ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੰਗਾ ਨਦੀ ਨੂੰ ਨਿਰਮਲ ਤੇ ਅਵਿਰਲ ਬਣਾਉਣ ਲਈ ਉੱਤਰਾਖੰਡ ਵਿੱਚ ਛੇ ਵਿਭਿੰਨ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

‘ਨਮਾਮਿ ਗੰਗੇ ਮਿਸ਼ਨ’ ਕਾਰਨ ਪਿਛਲੇ 6 ਸਾਲਾਂ ’ਚ ਉੱਤਰਾਖੰਡ ਦੀ ਸੀਵੇਜ ਟ੍ਰੀਟਮੈਂਟ ਸਮਰੱਥਾ ਵਿੱਚ 4–ਗੁਣਾ ਵਾਧਾ ਹੋਇਆ


ਪਿਛਲੇ 6 ਸਾਲਾਂ ’ਚ ਗੰਗਾ ਨਦੀ ਵਿੱਚ ਆ ਕੇ ਡਿੱਗਣ ਵਾਲੇ 130 ਤੋਂ ਵੱਧ ਨਾਲੇ ਬੰਦ ਕੀਤੇ


ਗੰਗਾ ਨਦੀ ਉੱਤੇ ਆਪਣੀ ਕਿਸਮ ਦੇ ਪਹਿਲੇ ਅਜਾਇਬਘਰ ‘ਗੰਗਾ ਅਵਲੋਕਨ’ ਦਾ ਉਦਘਾਟਨ ਕੀਤਾ


ਦੇਸ਼ ਦੇ ਹਰੇਕ ਸਕੂਲ ਤੇ ਆਂਗਨਵਾੜੀ ਨੂੰ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਯਕੀਨੀ ਤੌਰ ’ਤੇ ਦੇਣ ਲਈ 2 ਅਕਤੂਬਰ ਤੋਂ 100–ਦਿਨਾ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ


ਕੋਰੋਨਾ ਦੇ ਸਮੇਂ ਦੌਰਾਨ ਵੀ 50 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਉਣ ਲਈ ਉੱਤਰਾਖੰਡ ਸਰਕਾਰ ਦੀ ਸ਼ਲਾਘਾ ਕੀਤੀ

Posted On: 29 SEP 2020 2:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ‘ਨਮਾਮਿ ਗੰਗੇ ਮਿਸ਼ਨ’ ਦੇ ਤਹਿਤ ਉੱਤਰਾਖੰਡ ਵਿੱਚ ਛੇ ਮੈਗਾ (ਵਿਸ਼ਾਲ) ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

 

ਸ਼੍ਰੀ ਮੋਦੀ ਨੇ ਹਰਿਦੁਆਰ ਵਿਖੇ ਗੰਗਾ ਨਦੀ ਬਾਰੇ ਆਪਣੀ ਕਿਸਮ ਦੇ ਪਹਿਲੇ ‘ਗੰਗਾ ਅਵਲੋਕਨ ਅਜਾਇਬਘਰ’ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਇੱਕ ਪੁਸਤਕ ‘ਰੋਇੰਗ ਡਾਊਨ ਦ ਗੈਂਜੇਸ’ ਦਾ ਵਿਮੋਚਨ ਕਰਨ ਦੇ ਨਾਲ–ਨਾਲ ‘ਜਲ ਜੀਵਨ ਮਿਸ਼ਨ’ ਦਾ ਨਵਾਂ ਲੋਗੋ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਜਲ ਜੀਵਨ ਮਿਸ਼ਨ’ ਅਧੀਨ ‘ਗ੍ਰਾਮ ਪੰਚਾਇਤਾਂ ਤੇ ਪਾਣੀ ਕਮੇਟੀਆਂ ਲਈ ਮਾਰਗ–ਦਰਸ਼ਿਕਾ’ (ਪਿੰਡਾਂ ਦੀਆਂ ਪੰਚਾਇਤਾਂ ਤੇ ਜਲ ਕਮੇਟੀਆਂ ਲਈ ਦਿਸ਼ਾ–ਨਿਰਦੇਸ਼) ਵੀ ਜਾਰੀ ਕੀਤੀ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਜਲ ਜੀਵਨ ਮਿਸ਼ਨ’ ਦਾ ਉਦੇਸ਼ ਦੇਸ਼ ਦੇ ਹਰੇਕ ਪਿੰਡ ਦੇ ਮਕਾਨ ਵਿੱਚ ਪਾਈਪ ਰਾਹੀਂ ਪਾਣੀ ਦਾ ਕਨੈਕਸ਼ਨ ਮੁਹੱਈਆ ਕਰਵਾਉਣਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮਿਸ਼ਨ ਦਾ ਨਵਾਂ ਲੋਗੋ ਪਾਣੀ ਦੀ ਹਰੇਕ ਬੂੰਦ ਨੂੰ ਬਚਾਉਣ ਦੀ ਲੋੜ ਹਿਤ ਨਿਰੰਤਰ ਪ੍ਰੇਰਿਤ ਕਰੇਗਾ।

 

’ਮਾਰਗ–ਦਰਸ਼ਿਕਾ’ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਗ੍ਰਾਮ ਪੰਚਾਇਤਾਂ, ਗ੍ਰਾਮੀਣ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਨਾਲ–ਨਾਲ ਸਰਕਾਰੀ ਮਸ਼ੀਨਰੀ ਲਈ ਵੀ ਓਨੀ ਹੀ ਮਹੱਤਵਪੂਰਨ ਹੈ।

 

ਪੁਸਤਕ ‘ਰੋਇੰਗ ਡਾਊਨ ਦ ਗੈਂਜੇਸ’ ਦਾ ਵਰਨਣ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਵਿਸਤਾਰਪੂਰਬਕ ਵਰਨਣ ਕੀਤਾ ਗਿਆ ਹੈ ਕਿ ਗੰਗਾ ਨਦੀ ਕਿਵੇਂ ਸਾਡੇ ਸੱਭਿਆਚਾਰ, ਵਿਸ਼ਵਾਸ ਤੇ ਵਿਰਾਸਤ ਦੀ ਇੰਕ ਰੌਸ਼ਨ ਪ੍ਰਤੀਕ ਹੈ।

 

ਸ਼੍ਰੀ ਮੋਦੀ ਨੇ ਗੰਗਾ ਨਦੀ ਨੂੰ ਸਾਫ਼ ਰੱਖਣ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਨਦੀ ਉੱਤਰਾਖੰਡ ’ਚ ਆਪਣੇ ਉਦਗਮ–ਸਕਾਨ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਦੇਸ਼ ਦੀ ਲਗਭਗ 50 ਫ਼ੀਸਦੀ ਆਬਾਦੀ ਦੇ ਜੀਵਨ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

 

ਉਨ੍ਹਾਂ ‘ਨਮਾਮਿ ਗੰਗੇ ਮਿਸ਼ਨ’ ਨੂੰ ਨਦੀ ਸੰਭਾਲਣ ਬਾਰੇ ਸਭ ਤੋਂ ਵੱਡੀ ਮਿਸ਼ਨ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਉਦੇਸ਼ ਸਿਰਫ਼ ਗੰਗਾ ਨਦੀ ਦੀ ਸਫ਼ਾਈ ਨਹੀਂ ਹੈ, ਬਲਕਿ ਇਹ ਨਦੀ ਦੀ ਵਿਆਪਕ ਦੇਖਭਾਲ਼ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਵੀਂ ਸੋਚਣੀ ਤੇ ਪਹੁੰਚ ਨੇ ਗੰਗਾ ਨਦੀ ਨੂੰ ਆਪਣੇ ਪੁਰਾਣੇ ਜਲੌਅ ਵਿੱਚ ਵਾਪਸ ਲੈ ਆਂਦਾ ਹੈ। ਜੇ ਕਿਤੇ ਪੁਰਾਣੀਆਂ ਵਿਧੀਆਂ ਅਪਣਾਈਆਂ ਜਾਂਦੀਆਂ, ਤਾਂ ਅੱਜ ਵੀ ਹਾਲਾਤ ਓਨੇ ਹੀ ਭੈੜੇ ਹੋਣੇ ਸਨ। ਪੁਰਾਣੀਆਂ ਵਿਧੀਆਂ ਵਿੱਚ ਲੋਕਾਂ ਦੀ ਸ਼ਮੂਲੀਅਤ ਅਤੇ ਦੂਰ–ਦ੍ਰਿਸ਼ਟੀ ਦੀ ਘਾਟ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਚਹੁੰ–ਮੁਖੀ ਰਣਨੀਤੀ ਨਾਲ ਅੱਗੇ ਵਧੀ ਸੀ।

