ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਪ੍ਰਧਾਨ ਮੰਤਰੀ ਨੇ ਬਿਹਾਰ ’ਚ 14,000 ਕਰੋੜ ਰੁਪਏ ਤੋਂ ਵੱਧ ਦੇ ਨੌਂ ਹਾਈਵੇਅ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਿਆ

ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਬਿਹਾਰ ਦੀਆਂ ਸਾਰੀਆਂ ਨਦੀਆਂ ਉੱਤੇ ਪੁਲ਼ ਬਣ ਜਾਣਗੇ
ਪ੍ਰਧਾਨ ਮੰਤਰੀ ਦੇ ਪੈਕੇਜ ਅਧੀਨ, ਗੰਗਾ ਨਦੀ ਉੱਤੇ 62 ਲੇਨ ਸਮਰੱਥਾ ਵਾਲੇ ਪੁਲ਼ਾਂ ਦੀ ਕੁੱਲ ਗਿਣਤੀ 17 ਹੋ ਜਾਵੇਗੀ
ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਨੇ ਰਾਜ ਵਿੱਚ ਹਾਈਵੇਅਜ਼ ਤੇ ਪੁਲ਼ਾਂ ਦਾ ਨਿਰਮਾਣ ਤੇਜ਼ੀ ਨਾਲ ਮੁਕੰਮਲ ਕਰਨ ਲਈ ਕੇਂਦਰ ਦਾ ਧੰਨਵਾਦ ਕੀਤਾ; ਬਕਸਰ–ਵਾਰਾਣਸੀ ਸਿੱਧੇ ਰੂਟ ਦੀ ਲੋੜ ਦਾ ਦਿੱਤਾ ਸੰਕੇਤ

