ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਡਾ. ਕਲਾਮ ਤੋਂ ਪ੍ਰੇਰਣਾ ਲੈਣ ਅਤੇ ਇੱਕ ਮਜ਼ਬੂਤ, ਆਤਮਨਿਰਭਰ ਅਤੇ ਸੰਮਿਲਤ ਭਾਰਤ ਦੇ ਨਿਰਮਾਣ ਵੱਲ ਕੰਮ ਕਰਨ ਦੀ ਅਪੀਲ ਕੀਤੀ
ਆਓ, ਅਸੀਂ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਲਈ ਕੰਮ ਕਰਨ ਦਾ ਪ੍ਰਣ ਲਈਏ
ਉਪ ਰਾਸ਼ਟਰਪਤੀ ਨੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਰੋਜ਼ਗਾਰ ਅਤੇ ਆਰਥਿਕ ਮੌਕੇ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ
ਵਿਭਿੰਨ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦੇ ਹੱਲ ਪ੍ਰਦਾਨ ਕਰਨ ਲਈ ਨੌਜਵਾਨਾਂ ਨੂੰ ਨਵੇਂ ਉਪਾਅ ਸੋਚਣੇ ਹੋਣਗੇ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਡਾ. ਕਲਾਮ ਇੱਕ ਸੱਚੇ ਕਰਮਯੋਗੀ ਸਨ ਅਤੇ ਹਰ ਭਾਰਤੀ ਲਈ ਪ੍ਰੇਰਣਾ ਸਨ
ਇਹ ਸਮਾਂ ਡਾ. ਕਲਾਮ ਦੀ ਸਲਾਹ 'ਤੇ ਅਮਲ ਕਰਨ ਅਤੇ ਟਿਕਾਊ ਅਤੇ ਵਾਤਾਵਰਣ ਅਨੁਕੂਲ ਵਿਕਾਸ ਦੇ ਰਾਹ ਨੂੰ ਅਪਨਾਉਣ ਦਾ ਹੈ: ਉਪ ਰਾਸ਼ਟਰਪਤੀ
ਰਾਸ਼ਟਰਪਤੀ ਹੋਣ ਦੇ ਨਾਤੇ, ਡਾ. ਕਲਾਮ ਨੇ ਸਵੈਮਾਣ ਅਤੇ ਆਸ਼ਾਵਾਦ ਨੂੰ ਦਰਸਾਇਆ: ਉਪ ਰਾਸ਼ਟਰਪਤੀ
ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ 'ਤੇ ਕਿਤਾਬ 40 ਈਅਰਸ ਵਿਦ ਅਬਦੁਲ ਕਲਾਮ – ਅਨਟੋਲਡ ਸਟੋਰੀਜ਼' ਰਿਲੀਜ਼ ਕੀਤੀ
Posted On:
03 DEC 2020 12:41PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਨੌਜਵਾਨਾਂ ਨੂੰ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਤੋਂ ਪ੍ਰੇਰਣਾ ਲੈਣ ਅਤੇ ਇੱਕ ਮਜ਼ਬੂਤ, ਆਤਮਨਿਰਭਰ ਅਤੇ ਸੰਮਿਲਤ ਭਾਰਤ ਦੇ ਨਿਰਮਾਣ ਵੱਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਾ. ਕਲਾਮ ਦੀ ਤਰ੍ਹਾਂ ਨੌਜਵਾਨਾਂ ਨੂੰ ਵਿਭਿੰਨ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦੇ ਹੱਲ ਮੁਹੱਈਆ ਕਰਵਾਉਣ ਲਈ ਨਵੇਂ ਢੰਗ ਨਾਲ ਵਿਚਾਰਦਿਆਂ ਟੈਕਨੋਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਭਾਰਤ ਦੀ ਆਬਾਦੀ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ।
ਡਾ. ਸਿਵਾਥਾਨੁ ਪਿਲੱਈ ਦੁਆਰਾ ਰਚਿਤ ਪੁਸਤਕ 40 ਈਅਰਸ ਵਿਦ ਅਬਦੁਲ ਕਲਾਮ – ਅਨਟੋਲਡ ਸਟੋਰੀਜ਼' ਦੀ ਵਰਚੁਅਲ ਰਿਲੀਜ਼ ਮੌਕੇ ‘ਤੇ ਬੋਲਦਿਆਂ ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਕਿਤਾਬ ਵਿੱਚ ਡਾ. ਕਲਾਮ ਦੇ ਜੀਵਨ ਬਾਰੇ ਰੌਚਕ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, “ਡਾ. ਕਲਾਮ ਦਾ ਜੀਵਨ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ ਕਿ ਮੁਸ਼ਕਿਲਾਂ ਅਤੇ ਪਰੇਸ਼ਾਨੀਆਂ ਨੂੰ ਜਦੋਂ ਸਹੀ ਭਾਵਨਾ ਨਾਲ ਵਿਚਾਰਿਆ ਜਾਏ, ਤਾਂ ਉਹ ਸਾਨੂੰ ਚਰਿੱਤਰ ਅਤੇ ਮਾਨਸਿਕਤਾ ਪਖੋਂ ਮਜ਼ਬੂਤ ਬਣਨ ਵਿੱਚ ਇੱਕ ਮਹੱਤਵਪੂਰਨ ਤੱਤ ਵਜੋਂ ਕੰਮ ਕਰਦੀਆਂ ਹਨ।
ਸਾਬਕਾ ਰਾਸ਼ਟਰਪਤੀ ਨਾਲ ਆਪਣੇ ਕੁਝ ਨਿਜੀ ਤਜ਼ਰਬਿਆਂ ਨੂੰ ਯਾਦ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ, “ਡਾ. ਕਲਾਮ ਨਾਲ ਗੱਲਬਾਤ ਕਰਨ ਲਈ ਮੇਰੇ ਕੋਲ ਬਹੁਤ ਸਾਰੇ ਮੌਕੇ ਹੋਏ ਜਦੋਂ ਉਹ ਡੀਆਰਡੀਓ ਵਿੱਚ ਸਨ ਅਤੇ ਬਾਅਦ ਵਿੱਚ ਭਾਰਤ ਦੇ ਰਾਸ਼ਟਰਪਤੀ ਸਨ ਅਤੇ ਹਰ ਵਾਰ ਮੈਂ ਉਨ੍ਹਾਂ ਦੇ ਗਿਆਨ ਦੀ ਡੂੰਘਾਈ ਅਤੇ ਆਮ ਲੋਕਾਂ ਦੇ ਜੀਵਨ ਨੂੰ ਬਦਲਣ ਦੀ ਉਨ੍ਹਾਂ ਦੀ ਦਿਲੀ ਇੱਛਾ ਤੋਂ ਪ੍ਰਭਾਵਿਤ ਹੋਇਆ।”
