ਆਯੂਸ਼

ਪ੍ਰਧਾਨ ਮੰਤਰੀ ਨੇ 5ਵੇਂ ਆਯੁਰਵੇਦ ਦਿਵਸ 'ਤੇ ਭਵਿੱਖ ਦੇ ਲਈ ਤਿਆਰ ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ

ਏਕੀਕ੍ਰਿਤ ਚਿਕਿਤਸਾ ਪ੍ਰਣਾਲੀਆਂ ਅਪਣਾ ਕੇ ਸਿਹਤ ਸਬੰਧੀ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ

21ਵੀਂ ਸਦੀ ਵਿੱਚ ਇੱਕ ਮਹੱਤਵਪੂਰਨ ਗਲੋਬਲ ਭੂਮਿਕਾ ਨਿਭਾਉਣ ਲਈ ਆਯੁਰਵੇਦ ਨਾਲ ਸਬੰਧਿਤ ਪ੍ਰਮਾਣ ਅਧਾਰਿਤ ਖੋਜ ਵਿਵਸਥਾ ਵਿਕਸਿਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ

ਵਿਸ਼ਵ ਸਿਹਤ ਸੰਗਠਨ ਭਾਰਤ ਵਿੱਚ ਰਵਾਇਤੀ ਚਿਕਿਤਸਾ ਲਈ ਗਲੋਬਲ ਕੇਂਦਰ ਦੀ ਸਥਾਪਨਾ ਕਰੇਗਾ: ਡਾਇਰੈਕਟਰ ਜਨਰਲ, ਵਿਸ਼ਵ ਸਿਹਤ ਸੰਗਠਨ

Posted On: 13 NOV 2020 12:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 5ਵਾਂ ਆਯੁਰਵੇਦ ਦਿਵਸ ਮਨਾਉਣ ਮੌਕੇ ਵੀਡੀਓ ਕਾਨਫਰੰਸਿੰਗ ਰਾਹੀਂ  ਭਵਿੱਖ ਦੇ ਲਈ ਤਿਆਰ, ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਪ੍ਰਧਾਨ ਮੰਤਰੀ ਨੇ ਇੱਕ ਰਾਸ਼ਟਰੀ ਮਹੱਤਵ ਦੀ ਸੰਸਥਾ, ਦ ਇੰਸਟੀਟਿਊਟ ਆਵ੍ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦਾ (ਆਈਟੀਆਰਏ), ਜਾਮਨਗਰ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਡੀਮਡ ਯੂਨੀਵਰਸਿਟੀ ਦੀ ਮਾਨਤਾ ਪ੍ਰਾਪਤ ਸੰਸਥਾ, ਦ ਨੈਸ਼ਨਲ ਇੰਸਟੀਟਿਊਟ ਆਵ੍ ਆਯੁਰਵੇਦਾ (ਐੱਨਆਈਏ), ਜੈਪੁਰ ਰਾਸ਼ਟਰ ਨੂੰ ਸਮਰਪਿਤ ਕੀਤੀਆਂ।

 

ਇਸ ਸਮਾਰੋਹ ਵਿੱਚ ਆਯੂਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਨਾਇਕ, ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ, ਗੁਜਰਾਤ ਦੇ ਰਾਜਪਾਲ, ਸ਼੍ਰੀ ਆਚਾਰੀਆ ਦੇਵਵ੍ਰਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਭਾਈ ਰੁਪਾਣੀ ਨੇ ਵਰਚੁਅਲੀ ਹਿੱਸਾ ਲਿਆ।

 

ਪ੍ਰਧਾਨ ਮੰਤਰੀ ਨੇ ਰਵਾਇਤੀ ਚਿਕਿਤਸਾ ਦੀ ਅਮੀਰ ਵਿਰਾਸਤ ਦਾ ਉੱਲੇਖ ਕੀਤਾ ਜਿਸ ਦਾ ਕਿ ਭਾਰਤ ਨੂੰ ਵਰਦਾਨ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਦੀ ਗਲੋਬਲ  ਮਹਾਮਾਰੀ ਦੇ ਦੌਰਾਨ ਆਯੁਰਵੇਦਿਕ ਔਸ਼ਧੀਆਂ ਅਤੇ ਇਨ੍ਹਾਂ ਤੋਂ ਹੋਣ ਵਾਲੇ ਕੁਦਰਤੀ ਲਾਭ ਦੇ ਮਹੱਤਵ ਨੂੰ ਬਖੂਬੀ ਸਮਝਿਆ ਗਿਆ। ਪ੍ਰਧਾਨਮੰਤਰੀ ਨੇ ਕਿਹਾ ਕਿ ਹੁਣ ਨਿਵਾਰਣ ਅਤੇ ਵੈੱਲਨੈੱਸ ਅਤੇ ਲੋਕਾਂ ਦੀ ਸਮੁੱਚੀ ਤੰਦਰੁਸਤੀ ਅਤੇ ਸਿਹਤ ਲਈ ਸੰਪੂਰਨ ਅਤੇ ਏਕੀਕ੍ਰਿਤ ਚਿਕਿਤਸਾ ਪ੍ਰਣਾਲੀਆਂ ਦੀ ਮਹੱਤਤਾ ਉੱਤੇ ਫੋਕਸ ਕੀਤਾ ਜਾ ਰਿਹਾ ਹੈ। ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੇ ਵਿਸ਼ਵ ਦੇ ਸਾਹਮਣੇ ਆਯੁਰਵੇਦ ਦੀ ਸਮਰੱਥਾ ਅਤੇ ਸ਼ਕਤੀ ਦਾ ਬਖੂਬੀ ਪ੍ਰਦਰਸ਼ਨ ਕੀਤਾ ਹੈ। ਹੁਣ ਇਹ ਮਹੱਤਵਪੂਰਨ ਹੈ ਕਿ ਵਿਗਿਆਨਿਕ ਪੱਧਤੀ ਅਤੇ ਸਬੂਤ ਅਧਾਰਿਤ ਖੋਜ ਢਾਂਚਾ ਤਿਆਰ ਕੀਤਾ ਜਾਵੇ ਤਾਕਿ 21ਵੀਂ ਸਦੀ ਵਿੱਚ ਅੱਗੇ ਵਧਣ ਲਈ ਆਧੁਨਿਕ ਗਿਆਨ ਵਿਵਸਥਾ ਬਣਾਈ ਜਾ ਸਕੇ। ਉਨ੍ਹਾਂ ਉੱਲੇਖ ਕੀਤਾ ਕਿ ਏਕੀਕ੍ਰਿਤ ਮੈਡੀਸਿਨ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ  ਭਾਰਤ ਨੂੰ  ਵਿਸ਼ਵ ਦੀ ਫਾਰਮੇਸੀ ਵਜੋਂ ਜਾਣਿਆ ਜਾਂਦਾ ਹੈ ਅਤੇ ਪ੍ਰਮਾਣ ਅਧਾਰਿਤ ਖੋਜ ਨਾਲ ਅਸੀਂ ਰਵਾਇਤੀ ਔਸ਼ਧੀ ਪ੍ਰਣਾਲੀਆਂ ਅਤੇ ਆਯੁਰਵੇਦ ਨੂੰ ਨਵੀਂ ਉਚਾਈਆਂ ਤੇ ਲਿਜਾ ਸਕਦੇ ਹਾਂ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਦੌਰਾਨ ਆਯੁਰਵੇਦਿਕ ਉਤਪਾਦਾਂ ਦੀ ਮੰਗ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਆਯੁਰਵੇਦਿਕ ਉਤਪਾਦਾਂ ਦੇ ਨਿਰਯਾਤ ਵਿੱਚ ਲਗਭਗ 45 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਦੀ, ਸੁੰਢ ਜੋ ਕਿ ਇਮਿਊਨਿਟੀ ਬੂਸਟਰ ਮੰਨੇ ਜਾਂਦੇ ਹਨ, ਦੇ ਨਿਰਯਾਤ ਵਿੱਚ ਮਹੱਤਵਪੂਰਨ ਵਾਧਾ, ਵਿਸ਼ਵ ਵਿੱਚ ਆਯੁਰਵੇਦਿਕ ਸਮਾਧਾਨਾਂ ਅਤੇ ਭਾਰਤੀ ਮਸਾਲਿਆਂ ਵਿੱਚ ਵਿਸ਼ਵਾਸ ਦੇ ਅਚਾਨਕ  ਵਾਧੇ ਨੂੰ  ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕੋਰੋਨਾ ਕਾਲ ਦੇ ਦੌਰਾਨ ਫੋਕਸ ਸਿਰਫ ਆਯੁਰਵੇਦ ਦੀ ਵਰਤੋਂ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਦੇਸ਼ ਅਤੇ ਵਿਸ਼ਵ ਵਿੱਚ ਆਯੁਸ਼ ਨਾਲ ਸਬੰਧਤ ਐਡਵਾਂਸਡ ਖੋਜ ਨੂੰ ਅੱਗੇ ਵਧਾਉਣ ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਯੁਰਵੇਦ ਹੁਣ ਸਿਰਫ ਇੱਕ ਵਿਕਲਪ ਨਹੀਂ ਰਿਹਾ ਬਲਕਿ ਦੇਸ਼ ਦੀ ਸਿਹਤ ਨੀਤੀ ਅਤੇ ਸਿਹਤ ਗਤੀਵਿਧੀਆਂ ਦਾ ਇੱਕ ਬੁਨਿਆਦੀ ਥੰਮ੍ਹ ਹੈ।

