ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਨੇ ਪਲਵਲ ਤੋਂ ਸੋਨੀਪਤ ਤੱਕ ਬਰਾਸਤਾ ਸੋਹਣਾ–ਮਾਨੇਸਰ–ਖਰਖੌਦਾ ‘ਹਰਿਆਣਾ ਔਰਬਿਟਲ ਰੇਲ ਕੌਰੀਡੋਰ ਪ੍ਰੋਜੈਕਟ’ ਨੂੰ ਪ੍ਰਵਾਨਗੀ ਦਿੱਤੀ


ਇਸ ਪ੍ਰੋਜੈਕਟ ਦੀ ਕੁੱਲ ਲੰਬਾਈ ਹੈ ~ 121.7 ਕਿਲੋਮੀਟਰ

ਇਹ ਪ੍ਰੋਜੈਕਟ ਰੇਲ ਮੰਤਰਾਲੇ ਦੁਆਰਾ ਹਰਿਆਣਾ ਸਰਕਾਰ ਨਾਲ ਮਿਲ ਕੇ ਸਥਾਪਿਤ ਕੀਤੇ ਇੱਕ ਸਾਂਝੇ ਉੱਦਮ ਦੀ ਕੰਪਨੀ ‘ਹਰਿਆਣਾ ਰੇਲ ਇਨਫ਼੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ’ (HRIDC) ਦੁਆਰਾ ਲਾਗੂ ਕੀਤਾ ਜਾਵੇਗਾ

ਇਸ ਨਾਲ ਆਵਾਜਾਈ ਨੂੰ ਦਿੱਲੀ ਵੱਲ ਮੋੜਨ ਦੀ ਲੋੜ ਨਹੀਂ ਪਵੇਗੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਉੱਪ–ਖੇਤਰ ਹਰਿਆਣਾ ਰਾਜ ਵਿੱਚ ਮਲਟੀਮੋਡਲ ਲੌਜਿਸਟਿਕਸ ਧੁਰੇ ਵਿਕਸਿਤ ਕਰਨ ’ਚ ਮਦਦ ਮਿਲੇਗੀ

ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਅਨੁਮਾਨਿਤ ਲਾਗਤ ਹੈ ~ ਰੁਪਏ 5,617 ਕਰੋੜ ਤੇ ਇਹ 5 ਸਾਲਾਂ ਵਿੱਚ ਮੁਕੰਮਲ ਕਰਨਾ ਪ੍ਰਸਤਾਵਿਤ ਹੈ

Posted On: 15 SEP 2020 2:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਪਲਵਲ ਤੋਂ ਸੋਨੀਪਤ ਤੱਕ ਬਰਾਸਤਾ ਸੋਹਣਾ–ਮਾਨੇਸਰ–ਖਰਖੌਦਾ ‘ਹਰਿਆਣਾ ਔਰਬਿਟਲ ਰੇਲ ਕੌਰੀਡੋਰ ਪ੍ਰੋਜੈਕਟ’ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਰੇਲ ਲਾਈਨ ਪਲਵਲ ਤੋਂ ਸ਼ੁਰੂ ਹੋਵੇਗੀ ਤੇ ਮੌਜੂਦਾ ਹਰਸਾਨਾ ਕਲਾਂ ਸਟੇਸ਼ਨ (ਦਿੱਲੀ–ਅੰਬਾਲਾ ਸੈਕਸ਼ਨ ਉੱਤੇ) ਉੱਤੇ ਸਮਾਪਤ ਹੋਵੇਗੀ। ਇਸ ਨਾਲ ਮੌਜੂਦਾ ਪਾਟਲੀ ਸਟੇਸ਼ਨ (ਦਿੱਲੀ–ਰੇਵਾੜੀ ਲਾਈਨ ਉੱਤੇ), ਸੁਲਤਾਨਪੁਰ ਸਟੇਸ਼ਨ (ਗੜ੍ਹੀ ਹਰਸਰੂ–ਫ਼ਰੁੱਖਨਗਰ ਲਾਈਨ) ਅਤੇ ਅਸੌਧ ਸਟੇਸ਼ਨ (ਦਿੱਲੀ–ਰੋਹਤਕ ਲਾਈਨ ਉੱਤੇ) ਵੱਲ ਜਾਣ ਵਾਲੇ ਰੂਟ ਵੀ ਜੁੜ ਜਾਣਗੇ।

