ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਿੰਗਲ ਯੂਜ਼ ਪਲਾਸਟਿਕਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੈਮਾਨੇ ’ਤੇ ਮੀਡੀਆ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
ਸਮੱਸਿਆ ਪਲਾਸਟਿਕ ਨਾਲ ਨਹੀਂ ਹੈ, ਸਮੱਸਿਆ ਪਲਾਸਟਿਕ ਦੀ ਵਰਤੋਂ ਬਾਰੇ ਸਾਡੇ ਦ੍ਰਿਸ਼ਟੀਕੋਣ ਵਿੱਚ ਹੈ: ਉਪ ਰਾਸ਼ਟਰਪਤੀ


ਪੌਲੀਮਰ ਨੇ ਜੀਵਨ ਦੀ ਗੁਣਵੱਤਾ ਨੂੰ ਕਾਫ਼ੀ ਵਧਾ ਦਿੱਤਾ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਮੈਡੀਕਲ ਸੁਰੱਖਿਆ ਉਪਕਰਰਨ ਅਤੇ ਪੀਪੀਈ ਕਿੱਟ ਬਣਾਉਣ ਵਿੱਚ ਪਲਾਸਟਿਕ ਦੀ ਵਰਤੋਂ ਦੀ ਪ੍ਰਸ਼ੰਸਾ ਕੀਤੀ


ਉਪ ਰਾਸ਼ਟਰਪਤੀ ਨੇ ਸੈਂਟਰਲ ਇੰਸਟੀਟਿਊਟ ਆਵ੍ ਪੈਟਰੋਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ), ਵਿਜੈਵਾੜਾ ਦਾ ਦੌਰਾ ਕੀਤਾ


ਉਪ ਰਾਸ਼ਟਰਪਤੀ ਨੇ ਰਾਸ਼ਟਰ ਦੇ ਵਿਕਾਸ ਵਿੱਚ ਸੀਆਈਪੀਈਟੀ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ


ਸ਼੍ਰੀ ਨਾਇਡੂ ਨੇ ਇੱਛਾ ਪ੍ਰਗਟਾਈ ਕਿ ਸੰਸਥਾਨ ਵਾਤਾਵਰਣ ਅਤੇ ਵਿਕਾਸ ਨੂੰ ਸੰਤੁਲਿਤ ਕਰਨ ਲਈ ਬਾਇਓਗ੍ਰੇਡੇਬਲ ਪਲਾਸਟਿਕ ਜਿਹੇ ਵਾਤਾਵਰਣ ਅਨੁਕੂਲ ਉਤਪਾਦ ਵਿਕਸਿਤ ਕਰੇ

Posted On: 28 DEC 2020 3:03PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਅਜਿਹਾ ਮੀਡੀਆ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਜਿਸ ਨਾਲ ਪਲਾਸਟਿਕ ਉਤਪਾਦਾਂ ਦੇ ਨਿਪਟਾਰੇ ਦੇ ਸਬੰਧ ਵਿੱਚ ਲੋਕਾਂ ਦੇ ਵਿਵਹਾਰ ਵਿੱਚ ਤਬਦੀਲੀ ਲਿਆਂਦੀ ਜਾ ਸਕੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮੱਸਿਆ ਪਲਾਸਟਿਕ ਨਾਲ ਨਹੀਂ ਹੈ, ਬਲਕਿ ਸਮੱਸਿਆ ਪਲਾਸਟਿਕ ਦੇ ਉਪਯੋਗ ਬਾਰੇ ਸਾਡੇ ਦ੍ਰਿਸ਼ਟੀਕੋਣ ਵਿੱਚ ਹੈ।

 

ਵਿਜੈਵਾੜਾ ਸਥਿਤ ਸੈਂਟਰਲ ਇੰਸਟੀਟਿਊਟ ਆਵ੍ ਪੈਟਰੋਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ) ਦੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਅੱਜ ਇੱਥੇ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਪਲਾਸਟਿਕ ਦੇ ਸਥਾਈ ਅਤੇ ਲੰਬੇ ਸਮੇਂ ਤੱਕ ਕਾਇਮ ਰਹਿਣ ਦੇ ਚਲਦੇ ਪੈਦਾ ਹੋਣ ਵਾਲੀਆਂ ਵਾਤਾਵਰਣ ਸਬੰਧੀ ਚੁਣੌਤੀਆਂ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਪਲਾਸਟਿਕ ਕਚਰੇ ਦੇ ਪ੍ਰਬੰਧਨ ਦੀ ਪ੍ਰਕਿਰਿਆ ਨੂੰ ਅਪਣਾਉਣ ਅਤੇ ਜਨਤਾ ਨੂੰ ਤਿੰਨ ਆਰ-ਰਿਡਿਊਸ, ਰੀਯੂਜ਼ ਅਤੇ ਰੀਸਾਈਕਲ (ਯਾਨੀ ਪਲਾਸਟਿਕ ਦੀ ਵਰਤੋਂ ਘੱਟ ਕਰਨੀ, ਦੁਬਾਰਾ ਵਰਤੋਂ ਕਰਨੀ ਅਤੇ ਦੁਬਾਰਾ ਵਰਤੋਂ ਯੋਗ ਬਣਾਉਣਾ) ਦੇ ਸਬੰਧ ਵਿੱਚ ਜਾਗਰੂਕ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਮਾਧਾਨ ਇਹ ਨਹੀਂ ਹੈ ਕਿ ਪਲਾਸਟਿਕ ਦੀ ਵਰਤੋਂ ਹੀ ਨਹੀਂ ਕੀਤੀ ਜਾਵੇ, ਬਲਕਿ ਇਹ ਹੈ ਕਿ ਇਸ ਨੂੰ ਜ਼ਿੰਮੇਵਾਰੀ ਪੂਰਨ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਅਤੇ ਉਚਿਤ ਰੂਪ ਨਾਲ ਦੁਬਾਰਾ ਇਸਤੇਮਾਲ ਯੋਗ ਬਣਾਇਆ ਜਾਵੇ।

 

ਸਵੱਛ ਭਾਰਤ ਅਭਿਯਾਨ ਦਾ ਉਦਾਹਰਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕਸ ਬਾਰੇ ਜਾਗਰੂਕ ਕਰਨ ਦਾ ਰਾਸ਼ਟਰ ਵਿਆਪੀ ਅਭਿਯਾਨ ਚਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਮੀਡੀਆ, ਨਾਗਰਿਕ ਸਮਾਜ ਦੇ ਸੰਗਠਨਾਂ, ਵਿਦਿਆਰਥੀਆਂ ਅਤੇ ਸਰਗਰਮ ਕਾਰਕੁਨਾਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਸਿੰਗਲ ਯੂਜ਼ ਪਲਾਸਟਿਕਸ ਦਾ ਸਾਡੇ ਵਾਤਾਵਰਣ ’ਤੇ ਕਿੰਨਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੂੰ ਮਾਨਵਤਾ ਦੇ ਭਵਿੱਖ ਬਾਰੇ ਸੋਚਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਸਵੱਛ ਅਤੇ ਹਰੇ ਗ੍ਰਹਿ ਨੂੰ ਕਾਇਮ ਰੱਖੀਏ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ ਦਾ ਜ਼ਿੰਮੇਵਾਰ ਢੰਗ ਨਾਲ ਉਪਯੋਗ ਕਰਨ।

 

ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਪਲਾਸਟਿਕ ਨੂੰ ਦੁਬਾਰਾ ਵਰਤੋਂ ਯੋਗ ਬਣਾਉਣ ਦਾ ਬਜ਼ਾਰ 6.5 ਪ੍ਰਤੀਸ਼ਤ ਦੀ ਦਰ ਤੋਂ ਵਧ ਕੇ 2023 ਦੇ ਅੰਤ ਤੱਕ 53.72 ਅਰਬ ਡਾਲਰ ਹੋ ਜਾਵੇਗਾ। ਸ਼੍ਰੀ ਨਾਇਡੂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਕਚਰਾ ਪ੍ਰਬੰਧਨ ਸਾਡੇ ਉੱਦਮੀਆਂ ਨੂੰ ਇੱਕ ਸੁਨਹਿਰਾ ਅਵਸਰ ਉਪਲੱਬਧ ਕਰਾ ਸਕਦਾ ਹੈ।

