ਪ੍ਰਧਾਨ ਮੰਤਰੀ ਦਫਤਰ
ਜੰਮੂ ਤੇ ਕਸ਼ਮੀਰ ਦੇ ਸਾਰੇ ਵਾਸੀਆਂ ਤੱਕ ਕਵਰੇਜ ਵਧਾਉਣ ਲਈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮ-ਜੇਏਵਾਈ) ਸਿਹਤ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
26 DEC 2020 4:21PM by PIB Chandigarh
ਅੱਜ ਮੈਨੂੰ ਜੰਮੂ-ਕਸ਼ਮੀਰ ਦੇ ਦੋ ਲਾਭਾਰਥੀਆਂ ਤੋਂ ਆਯੁਸ਼ਮਾਨ ਭਾਰਤ ਯੋਜਨਾ ਦੇ ਵਿਸ਼ੇ ਵਿੱਚ ਉਨ੍ਹਾਂ ਦਾ ਅਨੁਭਵ ਸੁਣਨ ਦਾ ਅਵਸਰ ਮਿਲਿਆ। ਮੇਰੇ ਲਈ ਸਿਰਫ ਤੁਹਾਡੇ ਇਹ ਅਨੁਭਵ ਨਹੀਂ ਹਨ। ਕਦੇ-ਕਦੇ ਜਦੋਂ ਕੰਮ ਕਰਦੇ ਹਾਂ, ਫ਼ੈਸਲੇ ਕਰਦੇ ਹਾਂ, ਲੇਕਿਨ ਜਿਨ੍ਹਾਂ ਲਈ ਕਰਦੇ ਹਾਂ ਉਨ੍ਹਾਂ ਤੋਂ ਜਦੋਂ ਤਸੱਲੀ ਦੇ ਸ਼ਬਦ ਮਿਲਦੇ ਹਨ, ਉਹ ਸ਼ਬਦ ਮੇਰੇ ਲਈ ਅਸ਼ੀਰਵਾਦ ਬਣ ਜਾਂਦੇ ਹਨ। ਮੈਨੂੰ ਗ਼ਰੀਬਾਂ ਲਈ ਹੋਰ ਜ਼ਿਆਦਾ ਕੰਮ ਕਰਨ ਲਈ, ਅਤੇ ਮਿਹਨਤ ਕਰਨ ਲਈ ਹੋਰ ਦੌੜਨ ਦੇ ਲਈ, ਇਹ ਤੁਹਾਡੇ ਅਸ਼ੀਰਵਾਦ ਬੜੀ ਤਾਕਤ ਦਿੰਦੇ ਹਨ ਅਤੇ ਇੱਤੇਫਾਕ ਨਾਲ ਦੇਖੋ ਦੋਵੇਂ ਭਾਈ ਜੰਮੂ ਵਾਲੇ ਸੱਜਣਪਣ ਵੀ ਅਤੇ ਸ੍ਰੀਨਗਰ ਵਾਲੇ ਵੀ, ਆਪਣਾ ਛੋਟਾ ਕਾਰੋਬਾਰ ਕੋਈ ਇੱਕ ਡਰਾਇਵਰੀ ਕਰਦਾ ਹੈ ਕੋਈ ਕੁਝ, ਲੇਕਿਨ ਮੁਸੀਬਤ ਦੇ ਸਮੇਂ ਵਿੱਚ ਇਹ ਯੋਜਨਾ ਉਨ੍ਹਾਂ ਦੇ ਜੀਵਨ ਵਿੱਚ ਕਿਤਨਾ ਵੱਡਾ ਕੰਮ ਕਰ ਰਹੀ ਹੈ। ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਅੱਛਾ ਲਗਿਆ। ਵਿਕਾਸ ਦੀਆਂ ਯੋਜਨਾਵਾਂ ਦਾ ਲਾਭ ਆਖਰੀ ਇਨਸਾਨ ਤੱਕ ਪਹੁੰਚੇ ਗ਼ਰੀਬ ਤੋਂ ਗ਼ਰੀਬ ਤੱਕ ਪਹੁੰਚੇ, ਜ਼ਮੀਨ ਦੇ ਹਰ ਕੋਨੇ ਤੱਕ ਪਹੁੰਚੇ, ਸਾਰਿਆਂ ਤੱਕ ਪਹੁੰਚੇ ਇਹ ਸਾਡੀ ਸਰਕਾਰ ਦੀ commitment ਹੈ। ਅੱਜ ਇਸ ਸਮਾਰੋਹ ਵਿੱਚ ਹਾਜ਼ਰ ਮੇਰੇ ਮੰਤਰੀ ਪਰਿਸ਼ਦ ਦੇ ਸਾਥੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ, ਸਿਹਤ ਮੰਤਰੀ ਭਾਈ ਡਾਕਟਰ ਹਰਸ਼ ਵਰਧਨ ਜੀ, ਪੀਐੱਮਓ ਵਿੱਚ ਮੇਰੇ ਸਾਥੀ ਰਾਜ ਮੰਤਰੀ ਦੇ ਰੂਪ ਵਿੱਚ ਕੰਮ ਕਰ ਰਹੇ ਭਾਈ ਜਿਤੇਂਦਰ ਸਿੰਘ ਜੀ, ਜੰਮੂ-ਕਸ਼ਮੀਰ ਦੇ ਲੈਫਟੀਨੇਂਟ ਗਵਰਨਰ ਸ਼੍ਰੀਮਾਨ ਮਨੋਜ ਸਿਨਹਾ ਜੀ, ਸੰਸਦ ਦੇ ਮੇਰੇ ਹੋਰ ਸਾਰੇ ਸਹਿਯੋਗੀ, ਜੰਮੂ-ਕਸ਼ਮੀਰ ਦੇ ਜਨ ਪ੍ਰਤੀਨਿਧੀਗਣ ਅਤੇ ਮੇਰੇ ਜੰਮੂ-ਕਸ਼ਮੀਰ ਦੇ ਪਿਆਰੇ ਭਾਈਓ ਅਤੇ ਭੈਣੋਂ,
ਅੱਜ ਦਾ ਦਿਨ ਜੰਮੂ-ਕਸ਼ਮੀਰ ਲਈ ਬਹੁਤ ਇਤਿਹਾਸਿਕ ਹੈ। ਅੱਜ ਜੰਮੂ-ਕਸ਼ਮੀਰ ਦੇ ਸਾਰੇ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦਾ ਲਾਭ ਮਿਲਣ ਜਾ ਰਿਹਾ ਹੈ। ਸਿਹਤ ਸਕੀਮ-ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕਦਮ ਹੈ। ਅਤੇ ਜੰਮੂ-ਕਸ਼ਮੀਰ ਨੂੰ ਆਪਣੇ ਲੋਕਾਂ ਦੇ ਵਿਕਾਸ ਦੇ ਲਈ ਇਹ ਕਦਮ ਉਠਾਉਂਦਾ ਦੇਖ, ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਅਤੇ ਇਸ ਲਈ ਸ਼੍ਰੀਮਾਨ ਮਨੋਜ ਸਿਨਹਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਸਰਕਾਰ ਦੇ ਸਾਰੇ ਮੁਲਾਜ਼ਿਮਾਂ ਨੂੰ, ਜੰਮੂ-ਕਸ਼ਮੀਰ ਦੇ ਨਾਗਰਿਕਾਂ ਨੂੰ ਮੇਰੀ ਕਰਫੋਂ ਬਹੁਤ-ਬਹੁਤ ਵਧਾਈ ਹੈ। ਵੈਸੇ ਮੇਰੀ ਇੱਛਾ ਸੀ ਕਿ ਇਹ ਪ੍ਰੋਗਰਾਮ ਕੱਲ੍ਹ ਹੀ ਹੋਵੇ, ਅਗਰ 25 ਤਾਰੀਖ ਨੂੰ ਅਟਲ ਜੀ ਦੇ ਜਨਮਦਿਨ ‘ਤੇ ਇਹ ਹੋ ਸਕਦਾ ਲੇਕਿਨ ਮੇਰੇ ਆਪਣੇ ਕੁਝ ਰੁਝੇਵਿਆਂ ਦੇ ਕਾਰਨ ਮੈਂ ਕੱਲ੍ਹ ਇਸ ਨੂੰ ਨਹੀਂ ਕਰ ਸਕਿਆ ਇਸ ਲਈ ਮੈਨੂੰ ਅੱਜ ਦੀ date ਤੈਅ ਕਰਨੀ ਪਈ। ਅਟਲ ਜੀ ਦਾ ਜੰਮੂ-ਕਸ਼ਮੀਰ ਨਾਲ ਇੱਕ ਵਿਸ਼ੇਸ਼ ਸਨੇਹ ਸੀ। ਅਟਲ ਜੀ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਦੀ ਗੱਲ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਅੱਗੇ ਦੇ ਕੰਮਾਂ ਲਈ ਲਗਾਤਾਰ ਦਿਸ਼ਾ ਨਿਰਦੇਸ਼ ਦਿੰਦੇ ਰਹੇ ਹਨ। ਇਨ੍ਹਾਂ ਹੀ ਤਿੰਨ ਮੰਤਰਾਂ ਨੂੰ ਲੈ ਕੇ ਅੱਜ ਜੰਮੂ-ਕਸ਼ਮੀਰ, ਇਸੇ ਭਾਵਨਾ ਨੂੰ ਮਜ਼ਬੂਤ ਕਰਦੇ ਹੋਏ ਅੱਗੇ ਵਧ ਰਿਹਾ ਹੈ।
ਸਾਥੀਓ,
ਇਸ ਯੋਜਨਾ ਦੇ ਫਾਇਦਿਆਂ ‘ਤੇ ਵਿਸਤਾਰ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਅੱਜ, ਮੈਨੂੰ ਅਵਸਰ ਮਿਲਿਆ ਹੈ ਤੁਹਾਡੇ ਦਰਮਿਆਨ ਆਉਣ ਦਾ ਤਾਂ ਮੈਂ ਕਹਿਣਾ ਚਾਹਾਂਗਾ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਅਨੇਕ-ਅਨੇਕ-ਅਨੇਕ-ਅਨੇਕ ਵਧਾਈਆਂ ਦਿੰਦਾ ਹਾਂ। District Development Council ਦੀਆਂ ਚੋਣਾਂ ਨੇ ਇੱਕ ਨਵਾਂ ਅਧਿਆਇ ਲਿਖਿਆ ਹੈ। ਮੈਂ ਇਨ੍ਹਾਂ ਚੋਣਾਂ ਦੇ ਹਰ Phase ਵਿੱਚ ਦੇਖ ਰਿਹਾ ਸੀ ਕਿ ਕਿਵੇਂ ਇਤਨੀ ਸਰਦੀ ਦੇ ਬਾਵਜੂਦ, ਕੋਰੋਨਾ ਦੇ ਬਾਵਜੂਦ, ਨੌਜਵਾਨ, ਬਜ਼ੁਰਗ, ਮਹਿਲਾਵਾਂ ਬੂਥ ‘ਤੇ ਪਹੁੰਚੇ ਹਨ। ਘੰਟਿਆਂ ਤੱਕ ਕਤਾਰ ਵਿੱਚ ਖੜ੍ਹੇ ਰਹੇ ਹਨ। ਜੰਮੂ-ਕਸ਼ਮੀਰ ਦੇ ਹਰ ਵੋਟਰ ਦੇ ਚਿਹਰੇ ‘ਤੇ ਮੈਨੂੰ ਵਿਕਾਸ ਦੇ ਲਈ, ਡਿਵੈਲਪਮੈਂਟ ਦੇ ਲਈ ਇੱਕ ਉਮੀਦ ਨਜ਼ਰ ਆਈ, ਉਮੰਗ ਨਜ਼ਰ ਆਈ। ਜੰਮੂ-ਕਸ਼ਮੀਰ ਦੇ ਹਰ ਵੋਟਰ ਦੀਆਂ ਅੱਖਾਂ ਵਿੱਚ ਮੈਂ ਅਤੀਤ ਨੂੰ ਪਿੱਛੇ ਛੱਡਦੇ ਹੋਏ, ਬਿਹਤਰ ਭਵਿੱਖ ਦਾ ਵਿਸ਼ਵਾਸ ਵੀ ਦੇਖਿਆ ਹੈ।
ਸਾਥੀਓ,
ਇਨ੍ਹਾਂ ਚੋਣਾਂ ਵਿੱਚ ਜੰਮੂ-ਕਸ਼ਮੀਰ ਦੇ ਲੋਕਾਂ ਨੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜੰਮੂ-ਕਸ਼ਮੀਰ ਦਾ ਪ੍ਰਸ਼ਾਸਨ, ਸੁਰੱਖਿਆ ਬਲ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਇਨ੍ਹਾਂ ਚੋਣਾਂ ਦਾ ਸੰਚਾਲਨ ਕੀਤਾ ਹੈ ਅਤੇ ਸਾਰੇ ਦਲਾਂ ਦੀ ਤਰਫੋਂ ਇਹ ਚੋਣਾਂ ਬਹੁਤ ਹੀ transparent ਹੋਈਆਂ, ਨੇਕ ਨੀਅਤ ਨਾਲ ਹੋਈਆਂ। ਇਹ ਜਦੋਂ ਮੈਂ ਸੁਣਦਾ ਹਾਂ ਤਾਂ ਇਤਨਾ ਮੈਨੂੰ ਗਰਵ ਹੋ ਰਿਹਾ ਹੈ ਕਿ ਜੰਮੂ-ਕਸ਼ਮੀਰ ਤੋਂ ਚੋਣਾਂ ਨਿਰਪੱਖ ਹੋਣੀਆਂ, ਸੁਤੰਤਰ ਹੋਣੀਆਂ, ਇਹ ਗੱਲ ਜੰਮੂ-ਕਸ਼ਮੀਰ ਦੀ ਤਰਫੋਂ ਸੁਣਦਾ ਹਾਂ ਤਾਂ ਲੋਕਤੰਤਰ ਦੀ ਤਾਕਤ ਦਾ ਸਾਨੂੰ ਹੋਰ ਵਿਸ਼ਵਾਸ ਮਜ਼ਬੂਤ ਹੋ ਜਾਂਦਾ ਹੈ। ਮੈਂ ਪ੍ਰਸ਼ਾਸਨ ਨੂੰ ਵੀ, ਸੁਰੱਖਿਆ ਬਲਾਂ ਨੂੰ ਵੀ ਢੇਰ ਸਾਰੀਆਂ ਵਧਾਈਆਂ ਦਿੰਦਾ ਹਾਂ। ਤੁਸੀਂ ਛੋਟਾ ਕੰਮ ਨਹੀਂ ਕੀਤਾ ਹੈ, ਬਹੁਤ ਵੱਡਾ ਕੰਮ ਕੀਤਾ ਹੈ। ਅੱਜ ਮੈਂ ਅਗਰ ਰੂ-ਬਰੂ ਵਿੱਚ ਹੁੰਦਾ ਤਾਂ ਸਭ ਪ੍ਰਸ਼ਾਸਨ ਦੇ ਲੋਕਾਂ ਦੀ ਜਿਤਨੀ ਤਾਰੀਫ ਕਰਦਾ ਸ਼ਾਇਦ ਮੇਰੇ ਸ਼ਬਦ ਘੱਟ ਪੈ ਜਾਂਦੇ। ਇਤਨਾ ਵੱਡਾ ਕੰਮ ਤੁਸੀਂ ਕੀਤਾ ਹੈ। ਤੁਸੀਂ ਦੇਸ਼ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ ਅਤੇ ਉਸ ਦਾ ਪੂਰਾ credit ਮਨੋਜ ਜੀ ਅਤੇ ਉਨ੍ਹਾਂ ਦੇ ਸਰਕਾਰ ਦੇ, ਪ੍ਰਸ਼ਾਸਨ ਦੇ ਸਭ ਲੋਕਾਂ ਨੂੰ ਜਾਂਦਾ ਹੈ। ਭਾਰਤ ਦੇ ਲਈ ਗੌਰਵ ਦਾ ਪਲ ਹੈ।
ਸਾਥੀਓ,
ਜੰਮੂ-ਕਸ਼ਮੀਰ ਵਿੱਚ ਇਹ ਤਿੰਨ-ਪੱਧਰੀ ਪੰਚਾਇਤ ਵਿਵਸਥਾ ਇੱਕ ਤਰ੍ਹਾਂ ਨਾਲ ਮਹਾਤਮਾ ਗਾਂਧੀ ਦਾ ਗ੍ਰਾਮ ਸਵਰਾਜ ਦਾ ਸੁਪਨਾ ਹੈ, ਇੱਕ ਤਰ੍ਹਾਂ ਨਾਲ ਇਹ ਚੋਣ ਗਾਂਧੀ ਦੇ ਗ੍ਰਾਮ ਸਵਰਾਜ ਦਾ ਸੁਪਨਾ ਜਿੱਤਿਆ ਹੈ ਅਤੇ ਦੇਸ਼ ਵਿੱਚ ਜੋ ਪੰਚਾਇਤੀ ਰਾਜ ਵਿਵਸਥਾ ਹੈ, ਉਸ ਨੇ ਅੱਜ ਜੰਮੂ-ਕਸ਼ਮੀਰ ਦੀ ਧਰਤੀ ‘ਤੇ ਪੂਰਨਤਾ ਨੂੰ ਪ੍ਰਾਪਤ ਕੀਤਾ ਹੈ। ਇਹ ਨਵੇਂ ਦਹਾਕੇ ਵਿੱਚ, ਨਵੇਂ ਯੁਗ ਦੀ ਨਵੀਂ ਅਗਵਾਈ ਦਾ ਆਰੰਭ ਹੈ। ਬੀਤੇ ਵਰ੍ਹਿਆਂ ਵਿੱਚ ਅਸੀਂ ਜੰਮੂ-ਕਸ਼ਮੀਰ ਵਿੱਚ Grassroot Democracy ਨੂੰ, ਜ਼ਮੀਨੀ ਪੱਧਰ ‘ਤੇ ਲੋਕਤਾਂਤਰਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਯਤਨ ਕੀਤਾ ਹੈ ਅਤੇ ਜੰਮੂ-ਕਸ਼ਮੀਰ ਦੇ ਭਾਈਆਂ-ਭੈਣਾਂ ਨੂੰ ਪਤਾ ਹੋਵੇਗਾ ਇੱਕ ਸਮਾਂ ਸੀ, ਅਸੀਂ ਲੋਕ ਜੰਮੂ-ਕਸ਼ਮੀਰ ਦੀ ਸਰਕਾਰ ਦਾ ਹਿੱਸਾ ਸਨ। ਸਾਡੇ ਉਪ-ਮੁੱਖ ਮੰਤਰੀ ਸਨ, ਸਾਡੇ ਮੰਤਰੀ ਸਨ ਲੇਕਿਨ ਅਸੀਂ ਉਸ ਸੱਤਾ ਸੁਖ ਨੂੰ ਛੱਡ ਦਿੱਤਾ ਸੀ। ਅਸੀਂ ਸਰਕਾਰ ਤੋਂ ਬਾਹਰ ਆ ਗਏ ਸਾਂ। ਕਿਸ ਮੁੱਦੇ ‘ਤੇ ਆਏ ਸਾਂ ਤੁਹਾਨੂੰ ਪਤਾ ਹੈ ਨਾ, ਸਾਡਾ ਮੁੱਦਾ ਇਹੀ ਸੀ ਪੰਚਾਇਤਾਂ ਦੀਆਂ ਚੋਣਾਂ ਕਰਵਾਓ, ਜੰਮੂ-ਕਸ਼ਮੀਰ ਦੇ ਪਿੰਡ-ਪਿੰਡ ਦੇ ਨਾਗਰਿਕਾਂ ਨੂੰ ਉਨ੍ਹਾਂ ਦਾ ਹੱਕ ਦਿਓ।
ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਦਾ ਫੈਸਲਾ ਕਰਨ ਦੀ ਤਾਕਤ ਦਿਓ। ਇਸ ਮੁੱਦੇ ‘ਤੇ ਅਸੀਂ ਸਰਕਾਰ ਛੱਡ ਕੇ ਤੁਹਾਡੇ ਨਾਲ ਰਾਸਤੇ ‘ਤੇ ਆ ਦੇ ਖੜ੍ਹੇ ਹੋ ਗਏ ਸੀ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਬਲਾਕ ਪੱਧਰ ‘ਤੇ, ਪੰਚਾਇਤ ਪੱਧਰ ‘ਤੇ ਜਾਂ ਫਿਰ ਜ਼ਿਲ੍ਹਾ ਪੱਧਰ ‘ਤੇ ਤੁਸੀਂ ਜਿਨ੍ਹਾਂ ਲੋਕਾਂ ਨੂੰ ਚੁਣਿਆ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਤੁਹਾਡੇ ਦਰਮਿਆਨ ਹੀ ਰਹਿੰਦੇ ਹਨ, ਉਹ ਤੁਹਾਡੇ ਵਿੱਚੋਂ ਹੀ ਨਿਕਲ ਕੇ ਚੋਣ ਜਿੱਤੇ ਹਨ। ਉਨ੍ਹਾਂ ਨੇ ਵੀ ਉਹੀ ਪਰੇਸ਼ਾਨੀਆਂ ਉਠਾਈਆਂ ਹਨ ਜੋ ਤੁਸੀਂ ਉਠਾਈਆਂ ਹਨ। ਉਨ੍ਹਾਂ ਦੇ ਸੁਖ-ਦੁਖ, ਉਨ੍ਹਾਂ ਦੇ ਸੁਪਨੇ, ਉਨ੍ਹਾਂ ਦੀਆਂ ਉਮੀਦਾਂ ਵੀ ਤੁਹਾਡੇ ਸੁਖ-ਦੁਖ, ਤੁਹਾਡੇ ਸੁਪਨਿਆਂ ਅਤੇ ਉਮੀਦਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਇਹ ਉਹ ਲੋਕ ਹਨ ਜੋ ਆਪਣੇ ਨਾਮ ਦੇ ਬਲ ‘ਤੇ ਨਹੀਂ ਬਲਕਿ ਆਪਣੇ ਕੰਮ ਦੇ ਬਲ ‘ਤੇ ਤੁਹਾਡਾ ਅਸ਼ੀਰਵਾਦ ਲੈ ਸਕੇ ਹਨ ਅਤੇ ਅੱਜ ਤੁਸੀਂ ਉਨ੍ਹਾਂ ਨੂੰ ਆਪਣਾ ਪ੍ਰਤੀਨਿਧੀਤਵ ਦੇਣ ਦਾ ਹੱਕ ਦਿੱਤਾ ਹੈ। ਅੱਜ ਤੁਸੀਂ ਜਿਨ੍ਹਾਂ ਨੌਜਵਾਨਾਂ ਨੂੰ ਚੁਣਿਆ ਹੈ ਉਹ ਤੁਹਾਡੇ ਨਾਲ ਕੰਮ ਕਰਨਗੇ, ਤੁਹਾਡੇ ਲਈ ਕੰਮ ਕਰਨਗੇ ਅਤੇ ਜੋ ਲੋਕ ਚੁਣ ਕੇ ਆਏ ਹਨ ਮੈਂ ਉਨ੍ਹਾਂ ਦਾ ਵੀ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ ਅਤੇ ਜੋ ਇਸ ਵਾਰ ਵਿਜਈ ਨਹੀਂ ਹੋ ਸਕੇ ਹਨ ਉਨ੍ਹਾਂ ਨੂੰ ਵੀ ਮੈਂ ਕਹਾਂਗਾ ਕਿ ਤੁਸੀਂ ਨਿਰਾਸ਼ ਨਾ ਹੋਣਾ, ਜਨਤਾ ਦੀ ਸੇਵਾ ਲਗਾਤਾਰ ਕਰਦੇ ਰਹਿਣਾ।
ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਨਸੀਬ ਵਿੱਚ ਵੀ ਵਿਜੈ ਆ ਸਕਦੀ ਹੈ। ਲੋਕਤੰਤਰ ਵਿੱਚ ਇਹੀ ਹੁੰਦਾ ਹੈ ਜਿਸ ਨੂੰ ਮੌਕਾ ਮਿਲੇ ਉਹ ਸੇਵਾ ਕਰੇ, ਜਿਸ ਨੂੰ ਮੌਕਾ ਨਾ ਮਿਲੇ ਉਹ ਸੇਵਾ ਦੇ ਫਲ ਵਿੱਚ ਕੋਈ ਰਹਿ ਜਾਂਦਾ ਹੈ ਤਾਂ ਉਸ ਦੇ ਲਈ ਲਗਾਤਾਰ ਸਰਗਰਮ ਰਹੇ। ਤੁਸੀਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਆਪਣੇ ਖੇਤਰ ਦੇ ਨਾਲ ਹੀ ਦੇਸ਼ ਲਈ ਵੱਡੀਆਂ ਭੂਮਿਕਾਵਾਂ ਲਈ ਵੀ ਤਿਆਰ ਕਰ ਰਹੇ ਹੋ। ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਚੋਣਾਂ ਨੇ ਇਹ ਵੀ ਦਿਖਾਇਆ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਕਿਤਨਾ ਮਜ਼ਬੂਤ ਹੈ। ਲੇਕਿਨ ਮੈਂ ਅੱਜ ਦੇਸ਼ ਦੇ ਸਾਹਮਣੇ ਇੱਕ ਹੋਰ ਪੀੜਾ ਵੀ ਵਿਅਕਤ ਕਰਨਾ ਚਾਹੁੰਦਾ ਹਾਂ। ਜੰਮੂ-ਕਸ਼ਮੀਰ ਨੇ ਤਾਂ ਯੂ.ਟੀ. ਬਣਨ ਦੇ ਇੱਕ ਸਾਲ ਦੇ ਅੰਦਰ-ਅੰਦਰ ਤਿੰਨ-ਪੱਧਰੀ ਪੰਚਾਇਤੀ ਰਾਜ ਵਿਵਸਥਾ ਦੀ ਚੋਣ ਕਰਵਾ ਦਿੱਤੀ, ਸ਼ਾਂਤੀਪੂਰਨ ਕਰਵਾ ਦਿੱਤੀ ਅਤੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦੇ ਦਿੱਤਾ। ਹੁਣ ਇਹੀ ਚੁਣੇ ਹੋਏ ਲੋਕ ਜੰਮੂ-ਕਸ਼ਮੀਰ ਦੇ ਆਪਣੇ ਪਿੰਡਾਂ ਦਾ, ਆਪਣੇ ਜ਼ਿਲ੍ਹੇ ਦਾ, ਆਪਣੇ ਬਲਾਕ ਦਾ ਭਵਿੱਖ ਤੈਅ ਕਰਨਗੇ।
ਲੇਕਿਨ, ਦਿੱਲੀ ਵਿੱਚ ਕੁਝ ਲੋਕ ਸਵੇਰੇ-ਸ਼ਾਮ, ਆਏ ਦਿਨ, ਮੋਦੀ ਨੂੰ ਕੋਸ਼ਦੇ ਰਹਿੰਦੇ ਹਨ, ਟੋਕਦੇ ਰਹਿੰਦੇ ਹਨ, ਅਪਸ਼ਬਦਾਂ ਦਾ ਪ੍ਰਯੋਗ ਕਰਦੇ ਹਨ ਅਤੇ ਆਏ ਦਿਨ ਮੈਨੂੰ ਲੋਕਤੰਤਰ ਸਿਖਾਉਣ ਲਈ ਰੋਜ਼ ਨਵੇਂ-ਨਵੇਂ ਪਾਠ ਦੱਸਦੇ ਰਹਿੰਦੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜ਼ਰਾ ਅੱਜ ਆਈਨਾ ਦਿਖਾਉਣਾ ਚਾਹੁੰਦਾ ਹਾਂ। ਇਹ ਜੰਮੂ-ਕਸ਼ਮੀਰ ਦੇਖੋ, ਯੂ.ਟੀ. ਬਣਨ ਦੇ ਇਤਨੇ ਘੱਟ ਸਮੇਂ ਵਿੱਚ ਉਨ੍ਹਾਂ ਨੇ ਤਿੰਨ-ਪੱਧਰੀ ਪੰਚਾਇਤੀ ਰਾਜ ਵਿਵਸਥਾ ਨੂੰ ਸਵੀਕਾਰ ਕਰਕੇ ਕੰਮ ਅੱਗੇ ਵਧਾਏ। ਲੇਕਿਨ ਦੂਜੇ ਪਾਸੇ ਵਿਡੰਬਨਾ ਦੇਖੋ, ਪੁਡੂਚੇਰੀ ਵਿੱਚ ਸੁਪ੍ਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਪੰਚਾਇਤ ਅਤੇ ਮਿਉਂਸਿਪਲ ਇਲੈਕਸ਼ਨ ਨਹੀਂ ਹੋ ਰਹੇ ਹਨ ਅਤੇ ਜੋ ਮੈਨੂੰ ਇੱਥੇ ਰੋਜ਼ ਲੋਕਤੰਤਰ ਦੇ ਪਾਠ ਪੜ੍ਹਾਉਂਦੇ ਹਨ ਨਾ ਉਨ੍ਹਾਂ ਦੀ ਪਾਰਟੀ ਉੱਥੇ ਰਾਜ ਕਰ ਰਹੀ ਹੈ। ਤੁਸੀਂ ਹੈਰਾਨ ਹੋਵੇਗੇ, ਸੁਪ੍ਰੀਮ ਕੋਰਟ ਨੇ 2018 ਵਿੱਚ ਇਹ ਆਦੇਸ਼ ਦਿੱਤਾ ਸੀ। ਲੇਕਿਨ ਉੱਥੇ ਜੋ ਸਰਕਾਰ ਹੈ, ਜਿਸ ਦਾ ਲੋਕਤੰਤਰ ‘ਤੇ ਰੱਤੀ ਭਰ ਵੀ ਭਰੋਸਾ ਨਹੀਂ ਹੈ ਇਸ ਮਾਮਲੇ ਨੂੰ ਲਗਾਤਾਰ ਟਾਲ ਰਹੀ ਹੈ।
ਸਾਥੀਓ,
ਪੁਡੂਚੇਰੀ ਵਿੱਚ ਦਹਾਕਿਆਂ ਦੇ ਇੰਤਜ਼ਾਰ ਦੇ ਬਾਅਦ ਸਾਲ 2006 ਵਿੱਚ Local Body Polls ਹੋਏ ਸਨ। ਇਨ੍ਹਾਂ ਚੋਣਾਂ ਵਿੱਚ ਜੋ ਚੁਣੇ ਗਏ, ਉਨ੍ਹਾਂ ਦਾ ਕਾਰਜਕਾਲ ਸਾਲ 2011 ਵਿੱਚ ਹੀ ਖਤਮ ਹੋ ਚੁੱਕਿਆ ਹੈ। ਕੁਝ ਰਾਜਨੀਤਕ ਦਲਾਂ ਦੀ ਕਥਨੀ ਅਤੇ ਕਰਨੀ ਵਿੱਚ ਕਿੰਨਾ ਵੱਡਾ ਫਰਕ ਹੈ, ਲੋਕਤੰਤਰ ਦੇ ਪ੍ਰਤੀ ਉਹ ਕਿਤਨਾ ਗੰਭੀਰ ਹਨ, ਇਹ ਇਸ ਗੱਲ ਤੋਂ ਵੀ ਪਤਾ ਚਲਦਾ ਹੈ। ਇਤਨੇ ਸਾਲ ਹੋ ਗਏ, ਪੁਡੂਚੇਰੀ ਵਿੱਚ ਪੰਚਾਇਤ ਵਗੈਰਾ ਦੀਆਂ ਚੋਣਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਹਨ।
ਭਾਈਓ ਅਤੇ ਭੈਣੋਂ,
ਕੇਂਦਰ ਸਰਕਾਰ ਇਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਪਿੰਡ ਦੇ ਵਿਕਾਸ ਵਿੱਚ, ਪਿੰਡ ਦੇ ਲੋਕਾਂ ਦੀ ਭੂਮਿਕਾ ਸਭ ਤੋਂ ਜ਼ਿਆਦਾ ਰਹੇ। ਪਲੈਨਿੰਗ ਤੋਂ ਲੈ ਕੇ ਅਮਲ ਅਤੇ ਦੇਖਰੇਖ ਤੱਕ ਪੰਚਾਇਤੀ ਰਾਜ ਨਾਲ ਜੁੜੇ ਸੰਸਥਾਨਾਂ ਨੂੰ ਜ਼ਿਆਦਾ ਤਾਕਤ ਦਿੱਤੀ ਜਾ ਰਹੀ ਹੈ। ਤੁਸੀਂ ਵੀ ਦੇਖਿਆ ਹੈ, ਗ਼ਰੀਬ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪੰਚਾਇਤਾਂ ਦੀ ਜ਼ਿੰਮੇਵਾਰੀ ਹੁਣ ਕਿੰਨੀ ਵਧੀ ਹੈ। ਇਸ ਦਾ ਲਾਭ ਜੰਮੂ ਕਸ਼ਮੀਰ ਵਿੱਚ ਦੇਖਣ ਨੂੰ ਵੀ ਮਿਲ ਰਿਹਾ ਹੈ। ਜੰਮੂ ਕਸ਼ਮੀਰ ਦੇ ਪਿੰਡ-ਪਿੰਡ ਵਿੱਚ ਬਿਜਲੀ ਪਹੁੰਚੀ ਹੈ। ਇੱਥੋਂ ਦੇ ਪਿੰਡ ਅੱਜ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋ ਚੁੱਕੇ ਹਨ। ਪਿੰਡ-ਪਿੰਡ ਤੱਕ ਸੜਕਾਂ ਪਹੁੰਚਾਉਣ ਦੇ ਲਈ ਮਨੋਜ ਜੀ ਦੀ ਅਗਵਾਈ ਵਿੱਚ ਪੂਰਾ ਪ੍ਰਸ਼ਾਸਨ ਕਠਿਨਾਈਆਂ ਦੇ ਦਰਮਿਆਨ ਵੀ ਬਹੁਤ ਤੇਜ਼ੀ ਨਾਲ ਕੰਮ ‘ਤੇ ਲਗਿਆ ਹੋਇਆ ਹੈ। ਹਰ ਘਰ ਜਲ ਪਹੁੰਚਾਉਣ ਦਾ ਮਿਸ਼ਨ ਜੰਮੂ-ਕਸ਼ਮੀਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਗਲੇ 2-3 ਸਾਲ ਵਿੱਚ ਰਾਜ ਦੇ ਹਰ ਘਰ ਤੱਕ ਪਾਣੀ ਪਹੁੰਚ ਜਾਵੇ, ਇਸ ਦੇ ਲਈ ਪ੍ਰਯਤਨ ਕੀਤੇ ਜਾ ਰਹੇ ਹਨ। ਜੰਮੂ-ਕਸ਼ਮੀਰ ਵਿੱਚ ਲੋਕਲ ਗਵਰਨੈਂਸ ਦਾ ਮਜ਼ਬੂਤ ਹੋਣਾ, ਡਿਵੈਲਪਮੈਂਟ ਦੇ ਕੰਮਾਂ ਵਿੱਚ ਇਹ ਬਹੁਤ ਵਡੀ ਤੇਜ਼ੀ ਲਿਆਵੇਗਾ।
ਸਾਥੀਓ,
ਅੱਜ ਜੰਮੂ-ਕਸ਼ਮੀਰ ਦੇ ਲੋਕਾਂ ਦਾ ਵਿਕਾਸ, ਸਾਡੀ ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਚਾਹੇ ਉਹ ਮਹਿਲਾ ਸਸ਼ਕਤੀਕਰਨ ਹੋਵੇ, ਨੌਜਵਾਨਾਂ ਦੇ ਲਈ ਅਵਸਰ ਦੀ ਗੱਲ ਹੋਵੇ, ਦਲਿਤਾਂ-ਪੀੜਿਤਾਂ-ਸ਼ੋਸ਼ਿਤਾਂ-ਵੰਚਿਤਾਂ ਦੇ ਕਲਿਆਣ ਦਾ ਟੀਚਾ ਹੋਵੇ ਜਾਂ ਫਿਰ ਲੋਕਾਂ ਦੇ ਸੰਵਿਧਾਨਕ ਅਤੇ ਬੁਨਿਆਦੀ ਅਧਿਕਾਰ, ਸਾਡੀ ਸਰਕਾਰ ਰਾਜ ਦੀ ਭਲਾਈ ਦੇ ਲਈ ਹਰ ਫੈਸਲੇ ਲੈ ਰਹੀ ਹੈ। ਅੱਜ ਪੰਚਾਇਤੀ ਰਾਜ ਜਿਹੀਆਂ ਲੋਕਤਾਂਤਰਿਕ ਸੰਸਥਾਵਾਂ ਉਮੀਦ ਦੇ ਇਸੇ ਸਕਾਰਾਤਮਕ ਸੰਦੇਸ਼ ਨੂੰ ਵਧਾ ਰਹੀਆਂ ਹਨ। ਅੱਜ ਅਸੀਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਵਿੱਚ ਸਫਲ ਹੋਏ ਹਨ ਕਿ ਪਰਿਵਰਤਨ ਸੰਭਵ ਹੈ ਅਤੇ ਇਹ ਪਰਿਵਰਤਨ ਉਨ੍ਹਾਂ ਦੇ ਚੁਣੇ ਹੋਏ ਪਸੰਦੀਦਾ ਪ੍ਰਤੀਨਿਧੀ ਲਿਆ ਸਕਦੇ ਹਨ। ਜ਼ਮੀਨੀ ਪੱਧਰ 'ਤੇ ਲੋਕਤੰਤਰ ਲਿਆ ਕੇ ਅਸੀਂ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਅਵਸਰ ਦੇ ਰਹੇ ਹਾਂ। ਜੰਮੂ-ਕਸ਼ਮੀਰ ਦੀ ਆਪਣੀ ਮਹਾਨ ਵਿਰਾਸਤ ਹੈ ਅਤੇ ਇਸ ਦੇ ਸ਼ਾਨਦਾਰ ਲੋਕ ਆਪਣੇ ਇਸ ਖੇਤਰ ਨੂੰ ਸਸ਼ਕਤ ਕਰਨ ਦੇ ਤਰੀਕੇ ਅਪਣਾ ਰਹੇ ਹਨ, ਨਵੇਂ ਤਰੀਕੇ ਸੁਝਾਅ ਰਹੇ ਹਨ।
ਸਾਥੀਓ,
ਜੰਮੂ-ਕਸ਼ਮੀਰ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਜਿਹਲਮ ਨਦੀ ਵਿੱਚ, ਰਾਵੀ, ਬਿਆਸ, ਸਤਲੁਜ ਮਿਲਣ ਤੋਂ ਪਹਿਲਾਂ ਕਈ ਉਪਨਦੀਆਂ ਵੀ ਮਿਲਦੀਆਂ ਹਨ ਅਤੇ ਫਿਰ ਇਹ ਸਾਰੀਆਂ ਨਦੀਆਂ ਮਹਾਨ ਸਿੰਧੂ ਨਦੀ ਵਿੱਚ ਸਮਾ ਜਾਂਦੀਆਂ ਹਨ। ਮਹਾਨ ਸਿੰਧੂ ਨਦੀ ਸਾਡੀ ਸੱਭਿਅਤਾ, ਸਾਡੀ ਸੰਸਕ੍ਰਿਤੀ ਅਤੇ ਵਿਕਾਸ ਯਾਤਰਾ ਦਾ ਸਮਾਨਾਰਥੀ ਹੈ। ਇਸੇ ਤਰ੍ਹਾਂ ਵਿਕਾਸ ਦੀ ਕ੍ਰਾਂਤੀਆਂ ਵੀ ਉਪਨਦੀਆਂ, ਸਹਾਇਕ ਨਦੀਆਂ ਦੀ ਤਰ੍ਹਾਂ ਹੀ ਕਈ ਧਾਰਾਵਾਂ ਵਿੱਚ ਆਉਂਦੀਆਂ ਹਨ ਅਤੇ ਫਿਰ ਵੱਡੀ ਧਾਰਾ ਬਣ ਜਾਂਦੀ ਹੈ। ਇਸੇ ਸੋਚ ਦੇ ਨਾਲ ਅਸੀਂ ਸਿਹਤ ਦੇ ਖੇਤਰ ਵਿੱਚ ਵੀ ਪਰਿਵਰਤਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਸਰਕਾਰ ਨੇ ਕਈ ਛੋਟੀਆਂ-ਛੋਟੀਆਂ ਧਾਰਾਵਾਂ ਦੀ ਤਰ੍ਹਾਂ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਸਭ ਦਾ ਇੱਕ ਹੀ ਟੀਚਾ ਹੈ-ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣਾ। ਜਦੋਂ ਅਸੀਂ ਉੱਜਵਲਾ ਯੋਜਨਾ ਦੇ ਤਹਿਤ ਦੇਸ਼ ਦੀਆਂ ਭੈਣਾਂ ਨੂੰ, ਬੇਟੀਆਂ ਨੂੰ ਗੈਸ ਕਨੈਕਸ਼ਨ ਦਿੱਤੇ, ਤਾਂ ਇਸ ਨੂੰ ਸਿਰਫ ਈਂਧਣ ਪਹੁੰਚਾਉਣ ਦੀ ਇੱਕ ਯੋਜਨਾ ਦੇ ਤੌਰ ‘ਤੇ ਨਹੀਂ ਦੇਖਿਆ ਜਾਣਾ ਚਾਹੀਦਾ।
ਅਸੀਂ ਇਸ ਦੇ ਜ਼ਰੀਏ ਆਪਣੀਆਂ ਭੈਣਾਂ ਬੇਟੀਆਂ ਨੂੰ ਧੂੰਏਂ ਤੋਂ ਮੁਕਤੀ ਦਿਵਾਈ, ਪੂਰੇ ਪਰਿਵਾਰ ਦੀ ਸਿਹਤ ਨੂੰ ਸੁਧਾਰਨ ਦਾ ਪ੍ਰਯਤਨ ਕੀਤਾ। ਮਹਾਮਾਰੀ ਦੇ ਦੌਰਾਨ ਵੀ ਇੱਥੇ ਜੰਮੂ-ਕਸ਼ਮੀਰ ਵਿੱਚ ਕਰੀਬ 18 ਲੱਖ ਗੈਸ ਸਿਲੰਡਰ ਰਿਫਿਲ ਕਰਵਾਏ ਗਏ। ਉਸੇ ਪ੍ਰਕਾਰ ਨਾਲ ਤੁਸੀਂ ਸਵੱਛ ਭਾਰਤ ਅਭਿਯਾਨ ਦਾ ਹੀ ਇੱਕ ਉਦਾਹਰਣ ਲੈ ਲਓ। ਇਸ ਅਭਿਯਾਨ ਦੇ ਤਹਿਤ ਜੰਮੂ ਕਸ਼ਮੀਰ ਵਿੱਚ 10 ਲੱਖ ਤੋਂ ਜ਼ਿਆਦਾ ਟਾਇਲਟ ਬਣਾਏ ਗਏ। ਲੇਕਿਨ ਇਸ ਦਾ ਮਕਸਦ ਸਿਰਫ ਸ਼ੌਚਾਲਯ ਬਣਾਉਣ ਤੱਕ ਸੀਮਿਤ ਨਹੀਂ ਹੈ, ਇਹ ਲੋਕਾਂ ਦੀ ਸਿਹਤ ਨੂੰ ਸੁਧਾਰਨ ਦੀ ਵੀ ਕੋਸ਼ਿਸ਼ ਹੈ।