ਡਾ. ਕਲਾਮ ਨੂੰ ਇੱਕ ਸੱਚਾ ਕਰਮਯੋਗੀ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਹਰ ਭਾਰਤੀ ਲਈ ਇੱਕ ਪ੍ਰੇਰਣਾ ਸਨ। ਸ਼੍ਰੀ ਨਾਇਡੂ ਨੇ ਕਿਹਾ ਕਿ ਡਾ. ਕਲਾਮ ਸੱਚਮੁੱਚ ‘ਲੋਕਾਂ ਦੇ ਰਾਸ਼ਟਰਪਤੀ’ ਸਨ, ਜੋ ਹਰ ਭਾਰਤੀ ਖਾਸ ਕਰਕੇ ਨੌਜਵਾਨਾਂ ਦੇ ਪਿਆਰੇ ਸਨ। "ਉਹ ਸਾਦਗੀ, ਇਮਾਨਦਾਰੀ ਅਤੇ ਸਿਆਣਪ ਦਾ ਪ੍ਰਤੀਕ ਸਨ। ਭਾਰਤ ਦੀ ਰੱਖਿਆ ਅਤੇ ਪੁਲਾੜ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਅਨਮੋਲ ਹੈ।"
ਉਪ ਰਾਸ਼ਟਰਪਤੀ ਨੇ ਕਿਹਾ ਕਿ ਡਾ. ਕਲਾਮ ਨੇ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਮਾਣ ਅਤੇ ਆਸ਼ਾਵਾਦੀ ਵਿਅਕਤੀਗਤ ਰੂਪ ਦਰਸਾਇਆ ਅਤੇ ਉਹ ਦੋਸਤੀ ਅਤੇ ਗਿਆਨ ਦੇ ਮਜ਼ਬੂਤ ਪ੍ਰੋਮੋਟਰ ਵਜੋਂ ਜਾਣੇ ਜਾਂਦੇ ਸਨ। ਸ਼੍ਰੀ ਨਾਇਡੂ ਨੇ ਯਾਦ ਕੀਤਾ ਕਿ ਸਾਬਕਾ ਰਾਸ਼ਟਰਪਤੀ ਦੁਆਰਾ ਪਾਏ ਯੋਗਦਾਨਾਂ ਦੇ ਸਨਮਾਨ ਵਿੱਚ ਨਾਸਾ ਨੇ ਡਾ. ਕਲਾਮ ਦੇ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉੱਤੇ ਖੋਜੇ ਇੱਕ ਨਵੇਂ ਜੀਵ ਦਾ ਨਾਮ ਡਾ. ਕਲਾਮ ਦੇ ਨਾਮ ‘ਤੇ ਰਖਿਆ ਹੈ।
ਭਾਰਤ ਪ੍ਰਤੀ ਡਾ. ਕਲਾਮ ਦੇ ਸੁਪਨੇ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ, “ਸਾਬਕਾ ਰਾਸ਼ਟਰਪਤੀ ਹਮੇਸ਼ਾ ਵਿਭਿੰਨ ਖੇਤਰਾਂ ਵਿੱਚ ਵਿਸ਼ਾਲ ਕੁਦਰਤੀ ਸੰਸਾਧਨਾਂ ਅਤੇ ਪ੍ਰਤਿਭਾਸ਼ਾਲੀ ਮਨੁੱਖੀ ਸੰਸਾਧਨਾਂ ਦੀ ਉਪਲਭਦਤਾ ਨੂੰ ਦੇਖਦਿਆਂ ਭਾਰਤ ਨੂੰ ਵਿਕਸਿਤ ਦੇਸ਼ ਬਣਨ ਦੀ ਜ਼ਰੂਰਤ ਦੀ ਗੱਲ ਕੀਤੀ। ਉਨ੍ਹਾਂ ਨੂੰ ਯਕੀਨ ਸੀ ਕਿ ਭਾਰਤ ਕੋਲ ਆਉਣ ਵਾਲੇ ਸਮੇਂ ਵਿੱਚ ਵਿਕਸਿਤ ਰਾਸ਼ਟਰ ਬਣਨ ਦੀ ਸੰਭਾਵਨਾ ਅਤੇ ਸਮਰੱਥਾ ਮੌਜੂਦ ਹੈ।"