Posted On: 21 SEP 2020 3:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਵਿੱਚ ਨੌਂ ਹਾਈਵੇਅ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਿਆ। ਉਨ੍ਹਾਂ ਬਿਹਾਰ ਦੇ ਸਾਰੇ ਪਿੰਡਾਂ ਨੂੰ ਜੋੜਨ ਹਿਤ ਇੰਟਰਨੈੱਟ ਸੇਵਾਵਾਂ ਲਈ ‘ਹਰ ਗਾਓਂ ਔਪਟੀਕਲ ਫ਼ਾਈਬਰ ਕੇਬਲ’ ਦਾ ਵੀ ਨੀਂਹ–ਪੱਥਰ ਰੱਖਿਆ। ਮੁੱਖ ਮੰਤਰੀ ਸ਼੍ਰੀਨੀਤੀਸ਼ ਕੁਮਾਰ ਨੇ ਇਸ ਵਰਚੁਅਲ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਕੇਂਦਰੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਤੇ ਸ਼੍ਰੀ ਗਿਰੀਰਾਜ ਸਿੰਘ, ਬਿਹਾਰ ਦੇ ਰਾਜਪਾਲ ਸ਼੍ਰੀ ਫਾਗੂ ਸਿੰਘ, ਉਪ ਮੁੱਖ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਮੋਦੀ, ਕੇਂਦਰੀ ਰਾਜ ਮੰਤਰੀ ਸ਼੍ਰੀ ਆਰਕੇ ਸਿੰਘ, ਜਨਰਲ (ਡਾ.) ਵੀਕੇ ਸਿੰਘ (ਸੇਵਾ–ਮੁਕਤ), ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਸ਼੍ਰੀ ਸੰਜੈ ਧੋਤ੍ਰੇ, ਰਾਜਾਂ ਦੇ ਮੰਤਰੀ, ਕਈ ਸੰਸਦ ਮੈਂਬਰ, ਵਿਧਾਇਕ ਤੇ ਕੇਂਦਰ ਤੇ ਰਾਜ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਿਹਾਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਆਰਥਿਕ ਗਤੀਵਿਧੀਆਂ ਦੀ ਰਫ਼ਤਾਰ ਤੇਜ਼ ਕਰਨ ਲਈ ਇੱਕ ਅਹਿਮ ਦਿਨ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹਾ ਹੈ ਕਿ ਸਿਰਫ਼ ਉਹੀ ਰਾਸ਼ਟਰ ਤਰੱਕੀ ਕਰਦਾ ਹੈ, ਜੋ ਬੁਨਿਆਦੀ ਢਾਂਚੇ ਉੱਤੇ ਵਧੇਰੇ ਧਨ ਨਿਵੇਸ਼ ਕਰਦਾ ਹੈ। ਅੱਜ, ਹਾਈਵੇਅਜ਼ ਪਹਿਲਾਂ ਦੇ ਮੁਕਾਬਲੇ ਦੁੱਗਣੀ ਰਫ਼ਤਾਰ ਨਾਲ ਤਿਆਰ ਕੀਤੇ ਜਾ ਰਹੇ ਹਨ। ਸੜਕਾਂ ਦੇ ਨਿਰਮਾਣ ਉੱਤੇ ਕੀਤਾ ਜਾਣ ਵਾਲਾ ਨਿਵੇਸ਼ ਵੀ ਪੰਜ–ਗੁਣਾ ਵਧਾ ਦਿੱਤਾ ਗਿਆ ਹੈ। ਬੁਨਿਆਦੀ ਢਾਂਚੇ ਦੇ ਇਸ ਵਿਕਾਸ ਦਾ ਸਭ ਤੋਂ ਵੱਡਾ ਲਾਭਾਰਥੀ ਬਿਹਾਰ ਹੈ। ਅੱਜ ਦੇ ਪ੍ਰੋਗਰਾਮ ਵਿੱਚ ਇਹ ਪ੍ਰੋਜੈਕਟ ਰਾਜ ਦੇ ਸਾਰੇ ਵੱਡੇ ਸ਼ਹਿਰਾਂ ਨੂੰ ਆਪਸ ਵਿੱਚ ਜੋੜ ਦੇਣਗੇ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਸੜਕ ਵਿਕਾਸ ਦੀਆਂ ਯੋਜਨਾਵਾਂ ਉਲੀਕਦੇ ਸਮੇਂ ਸਰਕਾਰ ਨੇ ਦਰਿਆਵਾਂ ਉੱਤੇ ਪੁਲ਼ਾਂ ਦੇ ਨਿਰਮਾਣ ਉੱਤੇ ਖ਼ਾਸ ਜ਼ੋਰ ਦਿੱਤਾ ਹੈ। ਨਤੀਜੇ ਵਜੋਂ, ਬਿਹਾਰ ਵਿੱਚ 17 ਦਰਿਆਈ ਪੁਲ਼ਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਲਟੀ–ਮੋਡਲ ਟ੍ਰਾਂਸਪੋਰਟ ਪ੍ਰਣਾਲੀ ਵਿਕਸਤ ਕਰਨ ਉੱਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਉਂਦੇ 4–5 ਸਾਲਾਂ ਦੌਰਾਨ ਬੁਨਿਆਦੀ ਢਾਂਚੇ ਉੱਤੇ 110 ਲੱਖ ਕਰੋੜ ਰੁਪਏ ਤੋਂ ਵੱਧ ਖ਼ਰਚ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚੋਂ 19 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਇਕੱਲੇ ਹਾਈਵੇਅਜ਼ ਦੇ ਵਿਕਾਸ ਲਈ ਰੱਖੇ ਗਏ ਹਨ।

https://twitter.com/narendramodi/status/1307942298521464832

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕ ਤੇ ਕਨੈਕਟੀਵਿਟੀ ਲਈ ਬੁਨਿਆਦੀ ਢਾਂਚੇ ਦਾ ਪਸਾਰ ਕਰਨ ਦੇ ਇਨ੍ਹਾਂ ਜਤਨਾਂ ਤੋਂ ਬਿਹਾਰ ਨੂੰ ਵੀ ਲਾਭ ਹੋ ਰਿਹਾ ਹੈ। ਸਾਲ 2015 ’ਚ ਐਲਾਨੇ ਗਏ ਪ੍ਰਧਾਨ ਮੰਤਰੀ ਦੇ ਪੈਕੇਜ ਅਧੀਨ 3,000 ਕਿਲੋਮੀਟਰ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗਾਂ ਦਾ ਪ੍ਰਸਤਾਵ ਰੱਖਿਆ ਗਿਆ ਸੀ। ਇਸ ਤੋਂ ਇਲਾਵਾ, ਭਾਰਤਮਾਲਾ ਪ੍ਰੋਜੈਕਟ ਅਧੀਨ ਸਾਢੇ ਛੇ ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅੱਜ ਬਿਹਾਰ ਵਿੱਚ ਨੈਸ਼ਨਲ ਹਾਈਵੇਅ ਗ੍ਰਿੱਡ ਉੱਤੇ ਕੰਮ ਤੇਜ਼–ਰਫ਼ਤਾਰ ਨਾਲ ਚਲ ਰਿਹਾ ਹੈ। ਪੂਰਬੀ ਤੇ ਪੱਛਮੀ ਬਿਹਾਰ ਨੂੰ ਜੋੜਨ ਲਈ ਚਾਰ ਲੇਨਾਂ ਵਾਲੇ 5 ਪ੍ਰੋਜੈਕਟ ਨਿਰਮਾਣ ਅਧੀਨ ਹਨ ਤੇ 6 ਪ੍ਰੋਜੈਕਟ ਉੱਤਰੀ ਭਾਰਤ ਨੂੰ ਦੱਖਣੀ ਭਾਰਤ ਨਾਲ ਜੋੜਨ ਲਈ ਚਲ ਰਹੇ ਹਨ।

ਮੁੱਖ ਮੰਤਰੀ ਸ਼੍ਰੀਨੀਤੀਸ਼ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੈਕੇਜ ਤੋਂ ਇਲਾਵਾ ਕੇਂਦਰ ਦੁਆਰਾ ਰਾਜ ਦੇ ਬੁਨਿਆਦੀ ਢਾਂਚੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਰਾਜ ਨੂੰ ਉਤਾਂਹ ਚੁੱਕਣ ਲਈ ਪ੍ਰਧਾਨ ਮੰਤਰੀ ਦੇ ਜਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਜ ਵਿੱਚ ਹਾਈਵੇਅਜ਼ ਤੇ ਪੁਲ਼ਾਂ ਦਾ ਨਿਰਮਾਣ ਤੇਜ਼–ਰਫ਼ਤਾਰ ਨਾਲ ਮੁਕੰਮਲ ਕਰਨ ਲਈ ਕੇਂਦਰ ਨੂੰ ਮੁਬਾਰਕਬਾਦ ਵੀ ਦਿੱਤੀ। ਉਂਝ ਉਨ੍ਹਾਂ ਬਕਸਰ ਤੇ ਵਾਰਾਣਸੀ ਵਿਚਾਲੇ ਇੱਕ ਸਿੱਧੇ ਰੂਟ ਦੀ ਲੋੜ ਉੱਤੇ ਵਿਚਾਰ ਕਰਨ ਦੀ ਬੇਨਤੀ ਕੀਤੀ। ਮੁੱਖ ਮੰਤਰੀ ਨੇ ਆਵਾਜਾਈ ਨੂੰ ਸੁਖਾਵੇਂ ਢੰਗ ਨਾਲ ਇੱਕ ਰਵਾਨੀ ਵਿੱਚ ਚਲਦਾ ਰੱਖਣ ਲਈ ਰਾਸ਼ਟਰੀ ਰਾਜਮਾਰਗ (NH) ਦੀ ਚੌੜਾਈ ਵਿੱਚ ਇੱਕਸਾਰਤਾ ਰੱਖਣ ਦੀ ਲੋੜ ਦਾ ਨੁਕਤਾ ਉਠਾਇਆ। ਸ਼੍ਰੀਨੀਤੀਸ਼ ਕੁਮਾਰ ਨੇ ਕਿਹਾ ਕਿ ਸਰਕਾਰਰਾਜ ਵਿੱਚ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ ਕਰਨ ਦੇ ਹਰ ਸੰਭਵ ਯਤਨ ਕਰ ਰਹੀ ਹੈ। ਸੜਕਾਂ ਦੇ ਰੱਖ–ਰਖਾਅ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਤੇ ਪੁਲ਼ਾਂ ਨੂੰ ਜਨ–ਸ਼ਿਕਾਇਤ ਪ੍ਰਣਾਲੀ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਰਾਸ਼ਟਰੀ ਰਾਜਮਾਰਗਾਂ ਦੇ ਨਾਲ–ਨਾਲ ਵੱਡੇ ਪੱਧਰ ਉੱਤੇ ਰੁੱਖ ਲਾਏ ਜਾਣਗੇ।