ਸ਼ੌਚਾਲਿਆਂ ਨਾਲ ਸਵੱਛਤਾ ਤਾਂ ਆਈ ਹੀ ਹੈ, ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਿਆ ਹੈ। ਹੁਣ ਇਸੇ ਕੜੀ ਵਿੱਚ ਅੱਜ ਜੰਮੂ ਕਸ਼ਮੀਰ ਆਯੁਸ਼ਮਾਨ ਭਾਰਤ-ਸਿਹਤ ਸਕੀਮ ਸ਼ੁਰੂ ਕੀਤੀ ਗਈ ਹੈ। ਤੁਸੀਂ ਸੋਚੋ, ਜਦੋਂ ਇਸ ਸਕੀਮ ਦੇ ਤਹਿਤ ਰਾਜ ਦੇ ਹਰੇਕ ਵਿਅਕਤੀ ਨੂੰ, 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਤਾਂ ਉਨ੍ਹਾਂ ਦੇ ਜੀਵਨ ਵਿੱਚ ਕਿਤਨੀ ਵੱਡੀ ਸਹੂਲਤ ਆਵੇਗੀ। ਹੁਣ ਤੱਕ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਰਾਜ ਦੇ ਕਰੀਬ 6 ਲੱਖ ਪਰਿਵਾਰਾਂ ਨੂੰ ਮਿਲ ਰਿਹਾ ਸੀ। ਹੁਣ ਸਿਹਤ ਯੋਜਨਾ ਦੇ ਬਾਅਦ ਇਹੀ ਲਾਭ ਕਰੀਬ-ਕਰੀਬ 21 ਲੱਖ ਪਰਿਵਾਰਾਂ ਨੂੰ ਮਿਲੇਗਾ।
ਸਾਥੀਓ,
ਬੀਤੇ 2 ਸਾਲਾਂ ਵਿੱਚ, ਡੇਢ ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੇ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਉਠਾਇਆ ਹੈ। ਇਸ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਮੁਸ਼ਕਿਲ ਦੇ ਸਮੇਂ ਵਿੱਚ ਬਹੁਤ ਰਾਹਤ ਮਿਲੀ ਹੈ। ਇੱਥੋਂ ਦੇ ਕਰੀਬ 1 ਲੱਖ ਗ਼ਰੀਬ ਮਰੀਜ਼ਾਂ ਦਾ ਹਸਪਤਾਲ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕੀਤਾ ਗਿਆ ਹੈ। ਇਸ ਵਿੱਚ ਵੀ ਜਿਨ੍ਹਾਂ ਬਿਮਾਰੀਆਂ ਦਾ ਸਭ ਤੋਂ ਜ਼ਿਆਦਾ ਇਲਾਜ ਹੋ ਰਿਹਾ ਹੈ, ਉਸ ਵਿੱਚ ਕੈਂਸਰ, ਹਾਰਟ ਅਤੇ ਔਰਥੋ ਨਾਲ ਜੁੜੀਆਂ ਬਿਮਾਰੀਆਂ ਸਭ ਤੋਂ ਜ਼ਿਆਦਾ ਹਨ। ਇਹ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ 'ਤੇ ਹੋਣ ਵਾਲਾ ਖਰਚ ਕਿਸੇ ਵੀ ਗ਼ਰੀਬ ਦੀ ਨੀਂਦ ਉਡਾ ਦਿੰਦਾ ਹੈ ਅਤੇ ਅਸੀਂ ਤਾਂ ਦੇਖਿਆ ਹੈ ਕਿ ਕੋਈ ਗ਼ਰੀਬ ਪਰਿਵਾਰ ਮਿਹਨਤ ਕਰਕੇ ਥੋੜ੍ਹਾ ਉੱਪਰ ਆਵੇ ਅਤੇ ਮੱਧ ਵਰਗੀ ਹੋਰ ਅੱਗੇ ਵਧੇ, ਅਤੇ ਅਗਰ ਕੋਈ ਪਰਿਵਾਰ ਵਿੱਚ ਕੋਈ ਅਗਰ ਇੱਕ ਬਿਮਾਰੀ ਆ ਜਾਵੇ ਤਾਂ ਫਿਰ ਉਹ ਗ਼ਰੀਬੀ ਦੇ ਚੱਕਰ ਵਿੱਚ ਵਾਪਸ ਫਸ ਜਾਂਦਾ ਹੈ।
ਭਾਈਓ ਅਤੇ ਭੈਣੋਂ,
ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿੱਚ ਹਵਾ ਇਤਨੀ ਸ਼ੁੱਧ ਹੈ, ਪ੍ਰਦੂਸ਼ਣ ਇੰਨਾ ਘੱਟ ਹੈ ਕਿ ਸੁਭਾਵਿਕ ਰੂਪ ਨਾਲ ਹਰ ਕੋਈ ਚਾਹੁੰਦਾ ਹੈ ਅਤੇ ਮੈਂ ਤਾਂ ਜ਼ਰੂਰ ਚਾਹਾਂਗਾ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ। ਹਾਂ, ਹੁਣ ਮੈਨੂੰ ਇਹ ਤਸੱਲੀ ਹੈ ਕਿ ਬਿਮਾਰੀ ਦੀ ਸਥਿਤੀ ਵਿੱਚ ਆਯੁਸ਼ਮਾਨ ਭਾਰਤ-ਸਿਹਤ ਸਕੀਮ ਤੁਹਾਡਾ ਇੱਕ ਸਾਥੀ ਬਣ ਕੇ ਮੌਜੂਦ ਰਹੇਗੀ।
ਸਾਥੀਓ,
ਇਸ ਸਕੀਮ ਦਾ ਇੱਕ ਹੋਰ ਲਾਭ ਹੋਵੇਗਾ ਜਿਸ ਦਾ ਜ਼ਿਕਰ ਵਾਰ-ਵਾਰ ਕੀਤਾ ਜਾਣਾ ਜ਼ਰੂਰੀ ਹੈ। ਤੁਹਾਡਾ ਇਲਾਜ ਸਿਰਫ ਜੰਮੂ-ਕਸ਼ਮੀਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੱਕ ਸੀਮਿਤ ਨਹੀਂ ਰਹੇਗਾ। ਬਲਕਿ ਦੇਸ਼ ਵਿੱਚ ਇਸ ਯੋਜਨਾ ਦੇ ਤਹਿਤ ਜੋ ਹਜ਼ਾਰਾਂ ਹਸਪਤਾਲ ਜੁੜੇ ਹਨ, ਉੱਥੇ ਵੀ ਇਹ ਸੁਵਿਧਾ ਤੁਹਾਨੂੰ ਮਿਲ ਪਾਵੇਗੀ। ਤੁਸੀਂ ਮੰਨ ਲਵੋ ਮੁੰਬਈ ਗਏ ਹੋ ਅਤੇ ਅਚਾਨਕ ਜ਼ਰੂਰਤ ਪਈ ਤਾਂ ਇਹ ਕਾਰਡ ਮੁੰਬਈ ਵਿੱਚ ਵੀ ਤੁਹਾਡੇ ਕੰਮ ਆਵੇਗਾ। ਤੁਸੀਂ ਚੇਨਈ ਗਏ ਹੋ ਤਾਂ ਉੱਥੇ ਵੀ ਇਹ ਕੰਮ ਆਵੇਗਾ, ਉੱਥੋਂ ਦਾ ਹਸਪਤਾਲ ਵੀ ਮੁਫਤ ਵਿੱਚ ਤੁਹਾਡੀ ਸੇਵਾ ਕਰੇਗਾ। ਤੁਸੀਂ ਕੋਲਕਾਤਾ ਗਏ ਹੋਏ ਹੋ, ਤਾਂ ਉੱਥੇ ਮੁਸ਼ਕਿਲ ਹੋਵੇਗਾ ਕਿਉਂਕਿ ਉੱਥੇ ਦੀ ਸਰਕਾਰ ਆਯੁਸ਼ਮਾਨ ਯੋਜਨਾ ਨਾਲ ਨਹੀਂ ਜੁੜੀ ਹੈ, ਕੁਝ ਲੋਕ ਹੁੰਦੇ ਹਨ ਕੀ ਕਰੀਏ। ਦੇਸ਼ ਭਰ ਵਿੱਚ ਅਜਿਹੇ 24 ਹਜ਼ਾਰ ਤੋਂ ਜ਼ਿਆਦਾ ਹਸਪਤਾਲ ਇਸ ਵਕਤ ਹਨ, ਜਿੱਥੇ ਸਿਹਤ ਸਕੀਮ ਦੇ ਤਹਿਤ ਤੁਸੀਂ ਇਲਾਜ ਕਰਵਾ ਸਕੋਗੇ। ਕੋਈ ਬੰਦਿਸ਼ ਨਹੀਂ, ਕੋਈ ਰੋਕਟੋਕ ਨਹੀਂ। ਕਿਸੇ ਨੂੰ ਕਮਿਸ਼ਨ ਨਹੀਂ, ਕੱਟ ਦਾ ਤਾਂ ਨਾਮ ਅਤੇ ਨਿਸ਼ਾਨ ਨਹੀਂ ਹੈ, ਕੋਈ ਸਿਫਾਰਸ਼ ਨਹੀਂ, ਕੋਈ ਭ੍ਰਿਸ਼ਟਾਚਾਰ ਨਹੀਂ। ਸਿਹਤ ਸਕੀਮ ਦਾ ਕਾਰਡ ਦਿਖਾ ਕੇ, ਤੁਹਾਨੂੰ ਹਰ ਜਗ੍ਹਾ ਇਲਾਜ ਦੀ ਸੁਵਿਧਾ ਮਿਲ ਜਾਵੇਗੀ।
ਸਾਥੀਓ,
ਜੰਮੂ-ਕਸ਼ਮੀਰ ਹੁਣ ਦੇਸ਼ ਦੇ ਵਿਕਾਸ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲ ਪਿਆ ਹੈ। ਕੋਰੋਨਾ ਨੂੰ ਲੈ ਕੇ ਵੀ ਜਿਸ ਤਰ੍ਹਾਂ ਰਾਜ ਵਿੱਚ ਕੰਮ ਹੋਇਆ ਹੈ, ਉਹ ਸ਼ਲਾਘਾਯੋਗ ਹੈ। ਮੈਨੂੰ ਦੱਸਿਆ ਗਿਆ ਹੈ ਕਿ 3 ਹਜ਼ਾਰ ਤੋਂ ਜ਼ਿਆਦਾ ਡਾਕਟਰ, 14 ਹਜ਼ਾਰ ਤੋਂ ਜ਼ਿਆਦਾ ਪੈਰਾਮੈਡੀਕਲ ਸਟਾਫ, ਆਸ਼ਾ ਵਰਕਰ, ਦਿਨ-ਰਾਤ ਜੁਟੇ ਰਹੇ ਅਤੇ ਹੁਣ ਵੀ ਜੁਟੇ ਹੋਏ ਹਨ। ਤੁਸੀਂ ਬਹੁਤ ਹੀ ਘੱਟ ਸਮੇਂ ਵਿੱਚ ਰਾਜ ਦੇ ਹਸਪਤਾਲਾਂ ਨੂੰ ਕੋਰੋਨਾ ਨਾਲ ਲੜਨ ਦੇ ਲਈ ਵੀ ਤਿਆਰ ਕੀਤਾ। ਅਜਿਹੇ ਹੀ ਇੰਤਜ਼ਾਮ ਦੇ ਕਾਰਨ ਕੋਰੋਨਾ ਦੇ ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਨੂੰ ਬਚਾਉਣ ਵਿੱਚ ਅਸੀਂ ਕਾਮਯਾਬ ਰਹੇ ਹਨ।
