ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਖ਼ਰੀਦ 15 ਪ੍ਰਤੀਸ਼ਤ ਵੱਧ ਹੋਈ ਹੈ
ਮਹਾਮਾਰੀ ਦੌਰਾਨ ਕਣਕ, ਦਾਲ਼ਾਂ ਅਤੇ ਤੇਲ ਬੀਜ ਖ਼ਰੀਦ ਕੇਂਦਰਾਂ ਵਿੱਚ 3 ਗੁਣਾ ਵਾਧਾ ਹੋਇਆ: ਡਾ: ਜਿਤੇਂਦਰ ਸਿੰਘ
Posted On:
07 OCT 2020 4:02PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ ਕਿ ਮੋਦੀ ਸਰਕਾਰ ਨੇ ਕੋਵਿਡ ਮਹਾਮਾਰੀ ਦੌਰਾਨ ਫਸਲ ਦੀ ਵਧੇਰੇ ਖਰੀਦ ਨੂੰ ਯਕੀਨੀ ਬਣਾਇਆ, ਜੋ ਕਿ ਇਸ ਸੰਵੇਦਨਸ਼ੀਲਤਾ ਦਾ ਸੰਕੇਤ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਸੰਕਟ ਦੇ ਸਮੇਂ ਦੌਰਾਨ ਕਿਸਾਨ ਭਾਈਚਾਰੇ ਦੀਆਂ ਜ਼ਰੂਰਤਾਂ ਪ੍ਰਤੀ ਹੁੰਗਾਰਾ ਭਰਨ ਲਈ ਪ੍ਰਤੀਬੱਧ ਹੈ।
ਬਸੋਹਲੀ ਅਤੇ ਰਿਆਸੀ ਦੇ ਨੇੜਲੇ ਖੇਤਰਾਂ ਦੇ ਕਿਸਾਨਾਂ, ਪੰਚਾਇਤੀ ਨੁਮਾਇੰਦਿਆਂ ਅਤੇ ਸਥਾਨਕ ਕਾਰਕੁਨਾਂ ਨਾਲ ਗੱਲਬਾਤ ਕਰਦਿਆਂ ਡਾ: ਜਿਤੇਂਦਰ ਸਿੰਘ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੋਵਿਡ -19 ਦੇ ਬਾਵਜੂਦ ਪਿਛਲੇ ਸਾਲ ਨਾਲੋਂ ਕਣਕ ਦੀ ਖਰੀਦ 15 ਪ੍ਰਤੀਸ਼ਤ ਵੱਧ ਸੀ ਅਤੇ ਦੇਸ਼ ਭਰ ਵਿੱਚ 390 ਲੱਖ ਟਨ ਕਣਕ ਦੀ ਖਰੀਦ ਹੋਈ। ਉਨ੍ਹਾਂ ਕਿਹਾ, ਲਾਕਡਾਊਨ ਉਪਾਅ ਲਾਗੂ ਹੋਣ ਦੇ ਬਾਵਜੂਦ ਕੇਂਦਰ ਨੇ ਕਿਸਾਨਾਂ ਦੇ ਬੂਹੇ ਤੋਂ ਖਰੀਦ ਨੂੰ ਸੁਨਿਸ਼ਚਿਤ ਕੀਤਾ।
ਮਹਾਮਾਰੀ ਦੌਰਾਨ ਖੇਤੀਬਾੜੀ ਸੈਕਟਰ ਲਈ ਸਰਕਾਰ ਦੀਆਂ ਪਹਿਲਾਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਦੱਸਿਆ ਕਿ ਕੇਂਦਰ ਨੇ ਕਿਸਾਨਾਂ ਲਈ ਖਰੀਦ ਅਤੇ ਹੋਰ ਭਲਾਈ ਉਪਾਵਾਂ ਲਈ 75,000 ਕਰੋੜ ਰੁਪਏ ਵਿਤਰਿਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਕੋਰੋਨਾ ਸੰਕਟ ਦੌਰਾਨ ਕਣਕ ਦੇ ਖਰੀਦ ਕੇਂਦਰਾਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਅਤੇ ਇਸੇ ਤਰ੍ਹਾਂ ਦਾਲ਼ਾਂ ਅਤੇ ਤੇਲ ਬੀਜਾਂ ਦੇ ਖਰੀਦ ਕੇਂਦਰਾਂ ਵਿੱਚ ਤਕਰੀਬਨ ਤਿੰਨ ਗੁਣਾ ਵਾਧਾ ਹੋਇਆ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ, ਮੋਦੀ ਸਰਕਾਰ ਦੁਆਰਾ ਕਿਸਾਨਾਂ ਦੇ ਸਰਬਪੱਖੀ ਲਾਭ ਲਈ ਲਿਆਂਦੇ ਗਏ ਬਹੁਤ ਸਾਰੇ ਇਨੋਵੇਟਿਵ ਸੁਧਾਰਾਂ ਵਿੱਚ ਭੂਮੀ ਸਿਹਤ ਕਾਰਡ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਕਿਸਾਨ ਕਾਰਡ, ਨਿੰਮ ਕੋਟਡ ਯੂਰੀਆ, ਮਾਈਕਰੋ ਸਿੰਚਾਈ, ਈ-ਮੰਡੀਆਂ ਦੀ ਸਿਰਜਣਾ ਅਤੇ ਕਿਸਾਨ ਉਤਪਾਦਕ ਸੰਗਠਨ (ਐੱਫਪੀਓ FPOs) ਸ਼ਾਮਲ ਹਨ। ਉਨ੍ਹਾਂ ਦੁਹਰਾਇਆ ਕਿ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਅਤੇ ਏਪੀਐੱਮਸੀ (ਖੇਤੀਬਾੜੀ ਉਤਪਾਦਨ ਅਤੇ ਪਸ਼ੂਧਨ ਮਾਰਕਿਟ ਕਮੇਟੀ) ਜਾਰੀ ਰਹੇਗੀ ਅਤੇ ਕਦੇ ਵੀ ਕਿਸੇ ਕੀਮਤ ‘ਤੇ ਨਹੀਂ ਹਟਾਈ ਜਾਵੇਗੀ।
ਡਾ ਜਿਤੇਂਦਰ ਸਿੰਘ ਨੇ ਸਾਵਧਾਨ ਕੀਤਾ ਕਿ ਕੁਝ ਸੁਆਰਥੀ ਹਿੱਤਾਂ ਵਾਲੇ ਲੋਕ ਮੰਡੀਆਂ ਦੇ ਖ਼ਾਤਮੇ ਬਾਰੇ ਮਿੱਥਾਂ ਫੈਲਾ ਰਹੇ ਹਨ, ਜਿਨ੍ਹਾਂ ਦਾ ਹਰ ਪੱਧਰ 'ਤੇ ਮੁਕਾਬਲਾ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਛੇ ਸਾਲਾਂ ਦੌਰਾਨ, ਮੋਦੀ ਸਰਕਾਰ ਨੇ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਹੈ।
ਕੇਂਦਰੀ ਮੰਤਰੀ ਨੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਜ਼ਿਕਰ ਕਰਦਿਆਂ ਦੁਹਰਾਇਆ ਕਿ ਖੇਤ -ਪੱਖੀ ਸਾਰੇ ਉਪਾਅ ਅਤੇ ਨਵੇਂ ਫਾਰਮ ਕਾਨੂੰਨ ਜਿਨ੍ਹਾਂ ਨੇ ਖਾਸ ਰੱਖਿਆ ਅਤੇ ਸੁਰੱਖਿਆ ਵਿਵਸਥਾਵਾਂ ਕਾਇਮ ਕੀਤੀਆਂ ਹਨ, ਉਨ੍ਹਾਂ ਨਾਲ ਕਿਸਾਨਾਂ ਨੂੰ ਰਾਹਤ ਦੀ ਵਿੰਡੋ ਮਿਲੇਗੀ ਅਤੇ ਖੇਤੀ ਖੁਸ਼ਹਾਲੀ ਵੱਲ ਵਧੇਗੀ। ਉਨ੍ਹਾਂ ਕਿਹਾ, ਨਵੇਂ ਉਪਾਅ ਖੇਤੀ ਸੈਕਟਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣਗੇ ਅਤੇ ਨੌਜਵਾਨ ਪੀੜ੍ਹੀਆਂ ਇੱਕ ਨਵੇਂ ਅਤੇ ਲਾਭਕਾਰੀ ਉੱਦਮੀ ਵਜੋਂ ਇਸ ਪੇਸ਼ੇ ਨੂੰ ਅਪਣਾਉਣਗੀਆਂ।
ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਪੇਸ਼ ਕੀਤੇ ਗਏ ਖੇਤੀ ਸੁਧਾਰ ਕਿਸਾਨਾਂ ਨੂੰ ਫਸਲਾਂ ਦੀ ਲਾਗਤ ਚੁਣਨ ਦੀ ਆਜ਼ਾਦੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਵਧੇਰੇ ਖਰੀਦਦਾਰ ਅਤੇ ਅਪਣੀ ਮਰਜ਼ੀ ਨਾਲ ਵਿਕਰੀ ਭਾਅ ਦੀ ਚੋਣ ਕਰਨ ਵਿੱਚ ਲਚਕ ਦੇਣ ਦੀ ਆਜ਼ਾਦੀ ਦਿੰਦੇ ਹਨ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਇੱਕ ਕੰਟਰੈਕਟ ਐਗਰੀਮੈਂਟ ਜ਼ਰੀਏ ਕਿਸਾਨਾਂ ਨੂੰ ਨਿਸ਼ਚਿਤ ਕੀਮਤ ਪ੍ਰਾਪਤ ਕਰਨ ਦੀ ਗਰੰਟੀ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਨਵੇਂ ਕਾਨੂੰਨ ਵਿੱਚ ਸਪਸ਼ਟ ਤੌਰ 'ਤੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਵਿਕਰੀ, ਲੀਜ਼ ਜਾਂ ਗਿਰਵੀਨਾਮੇ ‘ਤੇ ਪਾਬੰਦੀ ਲਗਾਈ ਗਈ ਹੈ।
ਡਾ ਜਿਤੇਂਦਰ ਸਿੰਘ ਨੇ ਸਮੂਹ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਪਿੰਡ ਦੇ ਹਰੇਕ ਕਿਸਾਨ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਵਿਰੁੱਧ ਕੀਤੀ ਜਾ ਰਹੀ ਵੱਡੀ ਸਾਜਿਸ਼ ਬਾਰੇ ਸਮਝਾਉਣ। ਉਨ੍ਹਾਂ ਕਿਹਾ, ਇਹ ਖੇਤੀਬਾੜੀ ਵਰਗ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਵੱਡੀਆਂ ਭਲਾਈ ਪਹਿਲਾਂ ਦਾ ਲਾਭ ਲੈਣ ਦੇ ਯੋਗ ਬਣਾਏਗਾ। ਬਸੋਹਲੀ ਤੋਂ, ਗੱਲਬਾਤ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਕਰਨਲ (ਸੇਵਾਮੁਕਤ) ਮਹਾਂ ਸਿੰਘ, ਰਾਮਚੰਦ, ਅਜੀਤ ਸਿੰਘ, ਨਰੇਸ਼ ਬਸੋਤਰਾ, ਜਸਵਿੰਦਰ ਸਿੰਘ "ਜੱਸੀ", ਕੇਵਲ ਸਿੰਘ, ਬਲਬਿੰਦਰ ਸਿੰਘ, ਤੇਜਿੰਦਰ ਸਿੰਘ, ਯੁਭਕਰਨ ਸਿੰਘ, ਸੁਸ਼ਮਾ ਜਾਮਵਾਲ, ਸ਼ੰਕਰ ਸਿੰਘ, ਨਮਨ ਸ਼ਰਮਾ ਅਤੇ ਹੋਰ ਸ਼ਾਮਲ ਸਨ ।
ਰਿਆਸੀ ਤੋਂ ਭਾਗ ਲੈਣ ਵਾਲਿਆਂ ਵਿੱਚ ਪਦਮ ਦੇਵ ਸਿੰਘ, ਮੁਨਸ਼ੀ ਰਾਮ, ਮਹਿੰਦਰ ਕੁਮਾਰ, ਸ਼ੰਕਰ ਸ਼ਰਮਾ ਅਤੇ ਹੋਰ ਸ਼ਾਮਲ ਸਨ।
********
ਐੱਸਐੱਨਸੀ
(Release ID: 1662437)
Visitor Counter : 224