੀ ਦੂਰ–ਦ੍ਰਿਸ਼ਟੀ ਤੇ ਸਰਦਾਰ ਪਟੇਲ ਦੀ ਮਿਸ਼ਨ ਦੀ ਮਿਸਾਲ ਹੈ।

 

ਪ੍ਰਧਾਨ ਮੰਤਰੀ ਨੇ ਭਾਰਤ ਰਤਨ ਐੱਮਜੀ ਰਾਮਾਚੰਦਰਨ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਕੇਵਡੀਆ ਆਉਣ ਵਾਲੀ ਇੱਕ ਟ੍ਰੇਨ ਪੁਰੁਚੀ ਥਾਲਿਆਈਵਾੜ ਡਾ. ਐੱਮਜੀ ਰਾਮਾਚੰਦਰਨ ਕੇਂਦਰੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ ਕਰੇਗੀ। ਸ਼੍ਰੀ ਮੋਦੀ ਨੇ ਫ਼ਿਲਮ ਸਕ੍ਰੀਨ ਤੇ ਸਿਆਸੀ ਮੰਚ ਉੱਤੇ ਐੱਮਜੀਆਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਮਜੀਆਰ ਦੀ ਸਿਆਸੀ ਯਾਤਰਾ ਗ਼ਰੀਬਾਂ ਲਈ ਸਮਰਪਿਤ ਸੀ ਤੇ ਉਨ੍ਹਾਂ ਵੰਚਿਤ ਲੋਕਾਂ ਲਈ ਸਨਮਾਨਜਨਕ ਜੀਵਨ ਵਾਸਤੇ ਅਣਥੱਕ ਤਰੀਕੇ ਨਾਲ ਕੰਮ ਕੀਤਾ ਤੇ ਵੀ ਇਹ ਵੀ ਦੱਸਿਆ ਕਿ ਸ਼ੁਕਰਗੁਜ਼ਾਰ ਰਾਸ਼ਟਰ ਨੇ ਕਿਵੇਂ ਚੇਨਈ ਦੇ ਕੇਂਦਰੀ ਰੇਲਵੇ ਸਟੇਸ਼ਨ ਦਾ ਨਾਂਅ ਐੱਮਜੀਆਰ ਦੇ ਨਾਮ ਉੱਤੇ ਰੱਖਿਆ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਵਡੀਆ ਤੇ ਚੇਨਈ, ਵਾਰਾਣਸੀ, ਰੀਵਾ, ਦਾਦਰ ਤੇ ਦਿੱਲੀ ਵਿਚਾਲੇ ਨਵੀਂ ਕਨੈਕਟੀਵਿਟੀ ਦੇ ਨਾਲ–ਨਾਲ ਕੇਵਡੀਆ ਤੇ ਪ੍ਰਤਾਪਨਗਰ ਵਿਚਾਲੇ MEMU ਸੇਵਾ ਅਤੇ ਡਭੋਈ–ਚਾਂਦੋਦ ਦੀ ਬ੍ਰੌਡ ਗੇਜਿੰਗ ਅਤੇ ਚਾਂਦੋਦ–ਕੇਵਡੀਆ ਵਿਚਾਲੇ ਨਵੀਂ ਰੇਲ ਲਾਈਨ ਨਾਲ ਕੇਵਡੀਆ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾਵੇਗਾ। ਇਸ ਨਾਲ ਸੈਲਾਨੀਆਂ ਤੇ ਸਥਾਨਕ ਆਦਿਵਾਸੀਆਂ ਦੋਵਾਂ ਨੂੰ ਹੀ ਫ਼ਾਇਦਾ ਹੋਵੇਗਾ ਅਤੇ ਇਸ ਨਾਲ ਸਵੈ–ਰੁਜ਼ਗਾਰ ਤੇ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ। ਰੇਲ ਪਟੜੀ ਨਰਮਦਾ ਨਦੀ ਦੇ ਕੰਢਿਆਂ ਉੱਤੇ ਵੱਸੇ ਪਵਿੱਤਰ ਧਾਰਮਿਕ ਅਸਥਾਨਾਂ ਕਰਨਾਲੀ, ਪੋਇਚਾ ਤੇ ਗਰੁੜੇਸ਼ਵਰ ਨੂੰ ਵੀ ਜੋੜੇਗੀ।

 

ਕੇਵਡੀਆ ਦੀ ਵਿਕਾਸ ਯਾਤਰਾ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਕੇਵਡੀਆ ਹੁਣ ਦੂਰ–ਦੁਰਾਡੇ ਦਾ ਕੋਈ ਛੋਟਾ ਜਿਹਾ ਬਲਾਕ ਨਹੀਂ ਰਿਹਾ, ਸਗੋਂ ਇਹ ਵਿਸ਼ਵ ਦੇ ਸਭ ਤੋਂ ਵੱਡੇ ਸੈਲਾਨੀ ਟਿਕਾਣਿਆਂ ਵਿੱਚੋਂ ਇੱਕ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ‘ਸਟੈਚੂ ਆਵ੍ ਲਿਬਰਟੀ’ ਨੂੰ ਦੇਖਣ ਲਈ ‘ਸਟੈਚੂ ਆਵ੍ ਲਿਬਰਟੀ’ ਤੋਂ ਵੀ ਜ਼ਿਆਦਾ ਸੈਲਾਨੀ ਪੁੱਜ ਰਹੇ ਹਨ। ਇਹ ਬੁੱਤ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਦੇ ਬਾਅਦ ਤੋਂ ਇੱਥੇ 50 ਲੱਖ ਤੋਂ ਵੱਧ ਲੋਕ ਆ ਚੁੱਕੇ ਹਨ ਅਤੇ ਕੋਰੋਨਾ ਦੇ ਮਹੀਨਿਆਂ ਦੌਰਾਨ ਇਹ ਸਥਾਨ ਬੰਦ ਰਹਿਣ ਤੋਂ ਬਾਅਦ ਹੁਣ ਇੱਥੇ ਭੀੜ ਵਧਦੀ ਜਾ ਰਹੀ ਹੈ। ਇਹ ਅਨੁਮਾਨ ਹੈ ਕਿ ਕਨੈਕਟੀਵਿਟੀ ਵਿੱਚ ਸੁਧਾਰ ਆਉਣ ਤੋਂ ਬਾਅਦ ਲਗਭਗ ਇੱਕ ਲੱਖ ਲੋਕਾਂ ਦੇ ਰੋਜ਼ਾਨਾ ਕੇਵਡੀਆ ਪੁੱਜਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਵਡੀਆ; ਅਰਥਵਿਵਸਥਾ ਦੇ ਯੋਜਨਾਬੱਧ ਵਿਕਾਸ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਇੱਕ ਚੰਗੀ ਮਿਸਾਲ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਜਦੋਂ ਕੇਵਡੀਆ ਨੂੰ ਇੱਕ ਪ੍ਰਮੁੱਖ ਸੈਲਾਨੀ ਟਿਕਾਣਾ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ, ਤਦ ਇਹ ਕਦੇ ਵੀ ਪੂਰਾ ਨਾ ਹੋ ਸਕਣ ਵਾਲਾ ਸੁਪਨਾ ਜਾਪਦਾ ਸੀ। ਕੰਮ–ਕਾਜ ਦੇ ਪੁਰਾਣੇ ਬੇਭਰੋਸਗੀ ਦੇ ਤਰੀਕੇ ਮੁਤਾਬਕ ਇਹੋ ਦਲੀਲ ਦਿੰਤੀ ਜਾਂਦੀ ਸੀ ਕਿ ਇੱਥੇ ਨਾ ਤਾਂ ਕੋਈ ਸੜਕਾਂ ਹਨ ਤੇ ਨਾ ਹੀ ਸੜਕਾਂ ਉੱਤੇ ਰੋਸ਼ਨੀ, ਟ੍ਰੇਨਾਂ, ਸੈਲਾਨੀਆਂ ਦੇ ਰਹਿਣ ਲਈ ਕੋਈ ਟਿਕਾਣਾ ਹੈ। ਪਰ ਹੁਣ ਕੇਵਡੀਆ ਦਾ ਪੂਰੀ ਤਰ੍ਹਾਂ ਕਾਇਆਕਲਪ ਹੋ ਚੁੱਕਾ ਹੈ ਤੇ ਇੱਥੇ ਮੁਕੰਮਲ ਪਰਿਵਾਰਕ ਪੈਕੇਜ ਲਈ ਸਾਰੀਆਂ ਸੁੱਖ–ਸੁਵਿਧਾਵਾਂ ਮੌਜੂਦ ਹਨ। ਇੱਥੇ ਖਿੱਚ ਦੇ ਕਈ ਕੇਂਦਰ ਹਨ; ਜਿਵੇਂ ਵਿਸ਼ਾਲ ‘ਸਟੈਚੂ ਆਵ੍ ਯੁਨਿਟੀ’, ਸਰਦਾਰ ਸਰੋਵਰ, ਵਿਸ਼ਾਲ ਸਰਦਾਰ ਪਟੇਲ ਜ਼ੂਆਲੋਜੀਕਲ ਪਾਰਕ, ਆਰੋਗਯ ਵੈਨ, ਜੰਗਲ ਸਫ਼ਾਰੀ ਅਤੇ ਪੋਸ਼ਣ ਪਾਰਕ। ਇੱਥੇ ਗਲੋਅ ਗਾਰਡਨ, ਏਕਤਾ ਕਰੂਜ਼ ਤੇ ਪਾਣੀ ਦੀਆਂ ਖੇਡਾਂ ਵੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ‘ਚ ਵਾਧਾ ਹੋਣ ਕਾਰਨ ਆਦਿਵਾਸੀ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਤੇ ਸਥਾਨਕ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਮਿਲ ਰਹੀਆਂ ਹਨ। ਏਕਤਾ ਮਾਲ ‘ਚ ਸਥਾਨਕ ਦਸਤਕਾਰੀ ਵਸਤਾਂ ਲਈ ਨਵੇਂ ਮੌਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਦਿਵਾਸੀ ਪਿੰਡਾਂ ਵਿੱਚ ਰਹਿਣ ਲਈ ਲਗਭਗ 200 ਕਮਰੇ ਵਿਕਸਿਤ ਕੀਤੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕੇਵਡੀਆ ਸਟੇਸ਼ਨ ਦੀ ਵੀ ਗੱਲ ਕੀਤੀ, ਜਿਸ ਨੂੰ ਟੂਰਿਜ਼ਮ ਵਾਲਾ ਪ੍ਰਫ਼ੁੱਲਤ ਹੋ ਰਿਹਾ ਸਥਾਨ ਮਨ ‘ਚ ਰੱਖ ਕੇ ਵਿਕਸਿਤ ਕੀਤਾ ਗਿਆ ਹੈ। ਇੱਥੇ ਕਬਾਇਲੀ ਕਲਾ ਗੈਲਰੀ ਹੈ ਤੇ ਇੱਥੇ ਦ੍ਰਿਸ਼ ਵੇਖਣ ਵਾਲੀ ਗੈਲਰੀ ਵੀ ਹੈ, ਜਿੱਥੋਂ ‘ਸਟੈਚੂ ਆਵ੍ ਯੂਨਿਟੀ’ ਦੀ ਝਲਕ ਦੇਖੀ ਜਾ ਸਕਦੀ ਹੈ।

 