ਭਾਈਓ ਅਤੇ ਭੈਣੋਂ,
ਜੰਮੂ ਕਸ਼ਮੀਰ ਵਿੱਚ ਹੈਲਥ ਸੈਕਟਰ ‘ਤੇ ਅੱਜ ਜਿਤਨਾ ਧਿਆਨ ਦਿੱਤਾ ਜਾ ਰਿਹਾ ਹੈ, ਉਤਨਾ ਪਹਿਲਾਂ ਕਦੇ ਵੀ ਨਹੀਂ ਦਿੱਤਾ ਗਿਆ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਰਾਜ ਵਿੱਚ 1100 ਤੋਂ ਜ਼ਿਆਦਾ ਹੈਲਥ ਐਂਡ ਵੈਲਨੈੱਸ ਸੈਂਟਰ ਬਣਾਉਣ ਦਾ ਟੀਚਾ ਹੈ। ਇਨ੍ਹਾਂ ਵਿੱਚੋਂ 800 ਤੋਂ ਜ਼ਿਆਦਾ ‘ਤੇ ਕੰਮ ਪੂਰਾ ਹੋ ਚੁੱਕਿਆ ਹੈ। ਜਨ ਔਸ਼ਧੀ ਕੇਂਦਰਾਂ ‘ਤੇ ਬਹੁਤ ਹੀ ਘੱਟ ਕੀਮਤਾਂ ਵਿੱਚ ਮਿਲ ਰਹੀਆਂ ਦਵਾਈਆਂ ਅਤੇ ਮੁਫਤ ਡਾਇਲਾਸਿਸ ਦੀ ਸੁਵਿਧਾ ਨੇ ਵੀ ਹਜ਼ਾਰਾਂ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਜੰਮੂ ਅਤੇ ਸ੍ਰੀਨਗਰ ਡਿਵੀਜ਼ਨ ਵਿੱਚ ਦੋਵਾਂ ਜਗ੍ਹਾਂ 2 ਕੈਂਸਰ ਇੰਸਟੀਟਿਊਟਸ ਵੀ ਬਣਾਏ ਜਾ ਰਹੇ ਹਨ।
ਦੋ ਏਮਸ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ। ਨੌਜਵਾਨਾਂ ਨੂੰ ਮੈਡੀਕਲ ਅਤੇ ਪੈਰਾਮੈਡੀਕਲ ਐਜੂਕੇਸ਼ਨ ਦੇ ਲਈ ਜੰਮੂ-ਕਸ਼ਮੀਰ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਮੌਕੇ ਮਿਲਣ, ਇਸ ਦੇ ਲਈ ਵੀ ਕੰਮ ਹੋ ਰਿਹਾ ਹੈ। ਜੰਮੂ ਕਸ਼ਮੀਰ ਵਿੱਚ 7 ਨਵੇਂ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਸ ਨਾਲ MBBS ਦੀਆਂ ਸੀਟਾਂ ਦੁੱਗਣੀਆਂ ਤੋਂ ਵੀ ਜ਼ਿਆਦਾ ਹੋਣ ਵਾਲੀਆਂ ਹਨ। ਇਸ ਦੇ ਇਲਾਵਾ ਜਿਨ੍ਹਾਂ 15 ਨਵੇਂ ਨਰਸਿੰਗ ਕਾਲਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਨਾਲ ਨੌਜਵਾਨਾਂ ਦੇ ਲਈ ਨਵੇਂ ਅਵਸਰ ਬਨਣਗੇ। ਇਸ ਦੇ ਇਲਾਵਾ ਜੰਮੂ ਵਿੱਚ IIT ਅਤੇ IIM ਦੀ ਸਥਾਪਨਾ ਵੀ ਇੱਥੋਂ ਦੇ ਨੌਜਵਾਨਾਂ ਨੂੰ Higher Education ਦੇ ਬਿਹਤਰ ਮੌਕੇ ਵੀ ਉਪਲਬਧ ਕਰਾਵੇਗੀ। ਰਾਜ ਵਿੱਚ ਸਪੋਰਟਸ ਫੈਸਿਲਿਟੀ ਵਧਾਉਣ ਦੇ ਲਈ ਜੋ ਪਰਿਯੋਜਨਾਵਾਂ ਸ਼ੁਰੂ ਹੋਈਆਂ ਹਨ, ਉਹ ਇੱਥੋਂ ਦੇ ਟੈਲੇਂਟ ਨੂੰ ਸਪੋਰਟਸ ਦੀ ਦੁਨੀਆ ਵਿੱਚ ਛਾ ਜਾਣ ਵਿੱਚ ਮਦਦ ਕਰਨਗੀਆਂ।
ਭਾਈਓ ਅਤੇ ਭੈਣੋਂ,
ਹੈਲਥ ਦੇ ਨਾਲ ਹੀ ਦੂਸਰੇ ਇੰਫ੍ਰਾਸਟ੍ਰਕਚਰ ਵਿੱਚ ਵੀ ਨਵੇਂ ਜੰਮੂ-ਕਸ਼ਮੀਰ ਦੇ ਕਦਮ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਪਿਛਲੇ 2-3 ਸਾਲ ਵਿੱਚ ਇਸ ਨੂੰ ਲੈ ਕੇ ਕਿਵੇਂ ਤੇਜ਼ੀ ਆਈ ਹੈ, ਇਸ ਦੀ ਇੱਕ ਵਧੀਆ ਉਦਾਹਰਣ ਹਾਇਡ੍ਰੋ ਪਾਵਰ ਹੈ। 7 ਦਹਕਿਆਂ ਵਿੱਚ ਜੰਮੂ-ਕਸ਼ਮੀਰ ਵਿੱਚ ਸਾਢੇ 3 ਹਜ਼ਾਰ ਮੈਗਾਵਾਟ ਬਿਜਲੀ ਦੀ ਕਪੈਸਿਟੀ ਤਿਆਰ ਹੋਈ ਸੀ। ਬੀਤੇ 2- 3 ਸਾਲ ਵਿੱਚ ਹੀ ਇਸ ਵਿੱਚ 3 ਹਜ਼ਾਰ ਮੈਗਾਵਾਟ ਕਪੈਸਿਟੀ ਅਸੀਂ ਹੋਰ ਜੋੜ ਦਿੱਤੀ ਹੈ। Prime Ministers Development Package ਦੇ ਤਹਿਤ ਚਲ ਰਹੇ ਪ੍ਰੋਜੈਕਟਸ ‘ਤੇ ਵੀ ਹੁਣ ਕੰਮ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਖਾਸ ਤੌਰ ‘ਤੇ ਕਨੈਕਟੀਵਿਟੀ ਨਾਲ ਜੁੜੇ ਪ੍ਰੋਜੈਕਟਸ ਨਾਲ ਰਾਜ ਦੀ ਤਸਵੀਰ ਅਤੇ ਤਕਦੀਰ ਦੋਵੇਂ ਬਦਲਣ ਵਾਲੀਆਂ ਹਨ। ਮੈਂ ਚਿਨਾਬ ‘ਤੇ ਬਣ ਰਹੇ ਬਿਹਤਰੀਨ ਰੇਲਵੇ ਬ੍ਰਿਜ ਦੀਆਂ ਤਸਵੀਰਾਂ ਦੇਖੀਆਂ ਹਨ ਅਤੇ ਅੱਜ-ਕੱਲ੍ਹ ਤਾਂ ਸੋਸ਼ਲ ਮੀਡੀਆ ‘ਤੇ ਸ਼ਾਇਦ ਹਿੰਦੁਸਤਾਨ ਦੇ ਹਰ ਕਿਸੇ ਨੇ ਦੇਖੀਆਂ ਹੋਣਗੀਆਂ। ਉਨ੍ਹਾਂ ਤਸਵੀਰਾਂ ਨੂੰ ਦੇਖਕੇ ਕਿਸ ਨਾਗਰਿਕ ਦਾ ਮੱਥਾ ਗਰਵ ਨਾਲ ਉੱਚਾ ਨਹੀਂ ਹੋਵੇਗਾ। ਰੇਲਵੇ ਦਾ ਪੂਰਾ ਜ਼ੋਰ ਹੈ ਕਿ ਅਗਲੇ 2-3 ਸਾਲ ਵਿੱਚ ਵੈਲੀ ਰੇਲਵੇ ਨਾਲ ਕਨੈਕਟ ਹੋ ਜਾਵੇ। ਜੰਮੂ ਅਤੇ ਸ੍ਰੀਨਗਰ ਵਿੱਚ ਲਾਈਟ ਰੇਲ ਟ੍ਰਾਂਜ਼ਿਟ ਮੈਟਰੋ ਨੂੰ ਲੈ ਕੇ ਵੀ ਗੱਲ ਅੱਗੇ ਵਧ ਰਹੀ ਹੈ। ਬਨਿਹਾਲ ਟਨਲ ਨੂੰ ਵੀ ਅਗਲੇ ਸਾਲ ਤੱਕ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੰਮੂ ਵਿੱਚ ਜੋ ਸੈਮੀ ਰਿੰਗ ਰੋਡ ਦਾ ਕੰਮ ਚਲ ਰਿਹਾ ਹੈ, ਉਸ ਨੂੰ ਵੀ ਛੇਤੀ ਤੋਂ ਛੇਤੀ ਪੂਰਾ ਕਰਨ ਵਿੱਚ ਸਰਕਾਰ ਜੁਟੀ ਹੋਈ ਹੈ।
ਸਾਥੀਓ,
ਕਨੈਕਟੀਵਿਟੀ ਜਦੋਂ ਬਿਹਤਰ ਹੁੰਦੀ ਹੈ ਤਾਂ ਇਸ ਤੋਂ ਟੂਰਿਜ਼ਮ ਅਤੇ ਇੰਡਸਟ੍ਰੀ ਦੋਨਾਂ ਨੂੰ ਜ਼ੋਰ ਮਿਲਦਾ ਹੈ। ਟੂਰਿਜ਼ਮ ਜੰਮੂ ਦੀ ਵੀ ਤਾਕਤ ਰਿਹਾ ਹੈ ਅਤੇ ਕਸ਼ਮੀਰ ਦੀ ਵੀ ਤਾਕਤ ਰਿਹਾ ਹੈ। ਕਨੈਕਟੀਵਿਟੀ ਦੀਆਂ ਜਿਨ੍ਹਾਂ ਯੋਜਨਾਵਾਂ ‘ਤੇ ਸਰਕਾਰ ਕੰਮ ਕਰ ਰਹੀ ਹੈ, ਉਨ੍ਹਾਂ ਨਾਲ ਜੰਮੂ ਨੂੰ ਵੀ ਲਾਭ ਹੋਵੇਗਾ ਅਤੇ ਕਸ਼ਮੀਰ ਨੂੰ ਵੀ ਲਾਭ ਹੋਵੇਗਾ। ਕਾਲੀਨ ਤੋਂ ਲੈ ਕੇ ਕੇਸਰ ਤੱਕ, ਸੇਬ ਤੋਂ ਲੈ ਕੇ ਬਾਸਮਤੀ ਤੱਕ ਜੰਮੂ-ਕਸ਼ਮੀਰ ਵਿੱਚ ਕੀ ਨਹੀਂ ਹੈ ? ਕੋਰੋਨਾ ਦੀ ਵਜ੍ਹਾ ਨਾਲ ਹੋਏ ਲੌਕਡਾਊਨ ਦੇ ਦੌਰਾਨ ਵੀ ਸਰਕਾਰ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਇੱਥੋਂ ਦੇ apple ਕਿਸਾਨਾਂ ਨੂੰ ਮੁਸ਼ਕਿਲ ਘੱਟ ਤੋਂ ਘੱਟ ਹੋਵੇ। ਬਜ਼ਾਰ ਵਿੱਚ ਠੀਕ ਤਰੀਕੇ ਨਾਲ ਸਮੇਂ ‘ਤੇ ਮਾਲ ਪਹੁੰਚੇ, ਸਾਡੀ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਇਹ ਫ਼ੈਸਲਾ ਵੀ ਲਿਆ ਕਿ apple ਦੀ ਖਰੀਦ ਲਈ Market Intervention Scheme ਨੂੰ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਲਾਗੂ ਰੱਖਿਆ ਜਾਵੇਗਾ। ਇਸ ਦੇ ਤਹਿਤ ਸਰਕਾਰ ਦੁਆਰਾ apple ਦੀ ਖਰੀਦ, ਨਾਫੈਡ ਦੇ ਮਾਧਿਅਮ ਨਾਲ ਅਤੇ ਸਿੱਧੇ ਕਿਸਾਨਾਂ ਤੋਂ ਕੀਤੀ ਜਾ ਰਹੀ ਹੈ। ਜੋ apple ਖਰੀਦਿਆ ਜਾ ਰਿਹਾ ਹੈ, ਉਸ ਦਾ ਭੁਗਤਾਨ ਵੀ Direct Benefit Transfer ਦੇ ਜ਼ਰੀਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੀਤਾ ਜਾ ਰਿਹਾ ਹੈ। ਇਸ ਸਕੀਮ ਦੇ ਤਹਿਤ 12 ਲੱਖ ਮੀਟ੍ਰਿਕ ਟਨ apple ਖਰੀਦਿਆ ਜਾ ਸਕਿਆ ਹੈ ਅਤੇ ਇਹ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਸੁਵਿਧਾ ਹੋਈ ਹੈ। ਸਾਡੀ ਸਰਕਾਰ ਨੇ ਨਾਫੈਡ ਨੂੰ ਇਸ ਗੱਲ ਲਈ ਵੀ ਮਨਜ਼ੂਰੀ ਦਿੱਤੀ ਹੈ ਕਿ ਉਹ 2500 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਵਰਤੋਂ ਕਰ ਸਕੇ। apple ਦੀ ਖਰੀਦ ਦੇ ਲਈ, ਆਧੁਨਿਕ ਮਾਰਕਿਟਿੰਗ ਪਲੈਟਫਾਰਮ ਉਪਲਬਧ ਕਰਵਾਉਣ ਦੇ ਲਈ, ਟ੍ਰਾਂਸਪੋਰਟੇਸ਼ਨ ਦੀਆਂ ਸੁਵਿਧਾਵਾਂ ਵਧਾਉਣ ‘ਤੇ ਸਰਕਾਰ ਨੇ ਲਗਾਤਾਰ ਪ੍ਰਗਤੀ ਕੀਤੀ ਹੈ। apple ਦੀ ਸਟੋਰੇਜ ਲਈ ਸਰਕਾਰ ਜੋ ਸਹਾਇਤਾ ਕਰ ਰਹੀ ਹੈ, ਉਸ ਨਾਲ ਵੀ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ। ਇੱਥੇ ਨਵੇਂ ਕਿਸਾਨ ਉਤਪਾਦਕ ਸੰਘ- FPOs ਦਾ ਨਿਰਮਾਣ ਹੋਵੇ, ਅਧਿਕਤਮ ਬਣਨ, ਇਸ ਦੇ ਲਈ ਵੀ ਲਗਾਤਾਰ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ। ਨਵੇਂ ਖੇਤੀਬਾੜੀ ਸੁਧਾਰਾਂ ਨੇ ਜੰਮੂ ਵਿੱਚ ਵੀ ਅਤੇ ਘਾਟੀ ਵਿੱਚ ਵੀ, ਦੋਨਾਂ ਜਗ੍ਹਾ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਲਈ ਨਵੇਂ ਮੌਕੇ ਬਣਾ ਦਿੱਤੇ ਹਨ। ਇਸ ਨਾਲ ਹਜ਼ਾਰਾਂ ਲੋਕਾਂ ਨੂੰ, ਰੋਜਗਾਰ ਅਤੇ ਸਵੈਰੋਜਗਾਰ ਦੇ ਮੌਕੇ ਮਿਲਣ ਵਾਲੇ ਹਨ।
ਭਾਈਓ ਅਤੇ ਭੈਣੋਂ,
ਅੱਜ ਜੰਮੂ-ਕਸ਼ਮੀਰ ਵਿੱਚ ਜਿੱਥੇ ਇੱਕ ਪਾਸੇ ਹਜ਼ਾਰਾਂ ਸਰਕਾਰੀ ਨੌਕਰੀਆਂ ਨੋਟੀਫਾਈ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸਵੈਰੋਜਗਾਰ ਲਈ ਵੀ ਕਦਮ ਉਠਾਏ ਜਾ ਰਹੇ ਹਨ। ਬੈਂਕਾਂ ਦੇ ਜਰੀਏ ਹੁਣ ਜੰਮੂ-ਕਸ਼ਮੀਰ ਦੇ ਨੌਜਵਾਨ ਕਾਰੋਬਾਰੀਆਂ ਨੂੰ ਅਸਾਨੀ ਨਾਲ ਲੋਨ ਮਿਲਣਾ ਸ਼ੁਰੂ ਹੋਇਆ ਹੈ। ਇਸ ਵਿੱਚ ਵੀ ਸਾਡੀਆਂ ਭੈਣਾਂ, ਜੋ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਹਨ, ਉਹ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਅੱਗੇ ਆ ਰਹੀਆਂ ਹਨ।
ਸਾਥੀਓ,
ਪਹਿਲਾਂ ਦੇਸ਼ ਦੇ ਲਈ ਜ਼ਿਆਦਾਤਰ ਜੋ ਸਕੀਮ ਬਣਦੀ ਸੀ, ਜੋ ਕਾਨੂੰਨ ਬਣਦੇ ਸਨ, ਉਨ੍ਹਾਂ ਵਿੱਚ ਲਿਖਿਆ ਹੁੰਦਾ ਸੀ-Except (ਐਕਸੈਪਟ) J and K . ਹੁਣ ਇਹ ਇਤਿਹਾਸ ਦੀ ਗੱਲ ਹੋ ਚੁੱਕੀ ਹੈ। ਸ਼ਾਂਤੀ ਅਤੇ ਵਿਕਾਸ ਦੇ ਜਿਸ ਮਾਰਗ ‘ਤੇ ਜੰਮੂ ਅਤੇ ਕਸ਼ਮੀਰ ਵਧ ਰਿਹਾ ਹੈ, ਉਸ ਨੇ ਰਾਜ ਵਿੱਚ ਨਵੇਂ ਉਦਯੋਗਾਂ ਦੇ ਆਉਣ ਦਾ ਮਾਰਗ ਵੀ ਬਣਾਇਆ ਹੈ। ਅੱਜ ਜੰਮੂ-ਕਸ਼ਮੀਰ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ। ਪਹਿਲਾਂ 170 ਤੋਂ ਜ਼ਿਆਦਾ ਸੈਂਟ੍ਰਲ ਲਾਅ ਜੋ ਪਹਿਲਾਂ ਐਪਲੀਕੇਬਲ ਨਹੀਂ ਸਨ ਉਹ ਹੁਣ ਐਡਮਿਨਿਸਟ੍ਰਸ਼ਨ ਦਾ ਹਿੱਸਾ ਹਨ। ਜੰਮੂ-ਕਸ਼ਮੀਰ ਦੇ ਨਾਗਰੀਕਾਂ ਦਾ ਹੱਕ ਦਾ ਅਵਸਰ ਹੈ।
ਸਾਥੀਓ,
