ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਪ੍ਰਕਾਸ਼ ਜਾਵਡੇਕਰ ਤੇ ਸ਼੍ਰੀ ਹਰਦੀਪ ਸਿੰਘ ਪੁਰੀ ਨੇ ‘ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ’ ਪੁਸਤਕ ਰਿਲੀਜ਼ ਕੀਤੀ

Posted On: 30 NOV 2020 4:45PM by PIB Chandigarh

 

 

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨਾਲ ਇੱਕ ਪੁਸਤਿਕਾ ‘ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ’ ਰਿਲੀਜ਼ ਕੀਤੀ। ਇਹ ਪੁਸਤਕ ਤਿੰਨ ਭਾਸ਼ਾਵਾਂ ਹਿੰਦੀ, ਪੰਜਾਬੀ ਤੇ ਅੰਗ੍ਰੇਜ਼ੀ ਵਿੱਚ ਜਾਰੀ ਕੀਤੀ ਗਈ ਹੈ। 

 

 

 

 

ਇਸ ਮੌਕੇ ਸ਼੍ਰੀ ਹਰਦੀਪ ਪੁਰੀ ਨੇ ਸ਼੍ਰੀ ਜਾਵਡੇਕਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਇਹ ਪੁਸਤਕ ਪ੍ਰਕਾਸ਼ਿਤ ਕਰਨ ਲਈ ਮੁਬਾਰਕਬਾਦ ਦਿੱਤੀ। ਸ਼੍ਰੀ ਪੁਰੀ ਨੇ ਇੱਕ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਲਏ ਗਏ ਉਹ ਬਿਲਕੁਲ ਨਿਵੇਕਲੀ ਕਿਸਮ ਦੇ ਫ਼ੈਸਲੇ ਗਿਣਵਾਏ, ਜਿਨ੍ਹਾਂ ਦਾ ਜ਼ਿਕਰ ਅੱਜ ਜਾਰੀ ਕੀਤੀ ਗਈ ਇਸ ਪੁਸਤਿਕਾ ਵਿੱਚ ਦਰਜ ਹੈ।

 

ਉਨ੍ਹਾਂ ਫ਼ੈਸਲਿਆਂ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇੰਗਲੈਂਡ ਅਤੇ ਕੈਨੇਡਾ ਦੀ ਇੱਕ ਯੂਨੀਵਰਸਿਟੀ ’ਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਇੱਕ ਚੇਅਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਕੈਨੇਡਾ ਵਿੱਚ ਇਸ ਨੂੰ ਸਥਾਪਿਤ ਕਰਨ ਲਈ ਗੱਲ ਚਲ ਰਹੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਜੋ ਵੀ ਫ਼ੈਸਲੇ ਲਏ ਗਏ ਹਨ, ਉਹ ਰਿਕਾਰਡ ਸਮੇਂ ਅੰਦਰ ਲਾਗੂ ਵੀ ਹੋ ਚੁੱਕੇ ਹਨ। ਉਨ੍ਹਾਂ ਛੋਟੇ ਤੋਂ ਛੋਟੇ ਇੰਤਜ਼ਾਮਾਂ ਦੀ ਨਿਜੀ ਨਿਗਰਾਨੀ ਕਰਨ ਲਈ ਪ੍ਰਧਾਨ ਮੰਤਰੀ ਨੂੰ ਕ੍ਰੈਡਿਟ ਦਿੱਤਾ ਤੇ ਉਹ ਕਰਤਾਰਪੁਰ ਸਾਹਿਬ ਲਾਂਘੇ ਲਈ ਪਹਿਲੇ ਜਥੇ ਨੂੰ ਰਵਾਨਾ ਕਰਨ ਲਈ ਵੀ ਖ਼ੁਦ ਪਹੁੰਚੇ ਸਨ।

 

ਹੋਰ ਅਹਿਮ ਫ਼ੈਸਲਿਆਂ ਵਿੱਚ ਮੰਤਰੀ ਨੇ ਲੰਗਰਾਂ ਉੱਤੇ ਕੋਈ ਟੈਕਸ ਨਾ ਲਾਉਣ, ਸ੍ਰੀ ਹਰਿਮੰਦਰ ਸਾਹਿਬ ਨੂੰ ਐੱਫ਼ਸੀਆਰਏ ਰਜਿਸਟ੍ਰੇਸ਼ਨ, ਵਿਸ਼ਵ ਸੰਗਤ ਦੀ ਸ਼ਮੂਲੀਅਤ ਦੀ ਇਜਾਜ਼ਤ ਦੇਣ, ਸਿੱਖ ਕਮਿਊਨਿਟੀ ਤੇ ਹੋਰਨਾਂ ਦੀ ਮੰਗ ਉੱਤੇ ‘ਕਾਲ਼ੀ–ਸੂਚੀ’ ਵਿੱਚ ਸੋਧ ਜਿਹੇ ਫ਼ੈਸਲੇ ਉਜਾਗਰ ਕੀਤੇ।

 

ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਟਿਕਾਊ ਵਿਕਾਸ ਤੇ ਮਹਿਲਾ ਸਸ਼ਕਤੀਕਰਣ ਬਾਰੇ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ ਅਤੇ ਕਿਹਾ ਕਿ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਸਰਕਾਰ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਹੈ।

 

ਸ਼੍ਰੀ ਅਮਿਤ ਖਰੇ, ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੀ ਇਸ ਮੌਕੇ ਮੌਜੂਦ ਸਨ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਬਿਊਰੋ ਆਵ੍ ਆਊਟਰੀਚ ਕਮਿਊਨੀਕੇਸ਼ਨ ਵੱਲੋਂ ਤਿਆਰ ਕੀਤੀ ਇਹ ਪੁਸਤਿਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੀ ਗਈ ਹੈ।

ਪੁਸਤਕ ਇਸ ਲਿੰਕ ਉੱਤੇ ਦੇਖੀ ਜਾ ਸਕਦੀ ਹੈ- https://static.pib.gov.in/WriteReadData/userfiles/English.pdf

 

https://youtu.be/iynh6_aZeHo

 

*****

ਸੌਰਭ ਸਿੰਘ


(Release ID: 1677174) Visitor Counter : 200