ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਸਪੋਰਟਸ ਐਂਡ ਅਡਵੈਂਚਰ ਅਵਾਰਡਸ, 2020 ਵਰਚੁਅਲੀ ਪ੍ਰਦਾਨ ਕੀਤੇ
Posted On:
29 AUG 2020 2:09PM by PIB Chandigarh
ਵਰਚੁਅਲ ਪੁਰਸਕਾਰਾਂ ਦੀ ਪਹਿਲੀ ਪੇਸ਼ਕਾਰੀ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਨੈਸ਼ਨਲ ਸਪੋਰਟਸ ਐਂਡ ਅਡਵੈਂਚਰ ਅਵਾਰਡਸ, 2020 ਨੂੰ ਅੱਜ (29 ਅਗਸਤ, 2020) ਰਾਸ਼ਟਰਪਤੀ ਭਵਨ ਤੋਂ ਪ੍ਰਦਾਨ ਕਰਦਿਆਂ ਕਿਹਾ ਕਿ ਇਨ੍ਹਾਂ ਪੁਰਸਕਾਰ ਜੇਤੂਆਂ ਦੀਆਂ ਪ੍ਰਾਪਤੀਆਂ ਯਾਦ ਦਿਵਾਉਂਦੀਆਂ ਹਨ ਕਿ ਖੇਡਾਂ ਵਿੱਚ ਭਾਰਤ ਦੀਆਂ ਅਪਾਰ ਸੰਭਾਵਨਾਵਾਂ ਹਨ।
ਉੱਚੀਆਂ ਉਮੀਦਾਂ ਰੱਖਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਖੇਡਾਂ ਵਿੱਚ ਇੱਕ ਮਹਾਨ ਸ਼ਕਤੀ ਬਣ ਕੇ ਉੱਭਰੇਗਾ ਅਤੇ 2028 ਓਲੰਪਿਕ ਵਿੱਚ ਤਗਮੇ ਜਿੱਤਣ ਲਈ ਚੋਟੀ ਦੇ 10 ਦੇਸ਼ਾਂ ਵਿੱਚ ਜਗ੍ਹਾ ਪਾਉਣ ਦੀ ਇੱਛਾ ਰੱਖੇਗਾ। ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ 11 ਕੇਂਦਰਾਂ ਬੰਗਲੁਰੂ, ਪੁਣੇ, ਸੋਨੀਪਤ, ਚੰਡੀਗੜ੍ਹ, ਕੋਲਕਾਤਾ, ਲਖਨਊ, ਦਿੱਲੀ, ਮੁੰਬਈ, ਭੋਪਾਲ, ਹੈਦਰਾਬਾਦ ਅਤੇ ਈਟਾਨਗਰ ਵਿੱਚ ਫੈਲੇ ਅਧਿਕਾਰੀਆਂ, ਖੇਡ-ਹਸਤੀਆਂ ਅਤੇ ਟਰੇਨਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਨੂੰ ਯਕੀਨ ਹੈ ਕਿ ਅਸੀਂ ਇਸ ਟੀਚੇ ਨੂੰ ਹਾਸਲ ਕਰ ਲਵਾਂਗੇ।’’
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਕਿਰੇਨ ਰਿਜਿਜੂ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ ਨਵੀਂ ਦਿੱਲੀ ਤੋਂ ਸੁਆਗਤੀ ਭਾਸ਼ਣ ਦਿੱਤਾ।
ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਨੇ ਖੇਡ ਜਗਤ ਉੱਤੇ ਵੀ ਮਾੜਾ ਪ੍ਰਭਾਵ ਪਾਇਆ ਹੈ। ਓਲੰਪਿਕ ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸਾਡੇ ਦੇਸ਼ ਵਿੱਚ ਖੇਡ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ ਹਨ। ਪ੍ਰੈਕਟਿਸ ਅਤੇ ਪ੍ਰਤੀਯੋਗਤਾਵਾਂ ਦੀ ਘਾਟ ਕਾਰਨ ਖਿਡਾਰੀ ਅਤੇ ਕੋਚ ਘੱਟ ਉਤਸ਼ਾਹ ਮਹਿਸੂਸ ਕਰ ਰਹੇ ਹੋਣਗੇ ਜੋ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਿਕ ਤਿਆਰੀ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਉਹ ਇਸ ਗੱਲੋਂ ਖੁਸ਼ ਸਨ ਕਿ ਖਿਡਾਰੀ ਅਤੇ ਕੋਚ ਇਸ ਚੁਣੌਤੀ ਨੂੰ ਦੂਰ ਕਰਨ ਲਈ ਔਨਲਾਈਨ ਕੋਚਿੰਗ ਅਤੇ ਵੈਬੀਨਾਰ ਰਾਹੀਂ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਸਮਾਗਮ ਵਿਸ਼ਵ ਮਹਾਮਾਰੀ ਦੇ ਬਾਵਜੂਦ ਖੇਡਾਂ ਨਾਲ ਸਬੰਧਤ ਗਤੀਵਿਧੀਆਂ ਜਾਰੀ ਰੱਖਣ ਦੀ ਕੋਸ਼ਿਸ਼ ਹੈ।
ਰਾਸ਼ਟਰਪਤੀ ਸਾਡੇ ਦੇਸ਼ ਵਿੱਚ ਖੇਡਾਂ ਦੀ ਵਧਦੀ ਵਿਭਿੰਨਤਾ ਨੂੰ ਦੇਖ ਕੇ ਖੁਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪੁਰਸਕਾਰ ਜੇਤੂ 20 ਤੋਂ ਵੱਧ ਖੇਡਾਂ ਦੀ ਪ੍ਰਤੀਨਿਧਤਾ ਕਰ ਰਹੇ ਹਨ। ਸਾਡੀਆਂ ਰਵਾਇਤੀ ਖੇਡਾਂ ਜਿਵੇਂ ਕਿ ਕਬੱਡੀ, ਖੋ-ਖੋ ਅਤੇ ਮਲਖੰਭ (Mallakhamb) ਦੀ ਵਧ ਰਹੀ ਮਕਬੂਲੀਅਤ ਆਮ ਲੋਕਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਸਹਾਇਤਾ ਕਰੇਗੀ। ਅੱਜ ਕ੍ਰਿਕੇਟ ਅਤੇ ਫੁਟਬਾਲ ਤੋਂ ਇਲਾਵਾ ਵਾਲੀਬਾਲ ਅਤੇ ਕਬੱਡੀ ਵਰਗੀਆਂ ਖੇਡਾਂ ਦੇ ਲੀਗ ਟੂਰਨਾਮੈਂਟ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ ਜੋ ਕਿ ਚੰਗੀ ਤਬਦੀਲੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਹਿਤਧਾਰਕਾਂ ਦੀ ਭਾਗੀਦਾਰੀ ਨਾਲ ਖੇਡਾਂ ਦੇ ਸੱਭਿਆਚਾਰ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਹ ਇਕੱਲੀ ਸਰਕਾਰ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਖੇਡਾਂ ਵਿੱਚ ਨਿਵੇਸ਼ ਰਾਸ਼ਟਰ-ਨਿਰਮਾਣ ਵੱਲ ਇੱਕ ਸਮੂਹਿਕ ਯਤਨ ਹੈ ਜੋ ਸਮਾਜ ਨੂੰ ਮਜ਼ਬੂਤ ਕਰਦਾ ਹੈ। ਉਹ ਇਸ ਗੱਲੋਂ ਖੁਸ਼ ਹੋਏ ਕਿ ਬਹੁਤ ਸਾਰੇ ਕਾਰਪੋਰੇਟ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਵਿੱਦਿਅਕ ਸੰਸਥਾਵਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਮੂਹਿਕ ਯਤਨਾਂ ਸਦਕਾ ਭਾਰਤ ਖੇਡਾਂ ਵਿੱਚ ਮੋਹਰੀ ਰਾਸ਼ਟਰ ਵਜੋਂ ਉੱਭਰੇਗਾ।
ਖੇਡਾਂ ਵਿੱਚ ਉਤਕ੍ਰਿਸ਼ਟਤਾ ਨੂੰ ਪਛਾਣਨ ਅਤੇ ਇਨਾਮ ਦੇਣ ਲਈ ਹਰ ਸਾਲ ਖੇਡਾਂ ਵਿੱਚ ਅਵਾਰਡ ਦਿੱਤੇ ਜਾਂਦੇ ਹਨ। ਰਾਜੀਵ ਗਾਂਧੀ ਖੇਲ ਰਤਨ ਅਵਾਰਡ ਚਾਰ ਸਾਲਾਂ ਦੇ ਸਮੇਂ ਵਿੱਚ ਇੱਕ ਖਿਡਾਰੀ ਦੁਆਰਾ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ; ਅਰਜੁਨ ਅਵਾਰਡ ਚਾਰ ਸਾਲਾਂ ਤੋਂ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ; ਦ੍ਰੋਣਾਚਾਰੀਆ ਅਵਾਰਡ ਮਸ਼ਹੂਰ ਅੰਤਰਰਾਸ਼ਟਰੀ ਖੇਡ ਪ੍ਰੋਗਰਾਮਾਂ ਵਿੱਚ ਮੈਡਲ ਜੇਤੂ ਪੈਦਾ ਕਰਨ ਵਾਲੇ ਕੋਚਾਂ ਨੂੰ ਦਿੱਤਾ ਜਾਂਦਾ ਹੈ; ਧਿਆਨ ਚੰਦ ਅਵਾਰਡ ਖੇਡਾਂ ਦੇ ਵਿਕਾਸ ਵਿੱਚ ਉਮਰ ਭਰ ਦੇ ਯੋਗਦਾਨ ਲਈ ਹੈ ਅਤੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਕਾਰਪੋਰੇਟ ਇਕਾਈਆਂ (ਦੋਵੇਂ ਨਿਜੀ ਅਤੇ ਜਨਤਕ ਖੇਤਰ ਵਿੱਚ) ਅਤੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਖੇਡਾਂ ਦੇ ਉਤਸ਼ਾਹ ਅਤੇ ਵਿਕਾਸ ਦੇ ਖੇਤਰ ਵਿੱਚ ਇੱਕ ਸਪੱਸ਼ਟ ਰੂਪ ਵਿੱਚ ਭੂਮਿਕਾ ਨਿਭਾਈ ਹੈ। ਇੰਟਰ-ਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਓਵਰਆਲ ਟੌਪ ਕਾਰਗੁਜ਼ਾਰੀ ਵਾਲੀ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਦਿੱਤੀ ਜਾਂਦੀ ਹੈ। ਇਨ੍ਹਾਂ ਖੇਡ ਪੁਰਸਕਾਰਾਂ ਤੋਂ ਇਲਾਵਾ ਤੇਨਜ਼ਿੰਗ ਨੋਰਗੇ ਨੈਸ਼ਨਲ ਅਡਵੈਂਚਰ ਅਵਾਰਡ (Tenzing Norgay National Adventure Award) ਦੇ ਕੇ ਦੇਸ਼ ਦੇ ਲੋਕਾਂ ਵਿੱਚ ਸਾਹਸ ਦੀ ਭਾਵਨਾ ਨੂੰ ਪਛਾਣਿਆ ਜਾਂਦਾ ਹੈ।
****
ਵੀਆਰਆਰਕੇ/ਐੱਸਐੱਚ
(Release ID: 1649565)
Visitor Counter : 238