ਉਪ ਰਾਸ਼ਟਰਪਤੀ ਨੇ ਕਿਹਾ ਕਿ ਡਾ. ਕਲਾਮ ਦਾ ਸਭ ਤੋਂ ਵੱਡਾ ਜਨੂੰਨ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਦੇਸ਼-ਨਿਰਮਾਣ ਦੀਆਂ ਗਤੀਵਿਧੀਆਂ ਪ੍ਰਤੀ ਜਨੂੰਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ "ਉਹ ਇੱਕ ਪੱਕੇ ਰਾਸ਼ਟਰਵਾਦੀ, ਇੱਕ ਪ੍ਰੇਰਣਾਦਾਇਕ ਵਕਤਾ ਅਤੇ ਇੱਕ ਉੱਘੇ ਲੇਖਕ ਸਨ। ਜਿਸ ਚੀਜ਼ ਸਦਕਾ ਉਹ ਇੱਕ ਪ੍ਰੇਰਣਾਦਾਇਕ ਅਤੇ ਬਹੁਤ ਪਿਆਰੇ ਆਗੂ ਬਣੇ ਸਨ, ਉਹ ਕਲਾਮ ਦੀ ਸ਼ਖਸੀਅਤ ਦਾ ਮਨੁੱਖੀ ਪੱਖ ਸੀ ਜਿਸ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਛੂਹਿਆ।"
ਪ੍ਰਵਾਸੀ ਮਜ਼ਦੂਰਾਂ 'ਤੇ ਕੋਵਿਡ -19 ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਰੋਜ਼ਗਾਰ ਅਤੇ ਆਰਥਿਕ ਮੌਕੇ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਸਾਨੂੰ ਵਿਕੇਂਦਰੀਕ੍ਰਿਤ ਯੋਜਨਾਬੰਦੀ, ਸਥਾਨਕ ਸੰਸਥਾਵਾਂ ਦੀ ਸਮਰੱਥਾ ਵਧਾਉਣ ਅਤੇ ਕੋਟੇਜ ਉਦਯੋਗਾਂ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਵੱਲ ਧਿਆਨ ਦੇਣਾ ਹੋਵੇਗਾ ਤਾਂ ਜੋ ਸਾਡੇ ਪਿੰਡ ਅਤੇ ਕਸਬੇ ਵਿਕਾਸ ਕੇਂਦਰਾਂ ਵਜੋਂ ਉਭਰ ਸਕਣ।” ਸ਼੍ਰੀ ਨਾਇਡੂ ਨੇ ਕਿਹਾ ਕਿ ਇਸਦੇ ਲਈ, ਸਥਾਨਕ ਸੰਸਥਾਵਾਂ ਨੂੰ ਸਥਾਨਕ ਵਿਕਾਸ ਨੂੰ ਹੁਲਾਰਾ ਦੇਣ ਲਈ ਪ੍ਰੇਰਿਤ ਕੀਤਾ ਜਾਵੇ। ਇਹ ਦੱਸਦੇ ਹੋਏ ਕਿ ਡਾ. ਕਲਾਮ ਨੇ ਆਪਣੇ ਪੁਰਾ (PURA) ਮਾਡਲ ਜ਼ਰੀਏ ਗ੍ਰਾਮੀਣ ਅਤੇ ਸ਼ਹਿਰੀ ਪਾੜੇ ਨੂੰ ਖਤਮ ਕਰਨ ਦੀ ਜ਼ਰੂਰਤ ਦੀ ਜ਼ੋਰਦਾਰ ਵਕਾਲਤ ਕੀਤੀ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਹਰ ਕਿਸੇ ਲਈ ਤਰਜੀਹ ਹੋਣੀ ਚਾਹੀਦੀ ਹੈ।
