ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ 2.0’ ਦੀ 19ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.12.2020)

Posted On: 27 DEC 2020 11:40AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਅੱਜ 27 ਦਸੰਬਰ ਹੈ, ਚਾਰ ਦਿਨਾਂ ਬਾਅਦ ਹੀ 2021 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅੱਜ ਦੀ ‘ਮਨ ਕੀ ਬਾਤ’ 2020 ਦੀ ਇੱਕ ਤਰ੍ਹਾਂ ਨਾਲ ਆਖਰੀ ‘ਮਨ ਕੀ ਬਾਤ’ ਹੈ। ਅਗਲੀ ‘ਮਨ ਕੀ ਬਾਤ’ 2021 ਵਿੱਚ ਸ਼ੁਰੂ ਹੋਵੇਗੀ। ਸਾਥੀਓ, ਮੇਰੇ ਸਾਹਮਣੇ ਤੁਹਾਡੀਆਂ ਲਿਖੀਆਂ ਢੇਰ ਸਾਰੀਆਂ ਚਿੱਠੀਆਂ ਹਨ। Mygov ’ਤੇ ਤੁਸੀਂ ਜੋ ਸੁਝਾਅ ਭੇਜਦੇ ਹੋ, ਉਹ ਵੀ ਮੇਰੇ ਸਾਹਮਣੇ ਹਨ। ਕਿੰਨੇ ਹੀ ਲੋਕਾਂ ਨੇ ਫੋਨ ਕਰਕੇ ਆਪਣੀ ਗੱਲ ਦੱਸੀ ਹੈ। ਜ਼ਿਆਦਾਤਰ ਸੰਦੇਸ਼ਾਂ ਵਿੱਚ ਬੀਤੇ ਹੋਏ ਸਾਲ ਦੇ ਅਨੁਭਵ ਅਤੇ 2021 ਨਾਲ ਜੁੜੇ ਸੰਕਲਪ ਹਨ। ਕੋਲਾਪੁਰ ਤੋਂ ਅੰਜਲੀ ਜੀ ਨੇ ਲਿਖਿਆ ਹੈ ਕਿ ਨਵੇਂ ਸਾਲ ’ਤੇ ਅਸੀਂ ਦੂਸਰਿਆਂ ਨੂੰ ਵਧਾਈ ਦਿੰਦੇ ਹਾਂ, ਸ਼ੁਭਕਾਮਨਾਵਾਂ ਦਿੰਦੇ ਹਾਂ ਤਾਂ ਇਸ ਵਾਰੀ ਅਸੀਂ ਇੱਕ ਨਵਾਂ ਕੰਮ ਕਰੀਏ, ਕਿਉਂ ਨਾ ਅਸੀਂ ਆਪਣੇ ਦੇਸ਼ ਨੂੰ ਵਧਾਈ ਦਈਏ, ਦੇਸ਼ ਨੂੰ ਵੀ ਸ਼ੁਭਕਾਮਨਾਵਾਂ ਦਈਏ। ਅੰਜਲੀ ਜੀ ਵਾਕਿਆ ਹੀ ਬਹੁਤ ਹੀ ਚੰਗਾ ਵਿਚਾਰ ਹੈ। ਸਾਡਾ ਦੇਸ਼ 2021 ਵਿੱਚ ਸਫਲਤਾਵਾਂ ਦੇ ਨਵੇਂ ਸਿਖ਼ਰ ਛੂਹੇ, ਦੁਨੀਆ ਵਿੱਚ ਭਾਰਤ ਦੀ ਪਹਿਚਾਣ ਹੋਰ ਸਸ਼ਕਤ ਹੋਵੇ। ਇਸ ਦੀ ਕਾਮਨਾ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ।

 

ਸਾਥੀਓ,  NamoApp ’ਤੇ ਮੁੰਬਈ ਦੇ ਅਭਿਸ਼ੇਕ ਜੀ ਨੇ ਇੱਕ message ਪੋਸਟ ਕੀਤਾ ਹੈ, ਉਨ੍ਹਾਂ ਨੇ ਲਿਖਿਆ ਹੈ ਕਿ 2020 ਨੇ ਜੋ-ਜੋ ਵਿਖਾ ਦਿੱਤਾ, ਜੋ-ਜੋ ਸਿਖਾ ਦਿੱਤਾ, ਉਹ ਕਦੇ ਸੋਚਿਆ ਹੀ ਨਹੀਂ ਸੀ, ਕੋਰੋਨਾ ਨਾਲ ਜੁੜੀਆਂ ਸਾਰੀਆਂ ਗੱਲਾਂ ਉਨ੍ਹਾਂ ਨੇ ਲਿਖੀਆਂ ਹਨ। ਇਨ੍ਹਾਂ ਚਿੱਠੀਆਂ ਵਿੱਚ, ਇਨ੍ਹਾਂ ਸੰਦੇਸ਼ਾਂ ਵਿੱਚ ਮੈਨੂੰ ਇੱਕ ਗੱਲ ਜੋ  common ਨਜ਼ਰ ਆ ਰਹੀ ਹੈ, ਖ਼ਾਸ ਨਜ਼ਰ ਆ ਰਹੀ ਹੈ, ਉਹ ਮੈਂ ਅੱਜ ਤੁਹਾਡੇ ਨਾਲ share ਕਰਨਾ ਚਾਹਾਂਗਾ। ਜ਼ਿਆਦਾਤਰ ਚਿੱਠੀਆਂ ਵਿੱਚ ਲੋਕਾਂ ਨੇ ਦੇਸ਼ ਦੀ ਸਮਰੱਥਾ, ਦੇਸ਼ਵਾਸੀਆਂ ਦੀ ਸਮੂਹਿਕ ਸ਼ਕਤੀ ਦੀ ਭਰਪੂਰ ਸ਼ਲਾਘਾ ਕੀਤੀ ਹੈ। ਜਦੋਂ ਜਨਤਾ ਕਰਫਿਊ ਵਰਗਾ ਨਵਾਂ ਪ੍ਰਯੋਗ, ਪੂਰੇ ਵਿਸ਼ਵ ਦੇ ਲਈ ਪ੍ਰੇਰਣਾ ਬਣਿਆ, ਜਦੋਂ ਤਾੜੀ-ਥਾਲ਼ੀ ਵਜਾ ਕੇ ਦੇਸ਼ ਨੇ ਸਾਡੇ ਕੋਰੋਨਾ ਵਾਰੀਅਰਸ ਦਾ ਸਨਮਾਨ ਕੀਤਾ ਸੀ, ਇਕਜੁੱਟਤਾ ਦਿਖਾਈ ਸੀ, ਉਸ ਨੂੰ ਵੀ ਕਈ ਲੋਕਾਂ ਨੇ ਯਾਦ ਕੀਤਾ ਹੈ।

 

ਸਾਥੀਓ, ਦੇਸ਼ ਦੇ ਆਮ ਤੋਂ ਆਮ ਮਨੁੱਖ ਨੇ ਇਸ ਬਦਲਾਓ ਨੂੰ ਮਹਿਸੂਸ ਕੀਤਾ ਹੈ। ਮੈਂ ਦੇਸ਼ ਵਿੱਚ ਆਸ਼ਾ ਦਾ ਇੱਕ ਅਨੋਖਾ ਪ੍ਰਵਾਹ ਵੀ ਦੇਖਿਆ ਹੈ। ਚੁਣੌਤੀਆਂ ਖੂਬ ਆਈਆਂ, ਸੰਕਟ ਵੀ ਅਨੇਕਾਂ ਆਏ, ਕੋਰੋਨਾ ਦੇ ਕਾਰਣ ਦੁਨੀਆ ਵਿੱਚ  supply chain ਨੂੰ ਲੈ ਕੇ ਅਨੇਕਾਂ ਰੁਕਾਵਟਾਂ ਵੀ ਆਈਆਂ, ਲੇਕਿਨ ਅਸੀਂ ਹਰ ਸੰਕਟ ਤੋਂ ਨਵੇਂ ਸਬਕ ਸਿੱਖੇ। ਦੇਸ਼ ਵਿੱਚ ਨਵੀਂ ਸਮਰੱਥਾ ਵੀ ਪੈਦਾ ਹੋਈ, ਜੇਕਰ ਸ਼ਬਦਾਂ ਵਿੱਚ ਕਹਿਣਾ ਹੈ ਤਾਂ ਇਸ ਸਮਰੱਥਾ ਦਾ ਨਾਮ ਹੈ ‘ਆਤਮ-ਨਿਰਭਰਤਾ’।

 

