ਪ੍ਰਧਾਨ ਮੰਤਰੀ ਦਫਤਰ
‘ਸਮਾਜਿਕ ਸਸ਼ਕਤੀਕਰਣ ਲਈ ਜ਼ਿੰਮੇਵਾਰ ਆਰਟੀਫ਼ਿਸ਼ਲ ਇੰਟੈਲੀਜੈਂਸ’ ਸਿਖ਼ਰ ਸੰਮੇਲਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
Posted On:
05 OCT 2020 9:20PM by PIB Chandigarh
ਭਾਰਤ ਤੇ ਵਿਦੇਸ਼ਾਂ ਤੋਂ ਆਏ ਵਿਸ਼ਿਸ਼ਟ ਮਹਿਮਾਨ ਸੱਜਣੋ, ਨਮਸਤੇ!
ਸਮਾਜਿਕ ਸਸ਼ਕਤੀਕਰਣ ਸਿਖ਼ਰ–ਸੰਮੇਲਨ ਲਈ RAISE ਜ਼ਿੰਮੇਵਾਰ AI ਵਿੱਚ ਸੁਆਗਤ ਹੈ। ਇਹ ‘ਆਰਟੀਫ਼ਿਸ਼ਲ ਇੰਟੈਲੀਜੈਂਸ’ ਉੱਤੇ ਵਿਚਾਰ–ਵਟਾਂਦਰੇ ਨੂੰ ਉਤਸ਼ਾਹਿਤ ਕਰਨ ਦਾ ਇੱਕ ਵੱਡਾ ਯਤਨ ਹੈ। ਤੁਸੀਂ ਸਭਨਾਂ ਨੇ ਟੈਕਨੋਲੋਜੀ ਤੇ ਮਨੁੱਖੀ ਸਸ਼ਕਤੀਕਰਣ ਨਾਲ ਸਬੰਧਿਤ ਪੱਖਾਂ ਨੂੰ ਸਹੀ ਤਰੀਕੇ ਉਜਾਗਰ ਕੀਤਾ ਹੈ। ਟੈਕਨੋਲੋਜੀ ਨੇ ਸਾਡੇ ਕੰਮਕਾਜ ਦੇ ਸਥਾਨਾਂ ਦੀ ਕਾਇਆਕਲਪ ਕਰ ਦਿੱਤੀ ਹੈ। ਇਸ ਨੇ ਕਨੈਕਟੀਵਿਟੀ ਵਿੱਚ ਸੁਧਾਰ ਲਿਆਂਦਾ ਹੈ। ਸਮੇਂ–ਸਮੇਂ ’ਤੇ ਟੈਕਨੋਲੋਜੀ ਨੇ ਪ੍ਰਮੁੱਖ ਚੁਣੌਤੀਆਂ ਦਾ ਹੱਲ ਕਰਨ ਵਿੱਚ ਸਾਡੀ ਮਦਦ ਕੀਤੀ ਹੈ। ਮੈਨੂੰ ਯਕੀਨ ਹੈ ਕਿ ਸਮਾਜਿਕ ਜ਼ਿੰਮੇਵਾਰੀ ਅਤੇ AI ਦਾ ਇਹ ਸੁਮੇਲ ਮਾਨਵੀ ਛੋਹ ਨਾਲ AI ਨੂੰ ਅਮੀਰ ਬਣਾਵੇਗਾ।
ਦੋਸਤੋ,
‘ਆਰਟੀਫ਼ਿਸ਼ਲ ਇੰਟੈਲੀਜੈਂਸ’ ਮਨੁੱਖੀ ਬੌਧਿਕ ਸ਼ਕਤੀ ਨੂੰ ਇੱਕ ਸ਼ਰਧਾਂਜਲੀ ਹੈ। ਸੋਚਣ ਦੀ ਸ਼ਕਤੀ ਨੇ ਮਨੁੱਖਾਂ ਨੂੰ ਔਜ਼ਾਰ ਤੇ ਟੈਕਨੋਲੋਜੀਆਂ ਬਣਾਉਣ ਦੇ ਯੋਗ ਬਣਾਇਆ। ਅੱਜ, ਇਨ੍ਹਾਂ ਔਜ਼ਾਰਾਂ ਤੇ ਟੈਕਨੋਲੋਜੀਆਂ ਨੇ ਵੀ ਸਿੱਖਣ ਤੇ ਸੋਚਣ ਦੀ ਤਾਕਤ ਹਾਸਲ ਕਰ ਲਈ ਹੈ! ਇਸ ਵਿੱਚ, ਉੱਭਰ ਰਹੀ ਇੱਕ ਪ੍ਰਮੁੱਖ ਟੈਕਨੋਲੋਜੀ AI ਹੈ। ਮਨੁੱਖਾਂ ਨਾਲ AI ਦਾ ਟੀਮ–ਵਰਕ ਸਾਡੇ ਗ੍ਰਹਿ ਵਿੱਚ ਚਮਤਕਾਰ ਕਰ ਕੇ ਵਿਖਾ ਸਕਦਾ ਹੈ।
ਦੋਸਤੋ,
ਇਤਿਹਾਸ ਦੇ ਹਰੇਕ ਕਦਮ ਉੱਤੇ, ਭਾਰਤ ਨੇ ਗਿਆਨ ਤੇ ਸਿੱਖਣ ਵਿੱਚ ਵਿਸ਼ਵ ਦੀ ਅਗਵਾਈ ਕੀਤੀ ਹੈ। ਅਜੋਕੇ ਸੂਚਨਾ ਟੈਕਨੋਲੋਜੀ (IT) ਦੇ ਜੁੱਗ ਵਿੱਚ ਵੀ ਭਾਰਤ ਵਿਲੱਖਣ ਯੋਗਦਾਨ ਪਾ ਰਿਹਾ ਹੈ। ਕੁਝ ਹੋਣਹਾਰ ਤਕਨੀਕੀ ਆਗੂ ਭਾਰਤ ਨਾਲ ਸਬੰਧਿਤ ਹਨ। ਭਾਰਤ ਨੇ ਖ਼ੁਦ ਨੂੰ ਵਿਸ਼ਵ–ਪੱਧਰੀ ਸੂਚਨਾ ਟੈਕਨੋਲੋਜੀ ਸੇਵਾਵਾਂ ਦੇ ਉਦਯੋਗ ਦਾ ਬਿਜਲੀ–ਘਰ ਵੀ ਸਿੱਧ ਕੀਤਾ ਹੈ। ਅਸੀਂ ਡਿਜੀਟਲ ਤੌਰ ’ਤੇ ਨਿਰੰਤਰ ਮੋਹਰੀ ਬਣੇ ਰਹਾਂਗੇ ਅਤੇ ਵਿਸ਼ਵ ਨੂੰ ਖ਼ੁਸ਼ ਕਰਾਂਗੇ।
ਦੋਸਤੋ,
ਭਾਰਤ ਵਿੱਚ, ਅਸੀਂ ਟੈਕਨੋਲੋਜੀ ਪਾਰਦਰਸ਼ਤਾ ਅਤੇ ਸੇਵਾ ਮੁਹੱਈਆ ਕਰਵਾਉਣ ਵਿੱਚ ਸੁਧਾਰ ਲਿਆਉਂਦੀ ਹੈ। ਵਿਸ਼ਵ ਦੀ ਸਭ ਤੋਂ ਵਿਸ਼ਾਲ ਵਿਲੱਖਣ ਸ਼ਨਾਖ਼ਤ ਪ੍ਰਣਾਲੀ – ‘ਆਧਾਰ’ ਸਾਡੀ ਹੀ ਹੈ। ਸਾਡੇ ਕੋਲ ਵਿਸ਼ਵ ਦੀ ਸਭ ਤੋਂ ਵੱਧ ਇਨੋਵੇਟਿਵ ਡਿਜੀਟਲ ਪੇਮੈਂਟਸ ਸਿਸਟਮ – ਯੂਪੀਆਈ (UPI) ਵੀ ਹੈ। ਇਸ ਨੇ ਗ਼ਰੀਬਾਂ ਤੇ ਹਾਸ਼ੀਏ ਉੱਤੇ ਪੁੱਜ ਚੁੱਕੇ ਲੋਕਾਂ ਨੂੰ ਸਿੱਧੇ ਕੈਸ਼ ਟ੍ਰਾਂਸਫ਼ਰ ਜਿਹੀਆਂ ਵਿੱਤੀ ਸੇਵਾਵਾਂ ਸਮੇਤ ਡਿਜੀਟਲ ਸੇਵਾਵਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਦੇ ਯੋਗ ਬਣਾਇਆ ਹੈ। ਮਹਾਮਾਰੀ ਦੀ ਸਥਿਤੀ ਵਿੱਚ, ਅਸੀਂ ਵੇਖਿਆ ਕਿ ਭਾਰਤ ਦੀ ਡਿਜੀਟਲ ਤਿਆਰੀ ਨੇ ਕਿਵੇਂ ਇੰਨੀ ਜ਼ਿਆਦਾ ਮਦਦ ਕੀਤੀ। ਅਸੀਂ ਛੇਤੀ ਤੋਂ ਛੇਤੀ ਸਭ ਤੋਂ ਵੱਧ ਕਾਰਜਕੁਸ਼ਲ ਢੰਗ ਨਾਲ ਮਦਦ ਲੈ ਕੇ ਲੋਕਾਂ ਤੱਕ ਪੁੱਜੇ। ਭਾਰਤ ਤੇਜ਼ੀ ਨਾਲ ਆਪਣੇ ਔਪਟੀਕਲ ਫ਼ਾਈਬਰ ਨੈੱਟਵਰਕ ਦਾ ਪਾਸਾਰ ਕਰ ਰਿਹਾ ਹੈ। ਇਸ ਦਾ ਉਦੇਸ਼ ਹਰੇਕ ਪਿੰਡ ਨੂੰ ਤੇਜ਼–ਰਫ਼ਤਾਰ ਇੰਟਰਨੈੱਟ ਕਨੈਕਟੀਵਿਟੀ ਮੁਹੱਈਆ ਕਰਵਾਉਣਾ ਹੈ।
ਦੋਸਤੋ,
ਹੁਣ, ਅਸੀਂ ਚਾਹੁੰਦੇ ਹਾਂ ਕਿ ਭਾਰਤ AI ਲਈ ਵਿਸ਼ਵ–ਧੁਰਾ ਬਣੇ। ਬਹੁਤ ਸਾਰੇ ਭਾਰਤੀ ਪਹਿਲਾਂ ਹੀ ਇਸ ਉੱਤੇ ਕੰਮ ਕਰ ਰਹੇ ਹਨ। ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ’ਚ ਹੋਰ ਬਹੁਤ ਸਾਰੇ ਇਸ ਨੂੰ ਕਰਨਗੇ। ਇਸ ਪ੍ਰਤੀ ਸਾਡੀ ਪਹੁੰਚ ਨੂੰ ਟੀਮ–ਵਰਕ, ਭਰੋਸੇ, ਤਾਲਮੇਲ, ਜ਼ਿੰਮੇਵਾਰੀ ਤੇ ਸਮਾਵੇਸ਼ ਦੇ ਬੁਨਿਆਦੀ ਸਿਧਾਂਤਾਂ ਦੀ ਤਾਕਤ ਹਾਸਲ ਹੈ।
ਦੋਸਤੋ,
ਭਾਰਤ ਨੇ ਪਿੱਛੇ ਜਿਹੇ ‘ਰਾਸ਼ਟਰੀ ਸਿੱਖਿਆ ਨੀਤੀ 2020’ ਨੂੰ ਅਪਣਾਇਆ ਹੈ। ਇਹ ਨੀਤੀ ਟੈਕਨੋਲੋਜੀ–ਅਧਾਰਿਤ ਟ੍ਰੇਨਿੰਗ ਤੇ ਹੁਨਰਮੰਦੀ ਨੂੰ ਸਿੱਖਿਆ ਦਾ ਇੱਕ ਵੱਡਾ ਹਿੱਸਾ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ। ਵਿਭਿੰਨ ਖੇਤਰੀ ਭਾਸ਼ਾਵਾਂ ਤੇ ਉਪ–ਭਾਸ਼ਾਵਾਂ ਵਿੱਚ ਈ–ਕੋਰਸੇਜ਼ ਵੀ ਵਿਕਸਤ ਕੀਤੇ ਜਾਣਗੇ। ਇਸ ਸਮੁੱਚੇ ਜਤਨ ਨੂੰ AI ਮੰਚਾਂ ਦੀਆਂ ‘ਨੈਚੁਰਲ ਲੈਂਗੁਏਜ ਪ੍ਰੋਸੈੱਸਿੰਗ’ (NLP) ਸਮਰੱਥਾਵਾਂ ਤੋਂ ਲਾਭ ਮਿਲੇਗਾ। ਅਸੀਂ ਇਸ ਪ੍ਰੋਗਰਾਮ ਅਧੀਨ ਅਪ੍ਰੈਲ ਵਿੱਚ ‘ਨੌਜਵਾਨਾਂ ਲਈ ਜ਼ਿੰਮੇਵਾਰ AI’ ਦੀ ਸ਼ੁਰੂਆਤ ਕੀਤੀ ਸੀ, 11,000 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਇਹ ਬੁਨਿਆਦੀ ਕੋਰਸ ਮੁਕੰਮਲ ਕਰ ਲਿਆ ਹੈ। ਉਹ ਹੁਣ ਆਪਣੇ AI ਪ੍ਰੋਜੈਕਟ ਤਿਆਰ ਕਰ ਰਹੇ ਹਨ।
ਦੋਸਤੋ,
‘ਰਾਸ਼ਟਰੀ ਵਿੱਦਿਅਕ ਟੈਕਨੋਲੋਜੀ ਫ਼ੋਰਮ’ (NETF) ਤਿਆਰ ਕੀਤੀ ਜਾ ਰਹੀ ਹੈ। ਇਹ ਡਿਜੀਟਲ ਬੁਨਿਆਦੀ ਢਾਂਚਾ, ਡਿਜੀਟਲ ਵਿਸ਼ਾ–ਵਸਤੂ ਤੇ ਸਮਰੱਥਾ ਵਿੱਚ ਵਾਧਾ ਕਰਨ ਲਈ ਈ–ਐਜੂਕੇਸ਼ਨ ਇਕਾਈ ਦੀ ਸਥਾਪਨਾ ਕਰੇਗੀ। ਸਿੱਖਣ ਵਾਲਿਆਂ ਨੂੰ ਹੈਂਡਜ਼–ਔਨ ਅਨੁਭਵ ਪ੍ਰਦਾਨ ਕਰਵਾਉਣ ਲਈ ਵਰਚੁਅਲ ਲੈਬਸ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਅਸੀਂ ਇਨੋਵੇਸ਼ਨ ਤੇ ਉੱਦਮਤਾ ਦਾ ਸੱਭਿਆਚਾਰ ਉਤਸ਼ਾਹਿਤ ਕਰਨ ਲਈ ‘ਅਟਲ ਇਨੋਵੇਸ਼ਨ ਮਿਸ਼ਨ’ ਦੀ ਸ਼ੁਰੂਆਤ ਵੀ ਕੀਤੀ ਹੈ। ਇਨ੍ਹਾਂ ਕਦਮਾਂ ਰਾਹੀਂ, ਸਾਡਾ ਉਦੇਸ਼ ਲੋਕਾਂ ਦੇ ਲਾਭ ਲਈ ਇਨ੍ਹਾਂ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਰਫ਼ਤਾਰ ਨਾਲ ਕਦਮ ਮਿਲਾ ਕੇ ਚਲਣਾ ਹੈ।
ਦੋਸਤੋ,
ਮੈਂ ‘ਆਰਟੀਫ਼ਿਸ਼ਲ ਇੰਟੈਲੀਜੈਂਸ ਬਾਰੇ ਰਾਸ਼ਟਰੀ ਪ੍ਰੋਗਰਾਮ’ ਦਾ ਜ਼ਿਕਰ ਵੀ ਕਰਨਾ ਚਾਹਾਂਗਾ। ਇਸ ਨੂੰ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ AI ਦੀ ਸਹੀ ਵਰਤੋਂ ਲਈ ਸਮਰਪਿਤ ਕੀਤਾ ਜਾਵੇਗਾ। ਇਸ ਨੂੰ ਸਾਰੀਆਂ ਸਬੰਧਿਤ ਧਿਰਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ। RAISE ਇਸ ਸਬੰਧੀ ਵਿਚਾਰ–ਚਰਚਾ ਕਰਨ ਲਈ ਇੱਕ ਮੰਚ ਹੋ ਸਕਦਾ ਹੈ। ਮੈਂ ਤੁਹਾਨੂੰ ਸਭ ਨੂੰ ਇਨ੍ਹਾਂ ਜਤਨਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਦਾ ਸੱਦਾ ਦਿੰਦਾ ਹਾਂ।
ਦੋਸਤੋ,
ਮੈਂ ਕੁਝ ਚੁਣੌਤੀਆਂ ਇੱਥੇ ਮੌਜੂਦ ਸਤਿਕਾਰਯੋਗ ਦਰਸ਼ਕਾਂ ਸਾਹਵੇਂ ਪੇਸ਼ ਕਰਨੀਆਂ ਚਾਹਾਂਗਾ। ਕੀ ਅਸੀਂ ਆਪਣੀਆਂ ਸੰਪਤੀਆਂ ਤੇ ਸਰੋਤਾਂ ਦੇ ਵਧੀਆ ਪ੍ਰਬੰਧਨ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਸਕਦੇ ਹਾਂ? ਕੁਝ ਥਾਵਾਂ ਉੱਤੇ, ਸਰੋਤ ਸੁਸਤ ਹਨ। ਕੁਝ ਹੋਰ ਸਥਾਨਾਂ ਉੱਤੇ, ਸਰੋਤਾਂ ਦੀ ਘਾਟ ਹੈ। ਕੀ ਅਸੀਂ ਵਧੀਆ ਤਰੀਕੇ ਵਰਤੋਂ ਲਈ ਗਤੀਸ਼ੀਲ ਢੰਗ ਨਾਲ ਉਨ੍ਹਾਂ ਦੀ ਮੁੜ ਵੰਡ ਕਰ ਸਕਦੇ ਹਾਂ? ਕੀ ਅਸੀਂ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ ਦਰਾਂ ਉੱਤੇ ਸੇਵਾਵਾਂ ਨੂੰ ਸਰਗਰਮ ਢੰਗ ਨਾਲ ਤੇ ਤੁਰੰਤ ਮੁਹੱਈਆ ਕਰਵਾ ਕੇ ਖ਼ੁਸ਼ ਕਰ ਸਕਦੇ ਹਾਂ?
ਦੋਸਤੋ,
ਭਵਿੱਖ ਨੌਜਵਾਨਾਂ ਦਾ ਹੈ। ਅਤੇ, ਹਰੇਕ ਨੌਜਵਾਨ ਦਾ ਆਪਣਾ ਮਹੱਤਵ ਹੈ। ਹਰੇਕ ਬੱਚੇ ਵਿੱਚ ਵਿਲੱਖਣ ਪ੍ਰਤਿਭਾਵਾਂ, ਸਮਰੱਥਾਵਾਂ, ਸਹਿਜ ਯੋਗਤਾਵਾਂ ਹੁੰਦੀਆਂ ਹਨ। ਬਹੁਤ ਵਾਰ, ਅੰਤ ’ਚ ਗ਼ਲਤ ਥਾਂ ’ਤੇ ਸਹੀ ਵਿਅਕਤੀ ਆ ਜਾਂਦਾ ਹੈ।
ਇੱਥੇ ਇੱਕ ਰਾਹ ਹੈ, ਜਿਸ ਨਾਲ ਅਸੀਂ ਉਸ ਨੂੰ ਬਦਲ ਸਕਦੇ ਹਾਂ। ਹਰੇਕ ਬੱਚਾ ਵਧਦੇ–ਫੁੱਲਦੇ ਸਮੇਂ ਖ਼ੁਦ ਨੂੰ ਕਿਵੇਂ ਵੇਖਦਾ ਹੈ? ਕੀ ਮਾਪੇ, ਅਧਿਆਪਕ ਤੇ ਦੋਸਤ – ਬੱਚਿਆਂ ’ਤੇ ਧਿਆਨਪੂਰਬਕ ਨਜ਼ਰ ਰੱਖ ਸਕਦੇ ਹਨ? ਉਨ੍ਹਾਂ ਉੱਤੇ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਬਾਲਗ਼ਪਣ ਦੀ ਸ਼ੁਰੂਆਤ ਤੱਕ ਨਜ਼ਰ ਰੱਖੋ। ਅਤੇ ਉਨ੍ਹਾਂ ਦਾ ਇੱਕ ਰਿਕਾਰਡ ਰੱਖੋ। ਇਸ ਨਾਲ ਇੱਕ ਬੱਚੇ ਦੀ ਅੰਦਰੂਨੀ ਕੁਦਰਤੀ ਪ੍ਰਤਿਭਾ ਦਾ ਪਤਾ ਲਾਉਣ ਵਿੱਚ ਵੱਡੇ ਪੱਧਰ ਉੱਤੇ ਮਦਦ ਮਿਲੇਗੀ। ਉਹ ਨਿਗਰਾਨੀਆਂ ਨੌਜਵਾਨਾਂ ਲਈ ਪ੍ਰਭਾਵਸ਼ਾਲੀ ਮਾਰਗ–ਦਰਸ਼ਕ ਤਾਕਤਾਂ ਬਣ ਸਕਦੀਆਂ ਹਨ। ਕੀ ਅਸੀਂ ਇੱਕ ਅਜਿਹੀ ਪ੍ਰਣਾਲੀ ਬਣਾ ਸਕਦੇ ਹਾਂ ਜੋ ਹਰੇਕ ਬੱਚੇ ਦੀ ਸਹਿਜ ਯੋਗਤਾ ਬਾਰੇ ਇੱਕ ਵਿਸ਼ਲੇਸ਼ਣਾਤਮਕ ਰਿਪੋਰਟ ਦੇਵੇ? ਇਸ ਨਾਲ ਬਹੁਤ ਸਾਰੇ ਨੌਜਵਾਨਾਂ ਲਈ ਮੌਕਿਆਂ ਦੇ ਦਰ ਖੁੱਲ੍ਹਣਗੇ। ਸਰਕਾਰਾਂ ਤੇ ਕਾਰੋਬਾਰਾਂ ਵਿੱਚ ਮਨੁੱਖੀ ਸਰੋਤਾਂ ਦੀ ਅਜਿਹੀ ਰੂਪ–ਰੇਖਾ ਦੇ ਚਿਰ–ਸਥਾਈ ਲਾਭ ਮਿਲਣਗੇ।