ਇਹ ਦੇਖਦਿਆਂ ਕਿ ਔਸਤਨ 30 ਸਾਲਾਂ ਤੋਂ ਘੱਟ ਉਮਰ ਦੇ ਨਾਲ, ਭਾਰਤ ਦੁਨੀਆ ਦੇ ਸਭ ਤੋਂ ਘੱਟ ਉਮਰ ਵਾਲੇ ਦੇਸ਼ਾਂ ਵਿੱਚ ਸ਼ੁਮਾਰ ਹੈ, ਸ਼੍ਰੀ ਨਾਇਡੂ ਨੇ ਇਸ ਯੁਵਾ ਊਰਜਾ ਨੂੰ ਰਾਸ਼ਟਰ ਨਿਰਮਾਣ ਲਈ ਵਰਤੋਂ ਵਿੱਚ ਲਿਆਉਣ ਦੀ ਵਕਾਲਤ ਕੀਤੀ। ਇਹ ਦੱਸਦੇ ਹੋਏ ਕਿ ਇਹ ਸਾਰੇ ਨੇਤਾਵਾਂ ਦਾ ਏਜੰਡਾ ਹੋਣਾ ਚਾਹੀਦਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਖੁਦ ਦੇਸ਼ ਭਰ ਵਿੱਚ ਨੌਜਵਾਨਾਂ ਨਾਲ ਮੁਲਾਕਾਤ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰੇਰਿਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਨੌਜਵਾਨ ਮਨਾਂ ਤੋਂ ਨਵੇਂ ਵਿਚਾਰਾਂ ਦੀ ਮੰਗ ਵੀ ਕਰ ਰਹੇ ਹਨ।
ਮਹਾਮਾਰੀ ਦੌਰਾਨ ਵਿਗਿਆਨਕ ਭਾਈਚਾਰੇ ਦੀਆਂ ਅਨੇਕਾਂ ਕਾਢਾਂ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਵੇਲੇ ਪੀਪੀਈਜ਼ ਲਈ ਜ਼ੀਰੋ ਉਤਪਾਦਨ ਸਮਰੱਥਾ ਰੱਖਣ ਵਾਲਾ ਭਾਰਤ ਹੁਣ ਵਿਸ਼ਵ ਵਿੱਚ ਪੀਪੀਈ ਕਿੱਟਾਂ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸੱਚਮੁੱਚ ਇੱਕ ‘ਆਤਮਨਿਰਭਰ ਭਾਰਤ’ ਦੀ ਸਿਰਜਣਾ ਲਈ, ਸਫਲਤਾ ਦੀ ਇਸ ਕਹਾਣੀ ਨੂੰ ਦੂਸਰੇ ਖੇਤਰਾਂ ਵਿੱਚ ਵੀ ਦੁਹਰਾਉਣ ਦੀ ਜ਼ਰੂਰਤ ਹੈ, ਜੋ ਕਿ ਡਾ. ਕਲਾਮ ਦਾ ਸੁਪਨਾ ਵੀ ਸੀ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਭਾਰਤ ਨੂੰ ਰੱਖਿਆ ਅਤੇ ਪੁਲਾੜ ਟੈਕਨੋਲੋਜੀ ਵਿੱਚ ਆਤਮ ਨਿਰਭਰ ਬਣਾਉਣ ਲਈ ਸਮਰਪਿਤ ਕੀਤਾ।