ਸਾਥੀਓ, ਦਿੱਲੀ ਵਿੱਚ ਰਹਿਣ ਵਾਲੇ ਅਭਿਨਵ ਬੈਨਰਜੀ ਨੇ ਆਪਣਾ ਜੋ ਅਨੁਭਵ ਮੈਨੂੰ ਲਿਖ ਕੇ ਭੇਜਿਆ ਹੈ, ਉਹ ਵੀ ਬਹੁਤ ਦਿਲਚਸਪ ਹੈ। ਅਭਿਨਵ ਜੀ ਨੇ ਆਪਣੀ ਰਿਸ਼ਤੇਦਾਰੀ ਵਿੱਚ ਬੱਚਿਆਂ ਨੂੰ ਗਿਫਟ ਦੇਣ ਦੇ ਲਈ ਕੁਝ ਖਿਡੌਣੇ ਖਰੀਦਣੇ ਸਨ, ਇਸ ਲਈ ਉਹ ਦਿੱਲੀ ਦੀ ਝੰਡੇਵਾਲਾ ਮਾਰਕੀਟ ਗਏ ਸਨ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹੀ ਹੋਣਗੇ ਇਹ ਮਾਰਕੀਟ ਦਿੱਲੀ ਵਿੱਚ ਸਾਈਕਲ ਅਤੇ ਖਿਡੌਣਿਆਂ ਦੇ ਲਈ ਜਾਣੀ ਜਾਂਦੀ ਹੈ। ਉੱਥੇ ਪਹਿਲਾਂ ਮਹਿੰਗੇ ਖਿਡੌਣਿਆਂ ਦਾ ਮਤਲਬ ਵੀ imported ਖਿਡੌਣੇ ਹੁੰਦਾ ਸੀ ਅਤੇ ਸਸਤੇ ਖਿਡੌਣੇ ਵੀ ਬਾਹਰ ਤੋਂ ਆਉਂਦੇ ਸਨ, ਲੇਕਿਨ ਅਭਿਨਵ ਜੀ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਹੁਣ ਉੱਥੋਂ ਦੇ ਕਈ ਦੁਕਾਨਦਾਰ customers ਨੂੰ ਇਹ ਕਹਿ-ਕਹਿ ਕੇ  toys ਵੇਚ ਰਹੇ ਹਨ ਕਿ ਚੰਗਾ toy ਹੈ, ਕਿਉਂਕਿ ਇਹ ਭਾਰਤ ਵਿੱਚ ਬਣਿਆ ਹੈ,  ‘Made in India’ ਹੈ। Customers ਵੀ India made toys ਦੀ ਹੀ ਮੰਗ ਕਰ ਰਹੇ ਹਨ। ਇਹੀ ਤਾਂ ਹੈ, ਇਹ ਇੱਕ ਸੋਚ ਵਿੱਚ ਕਿੰਨਾ ਵੱਡਾ ਬਦਲਾਅ - ਇਹ ਤਾਂ ਜਿਊਂਦਾ-ਜਾਗਦਾ ਸਬੂਤ ਹੈ। ਦੇਸ਼ਵਾਸੀਆਂ ਦੀ ਸੋਚ ਵਿੱਚ ਕਿੰਨਾ ਵੱਡਾ ਬਦਲਾਅ ਆ ਰਿਹਾ ਹੈ ਅਤੇ ਉਹ ਵੀ ਇੱਕ ਸਾਲ ਦੇ ਅੰਦਰ-ਅੰਦਰ। ਇਸ ਬਦਲਾਅ ਦਾ ਮੁੱਲਾਂਕਣ ਕਰਨਾ ਅਸਾਨ ਨਹੀਂ ਹੈ। ਅਰਥਸ਼ਾਸਤਰੀ ਵੀ ਇਸ ਨੂੰ ਆਪਣੇ ਪੈਮਾਨਿਆਂ ’ਤੇ ਤੋਲ ਨਹੀਂ ਸਕਦੇ। 

 

ਸਾਥੀਓ, ਮੈਨੂੰ ਵਿਸ਼ਾਖਾਪਟਨਮ ਤੋਂ ਵੈਂਕਟ ਮੁਰਲੀ ਪ੍ਰਸ਼ਾਦ ਜੀ ਨੇ ਜੋ ਲਿਖਿਆ ਹੈ, ਉਸ ਵਿੱਚ ਵੀ ਇੱਕ ਵੱਖ ਹੀ ਤਰ੍ਹਾਂ ਦਾ idea ਹੈ। ਵੈਂਕਟ ਜੀ ਨੇ ਲਿਖਿਆ ਹੈ ਮੈਂ ਤੁਹਾਨੂੰ twenty, twenty one ਦੇ ਲਈ, 2021 ਦੇ ਲਈ ਆਪਣਾ ABC attach ਕਰ ਰਿਹਾ ਹਾਂ। ਮੈਨੂੰ ਕੁਝ ਸਮਝ ਵਿੱਚ ਨਹੀਂ ਆਇਆ ਕਿ ਆਖਿਰ 123 ਤੋਂ ਉਨ੍ਹਾਂ ਦਾ ਕੀ ਮਤਲਬ ਹੈ। ਤਦ ਮੈਂ ਵੇਖਿਆ ਕਿ ਵੈਂਕਟ ਜੀ ਨੇ ਚਿੱਠੀ ਦੇ ਨਾਲ ਇੱਕ ਚਾਰਟ ਵੀ attach ਕਰ ਰੱਖਿਆ ਹੈ, ਮੈਂ ਉਹ ਚਾਰਟ ਵੇਖਿਆ ਅਤੇ ਫਿਰ ਸਮਝਿਆ ਕਿ 123 ਤੋਂ ਉਨ੍ਹਾਂ ਦਾ ਮਤਲਬ ਹੈ - ਆਤਮ-ਨਿਰਭਰ ਭਾਰਤ, ਚਾਰਟ 123। ਇਹ ਬਹੁਤ ਹੀ ਦਿਲਚਸਪ ਹੈ। ਵੈਂਕਟ ਜੀ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਪੂਰੀ list ਬਣਾਈ ਹੈ, ਜਿਨ੍ਹਾਂ ਨੂੰ ਹਰ ਰੋਜ਼ ਇਸਤੇਮਾਲ ਕਰਦੇ ਹਨ। ਇਸ ਵਿੱਚ electronics, stationery, self care items ਉਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸ਼ਾਮਿਲ ਹੈ। ਵੈਂਕਟ ਜੀ ਨੇ ਕਿਹਾ ਹੈ ਕਿ ਅਸੀਂ ਜਾਣੇ-ਅਣਜਾਣੇ ਵਿੱਚ ਉਨ੍ਹਾਂ ਵਿਦੇਸ਼ੀ products ਦਾ ਇਸਤੇਮਾਲ ਕਰ ਰਹੇ ਹਾਂ, ਜਿਨ੍ਹਾਂ ਦੇ ਵਿਕਲਪ ਭਾਰਤ ਵਿੱਚ ਅਸਾਨੀ ਨਾਲ ਉਪਲੱਬਧ ਹਨ। ਹੁਣ ਉਨ੍ਹਾਂ ਨੇ ਕਸਮ ਖਾਧੀ ਹੈ ਕਿ ਮੈਂ ਉਸੇ product ਦਾ ਇਸਤੇਮਾਲ ਕਰਾਂਗਾ, ਜਿਨ੍ਹਾਂ ਵਿੱਚ ਸਾਡੇ ਦੇਸ਼ਵਾਸੀਆਂ ਦੀ ਮਿਹਨਤ ਅਤੇ ਪਸੀਨਾ ਲੱਗਿਆ ਹੋਵੇ।

 

ਸਾਥੀਓ, ਲੇਕਿਨ ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਹੋਰ ਵੀ ਅਜਿਹਾ ਕਿਹਾ ਹੈ ਜੋ ਮੈਨੂੰ ਕਾਫੀ ਰੋਚਕ ਲੱਗਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅਸੀਂ ਆਤਮ-ਨਿਰਭਰ ਭਾਰਤ ਦਾ ਸਮਰਥਨ ਕਰ ਰਹੇ ਹਾਂ, ਲੇਕਿਨ ਸਾਡੇ manufacturers, ਉਨ੍ਹਾਂ ਦੇ ਲਈ ਵੀ ਸਾਫ ਸੰਦੇਸ਼ ਹੋਣਾ ਚਾਹੀਦਾ ਹੈ ਕਿ ਉਹ Products ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਾ ਕਰਨ। ਗੱਲ ਤਾਂ ਸਹੀ ਹੈ Zero effect, Zero defect ਦੀ ਸੋਚ ਨਾਲ ਕੰਮ ਕਰਨ ਦਾ ਇਹ ਉਚਿਤ ਸਮਾਂ ਹੈ। ਮੈਂ ਦੇਸ਼ ਦੇ manufacturers ਅਤੇ industry leaders ਨੂੰ ਅਨੁਰੋਧ ਕਰਦਾ ਹਾਂ, ਦੇਸ਼ ਦੇ ਲੋਕਾਂ ਨੇ ਮਜ਼ਬੂਤ ਕਦਮ ਚੁੱਕਿਆ ਹੈ, ਮਜ਼ਬੂਤ ਕਦਮ ਅੱਗੇ ਵਧਾਇਆ ਹੈ। Vocal for local ਇਹ ਅੱਜ ਘਰ-ਘਰ ਵਿੱਚ ਗੂੰਜ ਰਿਹਾ ਹੈ। ਅਜਿਹੇ ਵੇਲੇ ਹੁਣ ਇਹ ਨਿਸ਼ਚਿਤ ਕਰਨ ਦਾ ਸਮਾਂ ਹੈ ਕਿ ਸਾਡੇ products ਵਿਸ਼ਵ ਪੱਧਰ ਦੇ ਹੋਣ ਜੋ ਵੀ Global best ਹੈ, ਉਹ ਅਸੀਂ ਭਾਰਤ ਵਿੱਚ ਬਣਾ ਕੇ ਵਿਖਾਈਏ। ਇਸ ਦੇ ਲਈ ਸਾਡੇ ਉੱਦਮੀ ਸਾਥੀਆਂ ਨੇ ਅੱਗੇ ਆਉਣਾ ਹੈ Start-up ਨੂੰ ਵੀ ਅੱਗੇ ਆਉਣਾ ਹੈ। ਇੱਕ ਵਾਰ ਫਿਰ ਮੈਂ ਵੈਂਕਟ ਜੀ ਨੂੰ ਉਨ੍ਹਾਂ ਦੀ ਬਿਹਤਰੀਨ ਕੋਸ਼ਿਸ਼ ਦੇ ਲਈ ਵਧਾਈ ਦਿੰਦਾ ਹਾਂ।

 

ਸਾਥੀਓ, ਅਸੀਂ ਇਸ ਭਾਵਨਾ ਨੂੰ ਬਣਾਈ ਰੱਖਣਾ ਹੈ, ਬਚਾਈ ਰੱਖਣਾ ਹੈ ਅਤੇ ਵੱਧਦੇ ਹੀ ਰਹਿਣਾ ਹੈ। ਮੈਂ ਪਹਿਲਾਂ ਵੀ ਕਿਹਾ ਹੈ ਅਤੇ ਫਿਰ ਮੈਂ ਦੇਸ਼ਵਾਸੀਆਂ ਨੂੰ ਅਨੁਰੋਧ ਕਰਾਂਗਾ, ਤੁਸੀਂ ਵੀ ਇੱਕ ਸੂਚੀ ਬਣਾਓ, ਦਿਨ ਭਰ ਵਿੱਚ ਅਸੀਂ ਜੋ ਚੀਜ਼ਾਂ ਵਰਤਦੇ ਹਾਂ, ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵਿਵੇਚਨਾ ਕਰੋ ਅਤੇ ਇਹ ਵੇਖੋ ਕਿ ਅਣਜਾਣੇ ਵਿੱਚ ਕਿਹੜੀਆਂ ਵਿਦੇਸ਼ ਵਿੱਚ ਬਣੀਆਂ ਚੀਜ਼ਾਂ ਨੇ ਸਾਡੇ ਜੀਵਨ ਵਿੱਚ ਪ੍ਰਵੇਸ਼ ਕਰ ਲਿਆ ਹੈ। ਇੱਕ ਤਰ੍ਹਾਂ ਨਾਲ ਸਾਨੂੰ ਬੰਦੀ ਬਣਾ ਲਿਆ ਹੈ। ਇਨ੍ਹਾਂ ਦੇ ਭਾਰਤ ਵਿੱਚ ਬਣੇ ਵਿਕਲਪਾਂ ਦਾ ਪਤਾ ਕਰੋ ਅਤੇ ਇਹ ਵੀ ਤੈਅ ਕਰੋ ਕਿ ਅੱਗੇ ਤੋਂ ਭਾਰਤ ਵਿੱਚ ਬਣੇ, ਭਾਰਤ ਦੇ ਲੋਕਾਂ ਦੀ ਮਿਹਨਤ ਦੇ ਪਸੀਨੇ ਨਾਲ ਬਣੇ ਉਤਪਾਦਾਂ ਦਾ ਅਸੀਂ ਇਸਤੇਮਾਲ ਕਰੀਏ। ਤੁਸੀਂ ਹਰ ਸਾਲ  new year resolutions ਲੈਂਦੇ ਹੋ, ਇਸ ਵਾਰੀ ਇੱਕ ਨਵਾਂ resolution ਆਪਣੇ ਦੇਸ਼ ਦੇ ਲਈ ਜ਼ਰੂਰ ਲੈਣਾ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਜ਼ਾਲਮਾਂ ਤੋਂ, ਅੱਤਿਆਚਾਰੀਆਂ ਤੋਂ, ਦੇਸ਼ ਦੀ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ, ਸੱਭਿਅਤਾ, ਸਾਡੇ ਰੀਤੀ-ਰਿਵਾਜ਼ਾਂ ਨੂੰ ਬਚਾਉਣ ਦੇ ਲਈ ਕਿੰਨੇ ਵੱਡੇ ਬਲਿਦਾਨ ਦਿੱਤੇ ਗਏ ਹਨ। ਅੱਜ ਉਨ੍ਹਾਂ ਨੂੰ ਯਾਦ ਕਰਨ ਦਾ ਵੀ ਦਿਨ ਹੈ। ਅੱਜ ਦੇ ਹੀ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਨੂੰ ਦੀਵਾਰ ਵਿੱਚ ਜਿਊਂਦਾ ਚਿਣਵਾ ਦਿੱਤਾ ਗਿਆ ਸੀ। ਅੱਤਿਆਚਾਰੀ ਚਾਹੁੰਦੇ ਸਨ ਕਿ ਸਾਹਿਬਜ਼ਾਦੇ ਆਪਣੀ ਆਸਥਾ ਛੱਡ ਦੇਣ, ਮਹਾਨ ਗੁਰੂ ਪ੍ਰੰਪਰਾ ਦੀ ਸਿੱਖਿਆ ਛੱਡ ਦੇਣ, ਲੇਕਿਨ ਸਾਡੇ ਸਾਹਿਬਜ਼ਾਦਿਆਂ ਨੇ ਇੰਨੀ ਘੱਟ ਉਮਰ ਵਿੱਚ ਵੀ ਗਜ਼ਬ ਦਾ ਹੌਂਸਲਾ ਵਿਖਾਇਆ ਹੈ, ਇੱਛਾ-ਸ਼ਕਤੀ ਵਿਖਾਈ। ਦੀਵਾਰ ਵਿੱਚ ਚਿਣੇ ਜਾਂਦੇ ਸਮੇਂ ਪੱਥਰ ਲਗਦੇ ਰਹੇ, ਦੀਵਾਰ ਉੱਚੀ ਹੁੰਦੀ ਰਹੀ, ਮੌਤ ਸਾਹਮਣੇ ਮੰਡਰਾ ਰਹੀ ਸੀ, ਲੇਕਿਨ ਫਿਰ ਵੀ ਉਹ ਟਸ ਤੋਂ ਮਸ ਨਹੀਂ ਹੋਏ। ਅੱਜ ਹੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ - ਮਾਤਾ ਗੁੱਜਰੀ ਨੇ ਵੀ ਸ਼ਹਾਦਤ ਦਿੱਤੀ ਸੀ। ਲਗਭਗ ਇੱਕ ਹਫ਼ਤਾ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਨ ਸੀ, ਮੈਨੂੰ ਇੱਥੇ ਦਿੱਲੀ ਵਿੱਚ ਗੁਰਦੁਆਰਾ ਰਕਾਬਗੰਜ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਦਾ, ਮੱਥਾ ਟੇਕਣ ਦਾ ਮੌਕਾ ਮਿਲਿਆ। ਇਸੇ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਿਤ ਅਨੇਕਾਂ ਲੋਕ ਜ਼ਮੀਨ ’ਤੇ ਸੌਂਦੇ ਹਨ। ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਲੋਕਾਂ ਦੇ ਦੁਆਰਾ ਦਿੱਤੀ ਗਈ ਸ਼ਹਾਦਤ ਨੂੰ ਬਹੁਤ ਭਾਵਪੂਰਣ ਅਵਸਥਾ ਵਿੱਚ ਯਾਦ ਕਰਦੇ ਹਨ। ਇਸ ਸ਼ਹਾਦਤ ਨੇ ਸੰਪੂਰਨ ਮਨੁੱਖਤਾ ਨੂੰ, ਦੇਸ਼ ਨੂੰ ਨਵੀਂ ਸਿੱਖਿਆ ਦਿੱਤੀ। ਇਸ ਸ਼ਹਾਦਤ ਨੇ ਸਾਡੀ ਸੱਭਿਅਤਾ ਨੂੰ ਸੁਰੱਖਿਅਤ ਰੱਖਣ ਦਾ ਮਹਾਨ ਕੰਮ ਕੀਤਾ। ਅਸੀਂ ਸਾਰੇ ਇਸ ਸ਼ਹਾਦਤ ਦੇ ਕਰਜ਼ਦਾਰ ਹਾਂ। ਇੱਕ ਵਾਰ ਫਿਰ ਮੈਂ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਮਾਤਾ ਗੁੱਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਾ ਹਾਂ। ਅਜਿਹੀਆਂ ਹੀ ਅਨੇਕਾਂ ਸ਼ਹਾਦਤਾਂ ਨੇ ਭਾਰਤ ਦੇ ਅੱਜ ਦੇ ਸਵਰੂਪ ਨੂੰ ਬਚਾਈ ਰੱਖਿਆ ਹੈ, ਬਣਾਈ ਰੱਖਿਆ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਮੈਂ ਇੱਕ ਅਜਿਹੀ ਗੱਲ ਦੱਸਣ ਜਾ ਰਿਹਾ ਹਾਂ, ਜਿਸ ਨਾਲ ਤੁਹਾਨੂੰ ਅਨੰਦ ਵੀ ਆਵੇਗਾ ਅਤੇ ਫ਼ਖਰ ਵੀ ਹੋਵੇਗਾ, ਭਾਰਤ ਵਿੱਚ Leopards ਯਾਨੀ ਚੀਤਿਆਂ ਦੀ ਗਿਣਤੀ ਵਿੱਚ, 2014 ਤੋਂ 2018 ਦੇ ਵਿਚਕਾਰ 60 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। 2014 ਵਿੱਚ ਦੇਸ਼ ’ਚ leopards ਦੀ ਗਿਣਤੀ ਲਗਭਗ 7900 ਸੀ, ਉੱਥੇ ਹੀ 2019 ਵਿੱਚ ਇਨ੍ਹਾਂ ਦੀ ਗਿਣਤੀ ਵਧ ਕੇ 12852 ਹੋ ਗਈ। ਇਹੋ ਹੀ leopards ਹਨ, ਜਿਨ੍ਹਾਂ ਦੇ ਬਾਰੇ Jim Corbett ਨੇ ਕਿਹਾ ਸੀ, ਜਿਨ੍ਹਾਂ ਲੋਕਾਂ ਨੇ ‘‘leopards ਨੂੰ ਕੁਦਰਤ ਵਿੱਚ ਆਜ਼ਾਦ ਘੁੰਮਦਿਆਂ ਨਹੀਂ ਵੇਖਿਆ, ਉਹ ਉਸ ਦੀ ਖੂਬਸੂਰਤੀ ਦੀ ਕਲਪਨਾ ਹੀ ਨਹੀਂ ਕਰ ਸਕਦੇ। ਉਸ ਦੇ ਰੰਗਾਂ ਦੀ ਸੁੰਦਰਤਾ ਅਤੇ ਉਸ ਦੀ ਤੋਰ ਦੀ ਮੋਹਕਤਾ ਦਾ ਅੰਦਾਜ਼ਾ ਨਹੀਂ ਲਗਾ ਸਕਦੇ।’’ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਖ਼ਾਸ ਤੌਰ ’ਤੇ ਮੱਧ ਭਾਰਤ ਵਿੱਚ ਚੀਤਿਆਂ ਦੀ ਗਿਣਤੀ ਵਧੀ ਹੈ। ਚੀਤਿਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਰਾਜਾਂ ਵਿੱਚ ਮੱਧ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਸਭ ਤੋਂ ਉੱਪਰ ਹਨ। ਇਹ ਇੱਕ ਵੱਡੀ ਪ੍ਰਾਪਤੀ ਹੈ। ਚੀਤੇ ਪੂਰੀ ਦੁਨੀਆ ਵਿੱਚ ਸਾਲਾਂ ਤੋਂ ਖ਼ਤਰਿਆਂ ਦਾ ਸਾਹਮਣਾ ਕਰਦੇ ਆ ਰਹੇ ਹਨ, ਦੁਨੀਆ ਭਰ ਵਿੱਚ ਉਨ੍ਹਾਂ ਦੇ habitat ਨੂੰ ਨੁਕਸਾਨ ਪਹੁੰਚਿਆ ਹੈ। ਅਜਿਹੇ ਸਮੇਂ ਵਿੱਚ ਭਾਰਤ ਨੇ ਚੀਤਿਆਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਕਰਕੇ ਪੂਰੇ ਵਿਸ਼ਵ ਨੂੰ ਇੱਕ ਰਸਤਾ ਵਿਖਾਇਆ ਹੈ। ਤੁਹਾਨੂੰ ਇਨ੍ਹਾਂ ਗੱਲਾਂ ਦੀ ਵੀ ਜਾਣਕਾਰੀ ਹੋਵੇਗੀ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ’ਚ ਸ਼ੇਰਾਂ ਦੀ ਆਬਾਦੀ ਵਧੀ ਹੈ, ਬਾਘਾਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ। ਨਾਲ ਹੀ ਭਾਰਤੀ ਵਣ ਖੇਤਰ ਵਿੱਚ ਵੀ ਇਜ਼ਾਫਾ ਹੋਇਆ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸਰਕਾਰ ਹੀ ਨਹੀਂ, ਬਲਕਿ ਬਹੁਤ ਸਾਰੇ ਲੋਕ,  civil society, ਕਈ ਸੰਸਥਾਵਾਂ ਵੀ ਸਾਡੇ ਰੁੱਖਾਂ-ਪੌਦਿਆਂ ਅਤੇ ਜੰਗਲੀ ਜੀਵਾਂ ਦੇ ਸੰਰਕਸ਼ਣ ਵਿੱਚ ਜੁਟੀਆਂ ਹੋਈਆਂ ਹਨ। ਉਹ ਸਾਰੇ ਵਧਾਈ ਦੇ ਪਾਤਰ ਹਨ। 