 

ਉਨ੍ਹਾਂ ਨੇ ਗੁਵਾਹਾਟੀ ਵਿੱਚ ਇੱਕ ਮਾਡਲ ਪਲਾਸਟਿਕ ਕਚਰਾ ਪ੍ਰਬੰਧਨ ਕੇਂਦਰ ਸਥਾਪਿਤ ਕਰਨ ਲਈ ਸੀਆਈਪੀਈਟੀ ਦੀ ਪ੍ਰਸ਼ੰਸਾ ਕੀਤੀ। ਇਹ ਕੇਂਦਰ ਪਲਾਸਟਿਕ ਨੂੰ ਰੀਸਾਈਕਲ ਕਰਨ ਅਤੇ ਕਚਰਾ ਪ੍ਰਬੰਧਨ ਦੇ ਖੇਤਰਾਂ ਵਿੱਚ ਕੁਸ਼ਲਤਾ ਵਿਕਾਸ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਉਪਲੱਬਧ ਕਰਵਾਉਂਦਾ ਹੈ।

 

ਪੌਲੀਮਰ ਨੂੰ ਇੱਕ ਅਦਭੁੱਤ ਤੱਤ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨੇ ਜੀਵਨ ਦੀ ਗੁਣਵੱਤਾ ਨੂੰ ਕਾਫ਼ੀ ਹੱਦ ਤੱਕ ਵਧਾ ਦਿੱਤਾ ਹੈ ਅਤੇ ਇਹ ਆਪਣੇ ਘੱਟ ਵਜ਼ਨ, ਸਥਾਈ ਅਤੇ ਸਰੋਤ ਸਪੰਨਤਾ ਕਾਰਨ ਆਲਮੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਅੰਗ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਭਿੰਨਤਾ ਅਤੇ ਘੱਟ ਲਾਗਤ ’ਤੇ ਨਿਰਮਾਣ ਤਕਨੀਕਾਂ ਦੇ ਵਿਕਾਸ ਦੀ ਸਮਰੱਥਾ ਦੀ ਵਜ੍ਹਾ ਨਾਲ ਪਲਾਸਟਿਕ ਨੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਰਵਾਇਤੀ ਤੌਰ ’ਤੇ ਇਸਤੇਮਾਲ ਹੋਣ ਵਾਲੀਆਂ ਸਮੱਗਰੀਆਂ ਦੀ ਜਗ੍ਹਾ ਲੈ ਲਈ ਹੈ।

 

ਸ਼੍ਰੀ ਨਾਇਡੂ ਨੇ ਦੇਸ਼ ਵਿੱਚ ਜਾਰੀ ਕੋਵਿਡ-19 ਮਹਾਮਾਰੀ ਦੌਰਾਨ ਪਲਾਸਟਿਕ ਦੇ ਮਹੱਤਵ ਦੀ ਖਾਸਤੌਰ ’ਤੇ ਪ੍ਰਸ਼ੰਸਾ ਕੀਤੀ ਕਿਉਂਕਿ ਇਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਅਤੇ ਇਸ ਨਾਲ ਨਜਿੱਠਣ ਲਈ ਮੈਡੀਕਲ ਸੁਰੱਖਿਆ ਉਪਕਰਣ ਅਤੇ ਪੀਪੀਈ ਕਿੱਟ ਦੇ ਨਿਰਮਾਣ ਵਿੱਚ ਇਸ ਦਾ ਵੱਡੇ ਪੈਮਾਨੇ ’ਤੇ ਉਪਯੋਗ ਕੀਤਾ ਗਿਆ। ਪਲਾਸਟਿਕ ਦੇ ਇਲਾਵਾ ਪੌਲੀਮਰ ਸਮੱਗਰੀ ਦੀ ਵਰਤੋਂ ਵੀ ਮੈਡੀਕਲ ਉਪਕਰਣ ਅਤੇ ਇੰਸੁਲਿਨ ਪੈੱਨਸ, ਆਈਵੀ ਟਿਊਬਜ਼, ਇੰਪਲਾਟਸ ਅਤੇ ਟਿਸ਼ੂ ਇੰਜੀਨੀਅਰਿੰਗ ਵਿੱਚ ਕੀਤੀ ਗਈ। 