ਪ੍ਰਧਾਨ ਮੰਤਰੀ ਨੇ ਟੀਚਾ–ਕੇਂਦ੍ਰਿਤ ਕੋਸ਼ਿਸ਼ ਰਾਹੀਂ ਭਾਰਤੀ ਰੇਲ ਦੀ ਕਾਇਆਕਲਪ ਬਾਰੇ ਵਿਸਤਾਰਪੂਰਬਕ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਆਵਾਜਾਈ ਤੇ ਮਾਲ ਦੀ ਢੋਆ–ਢੁਆਈ ਦੀ ਰਵਾਇਤੀ ਦੀ ਰਵਾਇਤੀ ਭੂਮਿਕਾ ਤੋਂ ਹਟ ਕੇ ਰੇਲ ਵਿਭਾਗ ਟੂਰਿਜ਼ਮ ਤੇ ਧਾਰਮਿਕ ਮਹੱਤਵ ਵਾਲੇ ਸਥਾਨਾਂ ਨਾਲ ਸਿੱਧੀ ਕਨੈਕਟੀਵਿਟੀ ਦੇ ਰਿਹਾ ਹੈ। ਉਨ੍ਹਾ ਕਿਹਾ ਕਿ ਅਹਿਮਦਾਬਾਦ–ਕੇਵਡੀਆ ਸਮੇਤ ਬਹੁਤ ਸਾਰੇ ਰੂਟਾਂ ਉੱਤੇ ਆਕਰਸ਼ਕ ‘ਵਿਸਟਾ–ਡੋਮ ਕੋਚ’ ਹੋਣਗੇ।

 

ਪ੍ਰਧਾਨ ਮੰਤਰੀ ਨੇ ਰੇਲਵੇ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਪਹੁੰਚ ਵਿੱਚ ਤਬਦੀਲੀ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਧਿਆਨ ਬੁਨਿਆਦੀ ਢਾਂਚਾ ਚਲਦਾ ਰੱਖਣ ਤੱਕ ਹੀ ਸੀਮਤ ਰਹਿੰਦਾ ਸੀ ਤੇ ਨਵੀਂ ਸੋਚ ਜਾਂ ਨਵੀਂ ਟੈਕਨੋਲੋਜੀ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ ਸੀ। ਅਜਿਹੀ ਪਹੁੰਚ ਨੂੰ ਬਦਲਣਾ ਜ਼ਰੂਰੀ ਸੀ। ਪਿਛਲੇ ਕੁਝ ਸਾਲਾਂ ਦੌਰਾਨ ਸਮੁੱਚੀ ਰੇਲ ਪ੍ਰਣਾਲੀ ਦੇ ਵਿਆਪਕ ਕਾਇਆਕਲਪ ਲਈ ਕੰਮ ਕੀਤਾ ਗਿਆ ਸੀ ਅਤੇ ਉਸ ਨੂੰ ਬਜਟ ਵਧਾਉਣ ਤੇ ਨਵੀਆਂ ਟ੍ਰੇਨਾਂ ਦੇ ਐਲਾਨਾਂ ਤੱਕ ਹੀ ਸੀਮਤ ਨਹੀਂ ਰੱਖਿਆ ਗਿਆ ਸੀ। ਇਹ ਕਾਇਆਕਲਪ ਬਹੁਤ ਸਾਰੇ ਮੋਰਚਿਆਂ ‘ਤੇ ਹੋਇਆ ਹੈ। ਉਨ੍ਹਾਂ ਕੇਵਡੀਆ ਨੂੰ ਜੋੜਨ ਦੇ ਮੌਜੂਦਾ ਪ੍ਰੋਜੈਕਟ ਦੀ ਉਦਾਹਰਣ ਦਿੱਤੀ, ਜਿੱਥੇ ਰਿਕਾਰਡ ਸਮੇਂ ਅੰਦਰ ਕੰਮ ਨੂੰ ਮੁਕੰਮਲ ਕਰਨ ਉੱਤੇ ਬਹੁ–ਪੱਖੀ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ।

