ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਨੇ ਆਈ.ਟੀ.ਬੀ.ਪੀ. ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ


ਨੀਮ ਫੌਜੀ ਬੱਲ ਖਾਦੀ ਦੀਆਂ ਦਰੀਆਂ ਵਰਤਣਗੇ

Posted On: 06 JAN 2021 3:35PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਅਰੰਭੀ ਨੀਮ ਫੌਜੀ ਬਲਾਂ ਲਈ ਵੱਡੀ ਸਵਦੇਸੀ ਮੁਹਿਮ ਨੇ ਉਸ ਵੇਲੇ ਹੋਰ ਤੇਜੀ ਫੜੀ ਜਦ ਬਲਾਂ ਲਈ ਖਾਦੀ ਸੂਤੀ ਦਰੀਆਂ ਸਪਲਾਈ ਕਰਨ ਲਈ ਇਕ ਨਵਾਂ ਸਮਝੌਤਾ ਕੀਤਾ ਗਿਆ । ਇੱਕ ਹੋਰ ਪਹਿਲ ਦੌਰਾਨ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੇ ਅੱਜ ਆਈ.ਟੀ.ਬੀ.ਪੀ. ਨੂੰ ਹਰ ਸਾਲ 1.72 ਲੱਖ ਸੂਤੀ ਦਰੀਆਂ ਸਪਲਾਈ ਕਰਨ ਲਈ ਇਕ ਸਮਝੌਤਾ ਕੀਤਾ ਹੈ । ਇਹ ਸਮਝੌਤਾ ਕੇ.ਵੀ.ਆਈ.ਸੀ. ਦੇ ਡਿਪਟੀ ਸੀ.ਈ.ਓ. ਅਤੇ ਡੀ.ਆਈ.ਜੀ. ਆਈ.ਟੀ.ਬੀ.ਪੀ. ਨੇ ਕੇ.ਵੀ.ਆਈ.ਸੀ. ਦੇ ਚੇਅਰਮੈਨ ਸ੍ਰੀ ਵਿਨੇ ਕੁਮਾਰ ਸਕਸੈਨਾ ਅਤੇ ਵਧੀਕ ਸਕੱਤਰ (ਗ੍ਰਿਹ) ਸ੍ਰੀ ਵਿਵੇਕ ਭਾਰਦਵਾਜ ਅਤੇ ਸੀ.ਏ.ਪੀ.ਐਫ. ਦੇ ਹੋਰ ਅਧਿਕਾਰੀਆਂ ਦੀ ਹਾਜਰੀ ਵਿਚ ਕੀਤਾ ਹੈ ।
  
 ਇਹ ਸਮਝੌਤਾ ਇੱਕ ਸਾਲ ਲਈ ਕੀਤਾ ਗਿਆ ਹੈ ਜਿਸ ਦਾ ਅੱਗੋਂ ਨਵੀਨੀਕਰਨ ਕੀਤਾ ਜਾਵੇਗਾ । 1.72 ਲੱਖ ਦਰੀਆਂ ਦੀ ਕੁਲ ਕੀਮਤ 8.74 ਕਰੋੜ ਰੁਪਏ ਹੈ ।


ਕੇਂਦਰੀ ਗ੍ਰਿਹ ਮੰਤਰੀ ਵੱਲੋਂ ਨੀਮ ਫੌਜੀ ਬਲਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ''ਆਤਮਨਿਰਭਰ ਭਾਰਤ'' ਅਭਿਆਨ ਦੇ ਸਹਿਯੋਗ ਲਈ ਸਥਾਨਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਦ ਇਹ ਸਮਝੌਤਾ ਕੀਤਾ ਗਿਆ ਹੈ । ਐਮ.ਐਸ.ਐਮ.ਈ. ਦੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਇਸ ਸਮਝੌਤੇ ਦਾ ਸੁਆਗਤ ਕੀਤਾ ਹੈ ।
ਕੇ.ਵੀ.ਆਈ.ਸੀ. ਨੀਲੇ ਰੰਗ ਦੀਆਂ 1.98 ਮੀਟਰ ਲੰਬੀਆਂ ਅਤੇ 1.07 ਮੀਟਰ ਚੌੜੀਆਂ ਦਰੀਆਂ ਨਿਰਧਾਰਤ ਪੈਮਾਨਿਆਂ ਅਨੁਸਾਰ ਪ੍ਰਦਾਨ ਕਰੇਗਾ । ਸੂਤੀ ਦਰੀਆਂ ਦਾ ਉਤਪਾਦਨ ਉਤਰ ਪ੍ਰਦੇਸ, ਹਰਿਆਣਾ ਅਤੇ ਪੰਜਾਬ ਵਿਚ ਖਾਦੀ ਕਾਰੀਗਰਾਂ ਵੱਲੋਂ ਕੀਤਾ ਜਾਵੇਗਾ । ਅੱਗੇ ਹੋਰ ਉਤਪਾਦ ਜੋ ਇਸ ਘੇਰੇ ਵਿੱਚ ਆਉਣਗੇ ਉਹ ਹਨ ਖਾਦੀ ਕੰਬਲ, ਬੈਡ ਦੀਆਂ ਚਾਂਦਰਾਂ, ਸਰਾਣੇ, ਅਚਾਰ, ਸ਼ਹਿਦ, ਪਾਪੜ ਅਤੇ ਕੌਸਮੈਟਿਕਸ ।
ਕੇ.ਵੀ.ਆਈ.ਸੀ. ਦੇ ਚੇਅਰਮੈਨ ਨੇ ਇਸ ਸਮਝੌਤੇ ਨੂੰ ਇਤਿਹਾਸਕ ਦਸਦਿਆਂ ਕਿਹਾ ਹੈ ਕਿ ਇਹ ਕੇਵਲ ਸਾਡੇ ਬਲਾਂ ਨੂੰ ਸਵਦੇਸੀ ਵਸਤਾਂ ਦੀ ਵਰਤੋਂ ਲਈ ਹੀ ਉਤਸ਼ਾਹਿਤ ਕਰੇਗਾ ਬਲਕਿ ਖਾਦੀ ਕਾਰੀਗਰਾਂ ਲਈ ਵੱਡੇ ਪੈਮਾਨੇ ਤੇ ਵਧੀਕ ਰੋਜਗਾਰ ਵੀ ਪੈਦਾ ਕਰੇਗਾ । ਸ੍ਰੀ ਸਕਸੈਨਾ ਨੇ ਕਿਹਾ ਕਿ.''ਸਾਡੇ ਜਵਾਨਾ ਨੂੰ ਮਿਆਰੀ ਵਸਤਾਂ ਸਮੇਂ ਸਿਰ ਪ੍ਰਦਾਨ ਕਰਨਾ ਕੇ.ਵੀ.ਆਈ.ਸੀ. ਦੀ ਸਭ ਤੋਂ ਪਹਿਲੀ ਤਰਜੀਹ ਹੋਵੇਗੀ । ਸੀ.ਏ.ਪੀ.ਐਫ. ਵੱਲੋਂ ਖਰੀਦ ਆਰਡਰ ਖਾਦੀ ਕਾਰੀਗਰਾਂ ਲਈ ਵੀ ਗੌਰਵ ਦੀ ਗੱਲ ਹੈ ਜੋ ਆਪਣੇ ਤਰੀਕੇ ਨਾਲ ਦੇਸ਼ ਦੇ ਜਵਾਨਾ ਦੀ ਸੇਵਾ ਕਰ ਰਹੇ ਹਨ'' I ਕੇ.ਵੀ.ਆਈ.ਸੀ. ਨੇ ਆਈ.ਟੀ.ਬੀ. ਪੀ. ਵਲੋਂ ਦਿੱਤੇ ਗਏ ਸੈਂਪਲਾਂ ਅਨੁਸਾਰ ਸੂਤੀ ਦਰੀਆਂ ਵਿਕਸਤ ਕੀਤੀਆਂ ਹਨ ਅਤੇ ਇਹਨਾ ਨੂੰ ਏਜੰਸੀ ਨੇ ਮਨਜੂਰੀ ਦੇ ਦਿੱਤੀ ਹੈ । ਕੇ.ਵੀ.ਆਈ.ਸੀ. ਦੁਆਰਾ ਤਿਆਰ ਕੀਤੀਆਂ ਸੂਤੀ ਦਰੀਆਂ ਨੂੰ ਉਤਰੀ ਭਾਰਤ ਟੈਕਸਟਾਈਲ ਖੋਜ ਐਸੋਸੀਏਸ਼ਨ ਨੇ ਵੀ ਪ੍ਰਮਾਣਿਤ ਕੀਤਾ ਹੈ ਇਹ ਐਸੋਸੀਏਸ਼ਨ ਟੈਕਸਟਾਈਲ ਮੰਤਰਾਲੇ ਦੀ ਇੱਕ ਇਕਾਈ ਹੈ ਜਿਸ ਨੂੰ ਵਿਗਿਆਨਕ ਅਤੇ ਉਦਯੋਗਿਕ ਵਿਭਾਗ ਵਲੋਂ ਮਾਨਤਾ ਪ੍ਰਾਪਤ ਹੈ ।
ਇਸ ਤੋਂ ਪਹਿਲਾਂ ਪਿਛਲੇ ਸਾਲ 31 ਜੁਲਾਈ ਨੂੰ ਕੇ.ਵੀ.ਆਈ.ਸੀ. ਨੇ ਆਈ.ਟੀ.ਬੀ.ਪੀ. ਨਾਲ ਕੱਚੀ ਘਾਣੀ ਸਰੋਂ ਦਾ ਤੇਲ ਸਪਲਾਈ ਕਰਨ ਲਈ ਇਕ ਸਮਝੌਤਾ ਕੀਤਾ ਸੀ ਅਤੇ ਇਸ ਤੇਲ ਨੂੰ ਸਫਲਤਾਪੂਰਵਕ ਸਪਲਾਈ ਕੀਤਾ ਗਿਆ ਹੈ । ਆਈ.ਟੀ.ਬੀ.ਪੀ. ਗ੍ਰਿਹ ਮਾਮਲਿਆਂ ਦੇ ਮੰਤਰਾਲੇ ਵੱਲੋਂ ਨਿਯੁਕਤ ਮਾਡਲ ਏਜੰਸੀ ਹੈ ਜੋ ਸਾਰੇ ਨੀਮ ਫੌਜੀ ਬਲਾਂ ਲਈ ਖਰੀਦ ਕਰਦੀ ਹੈ ।


ਬੀ.ਐਨ/ਆਰ.ਐਨ.ਐਮ./ਆਈ.ਏ.



(Release ID: 1686605) Visitor Counter : 213