 

ਪ੍ਰਧਾਨ ਮੰਤਰੀ ਨੇ ਦੋਹਾਂ ਪ੍ਰਮੁੱਖ ਸੰਸਥਾਵਾਂ ਨੂੰ ਵਧਾਈ ਦਿੱਤੀ ਅਤੇ ਤਾਕੀਦ ਕੀਤੀ ਕਿ ਉਹ ਆਧੁਨਿਕ ਮੈਡੀਸਿਨ ਦੇ ਖੇਤਰ ਵਿੱਚ ਉੱਭਰਦੀਆਂ ਨਵੀਆਂ ਚੁਣੌਤੀਆਂ ਅਤੇ ਨਵੇਂ ਮੌਕਿਆਂ ਦੇ ਅਨੁਸਾਰ ਨਵਾਂ ਪਾਠਕ੍ਰਮ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ। ਉਨ੍ਹਾਂ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੂੰ ਇਸ ਉੱਤੇ ਕੰਮ ਕਰਨ ਦੀ ਤਾਕੀਦ ਕੀਤੀ ਜਿਸ ਨਾਲ ਡੌਕਟਰਲ ਅਤੇ ਪੋਸਟ-ਡੌਕਟਰਲ ਅਧਿਐਨਾਂ ਲਈ ਵੀ ਰਸਤਾ ਖੁੱਲ੍ਹੇਗਾ।

 

 ਉਨ੍ਹਾਂ ਨੇ ਨਿਜੀ ਖੇਤਰ ਅਤੇ ਸਟਾਰਟਅੱਪਸ ਨੂੰ ਗਲੋਬਲ ਮੰਗਾਂ ਦਾ ਅਧਿਐਨ ਕਰਨ ਅਤੇ ਇਸ ਸੈਕਟਰ ਵਿੱਚ ਵੋਕਲ ਫਾਰ ਲੋਕਲ ਦੇ ਚੈਂਪੀਅਨ ਬਣਨ ਦੀ ਅਪੀਲ ਕੀਤੀ। ਉਨ੍ਹਾਂ  ਕਿਹਾ ਕਿ ਵਿਸ਼ਵ ਭਰ ਵਿੱਚ ਹੈਲਥ ਅਤੇ ਵੈੱਲਨੈੱਸ ਦੇ ਖੇਤਰ ਵਿੱਚ ਅਸੀਂ ਉੱਘੀ ਭੂਮਿਕਾ ਨਿਭਾਵਾਂਗੇ।

 

ਵੈੱਲਨੈੱਸ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਵਿੱਚ ਲਗਭਗ 1.5 ਲੱਖ ਹੈਲਥ  ਅਤੇ ਵੈੱਲਨੈੱਸ ਸੈਂਟਰ ਸਥਾਪਿਤ ਕੀਤੇ ਜਾਣ ਦਾ ਜ਼ਿਕਰ ਕੀਤਾ। ਇਨ੍ਹਾਂ ਵਿੱਚੋਂ 12,500 ਕੇਂਦਰ, ਆਯੁਸ਼ ਵੈੱਲਨੈੱਸ ਸੈਂਟਰ ਹੋਣਗੇ ਜਿੱਥੇ ਏਕੀਕ੍ਰਿਤ ਔਸ਼ਧੀ ਪ੍ਰਣਾਲੀ ਨਾਲ ਚਿਕਿਤਸਾ ਉਪਲੱਬਧ ਕਰਾਈ ਜਾਵੇਗੀ।

 

