ਗ੍ਰਹਿ ਮੰਤਰਾਲਾ
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਦੇ ਅਕਾਲ ਚਲਾਣੇ 'ਤੇ ਮੰਤਰੀ ਮੰਡਲ ਨੇ ਸੋਗ ਪ੍ਰਗਟ ਕੀਤਾ
ਵਿਛੜੇ ਨੇਤਾ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਦੇ ਨਾਲ ਕੀਤਾ ਜਾਵੇਗਾ
Posted On:
09 OCT 2020 12:20PM by PIB Chandigarh
ਕੇਂਦਰੀ ਮੰਤਰੀ ਮੰਡਲ ਨੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਰਾਮ ਵਿਲਾਸ ਪਾਸਵਾਨ ਦੇ ਅਕਾਲ ਚਲਾਣੇ ‘ਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ।
ਸ਼੍ਰੀ ਰਾਮ ਵਿਲਾਸ ਪਾਸਵਾਨ ਦੀ ਯਾਦ ਵਿੱਚ ਮੰਤਰੀ ਮੰਡਲ ਨੇ ਦੋ ਮਿੰਟ ਦਾ ਮੌਨ ਵੀ ਰੱਖਿਆ।
ਮੰਤਰੀ ਮੰਡਲ ਨੇ ਸ਼੍ਰੀ ਰਾਮ ਵਿਲਾਸ ਪਾਸਵਾਨ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਦੇ ਨਾਲ ਕਰਨ ਨੂੰ ਪ੍ਰਵਾਨਗੀ ਦਿੱਤੀ।
ਮੰਤਰੀ ਮੰਡਲ ਨੇ ਅੱਜ ਨਿਮਨਲਿਖਤ ਪ੍ਰਸਤਾਵ ਪਾਸ ਕੀਤਾ:
“ਕੇਂਦਰੀ ਮੰਤਰੀ ਮੰਡਲ ਨੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਉਨ੍ਹਾਂ ਦੇ ਅਕਾਲ ਚਲਾਣੇ ਨਾਲ ਰਾਸ਼ਟਰ ਨੇ ਇੱਕ ਉੱਘੇ ਨੇਤਾ, ਇੱਕ ਉਤਕ੍ਰਿਸ਼ਟ ਸਾਂਸਦ ਅਤੇ ਇੱਕ ਕੁਸ਼ਲ ਪ੍ਰਸ਼ਾਸਕ ਗੁਆ ਦਿੱਤਾ ਹੈ।
5 ਜੁਲਾਈ 1946 ਨੂੰ ਸ਼ਹਰਬੰਨੀ ਜ਼ਿਲ੍ਹਾ ਖਗੜੀਆ (ਬਿਹਾਰ) ਵਿੱਚ ਜਨਮੇ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਕੋਸੀ ਕਾਲਜ, ਖਗੜੀਆ ਅਤੇ ਪਟਨਾ ਯੂਨੀਵਰਸਿਟੀ, ਪਟਨਾ ਵਿੱਚ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਮਾਸਟਰ ਆਵ੍ ਆਰਟਸ (ਐੱਮਏ) ਅਤੇ ਬੈਚਲਰ ਆਵ੍ ਲਾਅ (ਐੱਲਐੱਲਬੀ) ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੂੰ ਬੁੰਦੇਲਖੰਡ ਯੂਨੀਵਰਸਿਟੀ, ਝਾਂਸੀ (ਉੱਤਰ ਪ੍ਰਦੇਸ਼) ਦੁਆਰਾ ਡੀ.ਲਿੱਟ ਦੀ ਆਨਰੇਰੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ।