 

ਸਾਥੀਓ, ਮੈਂ ਤਮਿਲ ਨਾਡੂ ਦੇ ਕੋਇੰਬਟੂਰ ਵਿੱਚ ਇੱਕ ਦਿਲ ਨੂੰ ਛੂਹਣ ਵਾਲੀ ਕੋਸ਼ਿਸ਼ ਦੇ ਬਾਰੇ ਪੜ੍ਹਿਆ ਹੈ। ਤੁਸੀਂ ਵੀ social media ’ਤੇ ਇਸ ਦੇ visuals ਵੇਖੇ ਹੋਣਗੇ। ਅਸੀਂ ਸਾਰਿਆਂ ਨੇ ਇਨਸਾਨਾਂ ਵਾਲੀ wheelchair ਵੇਖੀ ਹੈ, ਲੇਕਿਨ ਕੋਇੰਬਟੂਰ ਦੀ ਇੱਕ ਬੇਟੀ ਗਾਇਤਰੀ ਨੇ ਆਪਣੇ ਪਿਤਾ ਜੀ ਦੇ ਨਾਲ, ਇੱਕ ਪੀੜਿਤ dog ਦੇ ਲਈ wheelchair ਬਣਾ ਦਿੱਤੀ। ਇਹ ਸੰਵੇਦਨਸ਼ੀਲਤਾ ਪ੍ਰੇਰਣਾ ਦੇਣ ਵਾਲੀ ਹੈ ਅਤੇ ਇਹ ਤਾਂ ਹੀ ਹੋ ਸਕਦਾ ਹੈ, ਜਦੋਂ ਵਿਅਕਤੀ ਹਰ ਜੀਵ ਦੇ ਪ੍ਰਤੀ ਦਇਆ ਅਤੇ ਕਰੁਣਾ ਨਾਲ ਭਰਿਆ ਹੋਵੇ। ਦਿੱਲੀ NCR ਅਤੇ ਦੇਸ਼ ਦੇ ਦੂਸਰੇ ਸ਼ਹਿਰਾਂ ਵਿੱਚ ਕੰਬਾਉਣ ਵਾਲੀ ਠੰਡ ’ਚ ਬੇਘਰ ਪਸ਼ੂਆਂ ਦੀ ਦੇਖਭਾਲ਼ ਦੇ ਲਈ ਕਈ ਲੋਕ ਬਹੁਤ ਕੁਝ ਕਰ ਰਹੇ ਹਨ, ਉਹ ਉਨ੍ਹਾਂ ਪਸ਼ੂਆਂ ਦੇ ਖਾਣ-ਪੀਣ ਅਤੇ ਉਨ੍ਹਾਂ ਦੇ ਲਈ ਸਵੈਟਰ ਅਤੇ ਬਿਸਤਰੇ ਤੱਕ ਦਾ ਇੰਤਜ਼ਾਮ ਕਰਦੇ ਹਨ। ਕਈ ਲੋਕ ਤਾਂ ਅਜਿਹੇ ਹਨ ਜੋ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਪਸ਼ੂਆਂ ਦੇ ਲਈ ਭੋਜਨ ਦਾ ਇੰਤਜ਼ਾਮ ਕਰਦੇ ਹਨ। ਅਜਿਹੀ ਕੋਸ਼ਿਸ਼ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਕੁਝ ਇਸੇ ਤਰ੍ਹਾਂ ਦੇ ਨੇਕ ਯਤਨ, ਉੱਤਰ ਪ੍ਰਦੇਸ਼ ਦੇ ਕੋਸ਼ਾਂਬੀ ਵਿੱਚ ਵੀ ਕੀਤੇ ਜਾ ਰਹੇ ਹਨ। ਉੱਥੇ ਜੇਲ੍ਹ ਵਿੱਚ ਬੰਦ ਕੈਦੀ ਗਾਵਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਪੁਰਾਣੇ ਅਤੇ ਪਾਟੇ ਹੋਏ ਕੰਬਲਾਂ ਨਾਲ cover ਦੇ ਰਹੇ ਹਨ। ਇਨ੍ਹਾਂ ਕੰਬਲਾਂ ਨੂੰ ਕੋਸ਼ਾਂਬੀ ਸਮੇਤ ਦੂਸਰੇ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਵਿੱਚੋਂ ਇਕੱਠਾ ਕੀਤਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਸਿਉਂ ਕੇ ਗਊਸ਼ਾਲਾ ਭੇਜ ਦਿੱਤਾ ਜਾਂਦਾ ਹੈ। ਕੋਸ਼ਾਂਬੀ ਜੇਲ੍ਹ ਦੇ ਕੈਦੀ ਹਰ ਹਫ਼ਤੇ ਅਨੇਕਾਂ cover ਤਿਆਰ ਕਰ ਰਹੇ ਹਨ। ਆਓ, ਦੂਸਰਿਆਂ ਦੀ ਦੇਖਭਾਲ਼ ਦੇ ਲਈ ਸੇਵਾ ਭਾਵ ਨਾਲ ਭਰੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰੀਏ। ਇਹ ਅਸਲ ਵਿੱਚ ਇੱਕ ਅਜਿਹਾ ਸੱਦ-ਕਾਰਜ ਹੈ, ਜੋ ਸਮਾਜ ਦੀਆਂ ਸੰਵੇਦਨਾਵਾਂ ਨੂੰ ਸਸ਼ਕਤ ਕਰਦਾ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਜੋ ਚਿੱਠੀ ਮੇਰੇ ਸਾਹਮਣੇ ਹੈ, ਉਸ ਵਿੱਚ ਦੋ ਵੱਡੀਆਂ ਤਸਵੀਰਾਂ ਹਨ। ਇਹ ਤਸਵੀਰਾਂ ਇੱਕ ਮੰਦਿਰ ਦੀਆਂ ਹਨ ਅਤੇ before ਤੇ after ਦੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਜੋ ਚਿੱਠੀ ਹੈ, ਉਸ ਵਿੱਚ ਨੌਜਵਾਨਾਂ ਦੀ ਇੱਕ ਅਜਿਹੀ ਟੀਮ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਜੋ ਖੁਦ ਨੂੰ ਯੁਵਾ brigade ਕਹਿੰਦੀ ਹੈ। ਦਰਅਸਲ ਇਸ ਯੁਵਾ ਬਿ੍ਰਗੇਡ ਨੇ ਕਰਨਾਟਕ ਵਿੱਚ ਸ਼੍ਰੀਰੰਗਪਟਨ (Srirangapatna) ਦੇ ਕੋਲ ਨਜ਼ਦੀਕ ਸਥਿਤ ਵੀਰਭੱਦਰ ਸਵਾਮੀ ਨਾਮ ਦੇ ਇੱਕ ਪੁਰਾਣੇ ਸ਼ਿਵ ਮੰਦਿਰ ਦਾ ਕਾਇਆਕਲਪ ਕਰ ਦਿੱਤਾ। ਮੰਦਿਰ ਵਿੱਚ ਹਰ ਪਾਸੇ ਘਾਹ-ਫੂਸ ਅਤੇ ਝਾੜੀਆਂ ਭਰੀਆਂ ਹੋਈਆਂ ਸਨ। ਇੰਨੀਆਂ ਕਿ ਰਾਹਗੀਰ ਵੀ ਨਹੀਂ ਦੱਸ ਸਕਦੇ ਕਿ ਇੱਥੇ ਇੱਕ ਮੰਦਿਰ ਹੈ। ਇੱਕ ਦਿਨ ਕੁਝ ਸੈਲਾਨੀਆਂ ਨੇ ਇਸ ਭੁੱਲੇ-ਵਿਸਰੇ ਮੰਦਿਰ ਦਾ ਇੱਕ video social media ’ਤੇ post ਕਰ ਦਿੱਤਾ। ਯੁਵਾ brigade ਨੇ ਜਦੋਂ ਇਸ ਵੀਡੀਓ ਨੂੰ social