ਉਪ ਰਾਸ਼ਟਰਪਤੀ ਸਕੱਤਰੇਤ
ਰਾਜ ਸਭਾ ਦੇ ਚੇਅਰਮੈਨ ਨੇ ਕਿਹਾ ਕਿ ਉਪਰਲੇ ਸਦਨ ਦਾ ਮਾਣ ਕਾਇਮ ਰੱਖਣਾ ਉਨ੍ਹਾਂ ਦਾ ਫ਼ਰਜ਼ ਹੈ
ਮੈਂਬਰਾਂ ਦੀ ਮੁਅੱਤਲੀ ਨੂੰ ਨਾਗਵਾਰ ਪਰ ਜ਼ਰੂਰੀ ਦੱਸਿਆ
ਲੰਬੇ ਸਮੇਂ ਦੇ ਬਾਈਕਾਟ ਨਾਲ ਮੈਂਬਰ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਣ ਤੋਂ ਵਾਂਝੇ ਰਹਿ ਜਾਂਦੇ ਹਨ: ਚੇਅਰਮੈਨ
ਚੇਅਰਮੈਨ ਨੇ ਮੈਂਬਰਾਂ ਦੇ ਇੱਕ ਵਰਗ ਵੱਲੋਂ ਬਾਈਕਾਟ ਦੌਰਾਨ ਬਿਲਾਂ ਦੇ ਪਾਸ ਹੋਣ ਦੀਆਂ ਮਿਸਾਲਾਂ ਦਿੱਤੀਆਂ
ਸਾਰੇ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਸ਼ਾਂਤੀ ਨਾਲ ਚਲਣ ਦੇਣ ਦੀ ਕੀਤੀ ਅਪੀਲ
ਇਸ ਸੈਸ਼ਨ ਦੌਰਾਨ ਉਪਰਲੇ ਸਦਨ ਦੀ ਉਤਪਾਦਕਤਾ 100.47% ਹੋ ਗਈ ਹੈ
Posted On:
23 SEP 2020 4:27PM by PIB Chandigarh
ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਹੈ ਕਿ ਉਪਰਲੇ ਸਦਨ ਦੇ ਨਿਯਮਾਂ, ਮਾਪਦੰਡਾਂ ਤੇ ਕਦਰਾਂ–ਕੀਮਤਾਂ ਦਾ ਮਾਣ ਕਾਇਮ ਰੱਖਣਾ ਉਨ੍ਹਾਂ ਦਾ ਫ਼ਰਜ਼ ਹੈ ਭਾਵੇਂ ਮੈਂਬਰਾਂ ਦੀ ਮੁਅੱਤਲੀ ਕੋਈ ਖ਼ੁਸ਼ਗਵਾਰ ਕਾਰਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮੁਅੱਤਲੀ ਲਈ ਸਦਨ ਦੇ ਨਿਯਮਾਂ ਵਿੱਚ ਵਿਵਸਥਾ ਹੈ ਜਦੋਂ ਅਜਿਹਾ ਕਰਨਾ ਜ਼ਰੂਰੀ ਹੋ ਜਾਵੇ।
ਰਾਜ ਸਭਾ ਨੂੰ ਨਿਸ਼ਚਿਤ ਸਮੇਂ ਤੋਂ ਅੱਠ ਦਿਨ ਅਗਾਊਂ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਆਪਣੀਆਂ ਸਮਾਪਨ ਟਿੱਪਣੀਆਂ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਵੇਂ ਵਿਰੋਧ ਪ੍ਰਗਟਾਉਣਾ ਵਿਰੋਧੀ ਧਿਰ ਦਾ ਅਧਿਕਾਰ ਹੈ ਪਰ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਕਿਵੇਂ ਹੋਣਾ ਚਾਹੀਦਾ ਹੈ?
ਉਨ੍ਹਾਂ ਕਿਹਾ ਕਿ ਇਸ ਸਤਿਕਾਰਤ ਸਦਨ ਦਾ ਫ਼ਲੋਰ ਵਿਚਾਰ ਪ੍ਰਗਟਾ ਕੇ ਬਹਿਸ ਕਰਨ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਮੰਚ ਹੈ। ਉਨ੍ਹਾਂ ਕਿਹਾ ਕਿ ਜੇ ਬਾਈਕਾਟ ਲੰਬੇ ਸਮੇਂ ਲਈ ਕੀਤਾ ਜਾਵੇ, ਤਦ ਮੈਂਬਰਾਂ ਨੂੰ ਉਸ ਮੰਚ ਤੋਂ ਦੂਰ ਰਹਿਣਾ ਪੈਂਦਾ ਹੈ ਜਿਹੜਾ ਉਨ੍ਹਾਂ ਨੁੰ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਣ ਦੇ ਯੋਗ ਬਣਾਉਂਦਾ ਹੈ, ਭਾਵੇਂ ਹੋਰ ਮੈਂਬਰ ਬਹਿਸ ਕਰਦੇ ਰਹਿੰਦੇ ਹਨ।
ਵਿਰੋਧੀ ਧਿਰ ਦੇ ਆਗੂ ਸ਼੍ਰੀ ਗ਼ੁਲਾਮ ਨਬੀ ਆਜ਼ਾਦ ਤੇ ਹੋਰਨਾਂ ਤੋਂ ਪ੍ਰਾਪਤ ਹੋਈ ਉਸ ਚਿੱਠੀ, ਜਿਸ ਵਿੱਚ ਸਦਨ ਨੂੰ ਬੇਨਤੀ ਕੀਤੀ ਗਈ ਸੀ ਕਿ ਤਿੰਨ ਕਿਰਤ ਕੋਡ ਪਾਸ ਨਾ ਕੀਤੇ ਜਾਣ, ਦਾ ਜ਼ਿਕਰ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਦੋਂ ਕੁਝ ਮੈਂਬਰਾਂ ਦੇ ਬਾਈਕਾਟ ਜਾਂ ਵਾਕਆਊਟ ਦੌਰਾਨ ਵੀ ਕਾਰਵਾਈ ਨਿਸ਼ਚਿਤ ਟਾਈਮ–ਟੇਬਲ ਅਨੁਸਾਰ ਚਲਦੀ ਰਹੀ ਸੀ ਤੇ ਬਿਲ ਪ੍ਰਵਾਨ ਹੋਏ ਸਨ। ਇਸ ਸੰਦਰਭ ਵਿੱਚ ਉਨ੍ਹਾਂ ਸਾਲ 2013 ’ਚ ਵਿੱਤ ਬਿਲ ਅਤੇ ਖ਼ਰਚਾ ਬਿਲ ਪਾਸ ਕੀਤੇ ਜਾਣ ਦੀ ਉਦਾਹਰਣ ਦਿੱਤੀ। ਸ਼੍ਰੀ ਨਾਇਡੂ ਨੇ ਕਿਹਾ ਕਿ ਜੇ ਇਸ ਚਿੱਠੀ ਇਹ ਸੁਝਾਇਆ ਗਿਆ ਹੁੰਦਾ ਕਿ ਇਹ ਬਿਲ ਮੁਲਤਵੀ ਕਰ ਦਿੱਤਾ ਜਾਵੇ ਤੇ ਉਹ ਸਦਨ ਵਿੱਚ ਹਾਜ਼ਰ ਰਹਿਣਗੇ, ਤਾਂ ਉਨ੍ਹਾਂ ਨੇ ਇਸ ਮੁੱਦੇ ਉੱਤੇ ਸਰਕਾਰ ਨਾਲ ਵਿਚਾਰ–ਵਟਾਂਦਰਾ ਕਰਨਾ ਸੀ। ਉਨ੍ਹਾਂ ਕਿਹਾ ਕਿ ਪਰ ਅਜਿਹਾ ਕੋਈ ਭਰੋਸਾ ਨਹੀਂ ਮਿਲਿਆ। ਦੂਜੇ ਪਾਸੇ ਕੁਝ ਮੈਂਬਰਾਂ ਨੇ ਉਸ ਨੂੰ ਦਰੁਸਤ ਠਹਿਰਾਇਆ ਜੋ ਕੁਝ ਵੀ ਉਨ੍ਹਾਂ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸੇ ਲਈ ਉਨ੍ਹਾਂ ਨੇ ਇਨ੍ਹਾਂ ਬਿਲਾਂ ਨੂੰ ਲੈ ਕੇ ਅੱਗੇ ਵਧਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਕਿਹਾ ਕਿ ਉਤਪਾਦਕਤਾ ਦੇ ਪੱਖੋਂ ਇਹ ਸੈਸ਼ਨ ਸੰਤੋਖਜਨਕ ਰਿਹਾ, ਉਂਝ ਭਾਵੇਂ ਕੁਝ ਵਿਚਾਰਨਯੋਗ ਖੇਤਰ ਵੀ ਬਣੇ ਰਹੇ। ਉਨ੍ਹਾਂ ਇਹ ਵੀ ਕਿਹਾ,‘ਸਾਨੂੰ ਭਵਿੱਖ ਵਿੱਚ ਕੁਝ ਫ਼ਰਕ ਪਾਉਣ ਲਈ ਇਨ੍ਹਾਂ ਮੁੱਦਿਆਂ ਉੱਤੇ ਸਮੂਹਕ ਤੌਰ ’ਤੇ ਵਿਚਾਰ ਕਰਨਾ ਹੋਵੇਗਾ।’
ਚੇਅਰਮੈਨ ਨੇ ਕਿਹਾ ਕਿ ਇਸ ਸਤਿਕਾਰਤ ਸਦਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਡਿਪਟੀ ਚੇਅਰਮੈਨ ਦੇ ਖ਼ਾਤਮੇ ਲਈ ਮਤੇ ਦਾ ਨੋਟਿਸ ਪਾਇਆ ਗਿਆ ਸੀ ਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਨੂੰਨੀ ਤੌਰ ’ਤੇ ਲਾਜ਼ਮੀ 14 ਦਿਨਾਂ ਦਾ ਅਗਾਊਂ ਨੋਟਿਸ ਨਹੀਂ ਦਿੱਤਾ ਗਿਆ ਸੀ।
ਇਸ ਨਿਵੇਕਲੇ ਕਦਮ ਨਾਲ ਸਬੰਧਿਤ ਕੁਝ ਵਿਕਾਸ–ਕ੍ਰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਭਨਾਂ ਲਈ ਬਹੁਤ ਦੁਖਦਾਈ ਰਹੇ ਹਨ ਜਿਨ੍ਹਾਂ ਨੇ ਇਸ ਅਹੁਦੇ ਨੂੰ ਸੰਭਾਲ਼ਿਆ ਹੈ ਅਤੇ ਇਸ ਸਤਿਕਾਰਤ ਸਦਨ ਦਾ ਮਾਣ ਉਨ੍ਹਾਂ ਦੇ ਦਿਲਾਂ ਨੂੰ ਪਿਆਰਾ ਹੈ। ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਅਜਿਹਾ ਅਸੁਖਾਵਾਂ ਵਿਵਹਾਰ ਦੁਹਰਾਇਆ ਨਾ ਜਾਵੇ।
ਭਾਵੇਂ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਸੀ ਕਿ ਜਦੋਂ ਕੁਝ ਮੈਂਬਰ ਮੁਅੱਤਲ ਕੀਤੇ ਜਾ ਚੁੱਕੇ ਸਨ ਤੇ ਬਿਲ ਪਾਸ ਹੋਏ ਸਨ ਜਦੋਂ ਕੁਝ ਵਰਗਾਂ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਕੀਤਾ ਸੀ; ਉਨ੍ਹਾਂ ਕਿਹਾ,‘ਮੈਨੂੰ ਇਹ ਬਹੁਤ ਨਾਖ਼ੁਸ਼ਗਵਾਰ ਲੱਗਾ। ਅਜਿਹੀ ਸਥਿਤੀ ਤੋਂ ਹਰ ਹਾਲਤ ਵਿੱਚ ਬਚਣ ਦੀ ਲੋੜ ਹੈ।’
ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਪਿਛਲੇ 22 ਸਾਲਾਂ ਤੋਂ ਸਤਿਕਾਰਤ ਸਦਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਦੁੱਖ ਹੁੰਦਾ ਹੈ, ਜਦੋਂ ਰੌਲੇ–ਰੱਪੇ ਵਿੱਚ ਬਿਲ ਪਾਸ ਹੁੰਦੇ ਹਨ। ਚੇਅਰਮੈਨ ਨੇ ਇਹ ਵੀ ਕਿਹਾ,‘ਮੈਨੂੰ ਇਸ ਸਤਿਕਾਰਤ ਸਦਨ ਦੇ ਚੇਅਰਮੈਨ ਵਜੋਂ ਕੁਦਰਤੀ ਤੌਰ ’ਤੇ ਇਹ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਜਦੋਂ ਅਜਿਹਾ ਕੁਝ ਵਾਪਰਦਾ ਹੈ। ਮੈਨੂੰ ਉਦੋਂ ਬਹੁਤ ਦੁੱਖ ਹੁੰਦਾ ਹੈ, ਜਦੋਂ ਅਜਿਹੀਆਂ ਘਟਨਾਵਾਂ ਵਾਪਰਦੇ ਸਮੇਂ ਚੇਅਰਪਰਸਨ ਮਜਬੂਰ ਹੁੰਦਾ ਹੈ ਅਤੇ ਨਿਯਮਾਂ ਅਨੁਸਾਰ ਲਾਜ਼ਮੀ ਤੌਰ ਉੱਤੇ ਮੈਂਬਰਾਂ ਵਿਰੁੱਧ ਕਾਰਵਾਈ ਕਰਨੀ ਪੈਂਦੀ ਹੈ।’
ਚੇਅਰਮੈਨ ਨੇ ਮੈਂਬਰਾਂ ਨੂੰ ਚੇਤੇ ਕਰਵਾਉਣਾ ਚਾਹਿਆ ਕਿ ਦੋ ਵਾਰ – 1997 ਅਤੇ 2012 ਵਿੱਚ ਸਤਿਕਾਰਤ ਸਦਨ ਨੇ ਸੰਕਲਪ ਲਿਆ ਸੀ ਕਿ ਸਾਰੇ ਮੈਂਬਰ ਸਦਨ ਦਾ ਆਦਰ–ਮਾਣ ਕਾਇਮ ਰੱਖਣਗੇ ਅਤੇ ਨਿਯਮਾਂ ਤੇ ਕਾਰਜ–ਵਿਧੀਆਂ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਸਦਨ ਦਾ ਕੰਮ ਸੁਖਾਵੇਂ ਢੰਗ ਨਾਲ ਚਲਣ ਦੇਣ ਦੀ ਜ਼ਿੰਮੇਵਾਰੀ ਸਾਰੇ ਮੈਂਬਰਾਂ ਦੀ ਹੈ, ‘ਤਾਂ ਜੋ ਅਸੀਂ ਲੋਕਾਂ ਨਾਲ ਕੀਤੀਆਂ ਪ੍ਰਤੀਬੱਧਤਾਵਾਂ ਪੂਰੀਆਂ ਕਰ ਸਕੀਏ।’
ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਸਾਖ਼ ਘਟਾਉਣ ਬਾਰੇ ਵਿਰੋਧੀ ਧਿਰ ਦੇ ਆਗੂ ਸ਼੍ਰੀ ਆਜ਼ਾਦ ਦੀਆਂ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਸਦਨ ਦੀ ਕਾਰਵਾਈ ਨੂੰ ਇੱਕ ਵਿਵਸਥਾ ਵਿੱਚ ਚਲਦਾ ਰੱਖਣ ਦੇ ਮਾਮਲੇ ਵਿੱਚ ਕੇਂਦਰ–ਬਿੰਦੂ ਸੀ। ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਸਦਨ ਦੀ ਕਾਰਵਾਈ ਨਾਲ ਸਬੰਧਿਤ ਕਿਸੇ ਵੀ ਮੁੱਦੇ ਉੱਤੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸਦਾ ਉਨ੍ਹਾਂ ਦੇ ਵਿਚਾਰ ਜਾਣਨ ਲਈ ਉਨ੍ਹਾਂ ਤੱਕ ਪਹੁੰਚ ਕਰਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਨਵੇਂ ਕਿਸਮ ਦੇ ਕੋਰੋਨਾ–ਵਾਈਰਸ ਦੇ ਫੈਲਣ ਕਾਰਨ ਰਾਜ ਸਭਾ ਦੇ 252ਵੇਂ ਸੈਸ਼ਨ ਦੌਰਾਨ ਕਈ ਨਿਵੇਕਲੀਆਂ ਖ਼ਾਸੀਅਤਾਂ ਬਣੀਆਂ ਰਹੀਆਂ ਤੇ ਸਦਨ ਦੀਆਂ 10 ਬੈਠਕਾਂ ਹੋਈਆਂ ਅਤੇ ਕਾਰਵਾਈ ਸੰਸਦ ਦੇ ਦੋਵੇਂ ਸਦਨਾਂ ਦੇ ਚੈਂਬਰਾਂ ਅਤੇ ਇਸ ਸਦਨ ਦੀਆਂ ਚਾਰ ਗੈਲਰੀਆਂ ਸਮੇਤ ਛੇ ਵੱਖੋ–ਵੱਖਰੇ ਸਥਾਨਾਂ ਤੋਂ ਚੱਲੀ; ਰਾਜ ਸਭਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ।
ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਦਰਪੇਸ਼ ਕੋਵਿਡ–19 ਦੀ ਨਿਰੰਤਰ ਮਹਾਮਾਰੀ ਕਾਰਨ ਕੁੱਲ ਅਨੁਸੂਚਿਤ 18 ਬੈਠਕਾਂ ਤੋਂ ਪਹਿਲਾਂ ਹੀ ਰਾਜ ਸਭਾ ਦਾ ਸੈਸ਼ਨ ਸਮਾਪਤ ਕਰਨਾ ਪਿਆ ਜਦੋਂ ਹਾਲੇ 8 ਬੈਠਕਾਂ ਬਾਕੀ ਰਹਿੰਦੀਆਂ ਸਨ – ‘ਅਸੀਂ ਅਸਾਧਾਰਣ ਕਿਸਮ ਦੇ ਸਮਿਆਂ ਵਿੱਚ ਰਹਿ ਰਹੇ ਹਾਂ ਕਿਉਂਕਿ ਨਵੇਂ ਆਮ ਜੀਵਨ ਅਨੁਸਾਰ ਬਹੁਤ ਸਾਰੀਆਂ ਐਡਜਸਟਮੈਂਟਾਂ ਕਰਨੀ ਪਈਆਂ ਹਨ।’
ਇਸ ਸੈਸ਼ਨ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ 10 ਬੈਠਕਾਂ ਦੌਰਾਨ ਕੁੱਲ 25 ਬਿਲ ਪਾਸ ਹੋਏ ਤੇ ਛੇ ਬਿਲ ਪੇਸ਼ ਹੋਏ। ਇਸ ਸੈਸ਼ਨ ਦੌਰਾਨ ਸਦਨ ਦੀ ਉਤਪਾਦਕਤਾ 100.47% ਰਹੀ। ਪਿਛਲੇ ਤਿੰਨ ਸੈਸ਼ਨਾਂ ਦੌਰਾਨ ਉੱਚ ਉਤਪਾਦਕਤਾ ਦਾ ਜਿਹੜਾ ਨਵਾਂ ਆਮ ਪੱਧਰ ਵੇਖਣ ਨੂੰ ਮਿਲਿਆ ਸੀ, ਉਹ ਇਸ ਸੈਸ਼ਨ ਵਿੱਚ ਵੀ ਜਾਰੀ ਰਿਹਾ। ਚੇਅਰਮੈਨ ਨੇ ਇਹ ਵੀ ਕਿਹਾ,‘ਨਤੀਜੇ ਵਜੋਂ, ਪਿਛਲੇ ਚਾਰ ਸੈਸ਼ਨਾਂ ਦੀ ਕੁੱਲ ਉਤਪਾਦਕਤਾ ਸ਼ਲਾਘਾਯੋਗ 96.13% ਰਹੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਲਗਾਤਾਰ ਚਾਰ ਸੈਸ਼ਨਾਂ ਤੋਂ ਉੱਚ–ਉਤਪਾਦਕਤਾ ਸਰਬੋਤਮ ਰਹੀ।’
ਉਨ੍ਹਾਂ ਕਿਹਾ ਕਿ 10 ਬੈਠਕਾਂ ਦੌਰਾਨ ਕੁੱਲ 1,567 ਅਨਸਟਾਰਡ ਪ੍ਰਸ਼ਨਾਂ ਦੇ ਲਿਖਤੀ ਉੱਤਰ ਦਿੱਤੇ ਗਏ, ਜਦ ਕਿ ਮੈਂਬਰਾਂ ਨੇ ਸਿਫ਼ਰ ਕਾਲ ਵਿੱਚ 92 ਵਾਰ ਅਤੇ 66 ਵਾਰ ਖ਼ਾਸ ਤੌਰ ਉੱਤੇ ਜਨਤਕ ਮਹੱਤਵ ਵਾਲੇ ਜ਼ਰੂਰੀ ਮੁੱਦੇ ਉਠਾਏ। ਇਸ ਤੋਂ ਇਲਾਵਾ ਮੈਂਬਰਾਂ ਨੇ ਕੋਵਿਡ–19 ਮਹਾਮਾਰੀ ਦੇ ਫੈਲਣ, ਉਸ ਦੇ ਨਤੀਜਿਆਂ ਤੇ ਪ੍ਰਬੰਧ ਅਤੇ ਲੱਦਾਖ ਵਿੱਚ ਸਰਹੱਦ ਲਾਗੇ ਵਾਪਰੀਆਂ ਕੁਝ ਘਨਾਵਾਂ ਨਾਲ ਸਬੰਧਿਤ ਅਹਿਮ ਮੁੱਦਿਆਂ ਉੱਤੇ ਵਿਚਾਰ–ਵਟਾਂਦਰਾ ਕੀਤਾ।
ਸ਼੍ਰੀ ਨਾਇਡੂ ਨੇ ਡਾਕਟਰਾਂ, ਨਰਸਾਂ, ਪੈਰਾ–ਮੈਡੀਕਲ ਸਟਾਫ਼, ਸੈਨੀਟੇਸ਼ਨ ਵਰਕਰਾਂ, ਵਿਗਿਆਨੀਆਂ ਤੇ ਕਿਸਾਨਾਂ ਜਿਹੇ ਸਾਰੇ ਮੋਹਰੀ ਜੋਧਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਤੇ ਹਥਿਆਰਬੰਦ ਬਲਾਂ ਦਾ ਵੀ ਧੰਨਵਾਦ ਕੀਤਾ।
****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ
(Release ID: 1658393)
Visitor Counter : 258