ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੋਵਿਡ–19 ਮਹਾਮਾਰੀ ਦੀ ਸਥਿਤੀ ਤੇ ਵੈਕਸੀਨ ਡਿਲਿਵਰੀ, ਵੰਡ ਤੇ ਪ੍ਰਸ਼ਾਸਨ ਬਾਰੇ ਬੈਠਕ ਹੋਈ

ਪ੍ਰਧਾਨ ਮੰਤਰੀ ਦੁਆਰਾ ਵੈਕਸੀਨਾਂ ਦੇ ਤਿਆਰ ਹੋਣ ਪਿੱਛੋਂ ਨਾਗਰਿਕਾਂ ਤੱਕ ਉਨ੍ਹਾਂ ਨੂੰ ਤੇਜ਼ੀ ਨਾਲ ਪਹੁੰਚਾਉਣ ਦਾ ਸੱਦਾ


ਪ੍ਰਧਾਨ ਮੰਤਰੀ ਨੇ ਵੈਕਸੀਨ ਡਿਲਿਵਰੀ ਪ੍ਰਣਾਲੀ ਬਿਲਕੁਲ ਚੋਣਾਂ ਕਰਵਾਉਣ ਵਾਂਗ ਵਿਕਸਿਤ ਕਰਨ, ਸਰਕਾਰਾਂ ਤੇ ਨਾਗਰਿਕਾਂ ਦੇ ਹਰ ਪੱਧਰ ਦੇ ਸਮੂਹਾਂ ਨੂੰ ਸ਼ਾਮਲ ਕਰਨ ਦਾ ਸੁਝਾਅ


ਭਾਰਤੀ ਵਿਗਿਆਨੀ ਤੇ ਖੋਜ ਟੀਮਾਂ ਗੁਆਂਢੀ ਦੇਸ਼ਾਂ ਵਿੱਚ ਤਾਲਮੇਲ ਕਾਇਮ ਕਰ ਕੇ ਖੋਜ ਸਮਰੱਥਾਵਾਂ ਮਜ਼ਬੂਤ ਕਰ ਰਹੀਆਂ ਹਨ


ਪਿਛਲੇ 3 ਹਫ਼ਤਿਆਂ ਦੌਰਾਨ ਰੋਜ਼ ਆਉਣ ਵਾਲੇ ਮਾਮਲਿਆਂ, ਵਾਧਾ ਦਰ ਤੇ ਮੌਤਾਂ ਵਿੱਚ ਹੋਈ ਸਪਸ਼ਟ ਕਮੀ


ਪ੍ਰਧਾਨ ਮੰਤਰੀ ਦੁਆਰਾ ਸਮਾਜਿਕ ਦੂਰੀ, ਕੋਵਿਡ ਲਈ ਉਚਿਤ ਵਿਵਹਾਰ ਤੇ ਤਿਉਹਾਰਾਂ ਦੇ ਆਉਂਦੇ ਮੌਸਮ ’ਚ ਸਵੈ–ਬੰਦਸ਼ ਦੀ ਅਪੀਲ


ਪ੍ਰਧਾਨ ਮੰਤਰੀ ਦੁਆਰਾ ਭਾਰਤ ਦੇ ਵਿਗਿਆਨਕ ਭਾਈਚਾਰੇ, ਆਈ ਟੀ ਉਦਯੋਗ ਸਮੇਤ ਉਦਯੋਗਾਂ, ਅਕਾਦਮਿਕ ਖੇਤਰ ਨੂੰ ਸਮੁੱਚੀ ਮਾਨਵਤਾ ਲਈ ਕੰਮ ਕਰਨ ਦਾ ਸੱਦਾ

Posted On: 17 OCT 2020 4:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਵਿੱਚ ਕੋਵਿਡ–19 ਮਹਾਮਾਰੀ ਦੀ ਸਥਿਤੀ ਅਤੇ ਵੈਕਸੀਨ ਡਿਲਿਵਰੀ, ਵੰਡ ਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਮੀਟਿੰਗ ਚ ਕੇਂਦਰੀ ਸਿਹਤ ਮੰਤਰੀ ਸ਼੍ਰੀ ਹਰਸ਼ ਵਰਘਨ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਨੀਤੀ ਆਯੋਗ ਦੇ ਮੈਂਬਰ (ਸਿਹਤ), ਪ੍ਰਿੰਸੀਪਲ ਵਿਗਿਆਨਕ ਸਲਾਹਕਾਰ, ਸੀਨੀਅਰ ਵਿਗਿਆਨੀਆਂ, ਪ੍ਰਧਾਨ ਮੰਤਰੀ ਦਫ਼ਤਰ ਤੇ ਭਾਰਤ ਸਰਕਾਰ ਦੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।

 

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੋਵਿਡ ਦੇ ਮਾਮਲਿਆਂ ਅਤੇ ਵਾਧਾ ਦਰ ਵਿੱਚ ਸਥਿਰਤਾ ਨਾਲ ਕਮੀ ਦਰਜ ਕੀਤੀ ਜਾ ਰਹੀ ਹੈ।

 

ਭਾਰਤ ਵਿੱਚ ਤਿੰਨ ਵੈਕਸੀਨਾਂ ਵਿਕਾਸ ਦੇ ਅਗਾਂਹਵਧੂ ਪੜਾਵਾਂ ਉੱਤੇ ਹਨ, ਜਿਨ੍ਹਾਂ ਵਿੱਚੋਂ ਦੋ ਪੜਾਅ II ਅਤੇ ਇੱਕ ਪੜਾਅ–III ’ਚ ਹਨ। ਭਾਰਤੀ ਵਿਗਿਆਨੀ ਤੇ ਖੋਜ ਟੀਮਾਂ ਗੁਆਂਢੀ ਦੇਸ਼ਾਂ ਅਫ਼ਗ਼ਾਨਿਸਤਾਨ, ਭੂਟਾਨ, ਬੰਗਲਾਦੇਸ਼, ਮਾਲਦੀਵਸ, ਮਾਰੀਸ਼ਸ, ਨੇਪਾਲ ਤੇ ਸ੍ਰੀ ਲੰਕਾ ਨਾਲ ਤਾਲਮੇਲ ਕਾਇਮ ਕਰ ਕੇ ਖੋਜ ਸਮਰੱਥਾਵਾਂ ਨੂੰ ਮਜ਼ਬੂਤ ਬਣਾ ਰਹੀਆਂ ਹਨ। ਬੰਗਲਾਦੇਸ਼, ਮਿਆਂਮਾਰ, ਕਤਰ ਤੇ ਭੂਟਾਨ ਵਿੱਚ ਅਜਿਹੀਆਂ ਬੇਨਤੀਆਂ ਆਈਆਂ ਹਨ ਕਿ ਉਨ੍ਹਾਂ ਦੇ ਦੇਸ਼ਾਂ ਵਿੱਚ ਕਲੀਨਿਕਲ ਪ੍ਰੀਖਣ ਕੀਤੇ ਜਾਣ। ਸਮੁੱਚੇ ਵਿਸ਼ਵ ਦੀ ਮਦਦ ਕਰਨ ਦੇ ਯਤਨ ਵਜੋਂ ਪ੍ਰਧਾਨ ਮੰਤਰੀ ਨੇ ਇਹ ਹਦਾਇਤ ਵੀ ਕੀਤੀ ਕਿ ਸਾਨੂੰ ਆਪਣੇ ਯਤਨ ਲਾਗਲੇ ਗੁਆਂਢੀ ਦੇਸ਼ਾਂ ਤੱਕ ਹੀ ਸੀਮਤ ਨਹੀਂ ਰੱਖਣੇ ਚਾਹੀਦੇ, ਬਲਕਿ ਵੈਕਸੀਨਾਂ, ਦਵਾਈਆਂ ਤੇ ਵੈਕਸੀਨ ਡਿਲਿਵਰੀ ਪ੍ਰਣਾਲੀ ਲਈ ਆਈਟੀ ਮੰਚਾਂ ਨੂੰ ਸਮੁੱਚੇ ਵਿਸ਼ਵ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ।

 

ਕੋਵਿਡ–19 ਲਈ ਵੈਕਸੀਨ ਪ੍ਰਸ਼ਾਸਨ ਬਾਰੇ ਰਾਸ਼ਟਰੀ ਮਾਹਿਰ ਸਮੂਹ’ (NEGVAC) ਨੇ ਰਾਜ ਸਰਕਾਰਾਂ ਤੇ ਹੋਰ ਸਾਰੀਆਂ ਸਬੰਧਿਤ ਧਿਰਾਂ ਨਾਲ ਸਲਾਹਮਸ਼ਵਰਾ ਕਰ ਕੇ ਵੈਕਸੀਨ ਦੇ ਭੰਡਾਰਣ, ਵੰਡ ਤੇ ਪ੍ਰਸ਼ਾਸਨ ਬਾਰੇ ਇੱਕ ਵਿਸਤ੍ਰਿਤ ਰੂਪਰੇਖਾ ਤਿਆਰ ਕਰ ਕੇ ਪੇਸ਼ ਕੀਤੀ ਹੈ। ਮਾਹਿਰਾਂ ਦਾ ਸਮੂਹ ਰਾਜਾਂ ਦੀ ਸਲਾਹ ਨਾਲ ਸਰਗਰਮੀ ਨਾਲ ਵੈਕਸੀਨ ਦੇ ਤਰਜੀਹੀਕਰਣ ਤੇ ਵੈਕਸੀਨ ਦੀ ਵੰਡ ਉੱਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਇਹ ਹਦਾਇਤ ਵੀ ਜਾਰੀ ਕੀਤੀ ਕਿ ਦੇਸ਼ ਦਾ ਵੱਡਾ ਭੂਗੋਲਿਕ ਖੇਤਰ ਤੇ ਇਸ ਵਿਭਿੰਨਤਾ ਨੂੰ ਧਿਆਨ ਚ ਰੱਖਦਿਆਂ ਵੈਕਸੀਨ ਦੀ ਤੇਜ਼ਰਫ਼ਤਾਰ ਨਾਲ ਪਹੁੰਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਲੌਜਿਸਟਿਕਸ, ਡਿਲਿਵਰੀ ਤੇ ਪ੍ਰਸ਼ਾਸਨ ਨੂੰ ਹਰ ਕਦਮ ਉੱਤੇ ਚੁਸਤ ਤੇ ਦਰੁਸਤ ਰੱਖਿਆ ਜਾਵੇ। ਇਸ ਵਿੱਚ ਕੋਲਡ ਸਟੋਰੇਜ ਲੜੀਆਂ, ਵੰਡ ਦੇ ਨੈੱਟਵਰਕ, ਨਿਗਰਾਨੀ ਪ੍ਰਬੰਧ, ਆਧੁਨਿਕ ਮੁੱਲਾਂਕਣ ਅਤੇ ਲੋੜੀਂਦੇ ਸਹਾਇਕ ਉਪਕਰਣਾਂ ਜਿਵੇਂ ਵਾਇਲਜ਼, ਸਿਰਿੰਜਾਂ ਆਦਿ ਦੀ ਤਿਆਰੀ ਦੀ ਆਧੁਨਿਕ ਯੋਜਨਾਬੰਦੀ ਹੋਣੀ ਚਾਹੀਦੀ ਹੈ।

 

