ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਟਾਰਟਅੱਪਸ ਨਾਲ ਗੱਲਬਾਤ ਕੀਤੀ ਅਤੇ ‘ਪ੍ਰਾਰੰਭ: ਸਟਾਰਟਅੱਪ ਇੰਡੀਆ ਇੰਟਰਨੈਸ਼ਨਲ ਸਮਿਟ’ ਨੂੰ ਸੰਬੋਧਨ ਕੀਤਾ


1,000 ਕਰੋੜ ਰੁਪਏ ਦੇ ਸਟਾਰਟਅੱਪ ਇੰਡੀਆ ਸੀਡ ਫੰਡ ਦਾ ਐਲਾਨ ਕੀਤਾ


ਸਟਾਰਟਅੱਪਸ ਅੱਜ ਦੇ ਕਾਰੋਬਾਰ ਦੀਆਂ ਆਬਾਦੀ ਨਾਲ ਸਬੰਧਿਤ ਵਿਸ਼ੇਸ਼ਤਾਵਾਂ ਬਦਲ ਰਹੇ ਹਨ: ਪ੍ਰਧਾਨ ਮੰਤਰੀ


ਭਾਰਤ ‘ਨੌਜਵਾਨਾਂ ਦੇ, ਨੌਜਵਾਨਾਂ ਦੁਆਰਾ, ਨੌਜਵਾਨਾਂ ਲਈ’ ਇੱਕ ਸਟਾਰਟਅੱਪ ਈਕੋਸਿਸਟਮ ਲਈ ਕੰਮ ਕਰ ਰਿਹਾ ਹੈ: ਪ੍ਰਧਾਨ ਮੰਤਰੀ


ਜੈੱਮ (GeM) ਉੱਤੇ 8 ਹਜ਼ਾਰ ਸਟਾਰਟਅੱਪਸ ਰਜਿਸਟਰ ਹੋਏ, 2300 ਕਰੋੜ ਰੁਪਏ ਦਾ ਕਾਰੋਬਾਰ ਕੀਤਾ: ਪ੍ਰਧਾਨ ਮੰਤਰੀ

Posted On: 16 JAN 2021 8:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਟਾਰਟਅੱਪਸ ਨਾਲ ਗੱਲਬਾਤ ਕੀਤੀ ਅਤੇ ‘ਪ੍ਰਾਰੰਭ: ਸਟਾਰਟਅੱਪ ਇੰਡੀਆ ਇੰਟਰਨੈਸ਼ਨਲ ਸਮਿਟ’ ਨੂੰ ਸੰਬੋਧਨ ਕੀਤਾ। ਬਿਮਸਟੈੱਕ (BIMSTEC) ਦੇਸ਼ਾਂ ਦੇ ਮੰਤਰੀ ਅਤੇ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ, ਸ਼੍ਰੀ ਪੀਯੂਸ਼ ਗੋਇਲ ਅਤੇ ਸ਼੍ਰੀ ਸੋਮ ਪ੍ਰਕਾਸ਼ ਇਸ ਮੌਕੇ ਮੌਜੂਦ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟਾਰਟ–ਅੱਪਸ ਅੱਜ ਦੇ ਕਾਰੋਬਾਰ ਦੀਆਂ ਆਬਾਦੀ ਨਾਲ ਸਬੰਧਿਤ ਵਿਸ਼ੇਸ਼ਤਾਵਾਂ ਬਦਲ ਰਹੇ ਹਨ। ਉਨ੍ਹਾਂ ਇਹ ਨੁਕਤਾ ਉਠਾਇਆ ਕਿ 44 ਫ਼ੀਸਦੀ ਮਾਨਤਾ–ਪ੍ਰਾਪਤ ਸਟਾਰਟਅੱਪਸ ਦੀਆਂ ਡਾਇਰੈਕਟਰਸ ਮਹਿਲਾਵਾਂ ਹਨ ਅਤੇ ਇਨ੍ਹਾਂ ਸਟਾਰਟਅੱਪਸ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇਸੇ ਤਰ੍ਹਾਂ 45 ਫ਼ੀਸਦੀ ਸਟਾਰਟਅੱਪਸ ਟੀਅਰ 2 ਅਤੇ ਟੀਅਰ 3 ਸ਼ਹਿਰਾਂ ’ਚ ਹਨ ਅਤੇ ਸਥਾਨਕ ਉਤਪਾਦਾਂ ਦੇ ਬ੍ਰਾਂਡ ਅੰਬੈਸਡਰਜ਼ ਵਜੋਂ ਕੰਮ ਕਰ ਰਹੇ ਹਨ। ਹਰੇਕ ਰਾਜ ਸਥਾਨਕ ਸੰਭਾਵਨਾਵਾਂ ਮੁਤਾਬਕ ਸਟਾਰਟਅੱਪਸ ਦੀ ਮਦਦ ਦੇ ਨਾਲ–ਨਾਲ ਉਨ੍ਹਾਂ ਨੂੰ ਪ੍ਰਫ਼ੁੱਲਤ ਕਰ ਰਿਹਾ ਹੈ ਅਤੇ ਦੇਸ਼ ਦੇ 80 ਫ਼ੀਸਦੀ ਜ਼ਿਲ੍ਹੇ ਹੁਣ ‘ਸਟਾਰਟਅੱਪ ਇੰਡੀਆ ਮਿਸ਼ਨ’ ਦਾ ਹਿੱਸਾ ਹਨ। ਹਰ ਕਿਸਮ ਦੇ ਪਿਛੋਕੜ ਦੇ ਨੌਜਵਾਨ ਇਸ ਈਕੋਸਿਸਟਮ ਵਿੱਚ ਆਪਣੀ ਸੰਭਾਵਨਾ ਦਾ ਅਹਿਸਾਸ ਕਰਨ ਦੇ ਯੋਗ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਨਤੀਜਾ ਸਾਡੇ ਸਭ ਦੇ ਸਾਹਮਣੇ ਹੈ ਕਿਉਂਕਿ ਹੁਣ ਵਿਵਹਾਰ ‘ਤੂੰ ਕੋਈ ਨੌਕਰੀ ਕਿਉਂ ਨਹੀਂ ਕਰਦਾ? ਸਟਾਰਟ–ਅੱਪ ਕਿਉਂ?’ ਤੋਂ ਤਬਦੀਲ ਹੋ ਕੇ ‘ਨੌਕਰੀ ਤਾਂ ਠੀਕ ਹੈ ਪਰ ਤੂੰ ਆਪਣਾ ਖ਼ੁਦ ਦਾ ਸਟਾਰਟ–ਅੱਪ ਕਿਉਂ ਨਹੀਂ ਖੋਲ੍ਹ ਲੈਂਦਾ!’ ਹੋ ਗਿਆ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਸਾਲ 2014 ’ਚ ‘ਯੂਨੀਕੌਰਨ ਕਲੱਬ’ ਵਿੱਚ ਸਿਰਫ਼ 4 ਭਾਰਤੀ ਸਟਾਰਟਅੱਪਸ ਸਨ ਪਰ ਹੁਣ 30 ਤੋਂ ਵੱਧ ਸਟਾਰਟਅੱਪਸ ਵਧ ਕੇ 1 ਅਰਬ ਦਾ ਅੰਕੜਾ ਪਾਰ ਕਰ ਚੁੱਕੇ ਹਨ। 

  

ਇਸ ਤੱਥ ਨੂੰ ਨੋਟ ਕਰਦਿਆਂ ਕਿ ਸਾਲ 2020 ’ਚ ਕੋਰੋਨਾ ਕਾਲ ਦੌਰਾਨ 11 ਸਟਾਰਟਅੱਪਸ ‘ਯੂਨੀਕੌਰਨ ਕਲੱਬ’ ’ਚ ਦਾਖ਼ਲ ਹੋਏ ਹਨ, ਪ੍ਰਧਾਨ ਮੰਤਰੀ ਨੇ ਇਸ ਸੰਕਟ ਦੌਰਾਨ ‘ਆਤਮਨਿਰਭਰਤਾ’ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ। ਸਟਾਰਟਅੱਪਸ ਨੇ ਸੈਨੀਟਾਈਜ਼ਰਸ, ਪੀਪੀਈ ਕਿਟਸ ਤੇ ਸਬੰਧਿਤ ਸਪਲਾਈ–ਚੇਨਾਂ ਦੀ ਉਪਲਬਧਤਾ ਯਕੀਨੀ ਬਣਾਉਣ ’ਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਕਰਿਆਨੇ (ਗ੍ਰੌਸਰੀ), ਘਰ ਦੇ ਬੂਹੇ ’ਤੇ ਦਵਾਈਆਂ ਦੀ ਡਿਲਿਵਰੀ, ਮੋਹਰੀ ਕਰਮਚਾਰੀਆਂ ਨੂੰ ਲਿਆਉਣ–ਲਿਜਾਣ ਅਤੇ ਔਨਲਾਈਨ ਅਧਿਐਨ ਸਮੱਗਰੀ ਜਿਹੀਆਂ ਸਥਾਨਕ ਜ਼ਰੂਰਤਾਂ ਦੀ ਪੂਰਤੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਨੇ ਮਾੜੇ ਹਾਲਾਤ ਵਿੱਚ ਮੌਕਾ ਲੱਭਣ ਦੀ ਸਟਾਰਟਅੱਪ ਭਾਵਨਾ ਦੀ ਸ਼ਲਾਘਾ ਕੀਤੀ।

 

ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਬਹੁਤ ਸਾਰੇ ‘ਪ੍ਰਾਰੰਭ’ ਭਾਵ ਸ਼ੁਰੂਆਤ ਹੋ ਰਹੇ ਹਨ। ਅੱਜ ਬਿਮਸਟੈੱਕ (BIMSTEC) ਦੇਸ਼ਾਂ ਦਾ ਪਹਿਲਾ ਸਟਾਰਟਅੱਪ ਕਨਕਲੇਵ ਆਯੋਜਿਤ ਕੀਤਾ ਗਿਆ। ‘ਸਟਾਰਟਅੱਪ ਇੰਡੀਆ ਲਹਿਰ’ ਅੱਜ ਆਪਣੇ ਪੰਜ ਸਫ਼ਲ ਸਾਲ ਮੁਕੰਮਲ ਕਰ ਲਏ ਹਨ ਅਤੇ ਭਾਰਤ ਨੇ ਅੱਜ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਹਾੜਾ ਸਾਡੇ ਨੌਜਵਾਨਾਂ, ਵਿਗਿਆਨੀਆਂ ਅਤੇ ਉੱਦਮੀਆਂ ਦੀਆਂ ਸਮਰੱਥਾਵਾਂ ਅਤੇ ਸਾਡੇ ਡਾਕਟਰਾਂ, ਨਰਸਾਂ ਤੇ ਸਿਹਤ ਖੇਤਰ ਦੇ ਕਰਮਚਾਰੀਆਂ ਦੀ ਸਖ਼ਤ ਮਿਹਨਤ ਤੇ ਸਮਰਪਣ ਦਾ ਗਵਾਹ ਹੈ।

 

ਪ੍ਰਧਾਨ ਮੰਤਰੀ ਨੇ ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ, ਸ਼੍ਰੀ ਲੰਕਾ, ਮਿਆਂਮਾਰ ਤੇ ਥਾਈਲੈਂਡ ਜਿਹੇ ਬਿਮਸਟੈੱਕ (BIMSTEC) ਦੇਸ਼ਾਂ ਵਿੱਚ ਸਟਾਰਟਅੱਪ ਸਥਾਨ ਵਿੱਚ ਗੁੰਜਾਇਮਾਨ ਊਰਜਾ ਨੂੰ ਨੋਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਦੀ ਡਿਜੀਟਲ ਕ੍ਰਾਂਤੀ ਅਤੇ ਨਵੇਂ ਯੁਗ ਦੀਆਂ ਕਾਢਾਂ ਦੀ ਸਦੀ ਹੈ। ਇਹ ਸਦੀ ਏਸ਼ੀਆ ਦੀ ਵੀ ਹੈ। ਇਸੇ ਲਈ, ਇਹ ਸਾਡੇ ਸਮੇਂ ਦੀ ਮੰਗ ਹੈ ਕਿ ਭਵਿੱਖ ਦੀ ਟੈਕਨੋਲੋਜੀ ਤੇ ਉੱਦਮੀ ਇਸ ਖੇਤਰ ਤੋਂ ਆਉਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸੇ ਲਈ ਜਿਹੜੇ ਏਸ਼ੀਆਈ ਦੇਸ਼ਾਂ ਦੀ ਤਾਲਮੇਲ ਕਾਇਮ ਕਰਨ ਇੱਛਾ ਹੈ, ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਲੈ ਕੇ ਇੱਕਜੁਟ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਸੁਭਾਵਕ ਤੌਰ ’ਤੇ ਬਿਮਸਟੈੱਕ (BIMSTEC) ਦੇਸ਼ਾਂ ਦੀ ਹੈ ਕਿਉਂਕਿ ਅਸੀਂ ਦੁਨੀਆ ਦੇ ਆਬਾਦੀ ਦੇ ਪੰਜਵੇਂ ਹਿੱਸੇ ਲਈ ਕੰਮ ਕਰਦੇ ਹਾਂ।

 

ਪ੍ਰਧਾਨ ਮੰਤਰੀ ਨੇ ‘ਈਵੌਲਿਊਸ਼ਨ ਆਵ੍ ਸਟਾਰਟਅੱਪ ਇੰਡੀਆ’ (ਸਟਾਰਟਅੱਪ ਇੰਡੀਆ ਦਾ ਵਿਕਾਸ) ਨਾਂਅ ਦੀ ਇੱਕ ਪੁਸਤਿਕਾ ਦਾ ਵਿਮੋਚਨ ਵੀ ਕੀਤਾ, ਜਿਸ ਵਿੱਚ ਭਾਰਤ ਦੀ ਪਿਛਲੇ 5 ਸਾਲਾਂ ਦੀ ਸਟਾਰਟਅੱਪ ਯਾਤਰਾ ਦੇ ਤਜਰਬਿਆਂ ਦੇ ਵੇਰਵੇ ਦਿੱਤੇ ਗਏ ਹਨ। ਉਨ੍ਹਾਂ ਮੁਢਲੀਆਂ ਚੁਣੌਤੀਆਂ ਨੂੰ ਯਾਦ ਕੀਤਾ 41 ਹਜ਼ਾਰ ਤੋਂ ਵੱਧ ਸਟਾਰਟਅੱਪਸ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਕਾਇਮ ਕਰਨ ਲਈ ਜਿਨ੍ਹਾਂ ਉੱਤੇ ਕਾਬੂ ਪਾਇਆ ਗਿਆ ਸੀ। ਇਨ੍ਹਾਂ ਸਟਾਰਟਅੱਪਸ ਵਿੱਚੋਂ 5700 ਸੂਚਨਾ ਟੈਕਨੋਲੋਜੀ (ਆਈਟੀ) ਖੇਤਰ, 3600 ਸਿਹਤ ਖੇਤਰਾਂ ਅਤੇ ਲਗਭਗ 1700 ਖੇਤੀਬਾੜੀ ਖੇਤਰ ਨਾਲ ਸਬੰਧਿਤ ਤੇ ਸਰਗਰਮ ਹਨ। ਪ੍ਰਧਾਨ ਮੰਤਰੀ ਨੇ ਭੋਜਨ ਤੇ ਖੇਤੀਬਾੜੀ ਖੇਤਰ ਵਿੱਚ ਨਵੀਂਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਕਿਉਂਕਿ ਲੋਕ ਹੁਣ ਆਪਣੀ ਖ਼ੁਰਾਕ ਬਾਰੇ ਵਧੇਰੇ ਜਾਗਰੂਕ ਹੋ ਰਹੇ ਹਨ। ਭਾਰਤ ਨੇ ਇਨ੍ਹਾਂ ਖੇਤਰਾਂ ਦੇ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਹੈ ਕਿਉਂਕਿ ਇੱਕ ‘ਐਗ੍ਰੀ ਇਨਫ਼੍ਰਾ ਫੰਡ’ ਇੱਕ ਲੱਖ ਕਰੋੜ ਦੇ ਪੂੰਜੀ–ਅਧਾਰ ਨਾਲ ਕਾਇਮ ਕੀਤਾ ਗਿਆ ਹੈ। ਇਨ੍ਹਾਂ ਨਵੇਂ ਆਯਾਮਾਂ ਨਾਲ ਸਟਾਰਟਅੱਪਸ ਕਿਸਾਨਾਂ ਨਾਲ ਤਾਲਮੇਲ ਕਰਕੇ ਵਧੇਰੇ ਅਸਾਨੀ ਨਾਲ ਮਿਆਰੀ ਉਤਪਾਦ ਖੇਤ ਤੋਂ ਸਿੱਧੇ ਮੇਜ਼ ਤੱਕ ਲਿਆ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟਾਰਟਅੱਪ ਵਿਸ਼ਵ ਦੀ ਸਭ ਤੋਂ ਵੱਡੀ ਯੂਐੱਸਪੀ (USP) ਇਸ ਦੀ ਵਿਲੱਖਣਤਾ ਤੇ ਵਿਵਿਧਤਾ ਦੀ ਸਮਰੱਥਾ ਹੈ। ਵਿਲੱਖਣਤਾ ਇਸ ਲਈ ਕਿਉਂਕਿ ਉਹ ਨਵੀਂਆਂ ਪਹੁੰਚਾਂ, ਨਵੀਂ ਟੈਕਨੋਲੋਜੀ ਤੇ ਨਵੀਂ ਤਰੀਕਿਆਂ ਨੂੰ ਉਭਾਰਦੇ ਹਨ ਕਿਉਂਕਿ ੳਹ ਵਿਭਿੰਨ ਕਿਸਮ ਦੇ ਵਿਚਾਰ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਨਾਲ ਹੀ ਉਹ ਵੱਖੋ–ਵੱਖਰੇ ਖੇਤਰਾਂ ਵਿੱਚ ਬੇਮਿਸਾਲ ਪੱਧਰ ਤੇ ਮਾਤਰਾ ਦਾ ਇਨਕਲਾਬ ਲਿਆ ਰਹੇ ਹਨ। ਇਸ ਈਕੋਸਿਸਟਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਵਹਾਰਕਤਾਵਾਦ ਨਾਲੋਂ ਜਨੂੰਨ ਦੁਆਰਾ ਵਧੇਰੇ ਸੰਚਾਲਿਤ ਹੁੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਿਸ ਤਰੀਕੇ ਭਾਰਤ ਅੱਜ ਕੰਮ ਕਰ ਰਿਹਾ ਹੈ, ਉਸ ਤੋਂ – ਇਹ ‘ਕੀਤਾ ਜਾ ਸਕਦਾ ਹੈ’ ਦੀ ਭਾਵਨਾ ਸਪਸ਼ਟ ਹੈ।

 

ਪ੍ਰਧਾਨ ਮੰਤਰੀ ਨੇ ‘ਭੀਮ UPI’ ਦੀ ਉਦਾਹਰਣ ਦਿੱਤੀ, ਜਿਸ ਨੇ ਭੁਗਤਾਨ–ਪ੍ਰਣਾਲੀ ਵਿੱਚ ਇਨਕਲਾਬ ਲੈ ਆਂਦਾ ਹੈ ਕਿਉਂਕਿ ਸਿਰਫ਼ ਦਸੰਬਰ 2020 ’ਚ ਹੀ ਭਾਰਤ ਵਿੱਚ ਯੂਪੀਆਈ ਜ਼ਰੀਏ 4 ਲੱਖ ਕਰੋੜ ਰੁਪਏ ਦੇ ਲੈਣ–ਦੇਣ ਹੋਏ। ਇਸੇ ਤਰ੍ਹਾਂ ਭਾਰਤ ਸੋਲਰ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿੱਚ ਮੋਹਰੀ ਚੱਲ ਰਿਹਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (ਡੀਬੀਟੀ) ਸਿਸਟਮ ਗ਼ਰੀਬਾਂ, ਕਿਸਾਨਾਂ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ ਤੇ ਉਨ੍ਹਾਂ ਦੀਆਂ ਔਕੜਾਂ ਵਿੱਚ ਰਾਹਤ ਦੇ ਰਿਹਾ ਹੈ ਅਤੇ 1.75 ਲੱਖ ਕਰੋੜ ਕੀਮਤ ਦੀ ਲੀਕੇਜ ਬੰਦ ਹੋ ਗਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰੀ ਖ਼ਰੀਦ ਪੋਰਟਲ ਜੈੱਮ (GeM) ਦੁਆਰਾ ਸਟਾਰਟਅੱਪਸ ਨੂੰ ਨਵੇਂ ਮੌਕੇ ਮਿਲ ਰਹੇ ਹਨ ਕਿਉਂਕਿ 8 ਹਜ਼ਾਰ ਸਟਾਰਟਅੱਪਸ ਜੈੱਮ ਪੋਰਟਲ ਉੱਤੇ ਰਜਿਸਟਰ ਹਨ ਅਤੇ ਉਨ੍ਹਾਂ ਜੈੱਮ ਰਾਹੀਂ 2,300 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਜੈੱਮ ਉੱਤੇ ਸਟਾਰਟਅੱਪ ਦੀ ਮੌਜੂਦਗੀ ਸਿਰਫ਼ ਵਧੇਗੀ। ਇਸ ਨਾਲ ਸਥਾਨਕ ਨਿਰਮਾਦ, ਸਥਾਨਕ ਰੋਜ਼ਗਾਰ ਵਧਣਗੇ ਅਤੇ ਸਟਾਰਟਅੱਪ ਰਿਸਰਚ ਤੇ ਇਨੋਵੇਸ਼ਨ ਵਿੱਚ ਬਿਹਤਰ ਨਿਵੇਸ਼ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਇੱਕ ਹਜ਼ਾਰ ਕਰੋੜ ਰੁਪਏ ਦੇ ‘ਸਟਾਰਟਅੱਪ ਇੰਡੀਆ’ ਸੀਡ ਫੰਡ ਦੀ ਸ਼ੁਰੂਆਤ ਕਰਨ ਦਾ ਐਲਾਨ ਵੀ ਕੀਤਾ, ਤਾਂ ਜੋ ਸਟਾਰਟਅੱਪਸ ਲਈ ਬੀਜ–ਪੂੰਜੀ ਦੀ ਕੋਈ ਘਾਟ ਨਾ ਰਹੇ। ਇਸ ਨਾਲ ਨਵੇਂ ਸਟਾਰਟਅੱਪਸ ਸ਼ੁਰੂ ਕਰਨ ਅਤੇ ਉਨ੍ਹਾਂ ਦਾ ਵਿਕਾਸ ਕਰਨ ਵਿੱਚ ਮਦਦ ਮਿਲੇਗੀ। ‘ਫੰਡ ਆਵ੍ ਫੰਡਸ’ ਸਕੀਮ ਪਹਿਲਾਂ ਹੀ ਇਕਵਿਟੀ ਪੂੰਜੀ ਪੈਦਾ ਕਰਨ ਵਿੱਚ ਸਟਾਰਟਅੱਪਸ ਦੀ ਮਦਦ ਕਰ ਰਹੀ ਹੈ। ਸਰਕਾਰ ਵੀ ਗਰੰਟੀਆਂ ਰਾਹੀਂ ਪੂੰਜੀ ਪੈਦਾ ਕਰਨ ਵਿੱਚ ਸਟਾਰਟਅੱਪਸ ਦੀ ਮਦਦ ਕਰੇਗੀ। ਭਾਰਤ ‘ਨੌਜਵਾਨਾਂ ਦਾ, ਨੌਜਵਾਨਾਂ ਦੁਆਰਾ, ਨੌਜਵਾਨਾਂ ਲਈ’ ਦੇ ਮੰਤਰ ਦੇ ਅਧਾਰ ਉੱਤੇ ਸਟਾਰਟਅੱਪ ਈਕੋਸਿਸਟਮ ਲਈ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਅੰਤ ’ਚ ਕਿਹਾ ਕਿ ਸਾਨੂੰ ਅਗਲੇ ਪੰਜ ਸਾਲਾਂ ਲਈ ਆਪਣੇ ਟੀਚੇ ਤੈਅ ਕਰਨੇ ਹੋਣਗੇ ਅਤੇ ਇਹ ਟੀਚੇ ਅਜਿਹੇ ਹੋਣੇ ਚਾਹੀਦੇ ਹਨ ਕਿ ਸਾਡੇ ਸਟਾਰਟਅੱਪਸ, ਸਾਡੇ ਯੂਨੀਕੌਰਨਸ ਵਿਸ਼ਵ ਪੱਧਰ ਦੀਆਂ ਵਿਸ਼ਾਲ ਕੰਪਨੀਆਂ ਵਜੋਂ ਉੱਭਰਨ ਤੇ ਭਵਿੱਖ ਦੀਆਂ ਟੈਕਨੋਲੋਜੀਆਂ ਦੀ ਵਾਗਡੋਰ ਸੰਭਾਲਣ। 

 

*****

 

ਡੀਐੱਸ



(Release ID: 1689239) Visitor Counter : 202