ਸ਼੍ਰੀ ਰਾਮ ਵਿਲਾਸ ਪਾਸਵਾਨ ਬਿਹਾਰ ਦੇ ਸਭ ਤੋਂ ਮਕਬੂਲ ਨੇਤਾਵਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਨੂੰ ਵਿਆਪਕ ਜਨ ਸਮਰਥਨ ਪ੍ਰਾਪਤ ਸੀ। ਉਹ 1969 ਵਿੱਚ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਮੈਂਬਰ ਦੇ ਰੂਪ ਵਿੱਚ ਬਿਹਾਰ ਰਾਜ ਵਿਧਾਨ ਸਭਾ ਦੇ ਲਈ ਚੁਣੇ ਗਏ ਸਨ। ਇਸ ਤੋਂ ਬਾਅਦ, ਉਨ੍ਹਾਂ ਨੂੰ 1977 ਵਿੱਚ ਹਾਜੀਪੁਰ ਚੋਣ ਖੇਤਰ ਤੋਂ ਰਿਕਾਰਡ ਵੋਟਾਂ ਦੇ ਅੰਤਰ ਨਾਲ ਛੇਵੀਂ ਲੋਕ ਸਭਾ ਦੇ ਮੈਂਬਰ ਦੇ ਰੂਪ ਵਿੱਚ ਚੁਣਿਆ ਗਿਆ। ਸ਼੍ਰੀ ਪਾਸਵਾਨ 1980 ਵਿੱਚ 7ਵੀਂ ਲੋਕ ਸਭਾ ਅਤੇ 1984 ਵਿੱਚ 8ਵੀਂ ਲੋਕ ਸਭਾ ਦੇ ਲਈ ਫਿਰ ਤੋਂ ਚੁਣੇ ਗਏ। ਉਹ 1989 ਵਿੱਚ 9ਵੀਂ ਲੋਕ ਸਭਾ ਦੇ ਲਈ ਫਿਰ ਤੋਂ ਚੁਣੇ ਗਏ ਅਤੇ ਤਦ ਉਨ੍ਹਾਂ ਨੂੰ ਕਿਰਤ ਅਤੇ ਭਲਾਈ ਮੰਤਰੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ। 1996 ਵਿੱਚ ਉਹ ਤਤਕਾਲੀਨ ਸਰਕਾਰ ਵਿੱਚ ਰੇਲ ਮੰਤਰੀ ਬਣਾਏ ਗਏ ਅਤੇ 1998 ਤੱਕ ਇਸ ਅਹੁਦੇ 'ਤੇ ਬਣੇ ਰਹੇ। ਇਸ ਤੋਂ ਬਾਅਦ, ਉਨ੍ਹਾਂ ਨੇ ਅਕਤੂਬਰ 1999 ਤੋਂ ਲੈ ਕੇ ਸਤੰਬਰ 2001 ਤੱਕ ਸੰਚਾਰ ਮੰਤਰੀ ਦੇ ਰੂਪ ਵਿੱਚ ਕਾਰਜ ਕੀਤਾ। ਇਸ ਤੋਂ ਬਾਅਦ, ਸ਼੍ਰੀ ਪਾਸਵਾਨ ਅਪ੍ਰੈਲ 2002 ਤੱਕ ਕੋਲਾ ਅਤੇ ਖਾਨ ਮੰਤਰੀ ਦੇ ਅਹੁਦੇ ‘ਤੇ ਕਾਰਜ ਕਰਦੇ ਰਹੇ। 2004 ਦੀਆਂ ਲੋਕ ਸਭਾ ਚੋਣਾਂ ਦੇ ਬਾਅਦ, ਸ਼੍ਰੀ ਪਾਸਵਾਨ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਰਸਾਇਣ ਤੇ ਖਾਦ ਮੰਤਰੀ ਅਤੇ ਇਸਪਾਤ ਮੰਤਰੀ ਬਣਾਇਆ ਗਿਆ।
ਸ਼੍ਰੀ ਪਾਸਵਾਨ 2014 ਵਿੱਚ ਸੋਲ੍ਹਵੀਂ ਲੋਕ ਸਭਾ ਲਈ ਚੁਣੇ ਗਏ ਅਤੇ ਉਨ੍ਹਾਂ ਨੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪਦ ਦੀ ਜ਼ਿੰਮੇਵਾਰੀ ਨਿਭਾਈ। ਸਾਲ 2019 ਵਿੱਚ ਸ਼੍ਰੀ ਪਾਸਵਾਨ ਰਾਜ ਸਭਾ ਲਈ ਚੁਣੇ ਗਏ ਅਤੇ ਉਨ੍ਹਾਂ ਨੂੰ ਫਿਰ ਤੋਂ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦਾ ਚਾਰਜ ਸੌਂਪਿਆ ਗਿਆ।
ਸ਼੍ਰੀ ਪਾਸਵਾਨ ਸ਼ੋਸ਼ਿਤਾਂ ਦੀ ਆਵਾਜ਼ ਸਨ ਅਤੇ ਉਹ ਹਮੇਸ਼ਾ ਸਮਾਜ ਦੇ ਵੰਚਿਤ ਵਰਗਾਂ ਦੇ ਹਿਤਾਂ ਦੀ ਰੱਖਿਆ ਦੇ ਲਈ ਕੰਮ ਕਰਦੇ ਰਹੇ।
ਕੇਂਦਰੀ ਮੰਤਰੀ ਮੰਡਲ, ਸਰਕਾਰ ਅਤੇ ਪੂਰੇ ਦੇਸ਼ ਦੀ ਤਰਫੋਂ ਦੁਖੀ ਪਰਿਵਾਰ ਦੇ ਪ੍ਰਤੀ ਆਪਣੀਆਂ ਹਾਰਦਿਕ ਸੰਵੇਦਨਾਵਾਂ ਪ੍ਰਗਟ ਕਰਦਾ ਹੈ।
******
ਵੀਆਰਆਰਕੇ
(Release ID: 1663153)
Visitor Counter : 100