 

ਪ੍ਰਧਾਨ ਮੰਤਰੀ ਨੇ ਪਿਛਲੇ ਸਮਿਆਂ ਦੇ ਮੁਕਾਬਲੇ ਪਹੁੰਚ ਵਿੱਚ ਤਬਦੀਲੀ ਦੀ ਮਿਸਾਲ ਵਜੋਂ ਇੱਕ ‘ਸਮਰਪਿਤ ਮਾਲ ਲਾਂਘਾ’ (ਡੈਡੀਕੇਟਡ ਫ਼੍ਰੇਟ ਕੌਰੀਡੋਰ) ਵੀ ਪੇਸ਼ ਕੀਤਾ। ਪ੍ਰਧਾਨ ਮੰਤਰੀ ਨੇ ਪਿੱਛੇ ਜਿਹੇ ਪੂਰਬੀ ਅਤੇ ਪੱਛਮੀ ਸਮਰਪਿਤ ਮਾਲ ਲਾਂਘੇ ਸਮਰਪਿਤ ਕੀਤੇ ਸਨ। ਇਹ ਪ੍ਰੋਜੈਕਟ ਪ੍ਰਗਤੀ ਅਧੀਨ ਸੀ ਅਤੇ ਸਾਲ 2006 ਤੋਂ 2014 ਵਿਚਕਾਰ ਕੰਮ ਕੇਵਲ ਕਾਗਜ਼ਾਂ ‘ਚ ਹੀ ਕੀਤਾ ਗਿਆ ਸੀ ਤੇ ਇੱਕ ਕਿਲੋਮੀਟਰ ਵੀ ਰੇਲ–ਪਟੜੀ ਨਹੀਂ ਵਿਛਾਈ ਗਈ ਸੀ। ਹੁਣ ਅਗਲੇ ਕੁਝ ਦਿਨਾਂ ਵਿੱਚ ਲਗਭਗ ਕੁੱਲ 1,100 ਕਿਲੋਮੀਟਰ ਰੇਲ–ਪਟੜੀਆਂ ਮੁਕੰਮਲ ਹੋਣ ਜਾ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਦੇਸ਼ ਦੇ ਅਣਜੁੜੇ ਭਾਗਾਂ ਨੂੰ ਹੁਣ ਨਵੀਂ ਕਨੈਕਟੀਵਿਟੀ ਨਾਲ ਜੋੜਿਆ ਜਾ ਰਿਹਾ ਹੈ। ਬ੍ਰੌਡ ਗੇਜਿੰਗ ਦੀ ਰਫ਼ਤਾਰ ਤੇ ਬਿਜਲੀਕਰਣ ਨੇ ਰਫ਼ਤਾਰ ਫੜ ਲਈ ਅਤੇ ਪਟੜੀਆਂ ਨੂੰ ਤੇਜ਼ ਰਫ਼ਤਾਰ ਟ੍ਰੇਨਾਂ ਲੰਘਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਅਰਧ ਉੱਚ–ਰਫ਼ਤਾਰ ਟ੍ਰੇਨਾਂ ਦਾ ਦੌੜਨਾ ਯੋਗ ਹੋਇਆ ਹੈ ਅਤੇ ਅਸੀਂ ਤੇਜ਼–ਰਫ਼ਤਾਰ ਸਮਰੱਥਾਵਾਂ ਵੱਲ ਵਧ ਰਹੇ ਹਾਂ, ਇਸ ਲਈ ਬਜਟ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਰੇਲਵੇ ਵਾਤਾਵਰਣ–ਪੱਖੀ ਭਾਵ ਪ੍ਰਦੂਸ਼ਣ-ਮੁਕਤ ਰਹੇ। ਕੇਵਡੀਆ ਸਟੇਸ਼ਨ ਭਾਰਤ ਦਾ ਪਹਿਲਾ ਰੇਲਵੇ ਸਟੇਸ਼ਨ ਹੈ, ਜਿਸ ਦੀ ਸ਼ੁਰੂਆਤ ‘ਗ੍ਰੀਨ ਬਿਲਡਿੰਗ’ ਪ੍ਰਮਾਣਿਕਤਾ ਨਾਲ ਹੋਈ ਹੈ।