ਕੇਂਦਰੀ ਕਾਨੂੰਨ ਤੇ ਨਿਆਂ, ਇਲੈਕਟ੍ਰੌਨਿਕ ਤੇ ਸੂਚਨਾ ਟੈਕਨੋਲੋਜੀ ਅਤੇ ਸੰਚਾਰ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਅੱਜ ਬਿਹਾਰ ਲਈ ਇੱਕ ਇਤਿਹਾਸਿਕ ਦਿਨ ਹੈ ਕਿਉਂਕਿ ਭੌਤਿਕ ਤੇ ਡਿਜੀਟਲ ਬੁਨਿਆਦੀ ਢਾਚੇ ਨਾਲ ਸਬੰਧਿਤ ਦੋ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਸ਼੍ਰੀ ਪ੍ਰਸਾਦ ਨੇ ਕਿਹਾ ਕਿ ਕੇਂਦਰੀ ਦੂਰਸੰਚਾਰ ਵਿਭਾਗ ਦੇ ਇੰਟਰਨੈੱਟ ਸੇਵਾਵਾਂ ਵਾਲੇ ਪ੍ਰੋਜੈਕਟ ‘ਹਰ ਗਾਓਂ ਔਪਟੀਕਲ ਫ਼ਾਈਬਰ ਕੇਬਲ’ ਨੂੰ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ‘ਕੌਮਨ ਸਰਵਿਸ ਸੈਂਟਰਜ਼’ (ਆਮ ਸੇਵਾ ਕੇਂਦਰਾਂ – CSCs) ਦੁਆਰਾ ਲਾਗੂ ਕੀਤਾ ਜਾਵੇਗਾ। ਇਹ ਦਿਹਾਤੀ ਖੇਤਰਾਂ ਵਿੱਚ ਈ–ਸੇਵਾਵਾਂ ਮੁਹੱਈਆ ਕਰਵਾਉਣ ਲਈ ਬੇਹੱਦ ਅਹਿਮ ਹੋਵੇਗਾ।

ਕੇਂਦਰੀ ਰੋਡ ਟ੍ਰਾਂਸਪੋਰਟ ਤੇ ਹਾਈਵੇਜ਼ਰਾਜ ਮੰਤਰੀ ਜਨਰਲ (ਡਾ.) ਵੀਕੇ ਸਿੰਘ (ਸੇਵਾ–ਮੁਕਤ) ਨੇ ਸੂਚਿਤ ਕੀਤਾ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਸੜਕੀ–ਲੰਬਾਈ ਲਗਭਗ 350 ਕਿਲੋਮੀਟਰ ਹੈ, ਜਿਨ੍ਹਾਂ ਦੇ ਨਿਰਮਾਣ ਉੱਤੇ 14,258 ਕਰੋੜ ਰੁਪਏ ਖ਼ਰਚ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਨਾਲ ਬਿਹਤਰ ਕਨੈਕਟੀਵਿਟੀ ਤੇ ਸੁਵਿਧਾ ਵਿੱਚ ਵਾਧਾ ਹੋਵੇਗਾ ਅਤੇ ਰਾਜ ਵਿੱਚ ਅਤੇ ਆਸ-ਪਾਸ ਦੇ ਇਲਾਕਿਆਂ ਦਾ ਆਰਥਿਕ ਵਿਕਾਸ ਹੋਵੇਗਾ। ਰਾਜ ’ਚ ਖ਼ਾਸ ਕਰ ਕੇ ਗੁਆਂਢੀ ਰਾਜਾਂ ਉੱਤਰ ਪ੍ਰਦੇਸ਼, ਝਾਰਖੰਡ ਤੇ ਪੱਛਮੀ ਬੰਗਾਲ ਤੋਂ ਆਉਣ–ਜਾਣ ਵਾਲੇ ਲੋਕਾਂ ਦੀ ਆਵਾਜਾਈ ਵਿੱਚ ਵੀ ਚੋਖਾ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਵਧੀਆ ਹੋਣ ਨਾਲ ਸਮੇਂ ਤੇ ਈਂਧਨ ਦੀ ਬੱਚਤ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਪ੍ਰਦੂਸ਼ਣ ਫੈਲਾਉਣ ਵਾਲੇ ਤੱਤਾਂ ਦੀ ਨਿਕਾਸੀ ਵੀ ਘਟਦੀ ਹੈ। ਇਹ ਪ੍ਰੋਜੈਕਟ ਸੜਕਾਂ ਉੱਤੋਂ ਭੀੜ ਘਟਾਉਣਗੇ ਅਤੇ ਰਾਹ ਵਿੱਚ ਆਉਂਦੇ ਸਾਰੇ ਕਸਬਿਆਂ ਵਿੱਚ ਸੜਕਾਂ ਉੱਤੇ ਚਲਣ ਦੇ ਅਨੁਭਵ ਵਿੱਚ ਸੁਧਾਰ ਆਵੇਗਾ।