ਦੋਸਤੋ,
ਮੈਂ ਖੇਤੀਬਾੜੀ, ਸਿਹਤ–ਸੰਭਾਲ਼ ਨੂੰ ਸਸ਼ਕਤ ਬਣਾਉਣ ਤੇ ਅਗਲੀ ਪੀੜ੍ਹੀ ਦਾ ਸ਼ਹਿਰੀ ਬੁਨਿਆਦੀ ਢਾਂਚਾ ਸਿਰਜਣ ਵਿੱਚ AI ਦੀ ਵੱਡੀ ਭੂਮਿਕਾ ਵੇਖਦਾ ਹਾਂ। ਅਤੇ, ਇਸ ਨਾਲ ਆਵਾਜਾਈ ਜਾਮ ਘਟਾਉਣ, ਸੀਵੇਜ ਪ੍ਰਣਾਲੀਆਂ ਵਿੱਚ ਸੁਧਾਰ ਲਿਆਉਣ ਤੇ ਸਾਡੇ ਊਰਜਾ ਗ੍ਰਿੱਡਸ ਦੀ ਵਿਛਾਈ ਜਿਹੇ ਸ਼ਹਿਰੀ ਮਸਲੇ ਹੱਲ ਹੋ ਸਕਦੇ ਹਨ। ਇਸ ਦੀ ਵਰਤੋਂ ਸਾਡੀਆਂ ਆਪਦਾ ਪ੍ਰਬੰਧਨ ਪ੍ਰਣਾਲੀਆਂ ਹੋਰ ਮਜ਼ਬੂਤ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਜਲਵਾਯੂ ਪਰਿਵਰਤਨ ਦੀ ਸਮੱਸਿਆ ਹੱਲ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਦੋਸਤੋ,
ਸਾਡੇ ਗ੍ਰਹਿ ਨੂੰ ਅਨੇਕ ਭਾਸ਼ਾਵਾਂ ਦਾ ਆਸ਼ੀਰਵਾਦ ਹਾਸਲ ਹੈ। ਭਾਰਤ ਵਿੱਚ ਸਾਡੇ ਕੋਲ ਕਈ ਭਾਸ਼ਾਵਾਂ ਤੇ ਉਪ–ਭਾਸ਼ਾਵਾਂ ਹਨ। ਅਜਿਹੀ ਵਿਭਿੰਨਤਾ ਸਾਨੂੰ ਇੱਕ ਬਿਹਤਰ ਸਮਾਜ ਬਣਾ ਸਕਦੀ ਹੈ। ਜਿਵੇਂ ਕਿ ਪ੍ਰੋਫ਼ੈਸਰ ਰਾਜ ਰੈੱਡੀ ਨੇ ਹੁਣੇ ਸੁਝਾਅ ਦਿੱਤਾ ਹੈ ਕਿ ਕਿਉਂ ਨਾ AI ਦੀ ਬੇਰੋਕ ਵਰਤੋਂ ਭਾਸ਼ਾਈ ਅੜਿੱਕੇ ਦੂਰ ਕਰਨ ਲਈ ਕੀਤੀ ਜਾਵੇ। ਆਓ ਅਸੀਂ ਉਨ੍ਹਾਂ ਸਾਦੇ ਤੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਵਿਚਾਰ ਕਰੀਏ ਕਿ AI ਕਿਵੇਂ ਦਿੱਵਯਾਂਗ ਭੈਣਾਂ ਤੇ ਭਰਾਵਾਂ ਨੂੰ ਸਸ਼ਕਤ ਬਣਾ ਸਕਦੀ ਹੈ।
ਦੋਸਤੋ,
ਕਿਉਂ ਨਾ AI ਦੀ ਵਰਤੋਂ ਗਿਆਨ ਸਾਂਝਾ ਕਰਨ ਲਈ ਕੀਤੀ ਜਾਵੇ? ਗਿਆਨ, ਸੂਚਨਾ ਤੇ ਹੁਨਰਾਂ ਨੂੰ ਆਸਾਨੀ ਨਾਲ ਪਹੁੰਚਯੋਗ ਬਣਾ ਕੇ ਸਸ਼ਕਤੀਕਰਣ ਹਾਸਲ ਕੀਤਾ ਜਾ ਸਕਦਾ ਹੈ।
ਦੋਸਤੋ,
ਇਹ ਭਰੋਸਾ ਯਕੀਨੀ ਬਣਾਉਣ ਦੀ ਸਾਡੀ ਸਮੂਹਕ ਜ਼ਿੰਮੇਵਾਰੀ ਹੈ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਅਜਿਹਾ ਭਰੋਸਾ ਸਥਾਪਿਤ ਕਰਨ ਵਿੱਚ ਐਲਗੋਰਿਦਮ ਪਾਰਦਰਸ਼ਤਾ ਮੁੱਖ ਭੂਮਿਕਾ ਨਿਭਾਉਂਦੀ ਹੈ। ਜਵਾਬਦੇਹੀ ਵੀ ਓਨੀ ਹੀ ਮਹੱਤਵਪੂਰਨ ਹੈ। ਸਾਨੂੰ ਇਸ ਸੰਸਾਰ ਨੂੰ ਜ਼ਰੂਰ ਹੀ ਗ਼ੈਰ–ਸਰਕਾਰੀ ਸਬੰਧਿਤ ਧਿਰਾਂ ਦੁਆਰਾ AI ਦੇ ਸਸ਼ਤਰੀਕਰਣ ਤੋਂ ਸੁਰੱਖਿਅਤ ਬਣਾਉਣਾ ਹੋਵੇਗਾ।
ਦੋਸਤੋ,
ਜਦੋਂ ਅਸੀਂ AI ਬਾਰੇ ਵਿਚਾਰ–ਵਟਾਂਦਰਾ ਕਰਦੇ ਹਾਂ, ਸਾਨੂੰ ਇਸ ਬਾਰੇ ਕੋਈ ਸ਼ੰਕੇ ਨਹੀਂ ਹੋਣੇ ਚਾਹੀਦੇ ਕਿ ਮਨੁੱਖੀ ਸਿਰਜਣਾਤਮਕਤਾ ਤੇ ਮਨੁੱਖੀ ਭਾਵਨਾਵਾਂ ਨਿਰੰਤਰ ਸਾਡੀ ਸਭ ਤੋਂ ਵੱਡੀ ਤਾਕਤ ਹਨ। ਉਹ ਮਸ਼ੀਨਾਂ ਦੇ ਮੁਕਾਬਲੇ ਸਾਡਾ ਵਿਲੱਖਣ ਫ਼ਾਇਦਾ ਹਨ। ਚੁਸਤ ਤੋਂ ਚੁਸਤ AI ਵੀ ਸਾਡੀ ਬੌਧਿਕਤਾ ਤੇ ਹਮਦਰਦੀ ਦੇ ਮਿਸ਼ਰਣ ਤੋਂ ਬਗ਼ੈਰ ਮਨੁੱਖਤਾ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਦੀ। ਸਾਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਮਸ਼ੀਨਾਂ ਉੱਤੇ ਬੌਧਿਕਤਾ ਦੀ ਇਸ ਖ਼ਾਸੀਅਤ ਨੂੰ ਕਿਵੇਂ ਕਾਇਮ ਰੱਖਾਂਗੇ? ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਇਸ ਗੱਲ ਦਾ ਖ਼ਿਆਲ ਰੱਖੀਏ, ਤਾਂ ਜੋ ਮਨੁੱਖੀ ਸੂਝਬੂਝ ਸਦਾ AI ਤੋਂ ਕੁਝ ਕਦਮ ਅੱਗੇ ਬਣੀ ਰਹੇ। ਸਾਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ AI ਕਿਵੇਂ ਮਨੁੱਖ ਦੀਆਂ ਆਪਣੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ ’ਚ ਮਦਦ ਕਰ ਸਕਦੀ ਹੈ। ਮੈਂ ਇਹ ਗੱਲ ਦੋਬਾਰਾ ਆਖਣਾ ਚਾਹੁੰਦਾ ਹਾਂ:– AI ਨਾਲ ਹਰੇਕ ਵਿਅਕਤੀ ਦੀ ਵਿਲੱਖਣ ਸੰਭਾਵਨਾ ਸਾਹਮਣੇ ਆਵੇਗੀ। ਇਸ ਨਾਲ ਸਮਾਜ ਵਿੱਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ’ਚ ਉਨ੍ਹਾਂ ਨੂੰ ਤਾਕਤ ਮਿਲੇਗੀ।