 

ਉਨ੍ਹਾਂ ਰੇਲਵੇ ਨਾਲ ਸਬੰਧਿਤ ਨਿਰਮਾਣ ਤੇ ਟੈਕਨੋਲੋਜੀ ਵਿੱਚ ਆਤਮਨਿਰਭਰਤਾ ਦੇ ਮਹੱਤਵ ਉੱਤੇ ਵੀ ਜ਼ੋਰ ਦਿੱਤਾ, ਜਿਸ ਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਬਿਜਲੀ ਦੇ ਵੱਧ ਘੁੜ–ਸ਼ਕਤੀ ਵਾਲੇ ਰੇਲ–ਇੰਜਣਾਂ ਦੇ ਸਥਾਨਕ ਨਿਰਮਾਣ ਕਾਰਨ ਭਾਰਤ ਵਿਸ਼ਵ ਦੀ ਪਹਿਲੀ ਡਬਲ ਸਟੈਕਡ ਲੌਂਗ ਹੌਲ ਕੰਟੇਨਰ ਟ੍ਰੇਨ ਦੀ ਸ਼ੁਰੂਆਤ ਕਰ ਸਕਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਦੇਸ਼ ‘ਚ ਤਿਆਰ ਹੋਈਆਂ ਅਨੇਕ ਆਧੁਨਿਕ ਟ੍ਰੇਨਾਂ ਭਾਰਤੀ ਰੇਲਵੇ ਦਾ ਹਿੱਸਾ ਹਨ।

 

ਪ੍ਰਧਾਨ ਮੰਤਰੀ ਨੇ ਰੇਲਵੇ ਦੀ ਕਾਇਆਕਲਪ ਦੀ ਜ਼ਰੂਰਤ ਦੀ ਪੂਰਤੀ ਲਈ ਹੁਨਰਮੰਦ ਮਾਹਿਰ ਮਾਨਵ–ਸ਼ਕਤੀ ਤੇ ਪੇਸ਼ੇਵਰਾਂ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸੇ ਜ਼ਰੂਰਤ ਕਾਰਨ ਵਡੋਦਰਾ ਵਿਖੇ ਡੀਮਡ ਰੇਲਵੇ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ। ਭਾਰਤ ਉਨ੍ਹਾਂ ਕੁਝ ਕੁ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਇਸ ਦਰਜੇ ਦਾ ਸੰਸਥਾਨ ਮੌਜੂਦ ਹੈ। ਰੇਲ ਆਵਾਜਾਈ ਲਈ ਆਧੁਨਿਕ ਸੁਵਿਧਾਵਾਂ, ਬਹੁ–ਅਨੁਸ਼ਾਸਨੀ ਖੋਜ, ਸਿਖਲਾਈ ਨੂੰ ਉਪਲਬਧ ਬਣਾਇਆ ਜਾ ਰਿਹਾ ਹੈ।  20 ਰਾਜਾਂ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ, ਜਿਹੜੇ ਰੇਲਵੇ ਦੇ ਵਰਤਮਾਨ ਤੇ ਭਵਿੱਖ ਦਾ ਸੰਚਾਲਨ ਕਰ ਸਕਣ। ਅੰਤ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਇਨੋਵੇਸ਼ਨ ਤੇ ਖੋਜ ਰਾਹੀਂ ਰੇਲਵੇ ਦਾ ਆਧੁਨਿਕੀਕਰਣ ਵਿੱਚ ਮਦਦ ਮਿਲੇਗੀ।

 

****

 

ਡੀਐੱਸ



(Release ID: 1689486) Visitor Counter : 123