 

ਭਾਰਤੀ ਅਰਥਵਿਵਸਥਾ ਵਿੱਚ ਪੌਲੀਮਰ ਦੇ ਮਹੱਤਵ ਨੂੰ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ 30,000 ਤੋਂ ਜ਼ਿਆਦਾ ਪਲਾਸਟਿਕ ਪ੍ਰੋਸੈੱਸਿੰਗ ਇਕਾਈਆਂ ਦੇਸ਼ ਭਰ ਵਿੱਚ 40 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹਰੇਕ ਸਾਲ ਪ੍ਰਤੀ ਵਿਅਕਤੀ ਕਰੀਬ 12 ਕਿਲੋਗ੍ਰਾਮ ਦੀ ਔਸਤ ਰਾਸ਼ਟਰੀ ਖਪਤ ਨਾਲ ਭਾਰਤ ਦਾ ਸਥਾਨ ਵਿਸ਼ਵ ਦੇ ਪੰਜ ਸਭ ਤੋਂ ਵੱਡੇ ਪੌਲੀਮਰ ਉਪਭੋਗਤਾਵਾਂ ਵਿੱਚ ਹੈ।

 

ਉਨ੍ਹਾਂ ਨੇ ਕਿਹਾ ਕਿ ਪੌਲੀਮਰ ਦੀ ਮੰਗ 8 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ ਅਤੇ ਅਨੁਮਾਨ ਹੈ ਕਿ ਆਲਮੀ ਪੈਟਰੋ ਕੈਮੀਕਲ ਉਦਯੋਗ 2025 ਤੱਕ 958.8 ਅਰਬ ਅਮਰੀਕੀ ਡਾਲਰ ’ਤੇ ਪਹੁੰਚ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੇਕ ਇਨ ਇੰਡੀਆ ਅਤੇ ਸਟਾਰਟਅੱਪ ਇੰਡੀਆ ਜਿਹੇ ਸਰਕਾਰ ਦੇ ਵਿਭਿੰਨ ਪ੍ਰੋਗਰਾਮ ਪੈਟਰੋ ਕੈਮੀਕਲ ਖੇਤਰ ਵਿੱਚ ਅਗਲੀ ਪੀੜ੍ਹੀ ਦੀ ਖੋਜ ਅਤੇ ਸਵਦੇਸ਼ੀ ਟੈਕਨੋਲੋਜੀ ਵਿਕਾਸ ਦੇ ਅਨੁਕੂਲ ਈਕੋ-ਸਿਸਟਮ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੇ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਪੌਲੀਮਰ ਉਦਯੋਗ ਦੀ ਇੱਕ ਵੱਡੀ ਤਾਕਤ ਘਰੇਲੂ ਤੌਰ ’ਤੇ ਨਿਰਮਤ ਕੱਚੇ ਮਾਲ ਦੀ ਉਪਲੱਬਧਤਾ ਹੈ ਜੋ ਇਸ ਦੀ ਤਰੱਕੀ ਵਿੱਚ ਮਦਦਗਾਰ ਹੋਵੇਗੀ। ਭਾਰਤ ਦੇ ਪਲਾਸਟਿਕ ਨਿਰਯਾਤ ਦੇ ਮੌਜੂਦਾ ਰੁਖ਼ ਨੂੰ ਕਾਫ਼ੀ ਉਤਸ਼ਾਹਜਨਕ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਪਲਾਸਟਿਕ ਨਿਰਯਾਤ ਉਦਯੋਗ ਨੇ ਹਮੇਸ਼ਾ ਸਮਰੱਥਾ, ਸੰਰਚਨਾ ਅਤੇ ਕੁਸ਼ਲ ਮਨੁੱਖੀ ਸ਼ਕਤੀ ਦੇ ਤੌਰ ’ਤੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।

 

ਉਨ੍ਹਾਂ ਨੇ ਸੀਆਈਪੀਈਟੀ ਦੀ ਇਸ ਗੱਲ ਲਈ ਪ੍ਰਸ਼ੰਸਾ ਕੀਤੀ ਕਿ ਉਸ ਨੇ ਕੁਸ਼ਲਤਾ ਵਿਕਾਸ ਪ੍ਰੋਗਰਾਮਾਂ, ਤਕਨੀਕੀ ਸਹਾਇਤਾ ਸੇਵਾਵਾਂ, ਅਕਾਦਮਿਕ ਅਤੇ ਖੋਜ ਅਤੇ ਵਿਕਾਸ ਦੇ ਖੇਤਰਾਂ ਵਿੱਚ ਆਪਣੀਆਂ ਵਿਭਿੰਨ ਗਤੀਵਿਧੀਆਂ ਨਾਲ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਕੀਤਾ ਹੈ। ਉਪ ਰਾਸ਼ਟਰਪਤੀ ਨੇ ਇਸ ਗੱਲ ’ਤੇ ਪ੍ਰਸੰਨਤਾ ਪ੍ਰਗਟਾਈ ਕਿ ਸੀਆਈਪੀਈਟੀ ਨੇ 50 ਤੋਂ ਜ਼ਿਆਦਾ ਵੱਡੇ ਖੋਜ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਹੈ ਅਤੇ 12 ਪੇਟੈਂਟ ਕਰਵਾਉਣ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਸੰਸਥਾਨ ਵਾਤਾਵਰਣ ਅਤੇ ਵਿਕਾਸ ਨੂੰ ਸੰਤੁਲਿਤ ਕਰਨ ਲਈ ਬਾਇਓਗ੍ਰੇਡੇਬਲ ਪਲਾਸਟਿਕ ਜਿਹੇ ਵਾਤਾਵਰਣ ਅਨੁਕੂਲ ਉਤਪਾਦ ਵਿਕਸਿਤ ਕਰਨ।

 

ਸ਼੍ਰੀ ਨਾਇਡੂ ਨੇ ਕਿਹਾ ਕਿ 30 ਸਾਲ ਤੋਂ ਘੱਟ ਦੀ ਔਸਤ ਉਮਰ ਨਾਲ ਭਾਰਤ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਕੀ ਇਸ ਯੁਵਾ ਊਰਜਾ ਨੂੰ ਉਚਿਤ ਹੁਨਰ ਅਤੇ ਸਹੀ ਪ੍ਰੇਰਣਾ ਜ਼ਰੀਏ ਰਾਸ਼ਟਰ ਨਿਰਮਾਣ ਲਈ ਰਚਨਾਤਮਕ ਰੂਪ ਨਾਲ ਜੋੜਿਆ ਜਾਵੇ। ਸ਼੍ਰੀ ਨਾਇਡੂ ਨੇ ਇਸ ਉਦੇਸ਼ ਲਈ ਇੱਕ ਅਲੱਗ ਹੁਨਰ ਵਿਕਾਸ ਮੰਤਰਾਲਾ ਬਣਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ‘ਫਿਊਚਿਰ ਇਜ਼ ਸਕਿਲਿੰਗ।’

 

