ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ, ਏ ਐੱਫ਼ ਸੀ ਤੇ ਕੌਮੀ ਸਹਿਕਾਰਤਾ ਯੂਨੀਅਨ ਵਿਚਾਲੇ ਖੇਤੀਬਾੜੀ ਤੇ ਸਹਾਇਕ ਖੇਤਰਾਂ ਸਬੰਧੀ ਸਮਝੌਤੇ ਉੱਪਰ ਦਸਤਖ਼ਤ ।

Posted On: 25 AUG 2020 11:45AM by PIB Chandigarh


ਵਣਜ ਤੇ ਉਦਯੋਗ ਮੰਤਰਾਲੇ ਹੇਠਲੀ ਖੇਤੀਬਾੜੀ ਤੇ  ਡੱਬਾਬੰਦ ਖੁਰਾਕ ਵਸਤੂ ਬਰਾਮਦ ਵਿਕਾਸ ਅਥਾਰਟੀ, ਅਪੀਡਾ ਨੇ ਭਾਰਤੀ ਖੇਤੀਬਾੜੀ ਵਿੱਤ ਨਿਗਮ ਤੇ ਦਿੱਲੀ ਵਿਚਲੀ ਭਾਰਤੀ ਕੌਮੀ ਸਹਿਕਾਰਤਾ ਯੂਨੀਅਨ ਨਾਲ ਇੱਕ ਸਮਝੌਤੇ ਉੱਪਰ ਦਸਤਖ਼ਤ ਕੀਤੇ ਹਨ ।  ਇਸ ਸਮਝੌਤੇ ਦਾ ਮਕਸਦ ਇਕੱਠੇ ਕੰਮ ਕਰਦਿਆਂ ਅਤੇ ਇੱਕ ਦੂਜੇ ਦੀ ਮੁਹਾਰਤ ਦੀ ਵਰਤੋਂ ਨਾਲ ਖੇਤੀਬਾੜੀ ਤੇ ਸਹਾਇਕ ਧੰਦਿਆਂ ਦੇ ਹਿੱਤ ਦੀਆਂ ਸਰਗਰਮੀਆਂ ਵਿਚਾਲੇ ਤਾਲਮੇਲ ਪੈਦਾ ਕਰਨਾ ਹੈ ਤਾਂ ਜੋ ਇਸ ਖੇਤਰ ਨਾਲ ਸੰਬੰਧਤ ਧਿਰਾਂ ਨੂੰ ਬੇਹਤਰ ਮੁੱਲ  ਮਿਲ ਸਕੇ ।  ਅਪੀਡਾ, ਭਾਰਤ ਸਰਕਾਰ ਵੱਲੋਂ ਐਲਾਨੀ ਗਈ ਖੇਤੀਬਾੜੀ ਵਿਕਾਸ ਨੀਤੀ ਦੇ ਉਦੇਸ਼ਾਂ ਤਹਿਤ ਖੇਤੀਬਾੜੀ ਦੇ ਵਿਕਾਸ ਤੇ ਇਸ ਦੀ ਬਰਾਮਦ ਨੂੰ ਵਧਾਉਣ ਲਈ ਵੱਖ-ਵੱਖ ਸੰਸਥਾਵਾਂ ਤੇ ਸੰਗਠਨਾਂ ਨਾਲ ਮਿਲ ਕੇ ਸੰਬੰਧਤ ਧਿਰਾਂ ਨੂੰ ਹਲ ਪ੍ਰਦਾਨ ਦਾ ਕੰਮ ਕਰ ਰਹੀ ਹੈ । ਖੇਤੀਬਾੜੀ ਬਰਾਮਦ ਨੀਤੀ, ਬਰਾਮਦ-ਮੁਖੀ ਖੇਤੀਬਾੜੀ ਉਤਪਾਦਨ ਨੂੰ ਵਧਾਉਣ , ਬਰਾਮਦ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਨੂੰ ਬੇਹਤਰ ਮੁੱਲ ਦਿਵਾਉਣ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਵਿਚਾਲੇ ਤਾਲਮੇਲ ਵਧਾਉਣ ਦੇ ਮੰਤਵ ਨਾਲ ਬਣਾਈ ਗਈ ਹੈ ।  ਕਿਸਾਨ ਕੇਂਦਰਿਤ ਪਹੁੰਚ ਰਾਹੀਂ ਪੂਰਤੀ ਸਿਲਸਿਲੇ ਵਿੱਚ ਹੋਣ ਵਾਲੇ ਘਾਟੇ ਨੂੰ ਘਟਾਉਣ ਤੇ ਕਿਸਾਨਾਂ ਦੀ ਉਪਜ ਦੀ ਕੀਮਤ ਵਧਾਉਣ ਉੱਪਰ ਨਿਰਧਾਰਿਤ ਹੈ। ਅਪੀਡਾ ਵੱਲੋਂ ਇਸ ਨੀਤੀ ਨੂੰ ਲਾਗੂ ਕਰਨ ਲਈ ਵੱਖ-ਵੱਖ ਸੂਬਾ ਸਰਕਾਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ । ਪੰਜਾਬ, ਮਹਾਰਾਸ਼ਟਰ, ਉੱਤਰਪ੍ਰਦੇਸ਼, ਕੇਰਲ, ਨਾਗਾਲੈਂਡ, ਤਾਮਿਲਨਾਡੂ, ਕਰਨਾਟਕ, ਗੁਜਰਾਤ, ਰਾਜਸਥਾਨ, ਤੇਲੰਗਾਨਾ, ਮਣੀਪੁਰ ਤੇ ਸਿੱਕਮ ਵੱਲੋਂ ਇਸ ਸੰਬੰਧੀ ਸੂਬਾ- ਵਿਸ਼ੇਸ਼ ਐਕਸ਼ਨ ਪਲਾਨ ਤਿਆਰ ਕਰ ਲਏ ਗਏ ਨੇ , ਜਦਕਿ ਦੂਜੇ ਸੂਬਿਆਂ ਵੱਲੋਂ ਆਪਣੀਆਂ ਕਾਰਜ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।  26 ਸੂਬਿਆਂ ਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨੋਡਲ ਏਜੰਸੀਆਂ ਨਾਮਜ਼ਦ ਕੀਤੀਆਂ ਜਾ ਚੁੱਕੀਆਂ ਹਨ ।  21 ਸੂਬਿਆਂ ਵਿੱਚ ਸੂਬਾ ਮੁੱਖ ਸਕੱਤਰਾਂ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਨਿਗਰਾਨ ਕਮੇਟੀਆਂ ਕਾਇਮ ਕਰ ਦਿੱਤੀਆਂ ਗਈਆਂ ਹਨ ।  ਆਲੂ ਉਤਪਾਦਨ ਕਰਨ ਵਾਲੇ ਪੰਜਾਬ ਤੇ ਉੱਤਰਪ੍ਰਦੇਸ਼ ਦੇ 2-2 ਜ਼ਿਲਿਆਂ ਸਣੇ ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਗੁਜਰਾਤ ਤੇ ਕਰਨਾਟਕ ਵਿੱਚ 21 ਕਲੱਸਟਰ ਪੱਧਰ ਦੀਆਂ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ ।  ਇਹਨਾਂ ਜ਼ਿਲਿਆਂ ਦੇ ਸੰਬੰਧਤ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਹਨਾਂ ਕਲੱਸਟਰਾਂ ਦੀਆਂ 2 ਗੇੜ ਦੀਆਂ ਬੈਠਕਾਂ ਹੋ ਚੁੱਕੀਆਂ ਹਨ ।   ਸਮਝੌਤੇ ਤਹਿਤ ਖੇਤੀਬਾੜੀ ਵਿੱਤ ਨਿਗਮ ਜੈਵਿਕ ਉਤਪਾਦਨ ਤੇ ਰਸਾਇਣ ਜਾਂ ਰਹਿੰਦ-ਖੂੰਹਦ ਮੁਕਤ ਵਾਲੇ ਉਤਪਾਦਨ ਦੀ ਮਹੱਤਵਪੂਰਨ ਤਕਨਾਲੋਜੀ ਦੀ ਸ਼ਨਾਖ਼ਤ ਕਰਕੇ ਉਸ ਨੂੰ ਲਾਗੂ ਕਰੇਗਾ । ਇਸ ਦੇ ਨਾਲ ਹੀ ਵੱਖ-ਵੱਖ ਫ਼ਸਲਾਂ, ