ਗ੍ਰਹਿ ਮੰਤਰਾਲਾ

ਮੰਤਰੀ ਮੰਡਲ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ

ਸ਼੍ਰੀ ਪ੍ਰਣਬ ਮੁਖਰਜੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ

Posted On: 01 SEP 2020 12:16PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ਤੇ ਸੋਗ ਪ੍ਰਗਟਾਇਆ ਹੈ।

 

ਮੰਤਰੀ ਮੰਡਲ ਨੇ ਸ਼੍ਰੀ ਪ੍ਰਣਬ ਮੁਖਰਜੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ।

 

ਮੰਤਰੀ ਮੰਡਲ ਨੇ ਅੱਜ ਨਿਮਨਲਿਖਤ ਮਤਾ ਪਾਸ ਕੀਤਾ:

 

ਮੰਤਰੀ ਮੰਡਲ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ਉੱਤੇ ਡੂੰਘਾ ਸੋਗ ਪ੍ਰਗਟ ਕਰਦਾ ਹੈ।

 

ਉਨ੍ਹਾਂ ਦੇ ਅਕਾਲ ਚਲਾਣੇ ਨਾਲ, ਦੇਸ਼ ਨੇ ਇੱਕ ਵਿਲੱਖਣ ਨੇਤਾ ਤੇ ਇੱਕ ਬੇਮਿਸਾਲ ਸਾਂਸਦ ਗੁਆ ਲਿਆ ਹੈ।

 

ਭਾਰਤ ਦੇ 13ਵੇਂ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਸ਼ਾਸਨ ਦਾ ਅਥਾਹ ਅਨੁਭਵ ਸੀ, ਜਿਨ੍ਹਾਂ ਨੇ ਦੇਸ਼ ਦੇ ਕੇਂਦਰੀ ਵਿਦੇਸ਼, ਰੱਖਿਆ, ਵਣਜ ਤੇ ਵਿੱਤ ਮੰਤਰੀ ਜਿਹੇ ਅਹੁਦਿਆਂ ਉੱਤੇ ਸੇਵਾ ਨਿਭਾਈ।

 

11 ਦਸੰਬਰ, 1935 ਨੂੰ ਪੱਛਮ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਮਿਰਾਤੀ ਵਿਖੇ ਪੈਦਾ ਹੋਏ ਸ਼੍ਰੀ ਮੁਖਰਜੀ ਨੇ ਕੋਲਕਾਤਾ ਯੂਨੀਵਰਸਿਟੀ ਤੋਂ ਇਤਿਹਾਸ ਤੇ ਰਾਜਨੀਤੀ ਵਿਗਿਆਨ ਵਿੱਚ ਐੱਮ.ਏ. ਦੀ ਡਿਗਰੀ ਹਾਸਲ ਕਰਨ ਦੇ ਨਾਲਨਾਲ ਵਕਾਲਤ ਵੀ ਪਾਸ ਕੀਤੀ। ਤਦ ਉਹ ਇੱਕ ਕਾਲਜ ਅਧਿਆਪਕ ਤੇ ਪੱਤਰਕਾਰ ਬਣ ਕੇ ਕਾਰੋਬਾਰੀ ਜੀਵਨ ਵਿੱਚ ਆਏ। ਆਪਣੇ ਪਿਤਾ ਵੱਲੋਂ ਰਾਸ਼ਟਰੀ ਅੰਦੋਲਨ ਵਿੱਚ ਨਿਭਾਈ ਭੂਮਿਕਾ ਤੋਂ ਪ੍ਰੇਰਿਤ ਹੋ ਕੇ ਸ਼੍ਰੀ ਮੁਖਰਜੀ ਨੇ 1969 ’ਚ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਆਪਣੇ ਜਨਤਕ ਜੀਵਨ ਦੀ ਪੂਰੀ ਤਰ੍ਹਾਂ ਸ਼ੁਰੂਆਤ ਕੀਤੀ।

 

ਸ਼੍ਰੀ ਮੁਖਰਜੀ 1973–75 ਦੌਰਾਨ ਉਦਯੋਗ; ਜਹਾਜ਼ਰਾਨੀ ਤੇ ਟ੍ਰਾਂਸਪੋਰਟ, ਇਸਪਾਤ ਤੇ ਉਦਯੋਗ ਉੱਪਮੰਤਰੀ ਅਤੇ ਵਿੱਤ ਰਾਜ ਮੰਤਰੀ ਵਜੋਂ ਸੇਵਾ ਨਿਭਾਈ। 1982 ’ਚ ਉਹ ਪਹਿਲੀ ਵਾਰ ਵਿੱਤ ਮੰਤਰੀ ਬਣੇ 1980 ਤੋਂ ਲੈ ਕੇ 1985 ਤੱਕ ਰਾਜ ਸਭਾ ਵਿੱਚ ਸਦਨ ਦੇ ਆਗੂ ਰਹੇ। ਉਹ 1991 ਤੋਂ 1996 ਤੱਕ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਰਹੇ; ਉਸ ਦੇ ਨਾਲ ਹੀ ਉਹ 1993 ਤੋਂ 1995 ਤੱਕ ਵਣਜ ਮੰਤਰੀ ਅਤੇ 1995 ਤੋਂ ਲੈ ਕੇ 1996 ਤੱਕ ਵਿਦੇਸ਼ ਮੰਤਰੀ ਦਾ ਕਾਰਜ ਭਾਰ ਵੀ ਸੰਭਾਲਦੇ ਰਹੇ; 2004 ਤੋਂ ਲੈ ਕੇ 2006 ਤੱਕ ਉਹ ਰੱਖਿਆ ਮੰਤਰੀ ਰਹੇ। ਫਿਰ 2006 ਤੋਂ ਲੈ ਕੇ 2009 ਤੱਕ ਉਹ ਦੁਬਾਰਾ ਵਿਦੇਸ਼ ਮੰਤਰੀ ਤੇ 2009 ਤੋਂ ਲੈ ਕੇ 2012 ਤੱਕ ਵਿੱਤ ਮੰਤਰੀ ਦੇ ਅਹੁਦੇ ਉੱਤੇ ਰਹੇ। ਸਾਲ 2004 ਤੋਂ ਲੈ ਕੇ 2012 ਤੱਕ ਉਹ ਲੋਕ ਸਭਾ ਵਿੱਚ ਸਦਨ ਦੇ ਨੇਤਾ ਸਨ।

 

ਸ਼੍ਰੀ ਪ੍ਰਣਬ ਮੁਖਰਜੀ ਨੇ 25 ਜੁਲਾਈ, 2012 ’ਚ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲ਼ਿਆ ਤੇ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕੀਤਾ। ਰਾਸ਼ਟਰਪਤੀ ਦੇ ਰੂਪ ਵਿੱਚ, ਸ਼੍ਰੀ ਮੁਖਰਜੀ ਨੇ ਦੇਸ਼ ਦੇ ਇਸ ਸਰਬ ਉੱਚ ਅਹੁਦੇ ਦਾ ਮਾਣ ਵਧਾਇਆ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਸਬੰਧ ਵਿੱਚ ਵਿਦਵਤਾਪੂਰਨ ਤੇ ਮਾਨਵਤਾਵਾਦੀ ਦ੍ਰਿਸ਼ਟੀਕੋਣ ਅਪਣਾਇਆ।

 

ਇੱਕ ਬਹੁਤ ਵਧੀਆ ਪਾਠਕ, ਸ਼੍ਰੀ ਮੁਖਰਜੀ ਨੇ ਭਾਰਤੀ ਅਰਥਵਿਵਸਥਾ ਤੇ ਰਾਸ਼ਟਰ ਨਿਰਮਾਣ ਉੱਤੇ ਕਈ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਨੂੰ ਕਈ ਮਾਣ ਤੇ ਸਨਮਾਨ ਹਾਸਲ ਹੋਏ, ਜਿਨ੍ਹਾਂ ਵਿੱਚ 1997 ’ਚ ਮਿਲਿਆ ਸਰਬਸ੍ਰੇਸ਼ਠ ਸਾਂਸਦ, 2008 ’ਚ ਪਦਮ ਵਿਭੂਸ਼ਣ ਤੇ 2019 ’ਚ ਭਾਰਤ ਦਾ ਉੱਚਤਮ ਸ਼ਹਿਰੀ ਪੁਰਸਕਾਰ ਭਾਰਤ ਰਤਨਸ਼ਾਮਲ ਹਨ।

 

ਸ਼੍ਰੀ ਮੁਖਰਜੀ ਸਾਡੇ ਰਾਸ਼ਟਰੀ ਜੀਵਨ ਉੱਤੇ ਆਪਣੀ ਛਾਪ ਛੱਡ ਕੇ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਦੇ ਨਾਲ ਦੇਸ਼ ਨੇ ਇੱਕ ਬੇਮਿਸਾਲ ਰਾਸ਼ਟਰੀ ਨੇਤਾ, ਮੁਕੰਮਲ ਸਾਂਸਦ ਤੇ ਇੱਕ ਉੱਚ ਕੋਟਿ ਦਾ ਰਾਜਨੀਤੀਵਾਨ ਗੁਆ ਲਿਆ ਹੈ।

 

ਰਾਸ਼ਟਰ ਲਈ ਸ਼੍ਰੀ ਪ੍ਰਣਬ ਮੁਖਰਜੀ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਮੰਡਲ ਨੇ ਸਰਕਾਰ ਤੇ ਸਮੁੱਚੇ ਰਾਸ਼ਟਰ ਦੀ ਤਰਫ਼ੋਂ ਸੋਗਗ੍ਰਸਤ ਪਰਿਵਾਰ ਦੇ ਮੈਂਬਰਾਂ ਪ੍ਰਤੀ ਤਹਿਦਿਲੋਂ ਸੰਵੇਦਨਾ ਪ੍ਰਗਟ ਕੀਤੀ ਹੈ।

 

****

 

ਏਕੇ



(Release ID: 1650333) Visitor Counter : 142