ਲਾਗੂਕਰਣ
ਇਹ ਪ੍ਰੋਜੈਕਟ ਰੇਲ ਮੰਤਰਾਲੇ ਦੁਆਰਾ ਹਰਿਆਣਾ ਸਰਕਾਰ ਨਾਲ ਮਿਲ ਕੇ ਇੱਕ ਸਾਂਝੇ ਉੱਦਮ ਵਾਲੀ ਕੰਪਨੀ ‘ਹਰਿਆਣਾ ਰੇਲ ਇਨਫ਼੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ’ (HRIDC) ਦੁਆਰਾ ਲਾਗੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਵਿੱਚ ਰੇਲ ਮੰਤਰਾਲੇ, ਹਰਿਆਣਾ ਸਰਕਾਰ ਤੇ ਸਬੰਧਿਤ ਨਿਜੀ ਧਿਰਾਂ ਦੀ ਸਾਂਝੀ ਭਾਗੀਦਾਰੀ ਹੋਵੇਗੀ।
ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਅਨੁਮਾਨਿਤ ਲਾਗਤ 5,617 ਕਰੋੜ ਰੁਪਏ। ਇਸ ਪ੍ਰੋਜੈਕਟ ਦੇ 5 ਸਾਲਾਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ।
 
ਲਾਭ
ਇਸ ਰੇਲ ਲਾਈਨ ਦਾ ਲਾਭ ਹਰਿਆਣਾ ਦੇ ਪਲਵਲ, ਨੂਹ, ਗੁਰੂਗ੍ਰਾਮ, ਝੱਜਰ ਤੇ ਸੋਨੀਪਤ ਜ਼ਿਲ੍ਹਿਆਂ ਨੂੰ ਹੋਵੇਗਾ।
ਇਸ ਰੇਲ ਲਾਈਨ ਨਾਲ ਆਵਾਜਾਈ ਦਿੱਲੀ ਵੱਲ ਨਾ ਮੋੜਨ ਦੀ ਸੁਵਿਧਾ ਮਿਲੇਗੀ ਤੇ ਇੰਝ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਭੀੜ ਘਟੇਗੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਉੱਪ–ਖੇਤਰ ਹਰਿਆਣਾ ਰਾਜ ਵਿੱਚ ਮਲਟੀਮੋਡਲ ਲੌਜਿਸਟਿਕਸ ਧੁਰੇ ਵਿਕਸਤ ਕਰਨ ਵਿੱਚ ਮਦਦ ਮਿਲੇਗੀ। ਇਸ ਦੁਆਰਾ ਇਸ ਖੇਤਰ ਤੋਂ ਸਮਰਪਿਤ ਮਾਲ ਲਾਂਘਾ ਨੈੱਟਵਰਕ ਨੂੰ ਬੇਰੋਕ ਤੇ ਤੇਜ਼–ਰਫ਼ਤਾਰ ਕਨੈਕਟੀਵਿਟੀ ਮਿਲੇਗੀ, ਜਿਸ ਨਾਲ ਟਰਾਂਸਪੋਰਟੇਸ਼ਨ ਦੀ ਲਾਗਤ ਘਟੇਗੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਤੋਂ ਭਾਰਤ ਦੀਆਂ ਬੰਦਰਗਾਹਾਂ ਵੱਲ ਨੂੰ ਬਰਾਮਦ–ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਆਵਾਜਾਈ ਵਿੱਚ ਲਗਣ ਵਾਲਾ ਸਮਾਂ ਘਟੇਗਾ; ਜਿਸ ਨਾਲ ਵਸਤਾਂ ਦੀ ਬਰਾਮਦ ਵਧੇਰੇ ਪ੍ਰਤੀਯੋਗੀ ਬਣੇਗੀ। ਇਹ ਕਾਰਜਕੁਸ਼ਲ ਆਵਾਜਾਈ ਲਾਂਘੇ ਤੇ ਹੋਰ ਪਹਿਲਾਂ ਨਾਲ ‘ਮੇਕ ਇਨ ਇੰਡੀਆ’ ਮਿਸ਼ਨ ਪੂਰਾ ਕਰਨ ਹਿਤ ਨਿਰਮਾਣ ਇਕਾਈਆਂ ਸਥਾਪਿਤ ਕਰਨ ਲਈ ਬਹੁ–ਰਾਸ਼ਟਰੀ ਉਦਯੋਗਾਂ ਨੂੰ ਖਿੱਚਣ ਦੇ ਮੰਤਵ ਨਾਲ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ ਹਰਿਆਣਾ ਰਾਜ ਦੇ ਹੁਣ ਤੱਕ ਵਾਂਝੇ ਰਹੇ ਖੇਤਰਾਂ ਨੂੰ ਵੀ ਰੇਲ ਕਨੈਕਟੀਵਿਟੀ ਦੇਵੇਗਾ, ਜਿਸ ਨਾਲ ਇਸ ਰਾਜ ਵਿੱਚ ਆਰਥਿਕ ਤੇ ਸਮਾਜਿਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ। ਇਸ ਬਹੁ–ਉਦੇਸ਼ੀ ਆਵਾਜਾਈ ਪ੍ਰੋਜੈਕਟ ਨਾਲ ਰੋਜ਼ਾਨਾ ਆਉਣ–ਜਾਣ ਵਾਲੇ ਯਾਤਰੀਆਂ ਨੂੰ ਸਸਤੀ ਤੇ ਤੇਜ਼ ਰਫ਼ਤਾਰ ਸੁਵਿਧਾ ਮਿਲੇਗੀ, ਗੁਰੂਗ੍ਰਾਮ ਅਤੇ ਮਾਨੇਸਰ, ਸੋਹਣਾ, ਫ਼ਰੁੱਖਨਗਰ, ਖਰਖੌਦਾ ਤੇ ਸੋਨੀਪਤ ਦੇ ਉਦਯੋਗਿਕ ਖੇਤਰਾਂ ਤੋਂ ਵਿਭਿੰਨ ਦਿਸ਼ਾਵਾਂ ਵੱਲ ਲੰਬੀ ਦੂਰੀ ਤੱਕ ਦੀ ਯਾਤਰਾ ਕੀਤੀ ਜਾ ਸਕੇਗੀ।
ਇਸ ਰੇਲ ਲਾਈਨ ਜ਼ਰੀਏ ਰੋਜ਼ਾਨਾ ਲਗਭਗ 20,000 ਯਾਤਰੀ ਯਾਤਰਾ ਕਰਨਗੇ ਅਤੇ ਹਰ ਸਾਲ 5 ਕਰੋੜ ਟਨ ਵਸਤਾਂ ਦੀ ਆਵਾਜਾਈ ਵੀ ਹਰ ਸਾਲ ਇੱਥੋਂ ਹੋਵੇਗੀ।

