ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਦਾਰ ਪਟੇਲ ਉਹ ਨੇਤਾ ਹਨ ਜਿਨ੍ਹਾਂ ਦੀ ਮੈਂ ਸਭ ਤੋਂ ਵੱਧ ਪ੍ਰਸ਼ੰਸਾ ਕਰਦਾ ਹਾਂ

ਉਪ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਸਰਦਾਰ ਪਟੇਲ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ


ਸਿਆਸਤਦਾਨਾਂ ਨੂੰ ਸਰਦਾਰ ਪਟੇਲ ਦੇ ਮਹਾਨ ਗੁਣਾਂ ਨੂੰ ਆਤਮਸਾਤ ਕਰਨਾ ਚਾਹੀਦਾ ਹੈ


ਉਪ ਰਾਸ਼ਟਰਪਤੀ ਨੇ ਆਪਣੀ ਇੱਛਾ ਪ੍ਰਗਟਾਈ ਕਿ ਹਰ ਬੱਚੇ ਨੂੰ ਸਰਦਾਰ ਪਟੇਲ ਦੇ ਜੀਵਨ ਅਤੇ ਯੋਗਦਾਨਾਂ ਤੋਂ ਜਾਣੂ ਕਰਵਾਇਆ ਜਾਵੇ


ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਭਾਵਭਿੰਨੀ ਸ਼ਰਧਾਂਜਲੀ ਭੇਟ

Posted On: 31 OCT 2020 11:51AM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਭਾਰਤ ਦੀ ਇਕਜੁੱਟਤਾ ਦੇ ਸੂਤਰਧਾਰ ਸਰਦਾਰ ਵੱਲਭਭਾਈ ਪਟੇਲ ਨੂੰ ਅੱਜ ਉਨ੍ਹਾਂ ਦੇ ਜਨਮ ਦਿਵਸ 'ਤੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਦਾਰ ਪਟੇਲ ਉਹ ਨੇਤਾ ਹਨ ਜਿਨ੍ਹਾਂ ਦੀ ਉਹ ਸਭ ਤੋਂ ਵੱਧ ਪ੍ਰਸ਼ੰਸਾ ਕਰਦੇ ਹਨ।

 

ਅੱਜ ਇੱਕ ਫੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਸਰਦਾਰ ਵੱਲਭਭਾਈ ਪਟੇਲ ਦੁਆਰਾ ਪਾਏ ਮਹਾਨ ਯੋਗਦਾਨ ਨੂੰ ਯਾਦ ਕਰਦਿਆਂ ਦੇਸ਼ ਦੇ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਿਰਾਸਤ ਨੂੰ ਫਿਰ ਤੋਂ ਜੀਵੰਤ ਕਰਨ ਅਤੇ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਯਾਦ ਰੱਖਣ।

 

ਸ਼੍ਰੀ ਨਾਇਡੂ ਨੇ ਸਰਦਾਰ ਪਟੇਲ ਦੀ ਭਾਰਤ ਦੇ ਏਕੀਕਰਨ ਦੀ ਯਾਦਗਾਰੀ ਪ੍ਰਾਪਤੀ ਲਈ ਪ੍ਰਸੰਸਾ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇੱਕ ਨਾਜ਼ੁਕ ਮੋੜ ਤੇ ਸਰਦਾਰ ਪਟੇਲ ਨੇ ਭਾਰਤ ਦੀ ਖੇਤਰੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀ ਸੰਜੀਦਗੀ, ਸਰਲਤਾ, ਹੁਨਰ, ਅਨੁਭਵ ਅਤੇ ਸਬਰ ਦੀ ਵਰਤੋਂ ਕੀਤੀ। ਉਨ੍ਹਾਂ ਨੇ ਕਿਹਾ, "ਸਾਵਧਾਨੀਪੂਰਨ ਯੋਜਨਾਬੰਦੀ, ਗੱਲਬਾਤ, ਸਲਾਹ-ਮਸ਼ਵਰੇ ਅਤੇ ਸਮਝਦਾਰੀ ਨਾਲ ਨਜਿੱਠਦਿਆਂ ਉਨ੍ਹਾਂ ਨੇ ਆਧੁਨਿਕ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀ ਵਿੱਚ ਸਾਰੀਆਂ ਰਿਆਸਤਾਂ ਨੂੰ ਇਕੱਠਾ ਕੀਤਾ।"

 

ਆਲ ਇੰਡੀਆ ਸਿਵਲ ਸੇਵਾਵਾਂ ਦੀ ਸਿਰਜਣਾ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਰਦਾਰ ਪਟੇਲ ਦੁਆਰਾ ਦਿੱਤਾ ਗਿਆ ਇੱਕ ਹੋਰ ਸ਼ਾਨਦਾਰ ਯੋਗਦਾਨ ਸੀ। ਉਨ੍ਹਾਂ ਨੇ ਕਿਹਾ ਕਿ ਪਟੇਲ ਨੇ ਇਨ੍ਹਾਂ ਸੇਵਾਵਾਂ ਦੀ ਕਲਪਨਾ ਭਾਰਤ ਦੇ ਸਟੀਲ ਫਰੇਮ ਵਜੋਂ ਕੀਤੀ ਸੀ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਹੋਰ ਰੱਖਿਆ ਕਰੇਗੀ।

 

ਉਨ੍ਹਾਂ ਨੇ ਅੱਗੇ ਕਿਹਾ, "ਪਟੇਲ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਪ੍ਰਸ਼ਾਸਨ ਵਿੱਚ ਭਾਈਵਾਲ ਮੰਨਦੇ ਸਨ ਅਤੇ ਉਨ੍ਹਾਂ ਤੋਂ ਇਮਾਨਦਾਰੀ ਅਤੇ ਇਮਾਨਦਾਰੀ ਦੇ ਉੱਚੇ ਮਿਆਰਾਂ ਨੂੰ ਬਣਾਈ ਰੱਖਣ ਦੀ ਉਮੀਦ ਕਰਦੇ ਸਨ।" ਉਪ ਰਾਸ਼ਟਰਪਤੀ ਨੇ ਦੱਸਿਆ ਕਿ ਪਟੇਲ ਦੁਆਰਾ ਦੇਸ਼ ਦੀ ਵੰਡ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਦੇ ਰੂਪ ਵਜੋਂ ਅੰਦਰੂਨੀ ਸਥਿਰਤਾ ਨੂੰ ਕਾਇਮ ਰੱਖਣ ਦੇ ਤਰੀਕੇ ਕਾਰਨ ਉਨ੍ਹਾਂ ਨੇ ਆਇਰਨ ਮੈਨਦੀ ਪ੍ਰਤਿਸ਼ਠਾ ਹਾਸਲ ਕੀਤੀ।

 

ਉਪ ਰਾਸ਼ਟਰਪਤੀ ਨੇ ਸਰਦਾਰ ਪਟੇਲ ਦੇ ਕੁਝ ਮਹਾਨ ਗੁਣਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ, “ਉਨ੍ਹਾਂ ਦਾ ਮਾਤ੍ਰਭੂਮੀ ਪ੍ਰਤੀ ਪਿਆਰ, ਲੀਡਰਸ਼ਿਪ ਦੇ ਗੁਣ, ਸਾਦਗੀ, ਇਮਾਨਦਾਰੀ, ਅਖੰਡਤਾ, ਜ਼ਮੀਨ ਨਾਲ ਜੁੜੇ ਹੋਣਾ, ਵਿਵਹਾਰਕ ਸਮੱਸਿਆਵਾਂ ਦੇ ਹੱਲ ਲਈ ਵਿਵਹਾਰਕ ਪਹੁੰਚ, ਦੁਨਿਆਵੀ ਗਿਆਨ, ਅਨੁਸ਼ਾਸਨ ਅਤੇ ਆਯੋਜਨ ਹੁਨਰ ਹਮੇਸ਼ਾ ਹਰ ਭਾਰਤੀ ਲਈ ਪ੍ਰੇਰਣਾ ਬਣੇ ਰਹਿਣਗੇ।’’ ਉਨ੍ਹਾਂ ਨੇ ਹਰ ਨਾਗਰਿਕ ਨੂੰ ਸਰਦਾਰ ਪਟੇਲ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।

 

ਆਪਣੀ ਇੱਛਾ ਪ੍ਰਗਟਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ, “ਮੈਂ ਹਰ ਬੱਚੇ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਅਤੇ ਯੋਗਦਾਨ ਤੋਂ ਜਾਣੂ ਕਰਾਉਣ ਦੀ ਆਪਣੀ ਦਿਲੀ ਇੱਛਾ ਦੱਸਣਾ ਚਾਹੁੰਦਾ ਹਾਂ। ਇਸੇ ਤਰ੍ਹਾਂ ਹਰੇਕ ਸਿਵਲ ਸੇਵਕ ਨੂੰ ਉਨ੍ਹਾਂ ਦੇ ਭਾਸ਼ਣ ਪੜ੍ਹਣੇ ਚਾਹੀਦੇ ਹਨ ਅਤੇ ਹਰ ਸਿਆਸਤਦਾਨ ਨੂੰ ਪਟੇਲ ਦੇ ਮਹਾਨ ਗੁਣਾਂ ਜਿਵੇਂ ਇਮਾਨਦਾਰੀ, ਦ੍ਰਿੜ੍ਹਤਾ ਅਤੇ ਲੋਕਾਂ ਦੇ ਹਿਤਾਂ ਨੂੰ ਦਿਲ ਵਿੱਚ ਰੱਖਣਾ ਚਾਹੀਦਾ ਹੈ।’’

 

****

 

ਵੀਆਰਆਰਕੇ/ਐੱਮਐੱਸ/ਡੀਪੀ



(Release ID: 1669112) Visitor Counter : 185