ਸਾਡੀ ਸਰਕਾਰ ਦੇ ਫੈਂਸਲਿਆਂ ਦੇ ਬਾਅਦ, ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਗ਼ਰੀਬ ਆਮ ਵਰਗ ਨੂੰ ਆਰਕਸ਼ਣ ਦਾ ਲਾਭ ਮਿਲਿਆ ਹੈ। ਪਹਿਲੀ ਵਾਰ ਪਹਾੜੀ ਲੋਕਾਂ ਨੂੰ ਆਰਕਸ਼ਣ ਦਾ ਲਾਭ ਮਿਲਿਆ ਹੈ। ਅੰਤਰਰਾਸ਼ਟਰੀ ਸੀਮਾ ‘ਤੇ ਰਹਿਣ ਵਾਲਿਆਂ ਨੂੰ ਵੀ 4 ਪ੍ਰਤੀਸ਼ਤ ਆਰਕਸ਼ਣ ਦਾ ਲਾਭ ਸਾਡੀ ਸਰਕਾਰ ਨੇ ਦਿੱਤਾ ਹੈ। ਫਾਰੈਸਟ ਐਕਟ ਲਾਗੂ ਹੋਣ ਨਾਲ ਵੀ ਲੋਕਾਂ ਨੂੰ ਨਵੇਂ ਅਧਿਕਾਰ ਮਿਲੇ ਹਨ। ਇਸ ਤੋਂ ਗੁੱਜਰ ਬਕਰਵਾਲ, ਅਨੁਸੂਚਿਤ ਜਨਜਾਤੀਆਂ ਅਤੇ ਪਰੰਪਰਾਗਤ ਰੂਪ ਨਾਲ ਜੰਗਲਾਂ ਦੇ ਆਸਪਾਸ ਰਹਿਣ ਵਾਲਿਆਂ ਨੂੰ ਜੰਗਲ ਦੀ ਜ਼ਮੀਨ ਦੇ ਇਸਤੇਮਾਲ ਦਾ ਕਾਨੂੰਨੀ ਅਧਿਕਾਰ ਮਿਲਿਆ ਹੈ। ਹੁਣ ਕਿਸੇ ਦੇ ਨਾਲ ਵੀ ਭੇਦਭਾਵ ਦੀ ਗੁੰਜਾਇਸ਼ ਨਹੀਂ ਹੈ। ਜੰਮੂ-ਕਸ਼ਮੀਰ ਵਿੱਚ ਦਹਾਕਿਆ ਤੋਂ ਰਹਿ ਰਹੇ ਸਾਥੀਆਂ ਨੂੰ Domicile Certificate ਵੀ ਦਿੱਤੇ ਜਾ ਰਹੇ ਹਨ। ਇਹੀ ਤਾਂ ਹੈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ।
ਸਾਥੀਓ,
ਸੀਮਾ ਪਾਰ ਤੋਂ ਹੋਣ ਵਾਲੀ ਸ਼ੈਲਿੰਗ ਹਮੇਸ਼ਾ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ। ਸ਼ੈਲਿੰਗ ਦੀ ਸਮੱਸਿਆ ਦੇ ਸਮਾਧਾਨ ਦੇ ਲਈ ਬਾਰਡਰ ‘ਤੇ ਬੰਕਰ ਬਣਾਉਣ ਦਾ ਕੰਮ ਤੇਜ਼ ਗਤੀ ਨਾਲ ਕੀਤਾ ਜਾ ਰਿਹਾ ਹੈ। ਸਾਂਬਾ, ਪੁੰਛ, ਜੰਮੂ, ਕਠੁਆ ਅਤੇ ਰਾਜੌਰੀ ਜਿਹੀਆਂ ਸੰਵੇਦਨਸ਼ੀਲ ਥਾਵਾਂ ‘ਤੇ ਵੱਡੀ ਤਾਦਾਦ ਵਿੱਚ ਨਾ ਸਿਰਫ ਬੰਕਰ ਬਣਾਏ ਗਏ ਹਨ ਬਲਕਿ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਸੈਨਾ ਅਤੇ ਸੁਰੱਖਿਆ ਬਲਾਂ ਨੂੰ ਵੀ ਖੁੱਲ੍ਹੀ ਛੂਟ ਦਿੱਤੀ ਗਈ ਹੈ।
ਸਾਥੀਓ,
ਸਾਡੇ ਦੇਸ਼ ਵਿੱਚ ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤੱਕ ਸ਼ਾਸਨ ਕੀਤਾ, ਉਨ੍ਹਾਂ ਦੀ ਇੱਕ ਬਹੁਤ ਵੱਡੀ ਭੁੱਲ ਇਹ ਵੀ ਰਹੀ ਹੈ ਕਿ ਉਨ੍ਹਾਂ ਨੇ ਦੇਸ਼ ਦੇ ਸੀਮਾਵਰਤੀ ਯਾਨੀ ਸੀਮਾ ਦੇ ਪਾਸ ਦੇ ਇਲਾਕਿਆਂ ਦੇ ਵਿਕਾਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਦੀਆਂ ਸਰਕਾਰਾਂ ਦੀ ਇਸ ਮਾਨਸਿਕਤਾ ਨੇ ਜੰਮੂ-ਕਸ਼ਮੀਰ ਹੋਵੇ ਜਾਂ ਨੌਰਥ ਈਸਟ ਹੋਵੇ, ਇਸ ਖੇਤਰਾਂ ਨੂੰ ਪਿਛੜੇਪਣ ਵਿੱਚ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਹੈ। ਜੀਵਨ ਦੀ ਬੁਨਿਆਦੀ ਜ਼ਰੂਰਤਾਂ, ਇੱਕ ਸਨਮਾਨਜਨਕ ਜੀਵਨ ਦੀਆਂ ਜ਼ਰੂਰਤਾਂ, ਵਿਕਾਸ ਦੀਆਂ ਜ਼ਰੂਰਤਾਂ, ਇੱਥੇ ਦੇ ਆਮ ਮਾਨਵੀ ਤੱਕ ਉਤਨੀ ਪਹੁੰਚੀ ਹੀ ਨਹੀਂ, ਜਿਤਨੀ ਪਹੁੰਚਣੀ ਚਾਹੀਦੀ ਸੀ। ਅਜਿਹੀ ਮਾਨਸਿਕਤਾ ਕਦੇ ਵੀ ਦੇਸ਼ ਦਾ ਸੰਤੁਲਿਤ ਵਿਕਾਸ ਨਹੀਂ ਕਰ ਸਕਦੀ। ਅਜਿਹੀ ਨਕਾਰਾਤਮਕ ਸੋਚ ਦੀ ਸਾਡੇ ਦੇਸ਼ ਵਿੱਚ ਕੋਈ ਜਗ੍ਹਾ ਨਹੀਂ। ਨਾ ਸੀਮਾ ਦੇ ਪਾਸ ਨਾ ਸੀਮਾ ਤੋਂ ਦੂਰ। ਸਾਡੀ ਸਰਕਾਰ ਦੀ ਪ੍ਰਤੀਬਧੱਤਾ ਹੈ ਕਿ ਦੇਸ਼ ਦਾ ਕੋਈ ਵੀ ਖੇਤਰ ਵਿਕਾਸ ਦੀ ਧਾਰਾ ਵਿੱਚ ਹੁਣ ਹੋਰ ਵੰਚਿਤ ਨਹੀਂ ਰਹੇਗਾ। ਅਜਿਹੇ ਖੇਤਰਾਂ ਵਿੱਚ ਲੋਕਾਂ ਦਾ ਬਿਹਤਰ ਜੀਵਨ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਵੀ ਮਜ਼ਬੂਤੀ ਦੇਵੇਗਾ।
ਸਾਥੀਓ,
ਦੇਸ਼ ਦੇ ਹਰ ਖੇਤਰ ਦਾ ਵਿਕਾਸ ਹੋਵੇ, ਜੰਮੂ ਦਾ ਵਿਕਾਸ ਹੋਵੇ, ਕਸ਼ਮੀਰ ਦਾ ਵਿਕਾਸ ਹੋਵੇ, ਸਾਨੂੰ ਲਗਾਤਾਰ ਇਸ ਦੇ ਲਈ ਕੰਮ ਕਰਨਾ ਹੈ। ਇੱਕ ਵਾਰ ਫਿਰ ਮੈਂ ਸ਼੍ਰੀਮਾਨ ਮਨੋਜ ਸਿਨਹਾ ਜੀ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਅੱਜ ਜ਼ਰੂਰ ਵਧਾਈ ਦੇਣਾ ਚਾਹਾਂਗਾ ਜਦੋਂ ਮੈਂ ਹੁਣੇ ਮਨੋਜ ਜੀ ਦਾ ਭਾਸ਼ਣ ਸੁਣ ਰਿਹਾ ਸਾਂ, ਕਿੰਨੇ ਕੰਮ ਉਨ੍ਹਾਂ ਨੇ ਗਿਣਾਏ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਦਰਮਿਆਨ ਖੜ੍ਹੇ ਰਹਿਕੇ ਗਿਣਾਏ ਹਨ। ਜਿਸ ਤੇਜ਼ੀ ਨਾਲ ਕੰਮ ਹੋ ਰਹੇ ਹਨ, ਪੂਰੇ ਦੇਸ਼ ਦੇ ਅੰਦਰ ਇੱਕ ਨਵਾਂ ਵਿਸ਼ਵਾਸ, ਨਵੀਂ ਆਸ਼ਾ ਪੈਦਾ ਕਰਨਗੇ ਅਤੇ ਮੈਨੂੰ ਵਿਸ਼ਵਾਸ ਹੈ ਜੰਮੂ-ਕਸ਼ਮੀਰ ਦੇ ਨਾਗਰਿਕਾਂ ਦਾ ਕਈ ਦਹਾਕਿਆਂ ਦਾ ਜੋ ਕੰਮ ਅਧੂਰਾ ਰਿਹਾ ਹੈ ਉਹ ਮਨੋਜ ਜੀ ਅਤੇ ਵਰਤਮਾਨ ਦੀ ਪ੍ਰਸ਼ਾਸਨ ਟੀਮ ਦੇ ਮਾਧਿਅਮ ਰਾਹੀਂ ਜ਼ਰੂਰ ਪੂਰਾ ਹੋਵੇਗਾ, ਸਮੇਂ ਤੋਂ ਪਹਿਲਾਂ ਪੂਰਾ ਹੋਵੇਗਾ। ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ। ਇੱਕ ਵਾਰ ਫਿਰ ਆਪ ਸਭ ਨੂੰ ਸਿਹਤ ਸਕੀਮ ਦੇ ਲਈ, ਆਯੁਸ਼ਮਾਮਨ ਭਾਰਤ ਯੋਜਨਾ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮਾਤਾ ਵੈਸ਼ਣੋ ਦੇਵੀ ਅਤੇ ਬਾਬਾ ਅਮਰਨਾਥ ਦੀ ਕਿਰਪਾ ਸਾਡੇ ਸਾਰਿਆਂ ‘ਤੇ ਬਣੀ ਰਹੇ। ਇਸੇ ਉਮੀਦ ਦੇ ਨਾਲ ਬਹੁਤ-ਬਹੁਤ ਧੰਨਵਾਦ!
***
ਡੀਐੱਸ/ਏਕੇਜੇ/ਏਕੇ/ਏਵੀ
(Release ID: 1683929)
Visitor Counter : 214
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam