ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਟੀਕਾਕਰਣ ਮੁਹਿੰਮ ਦੇ ਪੈਨ-ਇੰਡੀਆ ਰੋਲਆਊਟ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 16 JAN 2021 1:11PM by PIB Chandigarh


ਮੇਰੇ ਪਿਆਰੇ ਦੇਸ਼ਵਾਸੀਓ,

 

ਨਮਸਕਾਰ!

 

ਅੱਜ ਦੇ ਦਿਨ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰਤਜਾਰ ਰਿਹਾ ਹੈ। ਕਿਤਨੇ ਮਹੀਨਿਆਂ ਤੋਂ ਦੇਸ਼ ਦੇ ਹਰ ਘਰ ਵਿੱਚ, ਬੱਚੇ-ਬੁੱਢੇ-ਜਵਾਨ, ਸਾਰਿਆਂ ਦੀ ਜ਼ੁਬਾਨ ‘ਤੇ ਇਹੀ ਸਵਾਲ ਸੀ ਕਿ – ਕੋਰੋਨਾ ਦੀ ਵੈਕਸੀਨ ਕਦੋਂ ਆਵੇਗੀ? ਤਾਂ ਹੁਣ ਕੋਰੋਨਾ ਦੀ ਵੈਕਸੀਨ ਆ ਗਈ ਹੈ, ਬਹੁਤ ਘੱਟ ਸਮੇਂ ਵਿੱਚ ਆ ਗਈ ਹੈ। ਹੁਣ ਤੋਂ ਕੁਝ ਹੀ ਮਿੰਟ ਬਾਅਦ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਉਹ ਵਿਗਿਆਨੀ, ਵੈਕਸੀਨ ਰਿਸਰਚ ਨਾਲ ਜੁੜੇ ਅਨੇਕਾਂ ਲੋਕ ਵਿਸ਼ੇਸ਼ ਰੂਪ ਵਿੱਚ ਪ੍ਰਸ਼ੰਸਾ ਦੇ ਹੱਕਦਾਰ ਹਨ, ਜੋ ਬੀਤੇ ਕਈ ਮਹੀਨਿਆਂ ਤੋਂ ਕੋਰੋਨਾ ਦੇ ਖ਼ਿਲਾਫ਼ ਵੈਕਸੀਨ ਬਣਾਉਣ ਵਿੱਚ ਜੁਟੇ ਸਨ, ਦਿਨ-ਰਾਤ ਜੁਟੇ ਸਨ। 


 

ਨਾ ਉਨ੍ਹਾਂ ਨੇ ਤਿਉਹਾਰ ਦੇਖਿਆ ਹੈ, ਨਾ ਉਨ੍ਹਾਂ ਨੇ ਦਿਨ ਦੇਖਿਆ ਹੈ, ਨਾ ਉਨ੍ਹਾਂ ਨੇ ਰਾਤ ਦੇਖੀ ਹੈ। ਆਮ ਤੌਰ ‘ਤੇ ਇੱਕ ਵੈਕਸੀਨ ਬਣਾਉਣ ਵਿੱਚ ਵਰ੍ਹੇ ਲਗ ਜਾਂਦੇ ਹਨ। ਇੰਨਾ ਹੀ ਨਹੀਂ ਕਈ ਹੋਰ ਵੈਕਸੀਨਾਂ ‘ਤੇ ਵੀ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਇਹ ਭਾਰਤ ਦੀ ਸ਼ਕਤੀ, ਭਾਰਤ ਦੀ ਵਿਗਿਆਨਕ ਦਕਸ਼ਤਾ, ਭਾਰਤ ਦੇ ਟੈਲੇਂਟ ਦਾ ਜਿਉਂਦਾ ਜਾਗਦਾ ਸਬੂਤ ਹੈ। ਅਜਿਹੀਆਂ ਹੀ ਉਪਲੱਬਧੀਆਂ ਲਈ ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਨੇ ਕਿਹਾ ਸੀ-ਮਾਨਵ ਜਬ ਜ਼ੋਰ ਲਗਾਤਾ ਹੈ, ਪੱਥਰ ਪਾਨੀ ਬਨ ਜਾਤਾ ਹੈ!!

 

ਭਾਈਓ ਅਤੇ ਭੈਣੋਂ,

 

ਭਾਰਤ ਦਾ ਟੀਕਾਕਰਣ ਅਭਿਆਨ ਬਹੁਤ ਹੀ ਮਾਨਵੀ ਅਤੇ ਮਹੱਤਵਪੂਰਨ ਸਿਧਾਤਾਂ ‘ਤੇ ਅਧਾਰਿਤ ਹੈ। ਜਿਸ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਉਸ ਨੂੰ ਸਭ ਤੋਂ ਪਹਿਲਾਂ ਕੋਰੋਨਾ ਦਾ ਟੀਕਾ ਲਗੇਗਾ। ਜਿਸ ਨੂੰ ਕੋਰੋਨਾ ਸੰਕ੍ਰਮਣ ਦਾ ਰਿਸਕ ਸਭ ਤੋਂ ਜ਼ਿਆਦਾ ਹੈ, ਉਸ ਨੂੰ ਪਹਿਲਾਂ ਟੀਕਾ ਲਗੇਗਾ। ਜੋ ਸਾਡੇ ਡਾਕਟਰਸ ਹਨ, ਨਰਸਾਂ ਹਨ, ਹਸਪਤਾਲ ਵਿੱਚ ਸਫਾਈ ਕਰਮੀ ਹਨ, ਮੈਡੀਕਲ-ਪੈਰਾ ਮੈਡੀਕਲ ਸਟਾਫ ਹੈ, ਉਹ ਕੋਰੋਨਾ ਦੀ ਵੈਕਸੀਨ ਦੇ ਸਭ ਤੋਂ ਪਹਿਲੇ ਹੱਕਦਾਰ ਹਨ। ਚਾਹੇ ਉਹ ਸਰਕਾਰੀ ਹਸਪਤਾਲ ਵਿੱਚ ਹੋਣ ਜਾਂ ਫਿਰ ਪ੍ਰਾਈਵੇਟ ਵਿੱਚ, ਸਾਰਿਆਂ ਨੂੰ ਇਹ ਵੈਕਸੀਨ ਪ੍ਰਾਥਮਿਕਤਾ ‘ਤੇ ਲਗੇਗੀ। ਇਸ ਦੇ ਬਾਅਦ ਉਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ, ਜਿਨ੍ਹਾਂ ‘ਤੇ ਜ਼ਰੂਰੀ ਸੇਵਾਵਾਂ ਅਤੇ ਦੇਸ਼ ਦੀ ਰੱਖਿਆ ਜਾਂ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਹੈ। ਜਿਵੇਂ ਸਾਡੇ ਸੁਰੱਖਿਆ ਬਲ ਹੋ ਗਏ, ਪੁਲਿਸ-ਕਰਮੀ ਹੋ ਗਏ, ਫਾਇਰਬ੍ਰਿਗੇਡ ਦੇ ਲੋਕ ਹੋ ਗਏ, ਸਫਾਈ ਕਰਮਚਾਰੀ ਹੋ ਗਏ, ਇਨ੍ਹਾਂ ਸਾਰਿਆਂ ਨੂੰ ਇਹ ਵੈਕਸੀਨ ਪ੍ਰਾਥਮਿਕਤਾ ‘ਤੇ ਲਗੇਗੀ। ਅਤੇ ਮੈਂ ਜਿਵੇਂ ਪਹਿਲਾਂ ਵੀ ਕਿਹਾ ਹੈ- ਇਨ੍ਹਾਂ ਦੀ ਸੰਖਿਆ ਕਰੀਬ-ਕਰੀਬ ਤਿੰਨ ਕਰੋੜ ਹੁੰਦੀ ਹੈ। ਇਨ੍ਹਾਂ ਸਾਰਿਆਂ ਦੇ ਵੈਕਸੀਨੇਸ਼ਨ ਦਾ ਖਰਚ ਭਾਰਤ ਸਰਕਾਰ ਦੁਆਰਾ ਉਠਾਇਆ ਜਾਵੇਗਾ।

 

ਸਾਥੀਓ,

 

ਇਸ ਟੀਕਾਕਰਣ ਅਭਿਆਨ ਦੀਆਂ ਪੁਖਤਾ ਤਿਆਰੀਆਂ ਦੇ ਲਈ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਦੇਸ਼ ਦੇ ਕੋਨੋ-ਕੋਨੇ ਵਿੱਚ Trials ਕੀਤੇ ਗਏ ਹਨ, Dry Runs ਹੋਏ ਹਨ। ਵਿਸ਼ੇਸ਼ ਤੌਰ ‘ਤੇ ਬਣਾਏ ਗਏ Co-Win ਡਿਜੀਟਲ ਪਲੈਟਫਾਰਮ ਵਿੱਚ ਟੀਕਾਕਰਣ ਦੇ ਲਈ ਰਜਿਸਟ੍ਰੇਸ਼ਨ ਤੋਂ ਲੈ ਕੇ ਟ੍ਰੇਨਿੰਗ ਤੱਕ ਦੀ ਵਿਵਸਥਾ ਹੈ। ਤੁਹਾਨੂੰ ਪਹਿਲਾ ਟੀਕਾ ਲਗਾਉਣ ਤੋਂ ਬਾਅਦ ਦੂਜੀ ਡੋਜ਼ ਕਦੋਂ ਲਗੇਗੀ, ਇਸ ਦੀ ਜਾਣਕਾਰੀ ਵੀ ਤੁਹਾਨੂੰ ਫੋਨ ‘ਤੇ ਦਿੱਤੀ ਜਾਵੇਗੀ। ਅਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਇਹ ਗੱਲ ਫਿਰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਕੋਰੋਨਾ ਵੈਕਸੀਨ ਦੀਆਂ 2 ਡੋਜ਼ਾਂ ਲਗਣੀਆਂ ਬਹੁਤ ਜ਼ਰੂਰੀ ਹਨ। ਇੱਕ ਡੋਜ਼ ਲੈ ਲਈ ਅਤੇ ਭੁੱਲ ਗਏ, ਅਜਿਹੀ ਗਲਤੀ ਨਾ ਕਰਨਾ। ਅਤੇ ਜਿਵੇਂ ਐਕਸਪਰਟਸ ਕਹਿ ਰਹੇ ਹਨ, ਪਹਿਲੀ ਅਤੇ ਦੂਜੀ ਡੋਜ਼ ਦਰਮਿਆਨ, ਲਗਭਗ ਇੱਕ ਮਹੀਨੇ ਦਾ ਅੰਤਰਾਲ ਵੀ ਰੱਖਿਆ ਜਾਵੇਗਾ। ਤੁਹਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਦੂਜੀ ਡੋਜ਼ ਲਗਾਉਣ ਦੇ 2 ਹਫਤੇ ਬਾਅਦ ਹੀ ਤੁਹਾਡੇ ਸਰੀਰ ਵਿੱਚ ਕੋਰੋਨਾ ਦੇ ਵਿਰੁੱਧ ਜ਼ਰੂਰੀ ਸ਼ਕਤੀ ਵਿਕਸਿਤ ਹੋ ਸਕੇਗੀ। ਇਸ ਲਈ ਟੀਕਾ ਲਗਦੇ ਹੀ ਤੁਸੀਂ ਅਸਾਵਧਾਨੀ ਵਰਤਣ ਲੱਗੇ, ਮਾਸਕ ਕੱਢ ਕੇ ਰੱਖ ਦੇਵੋ, ਦੋ ਗਜ ਦੀ ਦੂਰੀ ਭੁੱਲ ਜਾਵੋ, ਇਹ ਸਭ ਨਾ ਕੀਤਾ ਜਾਵੇ। ਮੈਂ ਪ੍ਰਾਰਥਨਾ ਕਰਦਾ ਹਾਂ ਨਾ ਕਰਿਓ। ਅਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਬਹੁਤ ਤਾਕੀਦ ਨਾਲ ਕਹਿਣਾ ਚਾਹੁੰਦਾ ਹਾਂ। ਜਿਸ ਤਰ੍ਹਾਂ ਧੀਰਜ ਨਾਲ ਤੁਸੀਂ ਕੋਰੋਨਾ ਦਾ ਮੁਕਾਬਲਾ ਕੀਤਾ, ਉਸੇ ਤਰ੍ਹਾਂ ਹੀ ਧੀਰਜ ਹੁਣ ਵੈਕਸੀਨੇਸ਼ਨ ਦੇ ਸਮੇਂ ਵੀ ਦਿਖਾਉਣਾ ਹੈ।

 

ਸਾਥੀਓ,

 

ਇਤਿਹਾਸ ਵਿੱਚ ਇਸ ਪ੍ਰਕਾਰ ਦਾ ਅਤੇ ਇੰਨੇ ਵੱਡੇ ਪੱਧਰ ਦਾ ਟੀਕਾਕਰਣ ਅਭਿਆਨ ਪਹਿਲਾਂ ਕਦੇ ਨਹੀਂ ਚਲਾਇਆ ਗਿਆ ਹੈ। ਇਹ ਅਭਿਆਨ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਤੁਸੀਂ ਸਿਰਫ ਪਹਿਲੇ ਪੜਾਅ ਤੋਂ ਹੀ ਲਗਾ ਸਕਦੇ ਹੋ। ਦੁਨੀਆ ਦੇ 100 ਤੋਂ ਵੀ ਜ਼ਿਆਦਾ ਅਜਿਹੇ ਦੇਸ਼ ਹਨ ਜਿਨ੍ਹਾਂ ਦੀ ਜਨਸੰਖਿਆ 3 ਕਰੋੜ ਤੋਂ ਘੱਟ ਹੈ। ਅਤੇ ਭਾਰਤ ਵੈਕਸੀਨੇਸ਼ਨ ਦੇ ਆਪਣੇ ਪਹਿਲੇ ਪੜਾਅ ਵਿੱਚ ਹੀ 3 ਕਰੋੜ ਲੋਕਾਂ ਦਾ ਟੀਕਾਕਰਣ ਕਰ ਰਿਹਾ ਹੈ। ਦੂਸਰੇ ਪੜਾਅ ਵਿੱਚ ਸਾਨੂੰ ਇਸ ਨੂੰ 30 ਕਰੋੜ ਦੀ ਸੰਖਿਆ ਤੱਕ ਲੈ ਜਾਣਾ ਹੈ। ਜੋ ਬਜ਼ੁਰਗ ਹਨ, ਜੋ ਗੰਭੀਰ ਬਿਮਾਰੀ ਤੋਂ ਪੀੜਿਤ ਹਨ, ਉਨ੍ਹਾਂ ਨੂੰ ਅਗਲੇ ਪੜਾਅ ਵਿੱਚ ਟੀਕਾ ਲਗੇਗਾ। ਤੁਸੀਂ ਕਲਪਨਾ ਕਰ ਸਕਦੇ ਹੋ, 30 ਕਰੋੜ ਦੀ ਆਬਾਦੀ ਤੋਂ ਉੱਪਰ ਦੇ ਦੁਨੀਆ ਦੇ ਸਿਰਫ ਤਿੰਨ ਹੀ ਦੇਸ਼ ਹਨ- ਖੁਦ ਭਾਰਤ, ਚੀਨ ਅਤੇ ਅਮਰੀਕਾ। ਅਤੇ ਕੋਈ ਵੀ ਦੇਸ਼ ਅਜਿਹਾ ਨਹੀਂ ਹੈ ਜਿਨ੍ਹਾਂ ਦੀ ਆਬਾਦੀ ਇਨ੍ਹਾਂ ਤੋਂ ਜ਼ਿਆਦਾ ਹੋਵੇ। ਇਸ ਲਈ ਭਾਰਤ ਦਾ ਟੀਕਾਕਰਣ ਅਭਿਆਨ ਇੰਨਾ ਵੱਡਾ ਹੈ। ਅਤੇ ਇਸ ਲਈ ਇਹ ਅਭਿਆਨ ਭਾਰਤ ਦੀ ਸ਼ਕਤੀ ਨੂੰ ਦਿਖਾਉਂਦਾ ਹੈ। ਅਤੇ ਮੈਂ ਦੇਸ਼ਵਾਸੀਆਂ ਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹਾਂ। ਸਾਡੇ ਵਿਗਿਆਨੀ, ਸਾਡੇ ਐਕਸਪਰਟਸ ਜਦੋਂ ਦੋਵੇਂ ਮੇਡ ਇਨ ਇੰਡੀਆ ਵੈਕਸੀਨ ਦੀ ਸੁਰੱਖਿਆ ਅਤੇ ਪ੍ਰਭਾਵ ਨੂੰ ਲੈ ਕੇ ਆਸਵੰਦ ਹੋਏ ਤਦ ਹੀ ਉਨ੍ਹਾਂ ਨੇ ਇਸ ਦੇ ਐਮਰਜੈਂਸੀ ਉਪਯੋਗ ਦੀ ਆਗਿਆ ਦਿੱਤੀ ਹੈ। ਇਸ ਲਈ ਦੇਸ਼ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਾਪੇਗੰਡਾ, ਅਫਵਾਹਾਂ ਦੁਸ਼ਪ੍ਰਚਾਰ ਤੋਂ ਬਚ ਕੇ ਰਹਿਣਾ ਹੈ। 

 

ਸਾਥੀਓ,

 

ਭਾਰਤ ਦੇ ਵੈਕਸੀਨ ਵਿਗਿਆਨੀ, ਸਾਡਾ ਮੈਡੀਕਲ ਸਿਸਟਮ, ਭਾਰਤ ਦੀ ਪ੍ਰਕਿਰਿਆ ਦੀ ਪੂਰੇ ਵਿਸ਼ਵ ਵਿੱਚ ਬਹੁਤ ਭਰੋਸੇਯੋਗਤਾ ਹੈ ਅਤੇ ਪਹਿਲਾਂ ਤੋਂ ਹੈ। ਅਸੀਂ ਇਹ ਵਿਸ਼ਵਾਸ ਆਪਣੇ ਟ੍ਰੈਕ ਰਿਕਾਰਡ ਨਾਲ ਹਾਸਲ ਕੀਤਾ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

 

ਹਰ ਹਿੰਦੁਸਤਾਨੀ ਇਸ ਗੱਲ ‘ਤੇ ਮਾਣ ਕਰੇਗਾ ਕਿ ਦੁਨੀਆ ਭਰ ਦੇ ਕਰੀਬ 60 ਪ੍ਰਤੀਸ਼ਤ ਬੱਚਿਆਂ ਨੂੰ ਜੋ ਜੀਵਨਰੱਖਿਅਕ ਟੀਕੇ ਲਗਦੇ ਹਨ, ਉਹ ਭਾਰਤ ਵਿੱਚ ਹੀ ਬਣਦੇ ਹਨ, ਭਾਰਤ ਦੀਆਂ ਸਖਤ ਵਿਗਿਆਨਕ ਪ੍ਰਕਿਰਿਆਵਾਂ ਤੋਂ ਹੀ ਹੋ ਕੇ ਗੁਜਰਦੇ ਹਨ। ਭਾਰਤ ਦੇ ਵਿਗਿਆਨੀਆਂ ਅਤੇ ਵੈਕਸੀਨ ਨਾਲ ਜੁੜੀ ਸਾਡੀ ਮੁਹਾਰਤ ‘ਤੇ ਦੁਨੀਆ ਦਾ ਇਹ ਵਿਸ਼ਵਾਸ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਵਿੱਚ ਹੋਰ ਮਜ਼ਬੂਤ ਹੋਣ ਵਾਲਾ ਹੈ। ਇਸ ਦੀਆਂ ਕੁਝ ਹੋਰ ਖਾਸ ਗੱਲਾਂ ਹਨ ਜੋ ਅੱਜ ਮੈਂ ਦੇਸ਼ਵਾਸੀਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ। ਇਹ ਭਾਰਤੀ ਵੈਕਸੀਨ, ਵਿਦੇਸ਼ੀ ਵੈਕਸੀਨਾਂ ਦੀ ਤੁਲਨਾ ਵਿੱਚ ਬਹੁਤ ਸਸਤੀ ਹੈ ਅਤੇ ਇਨ੍ਹਾਂ ਦਾ ਉਪਯੋਗ ਵੀ ਉਤਨਾ ਹੀ ਅਸਾਨ ਹੈ। ਵਿਦੇਸ਼ ਵਿੱਚ ਤਾਂ ਕੁਝ ਵੈਕਸੀਨਾਂ ਅਜਿਹੀਆਂ ਹਨ ਜਿਸ ਦੀ ਇੱਕ ਡੋਜ਼ ਪੰਜ ਹਜ਼ਾਰ ਰੁਪਏ ਤੱਕ ਵਿੱਚ ਹੈ ਅਤੇ ਜਿਸ ਨੂੰ ਮਾਈਨਸ 70 ਡਿਗਰੀ ਤਾਪਮਾਨ ਵਿੱਚ ਫ੍ਰਿਜ ਵਿੱਚ ਰੱਖਣਾ ਹੁੰਦਾ ਹੈ। ਉੱਥੇ ਹੀ ਭਾਰਤ ਦੀ Vaccines ਅਜਿਹੀ ਤਕਨੀਕ ‘ਤੇ ਬਣਾਈ ਗਈ ਹੈ, ਜੋ ਭਾਰਤ ਵਿੱਚ ਵਰ੍ਹਿਆਂ ਤੋਂ Tried ਅਤੇ Tested ਹਨ। ਇਹ ਵੈਕਸੀਨ ਸਟੋਰੇਜ ਤੋਂ ਲੈ ਕੇ ਟ੍ਰਾਂਸਪੋਟੇਸ਼ਨ ਤੱਕ ਭਾਰਤੀ ਸਥਿਤੀਆਂ ਅਤੇ ਪਰਿਸਥਿਤੀਆਂ ਦੇ ਅਨੁਕੂਲ ਹਨ। ਇਹੀ ਵੈਕਸੀਨ ਹੁਣ ਭਾਰਤ ਨੂੰ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਨਿਰਣਾਇਕ ਜਿੱਤ ਦਿਵਾਏਗੀ। 

 

ਸਾਥੀਓ,

 

ਕੋਰੋਨਾ ਨਾਲ ਸਾਡੀ ਲੜਾਈ ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਦੀ ਰਹੀ ਹੈ। ਇਸ ਮੁਸ਼ਕਿਲ ਲੜਾਈ ਨਾਲ ਲੜਨ ਦੇ ਲਈ ਅਸੀਂ ਆਪਣੇ ਆਤਮਵਿਸ਼ਵਾਸ ਨੂੰ ਕਮਜ਼ੋਰ ਨਹੀਂ ਪੈਣ ਦੇਵਾਂਗੇ, ਇਹ ਪ੍ਰਣ ਹਰ ਭਾਰਤੀ ਵਿੱਚ ਦਿਖਾਈ ਦਿੱਤਾ ਹੈ। ਸੰਕਟ ਕਿਤਨਾ ਹੀ ਬੜਾ ਕਿਉਂ ਨਾ ਹੋਵੇ, ਦੇਸ਼ਵਾਸੀਆਂ ਨੇ ਕਦੇ ਆਤਮਵਿਸ਼ਵਾਸ ਖੋਇਆ ਨਹੀਂ। ਜਦ ਭਾਰਤ ਵਿੱਚ ਕੋਰੋਨਾ ਪਹੁੰਚਿਆ ਤਦ ਦੇਸ਼ ਵਿੱਚ ਕੋਰੋਨਾ ਟੈਸਟਿੰਗ ਦੀ ਇੱਕ ਹੀ ਲੈਬ ਸੀ। ਅਸੀਂ ਆਪਣੀ ਸਮਰੱਥਾ ‘ਤੇ ਵਿਸ਼ਵਾਸ ਰੱਖਿਆ ਅਤੇ ਅੱਜ 2300 ਤੋਂ ਜ਼ਿਆਦਾ ਲੈਬਸ ਦਾ ਨੈੱਟਵਰਕ ਸਾਡੇ ਪਾਸ ਹੈ। ਸ਼ੁਰੂਆਤ ਵਿੱਚ ਅਸੀਂ ਮਾਸਕ, PPE ਕਿੱਟ, ਟੈਸਟਿੰਗ ਕਿੱਟਸ, ਵੈਂਟੀਲੇਟਰਸ ਜਿਹੇ ਜ਼ਰੂਰੀ ਸਮਾਨ ਦੇ ਲਈ ਵੀ ਵਿਦੇਸ਼ਾਂ ‘ਤੇ ਨਿਰਭਰ ਸਾਂ। ਅੱਜ ਇਨ੍ਹਾਂ ਸਾਰੇ ਸਮਾਨਾਂ ਦੇ ਨਿਰਮਾਣ ਵਿੱਚ ਅਸੀਂ ਆਤਮਨਿਰਭਰ ਹੋ ਗਏ ਹਾਂ ਅਤੇ ਇਨ੍ਹਾਂ ਦਾ ਨਿਰਯਾਤ ਵੀ ਕਰ ਰਹੇ ਹਾਂ। ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਦੀ ਇਸੇ ਤਾਕਤ ਨੂੰ ਅਸੀਂ ਟੀਕਾਕਰਣ ਦੇ ਇਸ ਦੌਰ ਵਿੱਚ ਵੀ ਸਸ਼ਕਤ ਕਰਨਾ ਹੈ।

 

ਸਾਥੀਓ,

 

ਮਹਾਨ ਤੇਲੁਗੂ ਕਵੀ ਸ਼੍ਰੀ ਗੁਰਾਜਾਡਾ ਅੱਪਾਰਾਓ ਨੇ ਕਿਹਾ ਸੀ- ਸੌਂਤ ਲਾਭੰ ਕੌਂਤ ਮਾਨੁਕੁ, ਪੌਰੂਗੁਵਾਡਿਕਿ ਤੋਡੁ ਪਡਵੋਯ੍ ਦੇਸ਼ਮੰਟੇ ਮੱਟਿ ਕਾਦੋਯਿ, ਦੇਸ਼ਮੰਟੇ ਮਨੁਸ਼ੁਲੋਯ! (सौन्त लाभं कौन्त मानुकु, पौरुगुवाडिकि तोडु पडवोय् देशमन्टे मट्टि कादोयि, देशमन्टे मनुषुलोय!) ਯਾਨੀ ਅਸੀਂ ਦੂਸਰਿਆਂ ਦੇ ਕੰਮ ਆਈਏ ਇਹ ਨਿਰਸੁਆਰਥ ਭਾਵ ਸਾਡੇ ਅੰਦਰ ਰਹਿਣਾ ਚਾਹੀਦਾ ਹੈ। ਰਾਸ਼ਟਰ ਸਿਰਫ ਮਿੱਟੀ, ਪਾਣੀ, ਕੰਕਰ, ਪੱਥਰ ਨਾਲ ਨਹੀਂ ਬਣਦਾ, ਬਲਕਿ ਰਾਸ਼ਟਰ ਦਾ ਅਰਥ ਹੁੰਦਾ ਹੈ, ਸਾਡੇ ਲੋਕ। ਕੋਰੋਨਾ ਦੇ ਵਿਰੁੱਧ ਲੜਾਈ ਨੂੰ ਸੰਪੂਰਨ ਦੇਸ਼ ਨੇ ਇਸੇ ਭਾਵਨਾ ਦੇ ਨਾਲ ਲੜਿਆ ਹੈ। ਅੱਜ ਜਦ ਅਸੀਂ ਬੀਤੇ ਸਾਲ ਨੂੰ ਦੇਖਦੇ ਹਾਂ ਤਾਂ, ਇੱਕ ਵਿਅਕਤੀ ਦੇ ਰੂਪ ਵਿੱਚ, ਇੱਕ ਪਰਿਵਾਰ ਦੇ ਰੂਪ ਵਿੱਚ, ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਬਹੁਤ ਕੁਝ ਸਿੱਖਿਆ ਹੈ, ਬਹੁਤ ਕੁਝ ਦੇਖਿਆ ਹੈ, ਜਾਣਿਆ ਹੈ, ਸਮਝਿਆ ਹੈ।

 

ਅੱਜ ਭਾਰਤ ਜਦ ਆਪਣਾ ਟੀਕਾਕਰਣ ਅਭਿਆਨ ਸ਼ੁਰੂ ਕਰ ਰਿਹਾ ਹੈ, ਤਾਂ ਮੈਂ ਉਨ੍ਹਾਂ ਦਿਨਾਂ ਨੂੰ ਵੀ ਯਾਦ ਕਰ ਰਿਹਾ ਹਾਂ। ਕੋਰੋਨਾ ਸੰਕਟ ਦਾ ਉਹ ਦੌਰ ਜਦ ਹਰ ਕੋਈ ਚਾਹੁੰਦਾ ਸੀ ਕਿ ਕੁਝ ਕਰੋ, ਲੇਕਿਨ ਉਸ ਨੂੰ ਉਤਨਾ ਰਸਤਾ ਨਹੀਂ ਸੁੱਝਦਾ ਸੀ। ਆਮ ਤੌਰ ‘ਤੇ ਬਿਮਾਰੀ ਵਿੱਚ ਪੂਰਾ ਪਰਿਵਾਰ ਬਿਮਾਰ ਵਿਅਕਤੀ ਦੀ ਦੇਖਭਾਲ਼ ਦੇ ਲਈ ਜੁਟ ਜਾਂਦਾ ਹੈ। ਲੇਕਿਨ ਇਸ ਬਿਮਾਰੀ ਨੇ ਤਾਂ ਬਿਮਾਰ ਨੂੰ ਹੀ ਇਕੱਲਾ ਕਰ ਦਿੱਤਾ। ਅਨੇਕਾਂ ਜਗ੍ਹਾਂ ‘ਤੇ ਛੋਟੇ-ਛੋਟੇ ਬਿਮਾਰ ਬੱਚਿਆਂ ਨੂੰ ਮਾਂ ਤੋਂ ਦੂਰ ਰਹਿਣਾ ਪਿਆ। ਮਾਂ ਪਰੇਸ਼ਾਨ ਰਹਿੰਦੀ ਸੀ, ਮਾਂ ਰੋਂਦੀ ਸੀ, ਲੇਕਿਨ ਚਾਹ ਕੇ ਵੀ ਕੁਝ ਕਰ ਨਹੀਂ ਸਕਦੀ ਸੀ, ਬੱਚੇ ਨੂੰ ਆਪਣੀ ਗੋਦ ਵਿੱਚ ਨਹੀਂ ਲੈ ਸਕਦੀ ਸੀ। ਕਿਤੇ ਬਜ਼ੁਰਗ ਪਿਤਾ, ਹਸਪਤਾਲ ਵਿੱਚ ਇਕੱਲੇ, ਆਪਣੀ ਬਿਮਾਰੀ ਨਾਲ ਸੰਘਰਸ਼ ਕਰਨ ਨੂੰ ਮਜਬੂਰ ਸਨ। ਸੰਤਾਨ ਚਾਹ ਕੇ ਵੀ ਉਸ ਦੇ ਪਾਸ ਨਹੀਂ ਜਾ ਸਕਦੀ ਸੀ। ਜੋ ਸਾਨੂੰ ਛੱਡ ਕੇ ਚਲੇ ਗਏ, ਉਨ੍ਹਾਂ ਨੂੰ ਪਰੰਪਰਾ ਦੇ ਮੁਤਾਬਕ ਉਹ ਵਿਦਾਈ ਵੀ ਨਹੀਂ ਮਿਲ ਸਕੀ ਜਿਸ ਦੇ ਉਹ ਹੱਕਦਾਰ ਸਨ। ਜਿਤਨਾ ਅਸੀਂ ਉਸ ਸਮੇਂ ਬਾਰੇ ਸੋਚਦੇ ਹਾਂ, ਮਨ ਸਿਹਰ ਜਾਂਦਾ ਹੈ, ਉਦਾਸ ਹੋ ਜਾਂਦਾ ਹੈ।

 

ਲੇਕਿਨ ਸਾਥੀਓ,

 

ਸੰਕਟ ਦੇ ਉਸੇ ਸਮੇਂ ਵਿੱਚ, ਨਿਰਾਸ਼ਾ ਦੇ ਉਸੇ ਵਾਤਾਵਰਣ ਵਿੱਚ, ਕੋਈ ਆਸ਼ਾ ਦਾ ਵੀ ਸੰਚਾਰ ਕਰ ਰਿਹਾ ਸੀ, ਸਾਨੂੰ ਬਚਾਉਣ ਦੇ ਲਈ ਆਪਣੇ ਪ੍ਰਾਣਾਂ ਨੂੰ ਸੰਕਟ ਵਿੱਚ ਪਾ ਰਿਹਾ ਸੀ। ਸਾਡੇ ਡਾਕਟਰ, ਨਰਸ, ਪੈਰਾਮੈਡੀਕਲ ਸਟਾਫ, ਐਂਬੂਲੈਂਸ, ਡ੍ਰਾਈਵਰ, ਆਸ਼ਾ ਵਰਕਰ, ਸਫਾਈ ਕਰਮਚਾਰੀ, ਪੁਲਿਸ ਦੇ ਸਾਥੀ ਅਤੇ ਦੂਸਰੇ Frontline Workers. ਉਨ੍ਹਾਂ ਨੇ ਮਾਨਵਤਾ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪ੍ਰਾਥਮਿਕਤਾ ਦਿੱਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਤਦ ਆਪਣੇ ਬੱਚਿਆਂ, ਆਪਣੇ ਪਰਿਵਾਰ ਤੋਂ ਦੂਰ ਰਹੇ, ਕਈ-ਕਈ ਦਿਨ ਤੱਕ ਘਰ ਨਹੀਂ ਗਏ। ਸੈਂਕੜੇ ਸਾਥੀ ਅਜਿਹੇ ਵੀ ਹਨ ਜੋ ਕਦੇ ਘਰ ਵਾਪਸ ਪਰਤ ਹੀ ਨਹੀਂ ਸਕੇ, ਉਨ੍ਹਾਂ ਨੇ ਇੱਕ-ਇੱਕ ਜੀਵਨ ਨੂੰ ਬਚਾਉਣ ਦੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ। ਇਸ ਲਈ ਅੱਜ ਕੋਰੋਨਾ ਦਾ ਪਹਿਲਾ ਟੀਕਾ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ ਲਗਾ ਕੇ, ਇੱਕ ਤਰ੍ਹਾਂ ਨਾਲ ਸਮਾਜ ਆਪਣਾ ਰਿਣ ਚੁਕਾ ਰਿਹਾ ਹੈ। ਇਹ ਟੀਕਾ ਉਨ੍ਹਾਂ ਸਾਰੇ ਸਾਥੀਆਂ ਦੇ ਪ੍ਰਤੀ ਕ੍ਰਿਤੱਗ ਰਾਸ਼ਟਰ ਦੀ ਆਦਰਾਂਜਲੀ ਵੀ ਹੈ। 

 

ਭਾਈਓ ਅਤੇ ਭੈਣੋਂ,

 

ਮਾਨਵ ਇਤਿਹਾਸ ਵਿੱਚ ਅਨੇਕ ਬਿਪਤਾਵਾਂ ਆਈਆਂ, ਮਹਾਮਾਰੀਆਂ ਆਈਆਂ, ਭਿਆਨਕ ਯੁੱਧ ਹੋਏ, ਲੇਕਿਨ ਕੋਰੋਨਾ ਜਿਹੀ ਚੁਣੌਤੀ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ। ਇਹ ਇੱਕ ਅਜਿਹੀ ਮਹਾਮਾਰੀ ਸੀ ਜਿਸ ਦਾ ਅਨੁਭਵ ਨਾ ਤਾਂ ਸਾਇੰਸ ਨੂੰ ਸੀ ਅਤੇ ਨਾ ਹੀ ਸੋਸਾਇਟੀ ਨੂੰ। ਤਮਾਮ ਦੇਸ਼ਾਂ ਤੋਂ ਜੋ ਤਸਵੀਰਾਂ ਆ ਰਹੀਆਂ ਸਨ, ਜੋ ਖ਼ਬਰਾਂ ਆ ਰਹੀਆਂ ਸਨ, ਉਹ ਪੂਰੀ ਦੁਨੀਆ ਦੇ ਨਾਲ-ਨਾਲ ਹਰ ਭਾਰਤੀ ਨੂੰ ਵਿਚਲਿਤ ਕਰ ਰਹੀਆਂ ਸਨ। ਅਜਿਹੀ ਹਾਲਤ ਵਿੱਚ ਦੁਨੀਆ ਦੇ ਬੜੇ-ਬੜੇ ਐਕਸਪਰਟਸ ਭਾਰਤ ਨੂੰ ਲੈ ਕੇ ਤਮਾਮ ਖਦਸ਼ੇ ਜਤਾ ਰਹੇ ਸਨ।

 

ਲੇਕਿਨ ਸਾਥੀਓ,

 

ਭਾਰਤ ਦੀ ਜਿਸ ਬਹੁਤ ਬੜੀ ਆਬਾਦੀ ਨੂੰ ਸਾਡੀ ਕਮਜ਼ੋਰੀ ਦੱਸਿਆ ਜਾ ਰਿਹਾ ਸੀ, ਉਸ ਨੂੰ ਹੀ ਅਸੀਂ ਆਪਣੀ ਤਾਕਤ ਬਣਾ ਲਿਆ। ਭਾਰਤ ਨੇ ਸੰਵੇਦਨਸ਼ੀਲਤਾ ਅਤੇ ਸਹਿਭਾਗਿਤਾ ਨੂੰ ਲੜਾਈ ਦਾ ਅਧਾਰ ਬਣਾਇਆ। ਭਾਰਤ ਨੇ ਚੌਬੀ ਘੰਟੇ ਸਤਰਕ ਰਹਿੰਦੇ ਹੋਏ, ਹਰ ਘਟਨਾਕ੍ਰਮ ‘ਤੇ ਨਜ਼ਰ ਰੱਖਦੇ ਹੋਏ, ਸਹੀ ਸਮੇਂ ‘ਤੇ ਸਹੀ ਫੈਸਲੇ ਲਏ। 30 ਜਨਵਰੀ ਨੂੰ ਭਾਰਤ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ ਮਿਲਿਆ, ਲੇਕਿਨ ਇਸ ਦੇ ਦੋ ਸਪਤਾਹ ਤੋਂ ਵੀ ਪਹਿਲਾਂ ਭਾਰਤ ਇੱਕ ਹਾਈ ਲੈਵਲ ਕਮੇਟੀ ਬਣਾ ਚੁੱਕਿਆ ਸੀ। ਪਿਛਲੇ ਸਾਲ ਅੱਜ ਦਾ ਹੀ ਦਿਨ ਸੀ ਜਦ ਅਸੀਂ ਬਾਕਾਇਦਾ ਸਰਵਿਲਾਂਸ ਸ਼ੁਰੂ ਕਰ ਦਿੱਤਾ ਸੀ। 17 ਜਨਵਰੀ, 2020 ਉਹ ਤਰੀਕ ਸੀ, ਜਦ ਭਾਰਤ ਨੇ ਆਪਣੀ ਪਹਿਲੀ ਅਡਵਾਈਜ਼ਰੀ ਜਾਰੀ ਕਰ ਦਿੱਤੀ ਸੀ। ਭਾਰਤ ਦੁਨੀਆ ਦੇ ਉਨ੍ਹਾਂ ਪਹਿਲੇ ਦੇਸ਼ਾਂ ਵਿੱਚੋਂ ਸੀ ਜਿਸ ਨੇ ਆਪਣੇ ਏਅਰਪੋਰਟਸ ‘ਤੇ ਯਾਤਰੀਆਂ ਦੀ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਸੀ।

 

ਸਾਥੀਓ,

 

ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਨੇ ਜੈਸੀ ਇੱਛਾਸ਼ਕਤੀ ਦਿਖਾਈ ਹੈ, ਜੋ ਸਾਹਸ ਦਿਖਾਇਆ ਹੈ, ਜੋ ਸਮੂਹਕ ਸ਼ਕਤੀ ਦਾ ਪਰਿਚੈ ਕਰਵਾਇਆ ਹੈ, ਉਹ ਆਉਣ ਵਾਲੀਆਂ ਅਨੇਕ ਪੀੜ੍ਹੀਆਂ ਦੇ ਲਈ ਪ੍ਰੇਰਣਾ ਦਾ ਕੰਮ ਕਰੇਗਾ। ਯਾਦ ਕਰੋ ਜਨਤਾ ਕਰਫਿਊ, ਕੋਰੋਨਾ ਦੇ ਵਿਰੁੱਧ ਸਾਡੇ ਸਮਾਜ ਦੇ ਸੰਜਮ ਅਤੇ ਅਨੁਸ਼ਾਸਨ ਦਾ ਵੀ ਟੈਸਟ ਸੀ, ਜਿਸ ਵਿੱਚ ਹਰ ਦੇਸ਼ਵਾਸੀ ਸਫਲ ਹੋਇਆ। ਜਨਤਾ ਕਰਫਿਊ ਨੇ ਦੇਸ਼ ਨੂੰ ਮਨੋਵਿਗਿਆਨਕ ਰੂਪ ਨਾਲ ਲੌਕਡਾਊਨ ਦੇ ਲਈ ਤਿਆਰ ਕੀਤਾ। ਅਸੀਂ ਤਾਲੀ-ਥਾਲ਼ੀ ਅਤੇ ਦੀਵੇ ਜਗਾ ਕੇ, ਦੇਸ਼ ਦੇ ਆਤਮਵਿਸ਼ਵਾਸ ਨੂੰ ਉੱਚਾ ਰੱਖਿਆ।

 

ਸਾਥੀਓ, 

 

ਕੋਰੋਨਾ ਜਿਹੇ ਅਣਜਾਣ ਦੁਸ਼ਮਣ, ਜਿਸ ਦੇ Action-Reaction ਨੂੰ ਵੱਡੇ-ਵੱਡੇ ਸਮਰੱਥਾਵਾਨ ਦੇਸ਼ ਨਹੀਂ ਭਾਂਪ ਸਕ ਰਹੇ ਸਨ, ਉਸ ਦੇ ਸੰਕ੍ਰਮਣ ਨੂੰ ਰੋਕਣ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੀ ਇਹੀ ਸੀ ਕਿ ਜੋ ਜਿੱਥੇ ਹੈ, ਉਹ ਉੱਥੇ ਹੀ ਰਹੇ। ਇਸ ਲਈ ਦੇਸ਼ ਵਿੱਚ ਲੌਕਡਾਊਨ ਦਾ ਫੈਸਲਾ ਵੀ ਕੀਤਾ ਗਿਆ। ਇਹ ਫੈਸਲਾ ਅਸਾਨ ਨਹੀਂ ਸੀ। ਇਤਨੀ ਬੜੀ ਆਬਾਦੀ ਨੂੰ ਘਰ ਦੇ ਅੰਦਰ ਰੱਖਣਾ ਅਸੰਭਵ ਹੈ, ਇਸ ਦਾ ਸਾਨੂੰ ਅਹਿਸਾਸ ਸੀ। ਅਤੇ ਇੱਥੇ ਤਾਂ ਦੇਸ਼ ਵਿੱਚ ਸਭ ਕੁਝ ਬੰਦ ਹੋਣ ਜਾ ਰਿਹਾ ਸੀ, ਲੌਕਡਾਊਨ ਹੋਣ ਜਾ ਰਿਹਾ ਸੀ। ਇਸ ਦਾ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਕੀ ਪ੍ਰਭਾਵ ਪਵੇਗਾ, ਅਰਥਵਿਵਸਥਾ ‘ਤੇ ਕੀ ਪ੍ਰਭਾਵ ਪਵੇਗਾ, ਇਸ ਦਾ ਆਕਲਨ ਵੀ ਸਾਡੇ ਸਾਹਮਣੇ ਸੀ। ਲੇਕਿਨ ਦੇਸ਼ ਨੇ ‘ਜਾਨ ਹੈ ਤੋ ਜਹਾਨ ਹੈ’ ਦੇ ਮੰਤਰ ‘ਤੇ ਚਲਦੇ ਹੋਏ ਹਰੇਕ ਭਾਰਤੀ ਦਾ ਜੀਵਨ ਬਚਾਉਣ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ। ਅਤੇ ਅਸੀਂ ਸਾਰਿਆਂ ਦੇ ਇਹ ਦੇਖਿਆ ਹੈ ਕਿ ਕਿਵੇਂ ਤੁਰੰਤ ਹੀ ਪੂਰਾ ਦੇਸ਼, ਪੂਰਾ ਸਮਾਜ ਇਸ ਭਾਵਨਾ ਦੇ ਨਾਲ ਖੜ੍ਹਾ ਹੋ ਗਿਆ। ਅਨੇਕਾਂ ਵਾਰ ਛੋਟੀਆਂ-ਛੋਟੀਆਂ ਲੇਕਿਨ ਮਹੱਤਵਪੂਰਨ ਚੀਜ਼ਾਂ ਦੀ ਜਾਣਕਾਰੀ ਦੇਣ ਦੇ ਲਈ ਮੈਂ ਵੀ ਅਨੇਕ ਵਾਰ ਦੇਸ਼ਵਾਸੀਆਂ ਦੇ ਨਾਲ ਸਿੱਧਾ ਸੰਵਾਦ ਕੀਤਾ। ਇੱਕ ਤਰਫ ਜਿੱਥੇ ਗ਼ਰੀਬਾਂ ਨੂੰ ਮੁਫਤ ਭੋਜਨ ਦੀ ਵਿਵਸਥਾ ਕੀਤੀ ਗਈ, ਤਾਂ ਉੱਥੇ ਦੁੱਧ, ਸਬਜ਼ੀ, ਰਾਸ਼ਨ, ਗੈਸ, ਦਵਾ, ਅਜਿਹੀਆਂ ਜ਼ਰੂਰੀ ਚੀਜ਼ਾਂ ਦੀ ਸੁਚਾਰੂ ਸਪਲਾਈ ਸੁਨਿਸ਼ਚਿਤ ਕੀਤੀ ਗਈ। ਦੇਸ਼ ਵਿੱਚ ਵਿਵਸਥਾਵਾਂ ਠੀਕ ਨਾਲ ਚਲਣ, ਇਸ ਦੇ ਲਈ ਗ੍ਰਹਿ ਮੰਤਰਾਲੇ ਨੇ 24x7 ਕੰਟ੍ਰੋਲ ਰੂਪ ਸ਼ੁਰੂ ਕੀਤਾ ਜਿਸ ‘ਤੇ ਹਜ਼ਾਰਾਂ ਕਾਲਾਂ ਦਾ ਜਵਾਬ ਦਿੱਤਾ ਗਿਆ ਹੈ, ਲੋਕਾਂ ਨੂੰ ਸਮਾਧਾਨ ਦਿੱਤਾ ਗਿਆ ਹੈ।

 

ਸਾਥੀਓ,

 

ਕੋਰੋਨਾ ਦੇ ਵਿਰੁੱਧ ਇਸ ਲੜਾਈ ਵਿੱਚ ਅਸੀਂ ਕਦਮ-ਕਦਮ ‘ਤੇ ਦੁਨੀਆ ਦੇ ਸਾਹਮਣੇ ਉਦਾਹਰਣ ਪੇਸ਼ ਕੀਤਾ ਹੈ। ਅਜਿਹੇ ਸਮੇਂ ਵਿੱਚ ਜਦੋਂ ਕੁਝ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਵਿੱਚ ਵਧਦੇ ਕੋਰੋਨਾ ਦੇ ਵਿੱਚ ਛੱਡ ਦਿੱਤਾ ਸੀ, ਤਦ ਭਾਰਤ, ਚੀਨ ਵਿੱਚ ਫਸੇ ਹਰ ਭਾਰਤੀ ਨੂੰ ਵਾਪਸ ਲੈ ਕੇ ਆਇਆ। ਅਤੇ ਸਿਰਫ ਭਾਰਤ ਦੇ ਹੀ ਨਹੀਂ, ਅਸੀਂ ਕਈ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਉੱਥੋਂ ਵਾਪਸ ਕੱਢ ਕੇ ਲਿਆਏ। ਕੋਰੋਨਾ ਕਾਲ ਵਿੱਚ ਵੰਦੇ ਭਾਰਤ ਮਿਸ਼ਨ ਦੇ ਤਹਿਤ 45 ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਵਿਦੇਸ਼ਾਂ ਤੋਂ ਭਾਰਤ ਲਿਆਂਦਾ ਗਿਆ। ਮੈਨੂੰ ਯਾਦ ਹੈ, ਇੱਕ ਦੇਸ਼ ਵਿੱਚ ਜਦ ਭਾਰਤੀਆਂ ਨੂੰ ਟੈਸਟ ਕਰਨ ਦੇ ਲਈ ਮਸ਼ੀਨਾਂ ਘੱਟ ਪੈ ਰਹੀਆਂ ਸਨ ਤਾਂ ਭਾਰਤ ਨੇ ਪੂਰੀ ਟੈਸਟਿੰਗ ਲੈਬ ਇੱਥੋਂ ਉੱਥੇ ਭੇਜ ਕੇ ਉਸ ਨੂੰ ਉੱਥੇ ਸਜਾਇਆ ਲਗਾਇਆ ਤਾਕਿ ਉੱਥੋਂ ਭਾਰਤ ਆ ਰਹੇ ਲੋਕਾਂ ਨੂੰ ਟੈਸਟਿੰਗ ਦੀ ਦਿੱਕਤ ਨਾ ਹੋਵੇ।

 

ਸਾਥੀਓ,

 

ਭਾਰਤ ਨੇ ਇਸ ਮਹਾਮਾਰੀ ਨਾਲ ਜਿਸ ਪ੍ਰਕਾਰ ਨਾਲ ਮੁਕਾਬਲਾ ਕੀਤਾ ਉਸ ਦਾ ਲੋਹਾ ਅੱਜ ਪੂਰੀ ਦੁਨੀਆ ਮੰਨ ਰਹੀ ਹੈ। ਕੇਂਦਰ ਅਤੇ ਰਾਜ ਸਾਰਕਾਰਾਂ, ਸਥਾਨਕ ਸੰਸਥਾਵਾਂ, ਹਰ ਸਰਕਾਰੀ ਸੰਸਥਾਨ, ਸਮਾਜਿਕ ਸੰਸਥਾਵਾਂ, ਕਿਵੇਂ ਇਕਜੁੱਟ ਹੋਕੋ ਬਿਹਤਰ ਕੰਮ ਕਰ ਸਕਦੇ ਹਨ, ਇਹ ਉਦਾਹਰਣ ਵੀ ਭਾਰਤ ਨੇ ਦੁਨੀਆ ਦੇ ਸਾਹਮਣੇ ਰੱਖਿਆ। ISRO, DRDO, ਫੌਜ ਤੋਂ ਲੈ ਕੇ ਕਿਸਾਨਾਂ ਅਤੇ ਸ਼੍ਰਮਿਕਾਂ ਤੱਕ, ਸਾਰੇ ਇੱਕ ਸੰਕਲਪ ਦੇ ਨਾਲ ਕਿਵੇਂ ਕੰਮ ਕਰ ਸਕਦੇ ਹਨ, ਇਹ ਭਾਰਤ ਨੇ ਦਿਖਾਇਆ ਹੈ। ‘ਦੋ ਗਜ਼ ਦੀ ਦੂਰੀ ਅਤੇ ਮਾਸਕ ਹੈ ਜ਼ਰੂਰੀ’ ਉਸ ‘ਤੇ ਫੋਕਸ ਕਰਨ ਵਾਲਿਆਂ ਵਿੱਚ ਵੀ ਭਾਰਤ ਮੋਹਰੀ ਦੇਸ਼ਾਂ ਵਿੱਚ ਰਿਹਾ।

 

ਭਾਈਓ ਅਤੇ ਭੈਣੋਂ,

 

ਅੱਜ ਇਨ੍ਹਾਂ ਹੀ ਸਾਰੇ ਪ੍ਰਯਤਨਾਂ ਦਾ ਪਰਿਣਾਮ ਹੈ ਕਿ ਭਾਰਤ ਵਿੱਚ ਕੋਰੋਨਾ ਤੋਂ ਹੋਣ ਵਾਲੀ ਮੌਤ ਦੀ ਦਰ ਘੱਟ ਹੈ ਅਤੇ ਠੀਕ ਹੋਣ ਵਾਲਿਆਂ ਦੀ ਦਰ ਬਹੁਤ ਅਧਿਕ ਹੈ। ਦੇਸ਼ ਦੇ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ ਇੱਕ ਵੀ ਵਿਅਕਤੀ ਨੂੰ ਸਾਨੂੰ ਕੋਰੋਨਾ ਦੀ ਵਜ੍ਹਾ ਨਾਲ ਖੋਣਾ ਨਹੀਂ ਪਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹਰ ਵਿਅਕਤੀ ਕੋਰੋਨਾ ਨਾਲ ਠੀਕ ਹੋਣ ਦੇ ਬਾਅਦ ਆਪਣੇ ਘਰ ਪਹੁੰਚਿਆ ਹੈ। ਬਹੁਤ ਸਾਰੇ ਜ਼ਿਲ੍ਹੇ ਅਜਿਹੇ ਵੀ ਹਨ, ਜਿੱਥੇ ਬੀਤੇ ਦੋ ਸਪਤਾਹ ਤੋਂ ਕੋਰੋਨਾ ਸੰਕ੍ਰਮਣ ਦਾ ਇੱਕ ਵੀ ਕੇਸ ਨਹੀਂ ਆਇਆ ਹੈ। ਇੱਥੋਂ ਤੱਕ ਕਿ ਲੌਕਡਾਊਨ ਤੋਂ ਪ੍ਰਭਾਵਿਤ ਅਰਥਵਿਵਸਥਾ ਦੀ ਰਿਕਵਰੀ ਵਿੱਚ ਵੀ ਭਾਰਤ ਦੁਨੀਆ ਵਿੱਚ ਅੱਗੇ ਨਿਕਲ ਰਿਹਾ ਹੈ।

 

ਭਾਰਤ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿੱਚ ਹੈ ਜਿਨ੍ਹਾਂ ਨੇ ਮੁਸ਼ਕਿਲ ਦੇ ਬਾਵਜੂਦ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਜ਼ਰੂਰੀ ਦਵਾਈਆਂ ਅਤੇ ਜ਼ਰੂਰੀ ਸਹਾਇਤਾ ਪਹੁੰਚਾਈ। ਪੈਰਾਸਿਟਾਮੌਲ ਹੋਵੇ, ਹਾਈਡ੍ਰੋਕਸੀ-ਕਲੋਰੋਕੁਈਨ ਹੋਵੇ, ਟੈਸਟਿੰਗ ਨਾਲ ਜੁੜਿਆ ਸਮਾਨ ਹੋਵੇ, ਭਾਰਤ ਨੇ ਦੂਸਰੇ ਦੇਸ਼ ਦੇ ਲੋਕਾਂ ਨੂੰ ਵੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਅੱਜ ਜਦ ਅਸੀਂ ਆਪਣੀ ਵੈਕਸੀਨ ਬਣਾ ਲਈ ਹੈ, ਤਦ ਵੀ ਭਾਰਤ ਦੀ ਤਰਫ ਦੁਨੀਆ ਆਸ਼ਾ ਅਤੇ ਉਮੀਦ ਦੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਸਾਡਾ ਟੀਕਾਕਰਣ ਅਭਿਆਨ ਜਿਵੇਂ-ਜਿਵੇਂ ਅੱਗੇ ਵਧੇਗਾ, ਦੁਨੀਆ ਦੇ ਅਨੇਕ ਦੇਸ਼ਾਂ ਨੂੰ ਸਾਡੇ ਅਨੁਭਵਾਂ ਦਾ ਲਾਭ ਮਿਲੇਗਾ। ਭਾਰਤ ਦੀ ਵੈਕਸੀਨ, ਸਾਡੀ ਉਤਪਾਦਨ ਸਮਰੱਥਾ, ਪੂਰੀ ਮਾਨਵਤਾ ਦੇ ਹਿਤ ਵਿੱਚ ਕੰਮ ਆਵੇ, ਇਹ ਸਾਡੀ ਪ੍ਰਤੀਬੱਧਤਾ ਹੈ।

 

ਭਾਈਓ ਅਤੇ ਭੈਣੋਂ,

 

ਇਹ ਟੀਕਾਕਰਣ ਅਭਿਆਨ ਹਾਲੇ ਲੰਬਾ ਚਲੇਗਾ। ਸਾਨੂੰ ਜਨ-ਜਨ ਦੇ ਜੀਵਨ ਨੂੰ ਬਚਾਉਣ ਵਿੱਚ ਯੋਗਦਾਨ ਦੇਣ ਦਾ ਮੌਕਾ ਮਿਲਿਆ ਹੈ। ਇਸ ਲਈ ਇਸ ਅਭਿਆਨ ਨਾਲ ਜੁੜੀ ਪ੍ਰਕਿਰਿਆ ਨੂੰ, ਉਸ ਪ੍ਰਕਿਰਿਆ ਦਾ ਹਿੱਸਾ ਬਣਨ ਦੇ ਲਈ ਵੀ ਦੇਸ਼ ਵਿੱਚ Volunteer ਅੱਗੇ ਆ ਰਹੇ ਹਨ। ਮੈਂ ਉਨ੍ਹਾਂ ਦਾ ਸੁਆਗਤ ਕਰਦਾ ਹਾਂ, ਹੋਰ ਵੀ ਅਧਿਕ Volunteers ਨੂੰ ਮੈਂ ਆਪਣਾ ਸਮਾਂ ਇਸ ਸੇਵਾ ਕਾਰਜ ਵਿੱਚ ਜੋੜਨ ਦੇ ਲਈ ਜ਼ਰੂਰ ਤਾਕੀਦ ਕਰਾਂਗਾ। ਹਾਂ, ਜਿਵੇਂ ਮੈਂ ਪਹਿਲਾਂ ਕਿਹਾ, ਮਾਸਕ, ਦੇ ਗਜ਼ ਦੀ ਦੂਰੀ ਅਤੇ ਸਾਫ-ਸਫਾਈ, ਇਹ ਟੀਕੇ ਦੇ ਦੌਰਾਨ ਵੀ ਅਤੇ ਬਾਅਦ ਵਿੱਚ ਵੀ ਜ਼ਰੂਰੀ ਰਹਿਣਗੇ। ਟੀਕਾ ਲਗ ਗਿਆ ਤਾਂ ਇਸ ਦਾ ਅਰਥ ਇਹ ਨਹੀਂ ਕਿ ਤੁਸੀਂ ਕੋਰੋਨਾ ਤੋਂ ਬਚਾਅ ਦੇ ਦੂਸਰੇ ਤਰੀਕੇ ਛੱਡ ਦੇਵੋ। ਹੁਣ ਅਸੀਂ ਨਵਾਂ ਪ੍ਰਣ ਲੈਣਾ ਹੈ- ਦਵਾਈ ਭੀ, ਕੜਾਈ ਭੀ! ਤੁਸੀਂ ਸਾਰੇ ਸੁਅਸਥ ਰਹੋ, ਇਸੇ ਕਾਮਨਾ ਦੇ ਨਾਲ ਇਸ ਟੀਕਾਕਰਣ ਅਭਿਆਨ ਦੇ ਲਈ ਪੂਰੇ ਦੇਸ਼ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਦੇਸ਼ ਦੇ ਵਿਗਿਆਨੀਆਂ ਦਾ, ਰਿਸਰਚਰਸ ਦਾ, ਲੈਬ ਵਿੱਚ ਜੁੜੇ ਹੋਏ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਪੂਰੇ ਸਾਲ ਇੱਕ ਰਿਸ਼ੀ ਦੀ ਤਰ੍ਹਾਂ ਆਪਣੀ ਲੈਬ ਵਿੱਚ ਜੀਵਨ ਖਪਾ ਦਿੱਤਾ ਅਤੇ ਇਹ ਵੈਕਸੀਨ ਦੇਸ਼ ਅਤੇ ਮਾਨਵਤਾ ਨੂੰ ਦਿੱਤੀ ਹੈ ਮੈਂ ਉਨ੍ਹਾਂ ਦਾ ਵੀ ਵਿਸ਼ੇਸ਼ ਰੂਪ ਨਾਲ ਅਭਿਨੰਦਨ ਕਰਦਾ ਹਾਂ, ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ। ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਤੁਸੀਂ ਜਲਦੀ ਇਸ ਦਾ ਲਾਭ ਉਠਾਓ। ਤੁਸੀਂ ਵੀ ਸੁਅਸਥ ਰਹੋ, ਤੁਹਾਡਾ ਪਰਿਵਾਰ ਵੀ ਸੁਅਸਥ ਰਹੇ। ਪੂਰੀ ਮਾਨਵ ਜਾਤੀ ਇਸ ਸੰਕਟ ਦੀ ਘੜੀ ਤੋਂ ਬਾਹਰ ਨਿਕਲੇ ਅਤੇ ਅਰੋਗਤਾ ਸਾਨੂੰ ਸਭ ਨੂੰ ਪ੍ਰਾਪਤ ਹੋਵੇ, ਇਸੇ ਇੱਕ ਕਾਮਨਾ ਦੇ ਨਾਲ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ!

 

***

 

ਡੀਐੱਸ/ਵੀਜੇ/ਏਵੀ/ਏਕੇ



(Release ID: 1689130) Visitor Counter : 234