ਆਓ ਅਸੀਂ ਆਈਆਈਐੱਮ ਸ਼ਿਲਾਂਗ ਵਿਖੇ ਆਪਣੇ ਆਖਰੀ ਭਾਸ਼ਣ ਵਿੱਚ ਵਾਤਾਵਰਣ ਪ੍ਰਤੀ ਆਪਣੀ ਚਿੰਤਾ ਜ਼ਾਹਿਰ ਕਰਦੇ ਹੋਏ ਡਾ. ਕਲਾਮ ਦੇ ਸ਼ਬਦ ਯਾਦ ਕਰੀਏ। ਉਨ੍ਹਾਂ ਬਾਰ ਬਾਰ ਕਿਹਾ ਸੀ ਕਿ ਸਾਡੇ ਆਪਣੇ ਸੌਰ ਮੰਡਲ ਵਿੱਚ ਇੱਕ ਹੀ ਰਹਿਣਯੋਗ ਗ੍ਰਹਿ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਧਰਤੀ ਦੀ ਰਾਖੀ ਕਰੀਏ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਰਹਿਣਯੋਗ ਗ੍ਰਹਿ ਛੱਡ ਦੇਈਏ। ਉਨ੍ਹਾਂ ਨੇ ਮਨੁੱਖਤਾ ਨੂੰ ਉਸ ਨੁਕਸਾਨ ਬਾਰੇ ਚੇਤਾਵਨੀ ਦਿੱਤੀ ਜੋ ਅਸੀਂ ਵਿਕਾਸ ਦੀ ਅੰਨ੍ਹੀ ਜੂਝ ਵਿੱਚ ਕੁਦਰਤ ਨੂੰ ਪਹੁੰਚਾਇਆ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮਾਂ ਆ ਗਿਆ ਹੈ ਕਿ ਅਸੀਂ ਡਾ. ਕਲਾਮ ਦੀ ਕਠੋਰ ਸਲਾਹ ‘ਤੇ ਅਮਲ ਕਰੀਏ ਅਤੇ ਵਿਕਾਸ ਦਾ ਅਜਿਹਾ ਰਾਹ ਅਪਣਾਈਏ ਜੋ ਟਿਕਾਊ ਅਤੇ ਵਾਤਾਵਰਣ ਪੱਖੋਂ ਅਨੁਕੂਲ ਹੋਵੇ। ਉਨ੍ਹਾਂ ਅੱਗੇ ਕਿਹਾ “ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਇਨੋਵੇਟਿਵ ਤਕਨੀਕੀ ਹੱਲ ਕੱਢਣੇ ਚਾਹੀਦੇ ਹਨ ਜੋ ਊਰਜਾ-ਦਕਸ਼, ਸਵੱਛ ਅਤੇ ਕਿਫਾਇਤੀ ਹੋਣ।”
ਇੱਕ ਵਿਆਪਕ ਪੁਸਤਕ ਲੈ ਕੇ ਆਉਣ ਲਈ ਉਨ੍ਹਾਂ ਡਾ. ਪਿਲੱਈ ਦੀ ਸ਼ਲਾਘਾ ਕੀਤੀ ਅਤੇ ਉਮੀਦ ਕੀਤੀ ਕਿ ਹੋਰ ਬਹੁਤ ਸਾਰੇ ਲੋਕ ਡਾ. ਕਲਾਮ ਨਾਲ ਉਹਨਾਂ ਦੇ ਨਿਜੀ ਤਜ਼ਰਬਿਆਂ ਬਾਰੇ ਦੱਸਣ ਵਾਲੀਆਂ ਅਜਿਹੀਆਂ ਕਿਤਾਬਾਂ ਲੈ ਕੇ ਆਉਣਗੇ ਅਤੇ ਅਜੋਕੀ ਪੀੜ੍ਹੀ ਦੀ ਰਹਿਨੁਮਾਈ ਕਰਨਗੇ ਕਿ ਉਹ ਕਿਵੇਂ ਹਰ ਸਮੇਂ ਦੇਸ਼ ਬਾਰੇ ਸੋਚਦੇ ਸਨ।
ਇਸ ਵਰਚੁਅਲ ਈਵੈਂਟ ਵਿੱਚ ਪੁਸਤਕ ਦੇ ਲੇਖਕ, ਡਾ. ਏ ਸਿਵਾਥਨੁ ਪਿਲੱਈ, ਇਸਰੋ ਦੇ ਪ੍ਰੋਫੈਸਰ ਡਾ. ਵਾਈਐੱਸ ਰਾਜਨ, ਪੈਂਟਾਗਨ ਪ੍ਰੈੱਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਰਾਜਨ ਆਰਿਯਾ ਹਾਜ਼ਰ ਸ਼ਖਸੀਅਤਾਂ ਵਿੱਚ ਸ਼ਾਮਲ ਸਨ।
*********
ਐੱਮਐੱਸ / ਡੀਪੀ
(Release ID: 1678084)
Visitor Counter : 252