ਉਨ੍ਹਾਂ ਇਹ ਵੀ ਹਦਾਇਤ ਜਾਰੀ ਕੀਤੀ ਕਿ ਸਾਨੂੰ ਦੇਸ਼ ਵਿੱਚ ਚੋਣਾਂ ਅਤੇ ਆਪਦਾ ਪ੍ਰਬੰਧਨ ਸਫ਼ਲਤਾਪੂਰਬਕ ਕਰਵਾਉਣ ਤੇ ਚਲਾਉਣ ਦਾ ਤਜਰਬਾ ਵਰਤਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਲਕੁਲ ਉਵੇਂ ਹੀ ਵੈਕਸੀਨ ਦੀ ਡਿਲਿਵਰੀ ਤੇ ਪ੍ਰਸ਼ਾਸਨ ਪ੍ਰਣਾਲੀਆਂ ਨੂੰ ਵੀ ਬਣਾਇਆ ਜਾਣਾ ਚਾਹੀਦਾ ਹੈ। ਇਸ ਵਿੱਚ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਜ਼ਿਲ੍ਹਾ ਪੱਧਰੀ ਅਧਿਕਾਰੀਆਂ, ਸਿਵਲ ਸੁਸਾਇਟੀ ਸੰਗਠਨਾਂ, ਵਲੰਟੀਅਰਾਂ, ਆਮ ਨਾਗਰਿਕਾਂ ਤੇ ਸਾਰੇ ਸਬੰਧਿਤ ਖੇਤਰਾਂ ਦੇ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸਮੁੱਚੀ ਪ੍ਰਕਿਰਿਆ ਦੀ ਆਈਟੀ (IT – ਸੂਚਨਾ ਟੈਕਨੋਲੋਜੀ) ਦੀ ਇੱਕ ਮਜ਼ਬੂਤ ਰੀੜ੍ਹ ਦੀ ਹੱਡੀ ਹੋਣੀ ਚਾਹੀਦੀ ਹੈ ਅਤੇ ਇਹ ਪ੍ਰਣਾਲੀ ਕੁਝ ਅਜਿਹੇ ਤਰੀਕੇ ਡਿਜ਼ਾਇਨ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਦਾ ਲਾਭ ਸਾਡੀ ਸਿਹਤਸੰਭਾਲ ਪ੍ਰਣਾਲੀ ਨੂੰ ਲੰਮੇ ਸਮੇਂ ਤੱਕ ਮਿਲਣਾ ਚਾਹੀਦਾ ਹੈ।

 

ਭਾਰਤ ਵਿੱਚ ਆਈਸੀਐੱਮਆਰ (ICMR) ਅਤੇ ਬਾਇਓਟੈਕਨੋਲੋਜੀ ਵਿਭਾਗ (DBT) ਦੁਆਰਾ SARSCoV-2 (ਕੋਵਿਡ–19 ਵਾਇਰਸ) ਦੇ ਜੀਨੋਮ ਬਾਰੇ ਦੋ ਅਧਿਐਨ ਸਮੁੱਚੇ ਭਾਰਤ ਵਿੱਚ ਕਰਵਾਏ ਗਏ ਹਨ, ਜੋ ਦੱਸਦੇ ਹਨ ਕਿ ਇਹ ਵਾਇਰਸ ਜੀਨੈਟਿਕ ਤੌਰ ਤੇ ਸਥਿਰ ਹੈ ਤੇ ਇਸ ਵਾਇਰਸ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ।

 

ਪ੍ਰਧਾਨ ਮੰਤਰੀ ਨੇ ਅੰਤ ਵਿੱਚ ਸਾਵਧਾਨ ਕੀਤਾ ਕਿ ਕੇਸਾਂ ਵਿੱਚ ਕਮੀ ਦੇ ਬਾਵਜੂਦ ਕਿਸੇ ਤਰ੍ਹਾਂ ਦੀ ਢਿੱਲਮੱਠ ਨਹੀਂ ਵਰਤਣੀ ਚਾਹੀਦੀ ਤੇ ਇਸ ਮਹਾਮਾਰੀ ਨੂੰ ਰੋਕਣ ਦੇ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਉਨ੍ਹਾਂ ਖ਼ਾਸ ਤੌਰ ਤੇ ਆਉਂਦੇ ਤਿਉਹਾਰਾਂ ਦੇ ਮੌਸਮ ਦੌਰਾਨ ਨਿਰੰਤਰ ਸਮਾਜਿਕ ਦੂਰੀ ਰੱਖਣ, ਕੋਵਿਡ ਲਈ ਉਚਿਤ ਵਿਵਹਾਰ ਰੱਖਣ ਜਿਵੇਂ ਕਿ ਮਾਸਕ ਪਹਿਨਣ, ਨਿਯਮਤ ਤੌਰ ਤੇ ਹੱਥ ਧੋਣ ਤੇ ਸਫ਼ਾਈ ਆਦਿ ਰੱਖਣ ਉੱਤੇ ਜ਼ੋਰ ਦਿੱਤਾ।

 

*****

 

ਏਐੱਮ/ਏਪੀ



(Release ID: 1665517) Visitor Counter : 179