ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ–19 ਦੀ ਤਾਜ਼ਾ ਸਥਿਤੀ ਤੇ ਰਿਸਪਾਂਸ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਰਾਜਾਂ ਦੇ ਵਿਚਾਰ ਜਾਣੇ ਤੇ ਉਨ੍ਹਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ, ਵਧੇਰੇ ਫ਼ੋਕਸ ਦੀ ਲੋੜ ਵਾਲੇ ਖੇਤਰਾਂ ਨੂੰ ਉਜਾਗਰ ਕੀਤਾ ਤੇ ਇਸ ਚੁਣੌਤੀ ਨਾਲ ਨਿਪਟਣ ਲਈ ਰਣਨੀਤੀ ਦੀ ਰੂਪ–ਰੇਖਾ ਦਿੱਤੀ


ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਵਧੇਰੇ ਮਾਮਲਿਆਂ ਵਾਲੇ 60 ਜ਼ਿਲ੍ਹਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ


ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਟੈਸਟਾਂ ਵਿੱਚ ਚੋਖਾ ਵਾਧਾ ਕਰਨ ਅਤੇ ਲੱਛਣਾਂ ਵਾਲੇ ਆਰਏਟੀ (RAT) ਨੈਗੇਟਿਵ ਮਾਮਲਿਆਂ ਵਿੱਚ 100% ਆਰਟੀ-ਪੀਸੀਆਰ (RT-PCR) ਟੈਸਟ ਯਕੀਨੀ ਬਣਾਉਣ ਲਈ ਕਿਹਾ


ਕੋਵਿਡ ਲਈ ਵਿਸ਼ੇਸ਼ ਬੁਨਿਆਦੀ ਢਾਂਚੇ ਲਈ ਰਾਜ ਆਫ਼ਤ ਲਈ ਤੈਅ ਫ਼ੰਡ ਦੀ ਵਰਤੋਂ ਦੀ ਸੀਮਾ ਨੂੰ 35% ਤੋਂ ਵਧਾ ਕੇ 50% ਕੀਤਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਸਥਾਨਕ ਲੌਕਡਾਊਨਾਂ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨ ਲਈ ਪ੍ਰੇਰਿਤ ਕੀਤਾ


ਦੇਸ਼ ਨੂੰ ਨਾ ਸਿਰਫ਼ ਵਾਇਰਸ ਵਿਰੁੱਧ ਲੜਾਈ ਜਾਰੀ ਰੱਖਣ ਦੀ ਲੋੜ ਹੈ, ਬਲਕਿ ਆਰਥਿਕ ਮੋਰਚੇ ਉੱਤੇ ਵੀ ਦਲੇਰਾਨਾ ਢੰਗ ਨਾਲ ਅੱਗੇ ਵਧਣ ਦੀ ਲੋੜ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਦੁਆਰਾ ਟੈਸਟਿੰਗ, ਟ੍ਰੇਸਿੰਗ, ਇਲਾਜ, ਚੌਕਸੀ ਤੇ ਸਪਸ਼ਟ ਸੰਦੇਸ਼ ਦੇਣ ਉੱਤੇ ਜ਼ੋਰ


ਪ੍ਰਧਾਨ ਮੰਤਰੀ ਰਾਜਾਂ ਵਿਚਾਲੇ ਮੈਡੀਕਲ ਆਕਸੀਜਨ ਸਮੇਤ ਵਸਤਾਂ ਤੇ ਸੇਵਾਵਾਂ ਦੀ ਸੁਖਾਵੀਂ ਆਵਾਜਾਈ ਯਕੀਨੀ ਬਣਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ

Posted On: 23 SEP 2020 9:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ–19 ਦੀ ਤਾਜ਼ਾ ਸਥਿਤੀ ਤੇ ਰਿਸਪਾਂਸ ਦੀ ਸਮੀਖਿਆ ਲਈ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਦਿੱਲੀ, ਪੰਜਾਬ, ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੀ ਦੂਜੀ ਵਰ੍ਹੇਗੰਢ ਹੈ ਅਤੇ ਦੱਸਿਆ ਕਿ ਇਨ੍ਹਾਂ ਦੋ ਸਾਲਾਂ ਦੌਰਾਨ 1.25 ਕਰੋੜ ਤੋਂ ਵੱਧ ਗ਼ਰੀਬ ਮਰੀਜ਼ਾਂ ਨੂੰ ਇਸ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਮਿਲਿਆ ਹੈ। ਉਨ੍ਹਾਂ ਗ਼ਰੀਬਾਂ ਦੀ ਨਿਰੰਤਰ ਸੇਵਾ ਕਰਨ ਵਿੱਚ ਰੁੱਝੇ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਸ਼ਲਾਘਾ ਕੀਤੀ।

 

ਰਾਜਾਂ ਦੀ ਸਮੀਖਿਆ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਅਤੇ ਆਂਧਰ ਪ੍ਰਦੇਸ਼ ਸਰਕਾਰ ਵਿਚਾਲੇ ਤਾਲਮੇਲ ਸਦਕਾ ਰਾਜ ਵਿੱਚ ਸਥਿਤੀ ਬਿਹਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਰਾਜ ਪ੍ਰਭਾਵਸ਼ਾਲੀ ਢੰਗ ਨਾਲ ਟੈਸਟਿੰਗ ਟ੍ਰੇਸਿੰਗ ਜਾਰੀ ਰੱਖੇਗਾ ਤੇ ਕਿਹਾ ਕਿ ਘਰਾਂ ਵਿੱਚ ਏਕਾਂਤਵਾਸ ਲਈ ਮਰੀਜ਼ਾਂ ਦੀ ਨਿਰੰਤਰ ਨਿਗਰਾਨੀ ਦੀ ਕੋਈ ਮਜ਼ਬੂਤ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ। ਹਰੇਕ ਜ਼ਿੰਦਗੀ ਨੁੰ ਬਚਾਉਣ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਧੇਰੇ ਮਾਮਲਿਆਂ ਵਾਲੇ 20 ਜ਼ਿਲ੍ਹਿਆਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ। ਉਨ੍ਹਾਂ ਰਾਜ ਵਿੱਚ ਆਰਟੀ-ਪੀਸੀਆਰ (RT-PCR) ਟੈਸਟਿੰਗ ਦੇ ਮੌਜੂਦਾ ਪੱਧਰ ਤੋਂ ਪੰਜਗੁਣਾ ਵਾਧਾ ਕੀਤਾ ਜਾਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਮਰੀਜ਼ਾਂ ਨੂੰ ਲੱਭਣ ਤੇ ਉਨ੍ਹਾਂ ਉੱਤੇ ਨਜ਼ਰ ਰੱਖਣ ਦਾ ਇੱਕ ਵਿਗਿਆਨਕ ਪ੍ਰਬੰਧ ਵਿਕਸਿਤ ਕੀਤਾ ਹੈ, ਜਿਸ ਨਾਲ ਰਾਜ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜ ਦੇ 9 ਜ਼ਿਲ੍ਹਿਆਂ ਵਿੱਚ ਮੌਤ ਦਰ ਬਹੁਤ ਜ਼ਿਆਦਾ ਹੈ, ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਮੌਜੂਦਾ ਪੱਧਰ ਨਾਲੋਂ ਆਰਟੀ-ਪੀਸੀਆਰ (RT-PCR) ਟੈਸਟਿੰਗ ਵਿੱਚ ਤਿੰਨ ਗੁਣਾ ਵਾਧਾ ਕਰਨ, ਪ੍ਰਭਾਵਸ਼ਾਲੀ ਚੌਕਸੀ, ਕੰਟੈਕਟ ਟ੍ਰੇਸਿੰਗ ਦਾ ਸੁਝਾਅ ਦਿੱਤਾ ਅਤੇ ਨਾਲ ਹੀ ਮਾਸਕ ਤੇ ਸਫ਼ਾਈ ਨਾਲ ਸਬੰਧਤ ਵਿਵਹਾਰ ਵਿੱਚ ਤਬਦੀਲੀ ਉੱਤੇ ਫ਼ੋਕਸ ਕਰਨ ਉੱਤੇ ਜ਼ੋਰ ਦਿੱਤਾ। ਦਿੱਲੀ ਦੀ ਸਥਿਤੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ, ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਇੱਕਜੁਟ ਯਤਨਾਂ ਨਾਲ ਸਥਿਤੀ ਨੂੰ ਕਾਬੂ ਹੇਠ ਲਿਆਂਦਾ ਗਿਆ ਸੀ। ਉਨ੍ਹਾਂ ਆਰਟੀ-ਪੀਸੀਆਰ (RT-PCR) ਟੈਸਟ ਵਧਾਉਣ ਉੱਤੇ ਜ਼ੋਰ ਦਿੱਤਾ ਅਤੇ ਅਜਿਹੇ ਲੋਕਾਂ ਉੱਤੇ ਅਜਿਹੇ ਟੈਸਟ ਕਰਨ ਲਈ ਵੀ ਕਿਹਾ ਜਿਨ੍ਹਾਂ ਦੇ ਸਰੀਰ ਉੱਤੇ ਲੱਛਣ ਤਾਂ ਵਿਖਾਈ ਦਿੰਦੇ ਸਨ ਪਰ ਉਹ ਐਂਟੀਜਨ ਟੈਸਟ ਜ਼ਰੀਏ ਨੈਗੇਟਿਵ ਪਾਏ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਪਹਿਲਾਂ ਇਸ ਸੰਕ੍ਰਮਣ ਉੱਤੇ ਕਾਬੂ ਪਾਉਣ ਵਿੱਚ ਸਫ਼ਲ ਰਿਹਾ ਸੀ ਪਰ ਹੁਣ ਰਾਜ ਵਿੱਚ ਕੋਵਿਡ ਕਾਰਣ ਵਧੇਰੇ ਮੌਤਾਂ ਹੋ ਰਹੀਆਂ ਹਨ, ਇਸ ਦਾ ਇੱਕ ਵੱਡਾ ਕਾਰਣ ਇਹ ਹੈ ਕਿ ਮਰੀਜ਼ ਦੇਰੀ ਨਾਲ ਹਸਪਤਾਲਾਂ ਵਿੱਚ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਰਾਜ ਟੈਸਟ ਪਾਜ਼ਿਟੀਵਿਟੀ ਦਰ ਅਤੇ ਕੇਸ ਮੌਤ ਦਰ ਘਟਾਉਣ ਦੇ ਯੋਗ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਮਿਲ ਨਾਡੂ ਰਾਜ ਨੇ ਵੱਡੇ ਪੱਧਰ ਉੱਤੇ ਟੈਸਟਿੰਗ ਤੇ ਟ੍ਰੇਸਿੰਗ ਲਈ ਆਪਣੀ ਰਣਨੀਤੀ ਨਾਲ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਦੀ ਰੀਸ ਕੀਤੀ ਜਾਣੀ ਚਾਹੀਦੀ ਹੈ; ਇਸ ਰਣਨੀਤੀ ਸਦਕਾ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲੇ ਸਥਿਰ ਹੋਣ ਤੇ ਘਟਣ ਲੱਗੇ। ਉਨ੍ਹਾਂ ਕਿਹਾ ਕਿ ਰਾਜ ਦੇ 7 ਜ਼ਿਲ੍ਹਿਆਂ ਵਿੱਚ ਕੇਸ ਮੌਤ ਦਰ ਘਟਾਉਣ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟੈਲੀਮੈਡੀਸਨ ਲਈ ਇਸ ਰਾਜ ਨੇ ਈਸੰਜੀਵਨੀ ਐਪਲੀਕੇਸ਼ਨ ਦੀ ਵਧੀਆ ਵਰਤੋਂ ਕੀਤੀ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਤਮਿਲ ਨਾਡੂ ਦਾ ਅਨੁਭਵ ਨਿਸ਼ਚਿਤ ਤੌਰ ਉੱਤੇ ਹੋਰਨਾਂ ਰਾਜਾਂ ਲਈ ਲਾਹੇਵੰਦ ਸਿੱਧ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਉੱਤਰ ਪ੍ਰਦੇਸ਼ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਪਰਤੇ ਹਨ, ਇਸ ਰਾਜ ਨੂੰ ਟੈਸਟਿੰਗ ਦਾ ਘੇਰਾ ਵਧਾ ਕੇ ਹਾਲਤ ਉੱਤੇ ਪ੍ਰਭਾਵਸ਼ਾਲੀ ਤਰੀਕੇ ਕਾਬੂ ਪਾਉਣ ਦੀ ਲੋੜ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਰਾਜ ਜੰਗੀਪੱਧਰ ਉੱਤੇ ਕੰਟੈਕਟਟ੍ਰੇਸਿੰਗ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਰਾਜ ਦੇ 16 ਜ਼ਿਲ੍ਹੇ ਅਜਿਹੇ ਹਨ, ਜਿੱਥੇ ਰੋਜ਼ਾਨਾ 100 ਤੋਂ ਵੱਧ ਮਾਮਲੇ ਆ ਰਹੇ ਹਨ, ਉਨ੍ਹਾਂ ਅੱਗੇ ਕਿਹਾ ਕਿ ਸੰਕ੍ਰਮਣਗ੍ਰਸਤ ਖੇਤਰਾਂ ਦੀ ਮੈਪਿੰਗ ਅਤੇ ਉਨ੍ਹਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਅਤੇ ਲੋਕਾਂ ਨੂੰ ਮਾਸਕ ਦੀ ਵਰਤੋਂ ਪ੍ਰਤੀ ਨਿਰੰਤਰ ਜਾਗਰੂਕ ਕਰਨਾ ਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ।

 

ਵਾਇਰਸ ਨਾਲ ਜੂਝਣ ਲਈ ਵਧੇਰੇ ਫ਼ੰਡ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਦੇਸ਼ ਵਿੱਚ ਰੋਜ਼ਾਨਾ 10 ਲੱਖ ਤੋਂ ਵੱਧ ਟੈਸਟ ਹੋ ਰਹੇ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਨਾਲ ਨਿਪਟਣ ਲਈ ਸਿਹਤ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕਰਨ, ਟ੍ਰੈਕਿੰਗ ਤੇ ਟ੍ਰੇਸਿੰਗ ਦੇ ਨੈੱਟਵਰਕ ਵਿੱਚ ਸੁਧਾਰ ਲਿਆਉਣ ਤੇ ਬਿਹਤਰ ਸਿਖਲਾਈ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਕੋਵਿਡ ਲਈ ਖ਼ਾਸ ਬੁਨਿਆਦੀ ਢਾਂਚੇ ਲਈ ਰਾਜ ਆਫ਼ਤ ਰੈਸਪੌਂਸ ਕੋਸ਼ ਦੀ ਵਰਤੋਂ ਦੀ ਸੀਮਾ 35% ਤੋਂ ਵਧਾ ਕੇ 50% ਕਰ ਦਿੱਤੀ ਗਈ ਹੈ, ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਇਸ ਵਾਇਰਸ ਨਾਲ ਲੜਨ ਲਈ ਰਾਜਾਂ ਨੂੰ ਵਧੇਰੇ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ।

 

ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਵਾਇਰਸ ਦੇ ਫ਼ੈਲਣ ਨੂੰ ਰੋਕਣ ਲਈ 1–2 ਦਿਨਾਂ ਦੇ ਸਥਾਨਕ ਲੌਕਡਾਊਨਾਂ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨ, ਜੇ ਇਹ ਫ਼ੈਸਲਾ ਰਾਜਾਂ ਵਿੱਚ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਤੋਂ ਰੋਕਦਾ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਨਾ ਸਿਰਫ਼ ਫ਼ਾਇਰਸ ਨਾਲ ਲੜਾਈ ਜਾਰੀ ਰੱਖਣ ਦੀ ਲੋੜ ਹੈ, ਬਲਕਿ ਆਰਥਿਕ ਮੋਰਚੇ ਉੱਤੇ ਵੀ ਦਲੇਰਾਨਾ ਢੰਗ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ।

 

ਟੈਸਟਿੰਗ, ਟ੍ਰੇਸਿੰਗ, ਇਲਾਜ, ਚੌਕਸੀ ਤੇ ਸੰਦੇਸ਼ ਦੇਣਾ

 

ਪ੍ਰਧਾਨ ਮੰਤਰੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਟੈਸਟਿੰਗ, ਟ੍ਰੇਸਿੰਗ, ਇਲਾਜ, ਚੌਕਸੀ ਤੇ ਸਪਸ਼ਟ ਸੰਦੇਸ਼ ਦੇਣ ਉੱਤੇ ਹੋਰ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸੰਕ੍ਰਮਣ ਦੇ ਬਿਨਾ ਲੱਛਣਾਂ ਵਾਲੀ ਪ੍ਰਕਿਰਿਤੀ ਨੂੰ ਦੇਖਦਿਆਂ ਪ੍ਰਭਾਵਸ਼ਾਲੀ ਤਰੀਕੇ ਸੰਦੇਸ਼ਸੰਚਾਰ ਜ਼ਰੂਰੀ ਹੈ, ਅਜਿਹੀ ਪ੍ਰਕਿਰਤੀ ਕਾਰਣ ਟੈਸਟਾਂ ਦੀ ਪ੍ਰਭਾਵਕਤਾ ਬਾਰੇ ਸ਼ੱਕ ਪੈਦਾ ਹੋ ਸਕਦੇ ਹਨ। ਉਨ੍ਹਾਂ ਮਾਸਕਾਂ ਦੀ ਰੋਜ਼ਾਨਾ ਵਰਤੋਂ ਦੀ ਆਦਤ ਵਿਕਸਿਤ ਕਰਨ ਉੱਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਰਾਜਾਂ ਵਿਚਾਲੇ ਵਸਤਾਂ ਤੇ ਸੇਵਾਵਾਂ ਦੀ ਸੁਖਾਵੀਂ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਰਾਜਾਂ ਨੂੰ ਪਿੱਛੇ ਜਿਹੇ ਆਕਸੀਜਨ ਸਪਲਾਈ ਖ਼ਰੀਦਣ ਵਿੱਚ ਔਕੜਾਂ ਪੇਸ਼ ਆਈਆਂ ਸਨ, ਉਨ੍ਹਾਂ ਇਹ ਵੀ ਕਿਹਾ ਕਿ ਮੈਡੀਕਲ ਆਕਸੀਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਸਾਰੇ ਰਾਜਾਂ ਵਿੱਚ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਆਵਾਜਾਈ ਦੀ ਸੁਵਿਧਾ ਬਾਰੇ ਵੀ ਗੱਲ ਕੀਤੀ।

 