ਉਪ ਮੁੱਖ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਚਾਰ ਸਾਲ ਪਹਿਲਾਂ ਐਲਾਨੇ ਗਏ 1,25,000 ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਪੈਕੇਜ ਦਾ ਹਿੱਸਾ ਹਨ। ਪਹਿਲਾਂ ਬਿਹਾਰ ਵਿੱਚ ਸਿਰਫ਼ ਇੱਕੋ ਦਰਿਆਈ ਪੁਲ਼ ਹੁੰਦਾ ਸੀ, ਪਰ ਹੁਣ ਰਾਜ ਵਿੱਚ 17 ਦਰਿਆਈ ਪੁਲ਼ ਹੋਣਗੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲੋਕਾਂ ਦੇ ਜੀਵਨ ਬਿਹਤਰ ਬਣਾਉਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਹਿਤ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜੋਕਾ ਬਿਹਾਰ ਕ਼ਦਰ ਤੇ ਰਾਜ ਵਿਚਾਲੇ ਸਹਿਯੋਗ ਦੀ ਇੱਕ ਮਹਾਨ ਮਿਸਾਲ ਹੈ।

ਪ੍ਰਧਾਨ ਮੰਤਰੀ ਨੇ ਸਾਲ 2015 ’ਚ ਬਿਹਾਰ ਦੇ ਅਹਿਮ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਖ਼ਾਸ ਪੈਕੇਜ ਦਾ ਐਲਾਨ ਕੀਤਾ ਸੀ। ਇਸ ਵਿੱਚ 54,700 ਕਰੋੜ ਰੁਪਏ ਦੇ 75 ਪ੍ਰੋਜੈਕਟ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 13 ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ, 38 ਉੱਤੇ ਕੰਮ ਚਲ ਰਿਹਾ ਹੈ ਅਤੇ ਬਾਕੀ ਦੇ ਡੀਪੀਆਰ/ਬੋਲੀ ਲਾਉਣ/ਪ੍ਰਵਾਨਗੀ ਦੇਣ ਦੇ ਪੜਾਅ ਉੱਤੇ ਹਨ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ, 21ਵੀਂ ਸਦੀ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਬਿਹਾਰ ਦੇ ਸਾਰੇ ਦਰਿਆਵਾਂ ਉੱਤੇ ਪੁਲ਼ ਬਣ ਜਾਣਗੇ ਅਤੇ ਸਾਰੇ ਪ੍ਰਮੁੱਖ ਰਾਸ਼ਟਰੀ ਰਾਜ–ਮਾਰਗ ਚੌੜੇ ਤੇ ਮਜ਼ਬੂਤ ਬਣ ਜਾਣਗੇ। ਪ੍ਰਧਾਨ ਮੰਤਰੀ ਪੈਕੇਜ ਅਧੀਨ ਗੰਗਾ ਨਦੀ ਉੱਤੇ ਪੁਲ਼ਾਂ ਦੀ ਕੁੱਲ ਗਿਣਤੀ 17 ਹੋ ਜਾਵੇਗੀ, ਜਿਨ੍ਹਾਂ ਦੀ ਲੇਨ ਸਮਰੱਥਾ 62 ਹੋਵੇਗੀ। ਇੰਝ ਰਾਜ ਵਿੱਚ ਹਰੇਕ 25 ਕਿਲੋਮੀਟਰ ’ਤੇ ਦਰਿਆਵਾਂ ਉੱਤੇ ਇੱਕ ਪੁਲ਼ ਹੋਵੇਗਾ।

ਇਨ੍ਹਾਂ ਪ੍ਰੋਜੈਕਟਾਂ ਵਿੱਚ 1149.55 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ–31 ਦੇ 47.23 ਕਿਲੋਮੀਟਰ ਬਖ਼ਤਿਆਰਪੁਰ–ਰਾਜੌਲੀ ਸੈਕਸ਼ਨ ਦੀ ਫ਼ੋਰ–ਲੇਨਿੰਗ, 2650.76 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ–31 (ਪੈਕੇਜ–3) ਦੇ 50.89 ਕਿਲੋਮੀਟਰ ਬਖ਼ਤਿਆਰਪੁਰ–ਰਾਜੌਲੀ ਸੈਕਸ਼ਨ ਦੀ ਫ਼ੋਰ–ਲੇਨਿੰਗ, 885.41 ਕਰੋੜ ਰੁਪਏ ਦੀ ਲਾਗਤ ਨਾਲ EPC ਮੋਡ ਉੱਤੇ ਰਾਸ਼ਟਰੀ ਰਾਜਮਾਰਗ–30 ਦੇ 54.53 ਕਿਲੋਮੀਟਰ ਅਰਾ–ਮੋਹਨੀਆ ਸੈਕਸ਼ਨ ਦੀ ਫ਼ੋਰ–ਲੇਨਿੰਗ, 855.93 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀ (EPC)ਮੋਡ ਉੱਤੇ ਰਾਸ਼ਟਰੀ ਰਾਜਮਾਰਗ–30 ਦੇ 60.80 ਕਿਲੋਮੀਟਰ ਅਰਾ–ਮੋਹਨੀਆ ਸੈਕਸ਼ਨ ਦੀ ਫ਼ੋਰ–ਲੇਨਿੰਗ, 2288 ਕਰੋੜ ਰੁਪਏ ਦੀ ਲਾਗਤ ਨਾਲ ਐੱਚਏਐੱਮ (HAM)ਮੋਡ ਉੱਤੇ ਰਾਸ਼ਟਰੀ ਰਾਜ–ਮਾਰਗ 131ਏ ਦੇ 49 ਕਿਲੋਮੀਟਰ ਨਰੇਨਪੁਰ–ਪੂਰਣੀਆ ਸੈਕਸ਼ਨ ਦੀ ਫ਼ੋਰ–ਲੇਨਿੰਗ, 913.15 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀਮੋਡ ਉੱਤੇ ਰਾਸ਼ਟਰੀ ਰਾਜ–ਮਾਰਗ 131ਜੀ ਦੇ 39 ਕਿਲੋਮੀਟਰ ਪਟਨਾ–ਰਿੰਗ ਰੋਡ (ਕਨਹੌਲੀ–ਰਾਮਨਗਰ) ਦੀ ਫ਼ੋਰ–ਲੇਨਿੰਗ 2926.42 ਕਰੋੜ ਰੁਪਏ ਦੀ ਲਾਗਤ ਨਾਲ ਪਟਨਾ ’ਚ ਰਾਸ਼ਟਰੀ ਰਾਜ–ਮਾਰਗ 19 ਉੱਤੇ ਗੰਗਾ ਨਦੀ ਦੇ ਆਰ–ਪਾਰ ਨਵੇਂ 14.5 ਕਿਲੋਮੀਟਰ ਫ਼ੋਰ–ਲੇਨ ਪੁਲ਼ (ਮੌਜੂਦਾ ਐੱਮਜੀ (MG)ਸੇਤੂ ਦੇ ਸਮਾਨੰਤਰ) ਦਾ ਨਿਰਮਾਣ, 1478.40 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀਮੋਡ ਉੱਤੇ 2–ਲੇਨ ਪੇਵਡ ਸ਼ੋਲਡਰ ਨਾਲ ਰਾਸ਼ਟਰੀ ਰਾਜ–ਮਾਰਗ–106 ਉੱਤੇ ਕੋਸੀ ਨਦੀ ਦੇ ਆਰ–ਪਾਰ ਇੱਕ ਨਵੇਂ 28.93 ਕਿਲੋਮੀਟਰ 4–ਲੇਨ ਪੁਲ਼ ਦਾ ਨਿਰਮਾਣ ਅਤੇ 1110.23 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜ–ਮਾਰਗ–131ਬੀ ਉੱਤੇ ਗੰਗਾ ਨਦੀ ਦੇ ਆਰ–ਪਾਰ ਨਵੇਂ 4.445 ਕਿਲੋਮੀਟਰ 4–ਲੇਨ ਪੁਲ਼ (ਮੌਜੂਦਾ ਵਿਕਰਮਸ਼ਿਲਾ ਸੇਤੂ ਦੇ ਸਮਾਨੰਤਰ) ਦਾ ਨਿਰਮਾਣ ਸ਼ਾਮਲ ਹੈ।

***

ਆਰਸੀਜੇ/ਐੱਮਐੱਸ



(Release ID: 1657482) Visitor Counter : 118