media ’ਤੇ ਦੇਖਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ ਅਤੇ ਫਿਰ ਇਸ ਟੀਮ ਨੇ ਮਿਲਜੁਲ ਕੇ ਇਸ ਦਾ ਨਵੀਨੀਕਰਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਮੰਦਿਰ ਦੇ ਆਲ਼ੇ-ਦੁਆਲ਼ੇ ਉੱਗੀਆਂ ਕੰਢੇਦਾਰ ਝਾੜੀਆਂ, ਘਾਹ ਅਤੇ ਪੌਦਿਆਂ ਨੂੰ ਹਟਾਇਆ, ਜਿੱਥੇ ਮੁਰੰਮਤ ਅਤੇ ਨਿਰਮਾਣ ਦੀ ਜ਼ਰੂਰਤ ਸੀ, ਉਹ ਕੀਤਾ। ਉਨ੍ਹਾਂ ਦੇ ਚੰਗੇ ਕੰਮ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਨੇ ਵੀ ਮਦਦ ਦੇ ਲਈ ਹੱਥ ਵਧਾਏ, ਕਿਸੇ ਨੇ ਸੀਮੈਂਟ ਦਿੱਤਾ ਤਾਂ ਕਿਸੇ ਨੇ ਪੇਂਟ। ਅਜਿਹੀਆਂ ਕਈ ਹੋਰ ਚੀਜ਼ਾਂ ਦੇ ਨਾਲ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ। ਇਹ ਸਾਰੇ ਨੌਜਵਾਨ ਕਈ ਵੱਖ ਤਰ੍ਹਾਂ ਦੇ profession ਨਾਲ ਜੁੜੇ ਹੋਏ ਹਨ। ਅਜਿਹੇ ਵਿੱਚ ਇਨ੍ਹਾਂ ਨੇ weekends ਦੇ ਦੌਰਾਨ ਸਮਾਂ ਕੱਢਿਆ ਅਤੇ ਮੰਦਿਰ ਦੇ ਲਈ ਕੰਮ ਕੀਤਾ। ਨੌਜਵਾਨਾਂ ਨੇ ਮੰਦਿਰ ਵਿੱਚ ਦਰਵਾਜ਼ਾ ਲਵਾਉਣ ਦੇ ਨਾਲ-ਨਾਲ ਬਿਜਲੀ ਦਾ connection ਵੀ ਲਗਵਾਇਆ। ਇਸ ਤਰ੍ਹਾਂ ਉਨ੍ਹਾਂ ਨੇ ਮੰਦਿਰ ਦੀ ਪੁਰਾਣੀ ਸ਼ਾਨ ਨੂੰ ਫਿਰ ਤੋਂ ਸਥਾਪਿਤ ਕਰਨ ਦਾ ਕੰਮ ਕੀਤਾ। ਜਨੂੰਨ ਅਤੇ ਪੱਕਾ ਨਿਸ਼ਚਾ ਅਜਿਹੀਆਂ ਦੋ ਚੀਜ਼ਾਂ ਹਨ, ਜਿਨ੍ਹਾਂ ਨਾਲ ਲੋਕ ਹਰ ਟੀਚਾ ਪ੍ਰਾਪਤ ਕਰ ਸਕਦੇ ਹਨ। ਜਦੋਂ ਮੈਂ ਭਾਰਤ ਦੇ ਨੌਜਵਾਨਾਂ ਨੂੰ ਵੇਖਦਾ ਹਾਂ ਤਾਂ ਖੁਦ ਨੂੰ ਆਨੰਦਿਤ ਅਤੇ ਸੰਤੁਸ਼ਟ ਮਹਿਸੂਸ ਕਰਦਾ ਹਾਂ। ਆਨੰਦਿਤ ਅਤੇ ਸੰਤੁਸ਼ਟ ਇਸ ਲਈ, ਕਿਉਂਕਿ ਮੇਰੇ ਦੇਸ਼ ਦੇ ਨੌਜਵਾਨਾਂ ਵਿੱਚ  ‘Can Do’ ਦੀ Approach ਹੈ ਅਤੇ ‘Will Do’ ਦੀ Spirit ਹੈ। ਉਨ੍ਹਾਂ ਦੇ ਲਈ ਕੋਈ ਵੀ ਚੁਣੌਤੀ ਵੱਡੀ ਨਹੀਂ ਹੈ। ਕੁਝ ਵੀ ਉਨ੍ਹਾਂ ਦੀ ਪਹੁੰਚ ਤੋਂ ਦੂਰ ਨਹੀਂ ਹੈ। ਮੈਂ ਤਮਿਲ ਨਾਡੂ ਦੀ ਇੱਕ ਟੀਚਰ ਦੇ ਬਾਰੇ ਵਿੱਚ ਪੜ੍ਹਿਆ, ਉਸ ਦਾ ਨਾਂ Hemlata N.K. ਹੈ ਜੋ ਵਿੱਡੂਪੁਰਮ ਦੇ ਇੱਕ ਸਕੂਲ ਵਿੱਚ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਤਮਿਲ ਪੜ੍ਹਾਉਂਦੀ ਹੈ। ਕੋਵਿਡ-19 ਮਹਾਮਾਰੀ ਵੀ ਉਨ੍ਹਾਂ ਦੇ ਅਧਿਆਪਨ ਦੇ ਕੰਮ ਵਿੱਚ ਆੜੇ ਨਹੀਂ ਆ ਸਕੀ। ਹਾਂ! ਉਨ੍ਹਾਂ ਸਾਹਮਣੇ ਚੁਣੌਤੀਆਂ ਜ਼ਰੂਰ ਸਨ, ਲੇਕਿਨ ਉਨ੍ਹਾਂ ਨੇ ਇੱਕ  innovative ਰਾਹ ਕੱਢਿਆ। ਉਨ੍ਹਾਂ ਨੇ course ਦੇ ਸਾਰੇ 53 chapters ਨੂੰ ਰਿਕਾਰਡ ਕੀਤਾ,  animated video ਤਿਆਰ ਕੀਤੇ ਅਤੇ ਇਨ੍ਹਾਂ ਨੂੰ ਇੱਕ pen drive ਵਿੱਚ ਲੈ ਕੇ ਆਪਣੇ students ਨੂੰ ਵੰਡ ਦਿੱਤੇ। ਇਸ ਨਾਲ ਉਨ੍ਹਾਂ ਦੇ students ਨੂੰ ਬਹੁਤ ਮਦਦ ਮਿਲੀ। ਉਹ  chapters ਨੂੰ visually ਵੀ ਸਮਝ ਸਕੇ। ਇਸ ਦੇ ਨਾਲ ਹੀ ਉਹ ਆਪਣੇ students ਨਾਲ ਟੈਲੀਫੋਨ ’ਤੇ ਵੀ ਗੱਲ ਕਰਦੀ ਰਹੀ। ਇਸ ਦੇ ਨਾਲ students ਦੇ ਲਈ ਪੜ੍ਹਾਈ ਕਾਫੀ ਰੋਚਕ ਹੋ ਗਈ। ਦੇਸ਼ ਭਰ ਵਿੱਚ ਕੋਰੋਨਾ ਦੇ ਸਮੇਂ ’ਚ ਟੀਚਰਸ ਨੇ ਜੋ innovative ਤਰੀਕੇ ਅਪਣਾਏ, ਜੋ course material creatively ਤਿਆਰ ਕੀਤਾ ਹੈ, ਉਹ online ਪੜ੍ਹਾਈ ਦੇ ਇਸ ਦੌਰ ਵਿੱਚ ਬਹੁਮੁੱਲਾ ਹੈ। ਮੇਰਾ ਸਾਰੇ ਟੀਚਰਸ ਨੂੰ ਅਨੁਰੋਧ ਹੈ ਕਿ ਉਹ ਇਨ੍ਹਾਂ course material ਨੂੰ ਸਿੱਖਿਆ ਮੰਤਰਾਲੇ ਦੇ ਦੀਕਸ਼ਾ ਪੋਰਟਲ ’ਤੇ ਜ਼ਰੂਰ upload ਕਰਨ। ਇਸ ਨਾਲ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ। 

 