ਉਨ੍ਹਾਂ ਨੇ ਇਸ ਗੱਲ ਲਈ ਸੀਆਈਪੀਈਟੀ ਦੀ ਸ਼ਲਾਘਾ ਕੀਤੀ ਕਿ ਉਹ ਹੁਨਰ ਵਿਕਾਸ ਦੇ ਖੇਤਰ ਵਿੱਚ ਚੰਗਾ ਕੰਮ ਕਰ ਰਿਹਾ ਹੈ ਅਤੇ ਪਿਛਲੇ ਪੰਜ ਸਾਲਾਂ ਵਿੱਚ ਉਸ ਨੇ ਆਪਣੇ ਹੁਨਰ ਵਿਕਾਸ ਪ੍ਰੋਗਰਾਮਾਂ ਜ਼ਰੀਏ ਤਿੰਨ ਲੱਖ ਤੋਂ ਜ਼ਿਆਦਾ ਬੇਰੋਜਗਾਰ/ਘੱਟ-ਰੋਜਗਾਰ ਪ੍ਰਾਪਤ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ 2015-16 ਤੋਂ 16 ਨਵੇਂ ਸੀਆਈਪੀਈਟੀ ਕੇਂਦਰ ਸਥਾਪਿਤ ਕੀਤੇ ਗਏ ਹਨ ਜੋ ਪੈਟਰੋਕੈਮੀਕਲ ਉਦਯੋਗ ਦੀ ਕੁਸ਼ਲ ਕਰਮਚਾਰੀਆਂ ਦੀ ਵਧਦੀ ਲੋੜ ਨੂੰ ਪੂਰਾ ਕਰਨ ਲਈ ਕੰਮ ਕਰਨਗੇ। ਇਸ ਖੇਤਰ ਵਿੱਚ ਸੀਆਈਪੀਈਟੀ ਸਾਡੇ ਦੇਸ਼ ਦੇ ਤਕਨੀਕੀ ਸਰਵਉੱਚਤਾ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

ਇਸ ਮੌਕੇ ’ਤੇ ਸ਼੍ਰੀ ਨਾਇਡੂ ਨੇ ਸੀਆਈਪੀਈਟੀ, ਵਿਜੈਵਾੜਾ ਨਾਲ ਆਪਣੇ ਲਗਾਅ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੇ 2016 ਵਿੱਚ ਤਤਕਾਲੀ ਰਸਾਇਣ ਅਤੇ ਖਾਦ ਮੰਤਰੀ ਅਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟਾਈ ਕਿ ਸੀਆਈਪੀਈਟੀ, ਵਿਜੈਵਾੜਾ ਆਂਧਰ ਪ੍ਰਦੇਸ਼ ਵਿੱਚ ਉਦਯੋਗਾਂ ਨਾਲ ਆਪਣੇ ਗੱਠਜੋੜ ਜ਼ਰੀਏ ਉੱਤਮਤਾ ਵੱਲ ਵਧ ਰਿਹਾ ਹੈ।

 

ਇਸ ਅਵਸਰ ’ਤੇ ਆਂਧਰ ਪ੍ਰਦੇਸ਼ ਦੇ ਧਰਮਾਦਾ ਮੰਤਰੀ ਸ਼੍ਰੀ ਐੱਮ. ਸ਼੍ਰੀਨਿਵਾਸ ਰਾਓ, ਰਸਾਇਣ ਅਤੇ ਖਾਦ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਕਾਸ਼ੀਨਾਥ ਝਾ, ਸੀਆਈਪੀਈਟੀ ਦੇ ਡਾਇਰੈਕਟਰ ਜਨਰਲ ਪ੍ਰੋ. (ਡਾ.) ਐੱਸ. ਕੇ. ਨਾਇਕ, ਸੀਆਈਪੀਈਟੀ, ਵਿਜੈਵਾੜਾ ਦੇ ਕੇਂਦਰ ਪ੍ਰਮੁੱਖ ਸ਼੍ਰੀ ਚਿੰਤਾ ਸ਼ੇਖਰ, ਸੀਆਈਪੀਈਟੀ ਦੇ ਪ੍ਰਮੁੱਖ ਨਿਰਦੇਸ਼ਕ ਸ਼੍ਰੀ ਆਰ. ਰਾਜੇਂਦਰਨ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

 

ਉਪ ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ 

 

 

****

 

 

ਐੱਮਐੱਸ/ਆਰਕੇ/ਡੀਪੀ(Release ID: 1684246) Visitor Counter : 9