ਦੋਸਤੋ,
ਇੱਥੇ RAISE 2020 ਵਿੱਚ, ਅਸੀਂ ਵਿਸ਼ਵ ਦੀਆਂ ਸਬੰਧਿਤ ਮੋਹਰੀ ਧਿਰਾਂ ਲਈ ਇੱਕ ਗਲੋਬਲ ਫ਼ੋਰਮ ਬਣਾਈ ਹੈ। ਆਓ ਅਸੀਂ ਵਿਚਾਰਾਂ ਦਾ ਆਦਾਨ–ਪ੍ਰਦਾਨ ਕਰੀਏ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਨੂੰ ਅਪਣਾਉਣ ਲਈ ਇੱਕ ਸਾਂਝਾ ਕੋਰਸ ਤਿਆਰ ਕਰੀਏ। ਇਹ ਅਹਿਮ ਹੈ ਕਿ ਅਸੀਂ ਸਾਰੇ ਇਸ ਲਈ ਭਾਈਵਾਲਾਂ ਵਜੋਂ ਇਕਜੁੱਟ ਹੋ ਕੇ ਕੰਮ ਕਰੀਏ। ਇਸ ਸੱਚਮੁਚ ਦੇ ਵਿਸ਼ਵ–ਪੱਧਰੀ ਸਮਾਰੋਹ ਵਿੱਚ ਭਾਗ ਲੈਣ ਹਿਤ ਇਕੱਠੇ ਹੋਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਇਸ ਵਿਸ਼ਵ–ਪੱਧਰੀ ਸਿਖ਼ਰ–ਸੰਮੇਲਨ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਅਗਲੇ ਚਾਰ ਦਿਨਾਂ ਤੱਕ ਹੋਣ ਵਾਲੇ ਵਿਚਾਰ–ਵਟਾਂਦਰੇ ਜ਼ਿੰਮੇਵਾਰ AI ਹਿਤ ਕਾਰਵਾਈ ਦੀ ਰੂਪ–ਰੇਖਾ ਤਿਆਰ ਕਰਨ ਵਿੱਚ ਮਦਦ ਕਰਨਗੇ। ਅਜਿਹੀ ਰੂਪ–ਰੇਖਾ ਜੋ ਸੱਚਮੁਚ ਸਮੁੱਚੇ ਵਿਸ਼ਵ ਵਿੱਚ ਸਾਡੇ ਜੀਵਨਾਂ ਤੇ ਆਜੀਵਿਕਾਵਾਂ ਦੀ ਕਾਇਆਕਲਪ ਕਰਨ ਵਿੱਚ ਸੱਚਮੁਚ ਮਦਦ ਕਰ ਸਕੇ। ਤੁਹਾਡੇ ਸਭਨਾਂ ਲਈ ਮੇਰੀ ਸ਼ੁਭਕਾਮਨਾਵਾਂ।
ਤੁਹਾਡਾ ਧੰਨਵਾਦ.
ਤੁਹਾਡਾ ਬਹੁਤ ਧੰਨਵਾਦ।
****
ਵੀਆਰਆਰਕੇ/ਐੱਸਐੱਚ
(Release ID: 1661926)
Visitor Counter : 302
Read this release in:
Kannada
,
Manipuri
,
Assamese
,
Gujarati
,
Marathi
,
English
,
Urdu
,
Hindi
,
Bengali
,
Odia
,
Tamil
,
Telugu
,
Malayalam