ਸਾਥੀਓ, ਆਓ ਹੁਣ ਗੱਲ ਕਰਦੇ ਹਾਂ ਝਾਰਖੰਡ ਦੀ ਕੋਰਵਾ ਜਨਜਾਤੀ ਦੇ ਹੀਰਾਮਨ ਜੀ ਦੀ। ਹੀਰਾਮਨ ਜੀ ਗੜਵਾ ਜ਼ਿਲ੍ਹੇ ਦੇ ਸਿੰਜੋ ਪਿੰਡ ਵਿੱਚ ਰਹਿੰਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੋਰਵਾ ਜਨਜਾਤੀ ਦੀ ਆਬਾਦੀ ਸਿਰਫ 6000 ਹੈ ਜੋ ਸ਼ਹਿਰਾਂ ਤੋਂ ਦੂਰ ਪਹਾੜਾਂ ਅਤੇ ਜੰਗਲਾਂ ਵਿੱਚ ਨਿਵਾਸ ਕਰਦੀ ਹੈ। ਆਪਣੇ ਸਮੁਦਾਇ ਦੀ ਸੰਸਕ੍ਰਿਤੀ ਅਤੇ ਪਛਾਣ ਨੂੰ ਬਚਾਉਣ ਦੇ ਲਈ ਹੀਰਾਮਨ ਜੀ ਨੇ ਇੱਕ ਬੀੜਾ ਚੁੱਕਿਆ ਹੈ। ਉਨ੍ਹਾਂ ਨੇ 12 ਸਾਲਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਲੁਪਤ ਹੁੰਦੀ ਕੋਰਵਾ ਭਾਸ਼ਾ ਦਾ ਸ਼ਬਦਕੋਸ਼ ਤਿਆਰ ਕੀਤਾ। ਉਨ੍ਹਾਂ ਨੇ ਇਸ ਸ਼ਬਦਕੋਸ਼ ਵਿੱਚ ਘਰ-ਗ੍ਰਹਿਸਥੀ ਵਿੱਚ ਪ੍ਰਯੋਗ ਹੋਣ ਵਾਲੇ ਸ਼ਬਦਾਂ ਤੋਂ ਲੈ ਕੇ ਰੋਜ਼ਾਨਾ ਜੀਵਨ ਵਿੱਚ ਇਸਤੇਮਾਲ ਹੋਣ ਵਾਲੇ ਕੋਰਵਾ ਭਾਸ਼ਾ ਦੇ ਢੇਰ ਸਾਰੇ ਸ਼ਬਦਾਂ ਨੂੰ ਅਰਥ ਦੇ ਨਾਲ ਲਿਖਿਆ ਹੈ। ਕੋਰਵਾ ਸਮੁਦਾਇ ਦੇ ਲਈ ਹੀਰਾਮਨ ਜੀ ਨੇ ਜੋ ਕਰ ਵਿਖਾਇਆ ਹੈ, ਉਹ ਦੇਸ਼ ਦੇ ਲਈ ਇੱਕ ਮਿਸਾਲ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਕਿਹਾ ਜਾਂਦਾ ਹੈ ਕਿ ਅਕਬਰ ਦੇ ਦਰਬਾਰ ਵਿੱਚ ਇੱਕ ਮੁੱਖ ਸ਼ਖਸੀਅਤ ਅਬੁਲ-ਫਜ਼ਲ ਸਨ, ਉਨ੍ਹਾਂ ਨੇ ਇੱਕ ਵਾਰੀ ਕਸ਼ਮੀਰ ਦੀ ਯਾਤਰਾ ਤੋਂ ਬਾਅਦ ਕਿਹਾ ਸੀ ਕਿ ਕਸ਼ਮੀਰ ਵਿੱਚ ਇੱਕ ਅਜਿਹਾ ਨਜ਼ਾਰਾ ਹੈ, ਜਿਸ ਨੂੰ ਵੇਖ ਕੇ ਚਿੜਚਿੜੇ ਅਤੇ ਗੁੱਸੇਖੋਰ ਲੋਕ ਵੀ ਖੁਸ਼ੀ ਨਾਲ ਝੂਮ ਉੱਠਣਗੇ। ਦਰਅਸਲ ਉਹ ਕਸ਼ਮੀਰ ਵਿੱਚ ਕੇਸਰ ਦੇ ਖੇਤਾਂ ਦਾ ਵਰਨਣ ਕਰ ਰਹੇ ਸਨ। ਕੇਸਰ ਸਦੀਆਂ ਤੋਂ ਕਸ਼ਮੀਰ ਨਾਲ ਜੁੜਿਆ ਹੋਇਆ ਹੈ। ਕਸ਼ਮੀਰੀ ਕੇਸਰ ਮੁੱਖ ਰੂਪ ਵਿੱਚ ਪੁਲਵਾਮਾ, ਬਡਗਾਮ ਅਤੇ ਕਿਸ਼ਤਵਾੜ ਵਰਗੀਆਂ ਥਾਵਾਂ ’ਤੇ ਉਗਾਇਆ ਜਾਂਦਾ ਹੈ। ਇਸੇ ਸਾਲ ਮਈ ਵਿੱਚ ਕਸ਼ਮੀਰੀ ਕੇਸਰ ਨੂੰ  Geographical Indication Tag ਯਾਨੀ ਕਿ GI Tag ਦਿੱਤਾ ਗਿਆ। ਇਸ ਦੇ ਜ਼ਰੀਏ ਅਸੀਂ ਕਸ਼ਮੀਰੀ ਕੇਸਰ ਨੂੰ ਇੱਕ Globally Popular Brand ਬਣਾਉਣਾ ਚਾਹੁੰਦੇ ਹਾਂ। ਕਸ਼ਮੀਰੀ ਕੇਸਰ ਵਿਸ਼ਵ ਪੱਧਰ ’ਤੇ ਇੱਕ ਅਜਿਹੇ ਮਸਾਲੇ ਦੇ ਰੂਪ ਵਿੱਚ ਪ੍ਰਸਿੱਧ ਹੈ, ਜਿਸ ਦੇ ਕਈ ਤਰ੍ਹਾਂ ਦੇ ਔਸ਼ਧੀ ਗੁਣ ਹਨ। ਇਹ ਅਤਿਅੰਤ ਸੁਗੰਧਿਤ ਹੁੰਦਾ ਹੈ। ਇਸ ਦਾ ਰੰਗ ਗਾੜ੍ਹਾ ਹੁੰਦਾ ਹੈ ਅਤੇ ਇਸ ਦੇ ਧਾਗੇ ਲੰਮੇ ਅਤੇ ਮੋਟੇ ਹੁੰਦੇ ਹਨ ਜੋ ਇਸ ਦੀ  Medicinal Value ਨੂੰ ਵਧਾਉਂਦੇ ਹਨ। ਇਹ ਜੰਮੂ ਅਤੇ ਕਸ਼ਮੀਰ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਅਗਵਾਈ ਕਰਦਾ ਹੈ। Quality ਦੀ ਗੱਲ ਕਰੀਏ ਤਾਂ ਕਸ਼ਮੀਰ ਦਾ ਕੇਸਰ ਬਹੁਤ unique ਹੈ ਅਤੇ ਦੂਸਰੇ ਦੇਸ਼ਾਂ ਦੇ ਕੇਸਰ ਤੋਂ ਬਿਲਕੁਲ ਵੱਖ ਹੈ। ਕਸ਼ਮੀਰ ਦੇ ਕੇਸਰ ਨੂੰ GI Tag Recognition ਨਾਲ ਇੱਕ ਵੱਖ ਪਹਿਚਾਣ ਮਿਲੀ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕਸ਼ਮੀਰੀ ਕੇਸਰ ਨੂੰ GI Tag ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਦੁਬਈ ਦੇ ਇੱਕ ਸੁਪਰ ਮਾਰਕੀਟ ਵਿੱਚ ਇਸ ਨੂੰ launch ਕੀਤਾ ਗਿਆ। ਹੁਣ ਇਸ ਦੀ ਨਿਰਯਾਤ ਵਧਣ ਲੱਗੇਗੀ। ਇਹ ਆਤਮ ਨਿਰਭਰ ਭਾਰਤ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਦੇਵੇਗਾ। ਕੇਸਰ ਦੇ ਕਿਸਾਨਾਂ ਨੂੰ ਇਸ ਨਾਲ ਵਿਸ਼ੇਸ਼ ਰੂਪ ਵਿੱਚ ਲਾਭ ਹੋਵੇਗਾ। ਪੁਲਵਾਮਾ ਵਿੱਚ ਤ੍ਰਾਲ ਦੇ ਸ਼ਾਰ ਇਲਾਕੇ ਦੇ ਰਹਿਣ ਵਾਲੇ ਅਬਦੁਲ ਮਜੀਦ ਵਾਣੀ ਨੂੰ ਹੀ ਵੇਖ ਲਓ, ਉਹ ਆਪਣੇ GI Tagged ਕੇਸਰ ਨੂੰ National Saffron Mission ਦੀ ਮਦਦ ਨਾਲ ਪੰਪੋਰ ਦੇ  Trading Centre ਵਿੱਚ E-Trading ਦੇ ਜ਼ਰੀਏ ਵੇਚ ਰਹੇ ਹਨ। ਇਨ੍ਹਾਂ ਵਰਗੇ ਹੀ ਕਈ ਲੋਕ ਕਸ਼ਮੀਰ ਵਿੱਚ ਇਹ ਕੰਮ ਕਰ ਰਹੇ ਹਨ। ਅਗਲੀ ਵਾਰੀ ਜਦੋਂ ਤੁਸੀਂ ਕੇਸਰ ਨੂੰ ਖਰੀਦਣ ਦਾ ਮਨ ਬਣਾਓ ਤਾਂ ਕਸ਼ਮੀਰ ਦਾ ਹੀ ਕੇਸਰ ਖਰੀਦਣ ਬਾਰੇ ਸੋਚੋ। ਕਸ਼ਮੀਰੀ ਲੋਕਾਂ ਦੀ ਗਰਮਜੋਸ਼ੀ ਅਜਿਹੀ ਹੈ ਕਿ ਉੱਥੋਂ ਦੇ ਕੇਸਰ ਦਾ ਸਵਾਦ ਹੀ ਵੱਖ ਹੁੰਦਾ ਹੈ। 

 

ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਦੋ ਦਿਨ ਪਹਿਲਾਂ ਹੀ ਗੀਤਾ ਜਯੰਤੀ ਸੀ। ਗੀਤਾ ਸਾਨੂੰ ਸਾਡੇ ਜੀਵਨ ਦੇ ਹਰ ਸੰਦਰਭ ਵਿੱਚ ਪ੍ਰੇਰਣਾ ਦਿੰਦੀ ਹੈ, ਲੇਕਿਨ ਕੀ ਤੁਸੀਂ ਕਦੇ ਸੋਚਿਆ ਹੈ, ਗੀਤਾ ਇੰਨਾ ਅਨੋਖਾ ਗ੍ਰੰਥ ਕਿਉਂ ਹੈ, ਉਹ ਇਸ ਲਈ ਕਿਉਂਕਿ ਇਹ ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਹੀ ਬਾਣੀ ਹੈ। ਲੇਕਿਨ ਗੀਤਾ ਦੀ ਖਾਸੀਅਤ ਇਹ ਵੀ ਹੈ ਕਿ ਇਹ ਜਾਨਣ ਦੀ ਜਿਗਿਆਸਾ ਤੋਂ ਸ਼ੁਰੂ ਹੁੰਦੀ ਹੈ। ਪ੍ਰਸ਼ਨ ਨਾਲ ਸ਼ੁਰੂ ਹੁੰਦੀ ਹੈ। ਅਰਜੁਨ ਨੇ ਭਗਵਾਨ ਨੂੰ ਪ੍ਰਸ਼ਨ ਕੀਤਾ, ਜਿਗਿਆਸਾ ਵਿਖਾਈ ਤਾਂ ਹੀ ਤਾਂ ਗੀਤਾ ਦਾ ਗਿਆਨ ਸੰਸਾਰ ਨੂੰ ਮਿਲਿਆ। ਗੀਤਾ ਦੇ ਹੀ ਵਾਂਗ ਸਾਡੀ ਸੰਸਕ੍ਰਿਤੀ ਵਿੱਚ ਜਿੰਨਾ ਵੀ ਗਿਆਨ ਹੈ, ਸਭ ਜਿਗਿਆਸਾ ਨਾਲ ਹੀ ਸ਼ੁਰੂ ਹੁੰਦਾ ਹੈ। ਵੇਦਾਂਤ ਦਾ ਤਾਂ ਪਹਿਲਾ ਮੰਤਰ ਹੀ ਹੈ - ‘ਅਥਾਤੋ ਬ੍ਰਹਮ ਜਿਗਿਆਸਾ’’ (‘अथातो ब्रह्म जिज्ञासा’) ਅਰਥਾਤ ਆਓ ਅਸੀਂ ਬ੍ਰਹਮ ਦੀ ਜਿਗਿਆਸਾ ਕਰੀਏ। ਇਸ ਲਈ ਤਾਂ ਸਾਡੇ ਇੱਥੇ ਬ੍ਰਹਮ ਦੀ ਵੀ ਖੋਜ ਦੀ ਗੱਲ ਕਹੀ ਜਾਂਦੀ ਹੈ। ਜਿਗਿਆਸਾ ਦੀ ਤਾਕਤ ਹੀ ਅਜਿਹੀ ਹੈ, ਜਿਗਿਆਸਾ ਤੁਹਾਨੂੰ ਲਗਾਤਾਰ ਨਵੇਂ ਦੇ ਲਈ ਪ੍ਰੇਰਿਤ ਕਰਦੀ ਹੈ। ਬਚਪਨ ਵਿੱਚ ਅਸੀਂ ਇਸ ਲਈ ਹੀ ਤਾਂ ਸਿੱਖਦੇ ਹਾਂ, ਕਿਉਂਕਿ ਸਾਡੇ ਅੰਦਰ ਜਿਗਿਆਸਾ ਹੁੰਦੀ ਹੈ। ਯਾਨੀ ਜਦੋਂ ਤੱਕ ਜਿਗਿਆਸਾ ਹੈ, ਉਦੋਂ ਤੱਕ ਜੀਵਨ ਹੈ। ਜਦੋਂ ਤੱਕ ਜਿਗਿਆਸਾ ਹੈ, ਉਦੋਂ ਤੱਕ ਨਵਾਂ ਸਿੱਖਣ ਦਾ ਕ੍ਰਮ ਜਾਰੀ ਹੈ। ਇਸ ਵਿੱਚ ਕੋਈ ਉਮਰ, ਕੋਈ ਪ੍ਰਸਥਿਤੀ ਮਾਇਨੇ ਹੀ ਨਹੀਂ ਰੱਖਦੀ ਹੈ। ਜਿਗਿਆਸਾ ਦੀ ਅਜਿਹੀ ਹੀ ਊਰਜਾ ਦਾ ਇੱਕ ਉਦਾਹਰਣ ਮੈਨੂੰ ਪਤਾ ਲੱਗਾ ਤਮਿਲ ਨਾਡੂ ਦੇ ਬਜ਼ੁਰਗ ਸ਼੍ਰੀ ਟੀ. ਸ਼੍ਰੀਨਿਵਾਸਾਚਾਰਿਆ ਸਵਾਮੀ ਜੀ ਦੇ ਬਾਰੇ ਵਿੱਚ। ਸ਼੍ਰੀ ਟੀ. ਸ਼੍ਰੀਨਿਵਾਸਾਚਾਰਿਆ ਸਵਾਮੀ ਜੀ 92 ਸਾਲ Ninety Two Years ਦੇ ਹਨ। ਉਹ ਇਸ ਉਮਰ ਵਿੱਚ ਵੀ computer ’ਤੇ ਆਪਣੀ ਕਿਤਾਬ ਲਿਖ ਰਹੇ ਹਨ। ਉਹ ਵੀ ਖੁਦ ਹੀ ਟਾਈਪ ਕਰਕੇ। ਤੁਸੀਂ ਸੋਚ ਰਹੇ ਹੋਵੋਗੇ ਕਿ ਕਿਤਾਬ ਲਿਖਣਾ ਤਾਂ ਠੀਕ ਹੈ ਲੇਕਿਨ ਸ਼੍ਰੀਨਿਵਾਸਾਚਾਰਿਆ ਜੀ ਦੇ ਸਮੇਂ ਤਾਂ computer ਹੁੰਦਾ ਹੀ ਨਹੀਂ ਹੋਵੇਗਾ, ਫਿਰ ਉਨ੍ਹਾਂ ਨੇ computer ਕਦੋਂ ਸਿੱਖਿਆ। ਇਹ ਗੱਲ ਸਹੀ ਹੈ ਕਿ ਉਨ੍ਹਾਂ ਦੇ ਕਾਲਜ ਦੇ ਸਮੇਂ ਵਿੱਚ computer ਨਹੀਂ ਸੀ, ਲੇਕਿਨ ਉਨ੍ਹਾਂ ਦੇ ਮਨ ਵਿੱਚ ਜਿਗਿਆਸਾ ਤੇ ਆਤਮ-ਵਿਸ਼ਵਾਸ ਹੁਣ ਵੀ ਓਨਾ ਹੀ ਹੈ, ਜਿੰਨਾ ਆਪਣੀ ਜਵਾਨੀ ਵੇਲੇ ਸੀ। ਦਰਅਸਲ ਸ਼੍ਰੀਨਿਵਾਸਾਚਾਰਿਆ ਸਵਾਮੀ ਜੀ ਸੰਸਕ੍ਰਿਤ ਅਤੇ ਤਮਿਲ ਦੇ ਵਿਦਵਾਨ ਹਨ। ਉਹ ਹੁਣ ਤੱਕ ਲਗਭਗ 16 ਅਧਿਆਤਮਕ ਗ੍ਰੰਥ ਵੀ ਲਿਖ ਚੁੱਕੇ ਹਨ, ਲੇਕਿਨ computer ਆਉਣ ਤੋਂ ਬਾਅਦ ਉਨ੍ਹਾਂ ਜਦੋਂ ਲੱਗਿਆ ਕਿ ਹੁਣ ਤਾਂ ਕਿਤਾਬਾਂ ਲਿਖਣ ਅਤੇ ਪ੍ਰਿੰਟ ਹੋਣ ਦਾ ਤਰੀਕਾ ਬਦਲ ਗਿਆ ਹੈ ਤਾਂ ਉਨ੍ਹਾਂ ਨੇ 86 ਸਾਲ ਦੀ ਉਮਰ ਵਿੱਚ eighty six ਦੀ ਉਮਰ ਵਿੱਚ computer ਸਿੱਖਿਆ, ਆਪਣੇ ਲਈ ਜ਼ਰੂਰੀ software ਸਿੱਖੇ। ਹੁਣ ਉਹ ਆਪਣੀ ਕਿਤਾਬ ਪੂਰੀ ਕਰ ਰਹੇ ਹਨ। 

 

ਸਾਥੀਓ ਸ਼੍ਰੀ ਟੀ. ਸ਼੍ਰੀਨਿਵਾਸਾਚਾਰਿਆ ਜੀ ਦਾ ਜੀਵਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜੀਵਨ ਉਦੋਂ ਤੱਕ ਊਰਜਾ ਨਾਲ ਭਰਿਆ ਰਹਿੰਦਾ ਹੈ, ਜਦੋਂ ਤੱਕ ਜੀਵਨ ਵਿੱਚ ਜਿਗਿਆਸਾ ਨਹੀਂ ਮਰਦੀ। ਸਿੱਖਣ ਦੀ ਚਾਹ ਨਹੀਂ ਮਰਦੀ, ਇਸ ਲਈ ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਪੱਛੜ ਗਏ ਹਾਂ। ਅਸੀਂ ਮੌਕਾ ਗੁਆ ਦਿੱਤਾ ਹੈ। ਕਾਸ਼! ਅਸੀਂ ਵੀ ਇਹ ਸਿੱਖ ਲੈਂਦੇ। ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਨਹੀਂ ਸਿੱਖ ਸਕਦੇ ਜਾਂ ਅੱਗੇ ਨਹੀਂ ਵਧ ਸਕਦੇ। 

 

ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਅਸੀਂ ਜਿਗਿਆਸਾ ਨਾਲ ਕੁਝ ਨਵਾਂ ਸਿੱਖਣ ਅਤੇ ਕਰਨ ਦੀ ਗੱਲ ਕਰ ਰਹੇ ਸੀ। ਨਵੇਂ ਸਾਲ ’ਤੇ ਨਵੇਂ ਸੰਕਲਪਾਂ ਦੀ ਵੀ ਗੱਲ ਕਰ ਰਹੇ ਸੀ। ਲੇਕਿਨ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਲਗਾਤਾਰ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਹਨ। ਨਵੇਂ-ਨਵੇਂ ਸੰਕਲਪਾਂ ਨੂੰ ਸਿੱਧ ਕਰਦੇ ਰਹਿੰਦੇ ਹਨ। ਤੁਸੀਂ ਵੀ ਆਪਣੇ ਜੀਵਨ ਵਿੱਚ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਤੱਕ ਅਸੀਂ ਸਮਾਜ ਦੇ ਲਈ ਕੁਝ ਕਰਦੇ ਹਾਂ ਤਾਂ ਬਹੁਤ ਕੁਝ ਕਰਨ ਦੀ ਊਰਜਾ ਸਮਾਜ ਸਾਨੂੰ ਖੁਦ ਹੀ ਦਿੰਦਾ ਹੈ। ਆਮ ਜਿਹੀਆਂ ਲਗਣ ਵਾਲੀਆਂ ਪ੍ਰੇਰਣਾਵਾਂ ਨਾਲ ਬਹੁਤ ਵੱਡੇ ਕੰਮ ਵੀ ਹੋ ਜਾਂਦੇ ਹਨ। ਅਜਿਹੇ ਹੀ ਇੱਕ ਨੌਜਵਾਨ ਹਨ ਸ਼੍ਰੀਮਾਨ ਪ੍ਰਦੀਪ ਸਾਂਗਵਾਨ। ਗੁਰੂਗ੍ਰਾਮ ਦੇ ਪ੍ਰਦੀਪ ਸਾਂਗਵਾਨ 2016 ਤੋਂ Healing Himalayas ਨਾਮ ਨਾਲ ਮੁਹਿੰਮ ਚਲਾ ਰਹੇ ਹਨ। ਉਹ ਆਪਣੀ ਟੀਮ ਅਤੇ volunteers ਦੇ ਨਾਲ ਹਿਮਾਲਿਆ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਹਨ ਅਤੇ ਜੋ ਪਲਾਸਟਿਕ ਕਚਰਾ ਟੂਰਿਸਟ ਉੱਥੇ ਛੱਡ ਕੇ ਜਾਂਦੇ ਹਨ, ਉਹ ਸਾਫ ਕਰਦੇ ਹਨ। ਪ੍ਰਦੀਪ ਜੀ ਹੁਣ ਤੱਕ ਹਿਮਾਲਿਆ ਦੀ ਵੱਖ-ਵੱਖ ਟੂਰਿਸਟ  locations ਤੋਂ ਕਈ ਟਨ ਪਲਾਸਟਿਕ ਸਾਫ ਕਰ ਚੁੱਕੇ ਹਨ।  ਇਸੇ ਤਰ੍ਹਾਂ ਕਰਨਾਟਕ ਦੇ ਇੱਕ ਨੌਜਵਾਨ ਪਤੀ-ਪਤਨੀ ਹਨ ਅਨੂਦੀਪ ਅਤੇ ਮਿਨੂਸ਼ਾ, ਅਨੂਦੀਪ ਅਤੇ ਮਿਨੂਸ਼ਾ ਨੇ ਅਜੇ ਪਿਛਲੇ ਮਹੀਨੇ ਨਵੰਬਰ ਵਿੱਚ ਹੀ ਵਿਆਹ ਕੀਤਾ ਹੈ, ਵਿਆਹ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਘੁੰਮਣ-ਫਿਰਨ ਜਾਂਦੇ ਹਨ, ਲੇਕਿਨ ਇਨ੍ਹਾਂ ਦੋਵਾਂ ਨੇ ਕੁਝ ਵੱਖ ਕੀਤਾ। ਇਹ ਦੋਵੇਂ ਹਮੇਸ਼ਾ ਵੇਖਦੇ ਸਨ ਕਿ ਲੋਕ ਆਪਣੇ ਘਰ ਤੋਂ ਬਾਹਰ ਘੁੰਮਣ ਤਾਂ ਜਾਂਦੇ ਹਨ, ਲੇਕਿਨ ਜਦੋਂ ਜਾਂਦੇ ਹਨ ਤਾਂ ਉੱਥੇ ਢੇਰ ਸਾਰਾ ਕੂੜਾ-ਕਚਰਾ ਛੱਡ ਕੇ ਆ ਜਾਂਦੇ ਹਨ। ਕਰਨਾਟਕ ਦੇ ਸੋਮੇਸ਼ਵਰ  beach ’ਤੇ ਵੀ ਇਹੀ ਸਥਿਤੀ ਸੀ। ਅਨੂਦੀਪ ਅਤੇ ਮਿਨੂਸ਼ਾ ਨੇ ਤੈਅ ਕੀਤਾ ਕਿ ਉਹ ਸੋਮੇਸ਼ਵਰ beach ’ਤੇ ਲੋਕ ਜੋ ਕਚਰਾ ਛੱਡ ਕੇ ਗਏ ਹਨ, ਉਸ ਨੂੰ ਸਾਫ ਕਰਨਗੇ। ਦੋਵਾਂ ਪਤੀ-ਪਤਨੀ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਸੰਕਲਪ ਇਹੀ ਲਿਆ। ਦੋਵਾਂ ਨੇ ਮਿਲ ਕੇ ਸਮੁੰਦਰ ਤਟ ਦਾ ਕਾਫੀ ਕਚਰਾ ਸਾਫ ਕਰ ਦਿੱਤਾ। ਅਨੂਦੀਪ ਨੇ ਆਪਣੇ ਇਸ ਸੰਕਲਪ ਦੇ ਬਾਰੇ ਸੋਸ਼ਲ ਮੀਡੀਆ ’ਤੇ ਵੀ share ਕੀਤਾ। ਫਿਰ ਕੀ ਸੀ ਉਨ੍ਹਾਂ ਦੀ ਇੰਨੀ ਸ਼ਾਨਦਾਰ ਸੋਚ ਤੋਂ ਪ੍ਰਭਾਵਿਤ ਹੋ ਕੇ ਢੇਰ ਸਾਰੇ ਨੌਜਵਾਨ ਉਨ੍ਹਾਂ ਦੇ ਨਾਲ ਆ ਕੇ ਜੁੜ ਗਏ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਇਨ੍ਹਾਂ ਲੋਕਾਂ ਨੇ ਮਿਲ ਕੇ ਸੋਮੇਸ਼ਵਰ beach ਤੋਂ 800 ਕਿੱਲੋ ਤੋਂ ਜ਼ਿਆਦਾ ਕਚਰਾ ਸਾਫ ਕੀਤਾ।

 

ਸਾਥੀਓ, ਇਨ੍ਹਾਂ ਕੋਸ਼ਿਸ਼ਾਂ ਦੇ ਵਿਚਕਾਰ ਅਸੀਂ ਵੀ ਸੋਚਣਾ ਹੈ ਕਿ ਇਹ ਕਚਰਾ ਇਨ੍ਹਾਂ beaches ’ਤੇ, ਇਨ੍ਹਾਂ ਪਹਾੜਾਂ ’ਤੇ ਪਹੁੰਚਦਾ ਕਿਸ ਤਰ੍ਹਾਂ ਹੈ। ਆਖਿਰ ਸਾਡੇ ਵਿੱਚੋਂ ਵੀ ਕਈ ਲੋਕ ਇਹ ਕਚਰਾ ਉੱਥੇ ਛੱਡ ਕੇ ਆਉਂਦੇ ਹਨ। ਸਾਨੂੰ ਪ੍ਰਦੀਪ ਅਤੇ ਅਨੂਦੀਪ-ਮਿਨੂਸ਼ਾ ਦੇ ਵਾਂਗ ਸਫਾਈ ਮੁਹਿੰਮ ਚਲਾਉਣੀ ਚਾਹੀਦੀ ਹੈ। ਲੇਕਿਨ ਉਸ ਤੋਂ ਵੀ ਪਹਿਲਾਂ ਸਾਨੂੰ ਇਹ ਸੰਕਲਪ ਵੀ ਲੈਣਾ ਚਾਹੀਦਾ ਹੈ ਕਿ ਅਸੀਂ ਕਚਰਾ ਫੈਲਾਵਾਂਗੇ ਹੀ ਨਹੀਂ। ਆਖਿਰ, ਸਵੱਛ ਭਾਰਤ ਮੁਹਿੰਮ ਦਾ ਵੀ ਤਾਂ ਪਹਿਲਾ ਸੰਕਲਪ ਇਹ ਹੀ ਹੈ। ਹਾਂ, ਇੱਕ ਹੋਰ ਗੱਲ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕੋਰੋਨਾ ਦੀ ਵਜ੍ਹਾ ਨਾਲ ਇਸ ਸਾਲ ਇਸ ਦੀ ਚਰਚਾ ਓਨੀ ਹੋ ਨਹੀਂ ਪਾਈ। ਅਸੀਂ ਦੇਸ਼ ਨੂੰ single use plastic ਤੋਂ ਮੁਕਤ ਕਰਨਾ ਹੀ ਹੈ। ਇਹ ਵੀ 2021 ਦੇ ਸੰਕਲਪਾਂ ਵਿੱਚੋਂ ਇੱਕ ਹੈ। ਅਖੀਰ ਵਿੱਚ ਮੈਂ ਤੁਹਾਨੂੰ ਨਵੇਂ ਸਾਲ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਖੁਦ ਤੰਦਰੁਸਤ ਰਹੋ, ਆਪਣੇ ਪਰਿਵਾਰ ਨੂੰ ਵੀ ਤੰਦਰੁਸਤ ਰੱਖੋ। ਅਗਲੇ ਸਾਲ ਜਨਵਰੀ ਵਿੱਚ ਨਵੇਂ ਵਿਸ਼ਿਆਂ ’ਤੇ ‘ਮਨ ਕੀ ਬਾਤ’ ਹੋਵੇਗੀ।

 

ਬਹੁਤ-ਬਹੁਤ ਧੰਨਵਾਦ।

 

*****


ਡੀਐੱਸ/ਵੀਜੇ/ਆਰਐੱਸਬੀ/ਵੀਕੇ



(Release ID: 1683964) Visitor Counter : 321