ਪਿਛੋਕੜ
ਪਲਵਲ ਤੋਂ ਲੈ ਕੇ ਸੋਨੀਪਤ ਤੱਕ ‘ਔਰਬਿਟਲ ਰੇਲ ਲਾਂਘਾ’ ਦਿੱਲੀ ਤੋਂ ਬਾਹਰ–ਬਾਹਰ ਦੀ ਲੰਘੇਗਾ ਅਤੇ ਇਹ ਰਾਸ਼ਟਰੀ ਰਾਜਧਾਨੀ ਖੇਤਰ ਦੇ ਚਿਰ–ਸਥਾਈ ਵਿਕਾਸ ਲਈ ਬੁਨਿਆਦੀ ਢਾਂਚੇ ਦਾ ਇੱਕ ਅਹਿਮ ਪ੍ਰੋਜੈਕਟ ਹੈ ਅਤੇ ਇਸ ਨਾਲ ਦਿੱਲੀ ਖੇਤਰ ਵਿੱਚ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਦੀ ਭੀੜ ਸਮਾਪਤ ਹੋਵੇਗੀ। ਇਹ ਪ੍ਰੋਜੈਕਟ ਪੱਛਮੀ ਪੈਰੀਫੇਰਲ (ਕੁੰਡਲੀ–ਮਾਨੇਸਰ–ਪਲਵਲ) ਐਕਸਪ੍ਰੈੱਸਵੇਅ ਦੇ ਲਾਗੇ ਤੇ ਉਸ ਦੀ ਸੀਧ ਵਿੱਚ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਵਿਚਾਰ–ਅਧੀਨ ਰਿਹਾ ਹੈ। ਇਸ ਪ੍ਰੋਜੈਕਟ ਦਾ ਦਿੱਲੀ ਤੋਂ ਚਲਣ ਵਾਲੇ ਅਤੇ ਹਰਿਆਣਾ ਰਾਜ ਵਿੱਚੋਂ ਦੀ ਲੰਘਣ ਵਾਲੇ ਸਾਰੇ ਮੌਜੂਦਾ ਰੇਲਵੇ ਰੂਟਾਂ ਦੇ ਨਾਲ–ਨਾਲ ‘ਸਮਰਪਿਤ ਮਾਲ ਲਾਂਘਾ ਨੈੱਟਵਰਕ’ ਨਾਲ ਵੀ ਜੁੜਾਅ ਰਹੇਗਾ। 
******************
ਵੀਆਰਆਰਕੇ


(Release ID: 1654578)