 

ਪਹਿਲਾਂ – ਗੰਗਾ ਨਦੀ ਵਿੱਚ ਆ ਕੇ ਡਿੱਗਣ ਵਾਲੇ ਗੰਦੇ ਪਾਣੀ ਨੂੰ ਰੋਕਣ ਲਈ ਸੀਵੇਜ ਟ੍ਰੀਟਮੈਂਟ ਪਲਾਂਟਾਂ (STPs) ਦਾ ਇੱਕ ਨੈੱਟਵਰਕ ਵਿਛਾਉਣਾ ਸ਼ੁਰੂ ਕੀਤਾ।

 

ਦੂਜੇ – STPs ਦਾ ਨਿਰਮਾਣ ਅਗਲੇ 10–15 ਸਾਲਾਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਕੀਤਾ ਗਿਆ।

 

ਤੀਜੇ – ਗੰਗਾ ਨਦੀ ਦੇ ਕੰਢਿਆਂ ਲਾਗੇ ਵਸੇ ਲਗਭਗ ਸੌ ਵੱਡੇ ਕਸਬਿਆਂ/ਸ਼ਹਿਰਾਂ ਅਤੇ ਪੰਜ ਹਜ਼ਾਰ ਪਿੰਡਾਂ ਨੂੰ ‘ਖੁੱਲ੍ਹੇ ਵਿੱਚ ਸ਼ੌਚ ਮੁਕਤ’ (ODF) ਬਣਾਇਆ ਗਿਆ।

 

ਅਤੇ ਚੌਥੇ – ਗੰਗਾ ਨਦੀ ਦੀਆਂ ਸਹਾਇਕ ਨਦੀਆਂ ਵਿੱਚ ਪ੍ਰਦੂਸ਼ਣ ਰੋਕਣ ਲਈ ਹਰ ਸੰਭਵ ਜਤਨ ਕੀਤੇ ਗਏ।

 

ਸ਼੍ਰੀ ਮੋਦੀ ਨੇ ਇਹ ਤੱਥ ਉਜਾਗਰ ਕਰਦਿਆਂ ਕਿਹਾ ਕਿ ‘ਨਮਾਮਿ ਗੰਗੇ’ ਤਹਿਤ 30,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਇਸ ਵੇਲੇ ਜਾਂ ਤਾਂ ਪ੍ਰਗਤੀ–ਅਧੀਨ ਹਨ ਤੇ ਜਾਂ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਕਾਰਨ ਉੱਤਰਾਖੰਡ ਦੀ ਸੀਵੇਜ ਟ੍ਰੀਟਮੈਂਟ ਸਮਰੱਥਾ ਵਿੱਚ ਪਿਛਲੇ ਛੇ ਸਾਲਾਂ ਦੌਰਾਨ ਚਾਰ–ਗੁਣਾ ਵਾਧਾ ਹੋ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਯਤਨਾਂ ਦੀ ਸੂਚੀ ਗਿਣਵਾਈ ਜਿਹੜੇ ਉੱਤਰਾਖੰਡ ’ਚ ਗੰਗਾ ਨਦੀ ਵਿੱਚ ਆ ਕੇ ਡਿੱਗਣ ਵਾਲੇ 130 ਤੋਂ ਵੱਧ ਨਾਲੇ ਬੰਦ ਕਰਵਾਉਣ ਲਈ ਕੀਤੇ ਗਏ ਸਨ। ਉਨ੍ਹਾਂ ਚੰਦਰੇਸ਼ਵਰ ਨਗਰ ਨਾਲੇ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਜਿਹੜਾ ਰਿਸ਼ੀਕੇਸ਼ ਵਿਖੇ ਮੁਨੀ ਕੀ ਰੇਤੀ ’ਚ ਆਉਣ–ਜਾਣ ਵਾਲਿਆਂ ਤੇ ਕਿਸ਼ਤੀ–ਚਾਲਕਾਂ ਲਈ ਵੱਡੀ ਮੁਸੀਬਤ ਬਣ ਗਿਆ ਸੀ। ਉਨ੍ਹਾਂ ਇਹ ਨਾਲਾ ਬੰਦ ਕਰਨ ਅਤੇ ਮੁਨੀ ਕੀ ਰੇਤੀ ਵਿਖੇ ਚਾਰ–ਮੰਜ਼ਿਲਾ STP ਦਾ ਨਿਰਮਾਣ ਕੀਤੇ ਜਾਣ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਪ੍ਰਯਾਗਰਾਜ ਕੁੰਭ ’ਚ ਸ਼ਰਧਾਲੂਆਂ ਨੇ ਦੇਖਿਆ, ਹਰਿਦੁਆਰ ’ਚ ਵੀ ਆਉਣ–ਜਾਣ ਵਾਲਿਆਂ ਨੂੰ ਸਵੱਛ ਤੇ ਸ਼ੁੱਧ ਗੰਗਾ ਨਦੀ ਦੇ ਦਰਸ਼ਨ ਹੋਣਗੇ। ਸ਼੍ਰੀ ਨਰੇਂਦਰ ਮੋਦੀ ਨੇ ਹਰਿਦੁਆਰ ਵਿਖੇ ਗੰਗਾਂ ਦੇ ਸੈਂਕੜੇ ਘਾਟਾਂ ਦਾ ਸੁੰਦਰੀਕਰਣ ਅਤੇ ਆਧੁਨਿਕ ਰਿਵਰਫ਼ਰੰਟ ਦਾ ਵਿਕਾਸ ਕੀਤੇ ਜਾਣ ਦਾ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਗੰਗਾ ਅਵਲੋਕਨ ਅਜਾਇਬਘਰ’ ਸ਼ਰਧਾਲੂਆਂ ਲਈ ਖਿੱਚ ਦਾ ਖ਼ਾਸ ਕੇਂਦਰ ਰਹੇਗਾ ਤੇ ਇਸ ਨਾਲ ਗੰਗਾ ਨਦੀ ਨਾਲ ਜੁੜੀ ਵਿਰਾਸਤ ਨੂੰ ਹੋਰ ਸਮਝਣ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਨਦੀ ਦੀ ਸਫ਼ਾਈ ਕਰਨ ਤੋਂ ਇਲਾਵਾ ‘ਨਮਾਮਿ ਗੰਗੇ’ ਗੰਗਾ ਨਦੀ ਦੀ ਸਮੁੱਚੀ ਪੱਟੀ ਦੇ ਅਰਥਚਾਰੇ ਤੇ ਵਾਤਾਵਰਣ ਦਾ ਵਿਕਾਸ ਉੱਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਔਰਗੈਨਿਕ ਖੇਤੀ ਤੇ ਆਯੁਰਵੇਦਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਯੋਜਨਾਵਾਂ ਉਲੀਕੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਮਿਸ਼ਨ ਡੌਲਫ਼ਿਨ ਨੂੰ ਵੀ ਮਜ਼ਬੂਤ ਕਰੇਗਾ, ਜਿਸ ਦਾ ਐਲਾਨ ਇਸੇ ਵਰ੍ਹੇ 15 ਅਗਸਤ ਨੂੰ ਕੀਤਾ ਗਿਆ ਸੀ।

 

ਪ੍ਰਘਾਨ ਮੰਤਰੀ ਨੇ ਕਿਹਾ ਕਿ ਪਾਣੀ ਜਿਹੇ ਅਹਿਮ ਵਿਸ਼ੇ ਦਾ ਕੰਮ ਵਿਭਿੰਨ ਮੰਤਰਾਲਿਆਂ ਤੇ ਵਿਭਾਗਾਂ ਨੂੰ ਟੁਕੜਿਆਂ ਵਿੱਚ ਵੰਡਿਆ ਗਿਆ ਸੀ, ਜਿਸ ਕਰ ਕੇ ਸਪਸ਼ਟ ਦਿਸ਼ਾ–ਨਿਰਦੇਸ਼ਾਂ ਤੇ ਤਾਲਮੇਲ ਦੀ ਘਾਟ ਸੀ। ਨਤੀਜੇ ਵਜੋਂ ਸਿੰਚਾਈ ਤੇ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਨਿਰੰਤਰ ਬਣੀਆਂ ਰਹੀਆਂ ਸਨ। ਉਨ੍ਹਾਂ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਆਜ਼ਾਦੀ–ਪ੍ਰਾਪਤੀ ਦੇ ਇੰਨੇ ਸਾਲਾਂ ਬਾਅਦ ਵੀ ਦੇਸ਼ ਦੇ 15 ਕਰੋੜ ਤੋਂ ਵੱਧ ਘਰਾਂ ਤੱਕ ਪਾਈਪਾਂ ਜ਼ਰੀਏ ਪੀਣ ਵਾਲਾ ਪਾਣੀ ਨਹੀਂ ਪਹੁੰਚ ਸਕਿਆ।

 

ਸ਼੍ਰੀ ਮੋਦੀ ਨੇ ਕਿਹਾ ਕਿ ਜਲ ਸ਼ਕਤੀ ਮੰਤਰਾਲਾ ਇੱਕ ਸਹਿ–ਕਿਰਿਆ ਲਿਆਉਣ ਅਤੇ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਉੱਤੇ ਜ਼ੋਰ ਦੇਣ ਲਈ ਕਾਇਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੰਤਰਾਲਾ ਹੁਣ ਇਸ ਮਿਸ਼ਨ ਅਧੀਨ ਦੇਸ਼ ਵਿੱਚ ਹਰੇਕ ਘਰ ਤੱਕ ਯਕੀਨੀ ਤੌਰ ਉੱਤੇ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਸਪਲਾਈ ਕਰਨ ਵਿੱਚ ਲੱਗਾ ਹੋਇਆ ਹੈ।

 

ਅੱਜ ‘ਜਲ ਜੀਵਨ ਮਿਸ਼ਨ’ ਦੇ ਤਹਿਤ ਰੋਜ਼ਾਨਾ ਲਗਭਗ 1 ਲੱਖ ਘਰਾਂ ਨੂੰ ਪਾਈਪਾਂ ਜ਼ਰੀਏ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਸਾਲ ਅੰਦਰ ਦੋ ਕਰੋੜ ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ।

 

ਉਨ੍ਹਾਂ ਪਿਛਲੇ 4–5 ਮਹੀਨਿਆਂ ਦੌਰਾਨ ਕੋਰੋਨਾ ਕਾਲ ’ਚ 50 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਉਣ ਵਾਲੀ ਉੱਤਰਾਖੰਡ ਸਰਕਾਰ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਪ੍ਰੋਗਰਾਮਾਂ ਦੇ ਉਲਟ ‘ਜਲ ਜੀਵਨ ਮਿਸ਼ਨ’ ‘ਹੇਠਲੀ ਤਹਿ ਤੋਂ ਸਿਖ਼ਰ ਤਕ ਦੀ ਪਹੁੰਚ’ ਅਪਣਾਉਂਦੀ ਹੈ, ਜਿੱਥੇ ਪਿੰਡਾਂ ਵਿੱਚ ਵਰਤੋਂਕਾਰ ਤੇ ਪਾਣੀ–ਕਮੇਟੀਆਂ ਦੀ ਦੇਖ–ਰੇਖ ਹੇਠ ਹੀ ਇਹ ਸਮੁੱਚਾ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ – ਇਸ ਦਾ ਸੰਚਾਲਨ ਤੇ ਰੱਖ–ਰਖਾਵ ਵੀ ਇਨ੍ਹਾਂ ਨੇ ਆਪ ਹੀ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਜਲ–ਕਮੇਟੀਆਂ ਦੇ 50% ਮੈਂਬਰ ਔਰਤਾਂ ਹੋਣ। ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤੀ ਗਈ ‘ਮਾਰਗ–ਦਰਸ਼ਿਕਾ’ ਵਿੱਚ ਦਰਜ ਦਿਸ਼ਾ–ਨਿਰਦੇਸ਼ ਇਨ੍ਹਾਂ ਪਾਣੀ–ਕਮੇਟੀਆਂ ਤੇ ਗ੍ਰਾਮ ਪੰਚਾਇਤਾਂ ਨੂੰ ਸਹੀ ਦਿਸ਼ਾ ਵਿੱਚ ਫ਼ੈਸਲਾ ਲੈਣ ਲਈ ਰਾਹ ਦਿਖਾਉਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਹਰੇਕ ਸਕੂਲ ਤੇ ਆਂਗਨਵਾੜੀ ਨੂੰ ਯਕੀਨੀ ਤੌਰ ’ਤੇ ਪੀਣ ਵਾਲੇ ਪਾਣੀ ਦਾ ਕਨੈਕਸ਼ਨ ਦੇਣ ਲਈ ਇਸ ਵਰ੍ਹੇ 2 ਅਕਤੂਬਰ ਤੋਂ ‘ਜਲ ਜੀਵਨ ਮਿਸ਼ਨ’ ਅਧੀਨ 100–ਦਿਨਾਂ ਦੀ ਇੱਕ ਇੱਕ ਖ਼ਾਸ ਅਭਿਯਾਨ ਸ਼ੁਰੂ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ, ਉਦਯੋਗਿਕ ਕਾਮਿਆਂ ਤੇ ਸਿਹਤ ਖੇਤਰ ਲਈ ਪਿੱਛੇ ਜਿਹੇ ਵੱਡੇ ਸੁਧਾਰ ਲਾਗੂ ਕੀਤੇ ਹਨ।

 

ਸ਼੍ਰੀ ਮੋਦੀ ਨੇ ਅਫ਼ਸੋਸ ਪ੍ਰਗਟਾਇਆ ਕਿ ਜੋ ਲੋਕ ਇਨ੍ਹਾਂ ਸੁਧਾਰਾਂ ਦਾ ਵਿਰੋਧ ਕਰ ਰਹੇ ਹਨ, ਉਹ ਸਿਰਫ਼ ਉਨ੍ਹਾਂ ਦਾ ਵਿਰੋਧ ਕਰਨ ਲਈ ਹੀ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਦਹਾਕਿਆਂ ਬੱਧੀ ਤੱਕ ਦੇਸ਼ ਉੱਤੇ ਰਾਜ ਕੀਤਾ, ਊਨ੍ਹਾਂ ਨੇ ਕਦੇ ਵੀ ਦੇਸ਼ ਦੇ ਸ਼੍ਰਮਿਕਾਂ, ਨੌਜਵਾਨਾਂ, ਕਿਸਾਨਾਂ ਤੇ ਮਹਿਲਾਵਾਂ ਨੂੰ ਸਸ਼ੱਕਤ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕ ਚਾਹੁੰਦੇ ਹਨ ਕਿ ਕਿਸਾਨ ਆਪਣੀ ਉਪਜ ਦੇਸ਼ ਵਿੱਚ ਕਿਸੇ ਨੂੰ ਵੀ ਤੇ ਕਿਤੇ ਵੀ ਲਾਹੇਵੰਦ ਕੀਮਤ ਉੱਤੇ ਨਾ ਵੇਚਣ।

 

ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ‘ਜਨ ਧਨ ਬੈਂਕ ਖਾਤੇ’, ‘ਡਿਜੀਟਲ ਇੰਡੀਆ ਮੁਹਿੰਮ’, ‘ਅੰਤਰਰਾਸ਼ਟਰੀ ਯੋਗ ਦਿਵਸ’ ਜਿਹੀਆਂ ਵਿਭਿੰਨ ਪਹਿਲਾਂ ਗਿਣਵਾਈਆਂ, ਜਿਨ੍ਹਾਂ ਦਾ ਵਿਰੋਧੀ ਧਿਰ ਨੇ ਵਿਰੋਧ ਕੀਤਾ ਸੀ ਪਰ ਲੋਕਾਂ ਨੂੰ ਉਨ੍ਹਾਂ ਦਾ ਵੱਡੇ ਪੱਧਰ ਉੱਤੇ ਲਾਭ ਪੁੱਜਾ।

 

ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ ਜਿਹੜੇ ਹਵਾਈ ਫ਼ੌਜ ਦੇ ਆਧੁਨਿਕੀਕਰਣ ਤੇ ਉਸ ਨੂੰ ਆਧੁਨਿਕ ਜੰਗੀ ਜਹਾਜ਼ਾਂ ਦੀ ਵਿਵਸਥਾ ਕਰ ਕੇ ਦੇਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਹੀ ਲੋਕਾਂ ਨੇ ਸਰਕਾਰ ਦੀ ‘ਵੰਨ ਰੈਂਕ ਵੰਨ ਪੈਨਸ਼ਨ’ ਦਾ ਵੀ ਵਿਰੋਧ ਕੀਤਾ ਸੀ, ਜਦ ਕਿ ਸਰਕਾਰ ਨੇ ਪਹਿਲਾਂ ਹੀ ਹਥਿਆਰਬੰਦ ਬਲਾਂ ਦੇ ਪੈਨਸ਼ਨਰਾਂ ਦੇ 11,000 ਕਰੋੜ ਰੁਪਏ ਦੇ ਬਕਾਏ ਵਾਪਸ ਕਰ ਦਿੱਤੇ ਸਨ।

 

ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਸਰਜੀਕਲ–ਸਟ੍ਰਾਈਕ ਦੀ ਵੀ ਆਲੋਚਨਾ ਕੀਤੀ ਸੀ ਤੇ ਫ਼ੌਜੀਆਂ ਨੂੰ ਸਰਜੀਕਲ–ਸਟ੍ਰਾਈਕ ਸਿੱਧ ਕਰਨ ਲਈ ਆਖਿਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਤੋਂ ਸਮੁੱਚੇ ਦੇਸ਼ ਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੀਆਂ ਅਸਲ ਮਨਸ਼ਾਵਾਂ ਕੀ ਹਨ।

 

ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧ ਤੇ ਰੋਸ ਮੁਜ਼ਾਹਰੇ ਕਰਨ ਵਾਲੇ ਲੋਕ ਸਮੇਂ ਦੇ ਨਾਲ ਗ਼ੈਰ–ਵਾਜਬ ਹੁੰਦੇ ਜਾ ਰਹੇ ਹਨ।

 

 

****

 

ਵੀਆਰਆਰਕੇ/ਏਕੇ



(Release ID: 1660170) Visitor Counter : 257