ਬੈਠਕ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਨੇ ਇਸ ਵਾਇਰਸ ਨਾਲ ਲੜਨ ਲਈ ਲੌਕਡਾਊਨ ਦੌਰਾਨ ਸਿਹਤ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਰਾਜਾਂ ਦੇ ਨਾਲਨਾਲ ਜ਼ਿਲ੍ਹਿਆਂ ਨੂੰ ਵੀ ਇਸ ਵਾਇਰਸ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਲੋੜ ਹੈ, ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਦਿਸ਼ਾਨਿਰਦੇਸ਼ ਤਿਆਰ ਕੀਤੇ ਜਾਣਗੇ, ਜਿਸ ਲਈ ਇਸ ਬੈਠਕ ਦੌਰਾਨ ਪ੍ਰਾਪਤ ਹੋਣ ਵਾਲੇ ਸੁਝਾਅ/ਫ਼ੀਡਬੈਕ ਬਹੁਤ ਲਾਹੇਵੰਦ ਸਿੱਧ ਹੋਣਗੇ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨੇ ਕੋਵਿਡ ਦੀ ਤਾਜ਼ਾ ਸਥਿਤੀ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਇਨ੍ਹਾਂ 7 ਰਾਜਾਂ ਵਿੱਚ ਦੇਸ਼ ਦੇ 62% ਸਰਗਰਮ ਮਾਮਲੇ ਰੋਜ਼ਾਨਾ ਆ ਰਹੇ ਹਨ ਅਤੇ ਕੋਵਿਡ ਕਾਰਣ ਲਗਭਗ 77% ਮੌਤਾਂ ਹੋ ਰਹੀਆਂ ਹਨ। ਇਸ ਪੇਸ਼ਕਾਰੀ ਵਿੱਚ ਕੇਸ ਟ੍ਰਾਜੈਕਟਰੀ, ਕੀਤੇ ਗਏ ਕੁੱਲ ਟੈਸਟ, ਇਨ੍ਹਾਂ ਰਾਜਾਂ ਵਿੱਚ ਮੌਤ ਤੇ ਸੈਂਪਲ ਪਾਜ਼ਿਟੀਵਿਟੀ ਦਰ ਬਾਰੇ ਦੱਸਿਆ ਗਿਆ ਸੀ।

 

ਮੁੱਖ ਮੰਤਰੀ ਬੋਲੇ

 

ਮੁੱਖ ਮੰਤਰੀਆਂ ਨੇ ਸੰਕਟ ਦੇ ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾਂ ਬੁਨਿਆਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨੂੰ ਆਪਣੀ ਫ਼ੀਡਬੈਕ ਦਿੱਤੀ ਅਤੇ ਇਸ ਵਾਇਰਸ ਦੇ ਫੈਲਣ ਉੱਤੇ ਕਾਬੂ ਪਾਉਣ ਦੇ ਰਾਹ ਵਿੱਚ ਆ ਰਹੀਆਂ ਚੁਣੌਤੀਆਂ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਦੇ ਮਾਮਲੇ ਵਿੱਚ ਆ ਰਹੀਆਂ ਚੁਣੌਤੀਆਂ ਨਾਲ ਨਿਪਟਣ ਦੀ ਤਿਆਰੀ ਬਾਰੇ ਦੱਸਿਆ।

 

ਉਨ੍ਹਾਂ ਆਪਣੀਆਂ ਸਰਕਾਰਾਂ ਦੁਆਰਾ ਇਸ ਬਿਮਾਰੀ ਨੂੰ ਕਲੰਕਮੁਕਤ ਬਣਾਉਣ ਅਤੇ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਜਾ ਰਹੇ ਯਤਨਾਂ, ਮੌਤ ਦਰ ਉੱਤੇ ਕਾਬੂ ਪਾਉਣ ਹਿਤ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਪੋਸਟਕੋਵਿਡ ਕਲੀਨਿਕ ਖੋਲ੍ਹਣ, ਟੈਸਟਿੰਗ ਵਿੱਚ ਵਾਧਾ ਕਰਨ ਤੇ ਉਨ੍ਹਾਂ ਦੁਆਰਾ ਚੁੱਕੇ ਅਜਿਹੇ ਹੋਰ ਕਦਮਾਂ ਬਾਰੇ ਦੱਸਿਆ।

 

****

 

ਏਪੀ/ਏਐੱਮ


(Release ID: 1658439) Visitor Counter : 185