ਵਰਲਡ ਹੈਲਥ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਅਧਨੋਮ ਘੇਬ੍ਰੇਯਸਸ ਨੇ ਇਸ ਮੌਕੇ ਇੱਕ ਵੀਡੀਓ ਸੰਦੇਸ਼ ਦਿੱਤਾ ਅਤੇ ਪ੍ਰਧਾਨ ਮੰਤਰੀ ਦੀ ਆਯੁਸ਼ਮਾਨ ਭਾਰਤ ਦੇ ਤਹਿਤ ਵਿਸ਼ਵਵਿਆਪੀ ਕਵਰੇਜ ਪ੍ਰਤੀ ਪ੍ਰਤੀਬੱਧਤਾ ਅਤੇ ਸਿਹਤ ਨਾਲ ਜੁੜੇ ਉਦੇਸ਼ਾਂ ਦੀ ਪ੍ਰਾਪਤੀ ਲਈ ਰਵਾਇਤੀ ਮੈਡੀਸਿਨ ਦੇ ਪ੍ਰਮਾਣ ਅਧਾਰਿਤ ਪ੍ਰੋਤਸਾਹਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਰਵਾਇਤੀ ਚਿਕਿਤਸਾ ਦਾ ਗਲੋਬਲ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਗਲੋਬਲ ਸੈਂਟਰ ਆਵ੍ ਟ੍ਰਾਡੀਸ਼ਨਲ ਮੈਡੀਸਿਨ ਲਈ ਭਾਰਤ ਦੀ ਚੋਣ ਕਰਨ ਵਾਸਤੇ ਡਬਲਯੂਐੱਚਓ ਅਤੇ ਡਾਇਰੈਕਟਰ ਜਨਰਲ ਦਾ ਧੰਨਵਾਦ ਕੀਤਾ। ਡਾ. ਟੇਡ੍ਰੋਸ ਨੇ ਕਿਹਾ ਕਿ ਆਯੁਰਵੇਦ ਇੱਕ ਭਾਰਤੀ ਵਿਰਾਸਤ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਦਾ ਰਵਾਇਤੀ ਗਿਆਨ ਦੂਜੇ ਦੇਸ਼ਾਂ ਨੂੰ ਵੀ ਸਮ੍ਰਿੱਧ ਬਣਾ ਰਿਹਾ ਹੈ।

 

ਆਯੁਸ਼ ਮੰਤਰਾਲਾ, ਸਾਲ 2016 ਤੋਂ, ਹਰ ਸਾਲ ਧਨਵੰਤਰੀ ਜਯੰਤੀ (ਧਨਤੇਰਸ) ਦੇ ਮੌਕੇ  ਤੇ  ''ਆਯੁਰਵੇਦ ਦਿਵਸ'' ਮਨਾਉਂਦਾ ਆ ਰਿਹਾ ਹੈ।

 

ਆਈਟੀਆਰਏ, ਜਾਮਨਗਰ: ਸੰਸਦ ਦੇ ਇੱਕ ਐਕਟ ਦੇ ਜ਼ਰੀਏ ਹਾਲ ਹੀ ਵਿੱਚ ਸਥਾਪਿਤ ਕੀਤੀ ਗਈ, ਇੰਸਟੀਟਿਊਟ ਆਵ੍ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ (ਆਈਟੀਆਰਏ) ਇੱਕ ਵਿਸ਼ਵ ਪੱਧਰੀ ਸਿਹਤ ਦੇਖਭਾਲ ਸੰਸਥਾ ਵਜੋਂ ਉੱਭਰਨ ਲਈ ਤਿਆਰ ਹੈ। ਆਈਟੀਆਰਏ ਦੇ 12 ਵਿਭਾਗ, ਤਿੰਨ ਕਲੀਨਿਕਲ ਪ੍ਰਯੋਗਸ਼ਾਲਾ ਅਤੇ ਤਿੰਨ ਖੋਜ ਪ੍ਰਯੋਗਸ਼ਾਲਾ ਹਨ। ਇਹ ਰਵਾਇਤੀ ਚਿਕਿਤਸਾ ਦੇ ਖੋਜ ਕਾਰਜਾਂ ਵਿੱਚ ਵੀ ਮੋਹਰੀ ਹੈ, ਅਤੇ ਇਸ ਵੇਲੇ ਇਹ 33 ਖੋਜ ਪ੍ਰੋਜੈਕਟਾਂ ਦਾ ਸੰਚਾਲਨ ਕਰ ਰਹੀ ਹੈ। ਆਈਟੀਆਰਏ ਦਾ ਗਠਨ ਗੁਜਰਾਤ ਆਯੁਰਵੇਦ ਯੂਨੀਵਰਸਿਟੀ ਕੈਂਪਸ, ਜਾਮਨਗਰ ਵਿਖੇ ਚਾਰ ਆਯੁਰਵੇਦ ਸੰਸਥਾਨਾਂ ਦੇ ਸਮੂਹ ਨੂੰ ਇਕੱਠਿਆਂ ਕਰਕੇ ਕੀਤਾ ਗਿਆ ਹੈ। ਇਹ ਆਯੁਸ਼ ਸੈਕਟਰ ਦੀ ਪਹਿਲੀ ਸੰਸਥਾ ਹੈ ਜਿਸ ਨੂੰ ਰਾਸ਼ਟਰੀ ਮਹੱਤਵ ਦੇ ਸੰਸਥਾਨ (ਆਈਐੱਨਆਈ) ਦਾ ਦਰਜਾ ਪ੍ਰਾਪਤ ਹੈ। ਅੱਪਗ੍ਰੇਡਿਡ ਸਥਿਤੀ ਦੇ ਨਾਲ, ਆਈਟੀਆਰਏ ਕੋਲ ਆਯੁਰਵੇਦ ਸਿੱਖਿਆ ਦੇ ਮਿਆਰ ਨੂੰ ਅੱਪਗ੍ਰੇਡ ਕਰਨ ਦੀ ਖੁਦਮੁਖ਼ਤਿਆਰੀ ਹੋਵੇਗੀ ਕਿਉਂਕਿ ਇਹ ਆਧੁਨਿਕ, ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੀ ਪਾਠਕ੍ਰਮ ਨਿਰਧਾਰਿਤ ਕਰੇਗੀ।

 

ਐੱਨਆਈਏ, ਜੈਪੁਰ: ਦੇਸ਼ ਦੀ ਇੱਕ ਪ੍ਰਤਿਸ਼ਠਿਤ ਆਯੁਰਵੇਦ ਸੰਸਥਾ, ਐੱਨਆਈਏ ਨੂੰ ਡੀਮਡ ਯੂਨੀਵਰਸਿਟੀ (ਡੀ ਨੋਵੋ ਕੈਟੇਗਰੀ) ਦਾ ਦਰਜਾ ਮਿਲਣਾ ਇਸ ਦੀ ਵੱਡੀ ਉਪਲੱਬਧੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਪ੍ਰਮਾਣਿਕ ਆਯੁਰਵੇਦ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਅੱਗੇ ਵਧਾਉਣ ਵਿੱਚ ਐੱਨਆਈਏ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਇਸ ਵੇਲੇ ਐੱਨਆਈਏ ਕੋਲ 14 ਵਿਭਿੰਨ ਵਿਭਾਗ ਹਨ। ਇਸ ਵਿੱਚ 2019-20 ਦੌਰਾਨ 955 ਵਿਦਿਆਰਥੀਆਂ ਅਤੇ 75 ਫੈਕਲਟੀਸ ਦੇ ਨਾਲ ਬਹੁਤ ਚੰਗਾ ਵਿਦਿਆਰਥੀ- ਅਧਿਆਪਕ ਅਨੁਪਾਤ ਰਿਹਾ ਹੈ। ਇਹ ਆਯੁਰਵੇਦ ਵਿੱਚ ਸਰਟੀਫਿਕੇਟ ਤੋਂ ਲੈ ਕੇ ਡੌਕਟੋਰੇਟ ਪੱਧਰ ਤੱਕ ਦੇ ਬਹੁਤ ਸਾਰੇ ਕੋਰਸ ਕਰਾਉਂਦੀ ਹੈ। ਅਤਿ ਆਧੁਨਿਕ ਲੈਬ ਸਹੂਲਤਾਂ ਦੇ ਨਾਲ, ਐੱਨਆਈਏ ਖੋਜ ਕਾਰਜਾਂ ਵਿੱਚ ਵੀ ਮੋਹਰੀ ਰਹੀ ਹੈ। ਇਸ ਵੇਲੇ ਇਹ 54 ਵੱਖ-ਵੱਖ ਖੋਜ ਪ੍ਰੋਜੈਕਟਾਂ ਦਾ ਸੰਚਾਲਨ ਕਰਦੀ ਹੈ। ਡੀਮਡ ਯੂਨੀਵਰਸਿਟੀ (ਡੀ ਨੋਵੋ ਸ਼੍ਰੇਣੀ) ਹੋਣ ਦੇ ਨਾਲ, ਨੈਸ਼ਨਲ ਇੰਸਟੀਟਿਊਟ ਤੀਸਰੇ ਦਰਜੇ ਦੀ ਸਿਹਤ ਦੇਖਭਾਲ, ਸਿੱਖਿਆ ਅਤੇ ਖੋਜ ਦੇ ਉੱਚੇ ਮਿਆਰਾਂ ਨੂੰ ਪ੍ਰਾਪਤ ਕਰਕੇ ਨਵੀਆਂ ਉਚਾਈਆਂ ਤੇ ਪਹੁੰਚਣ ਲਈ ਤਿਆਰ ਹੈ।

 

***

 

ਐੱਮਵੀ



(Release ID: 1672825) Visitor Counter : 153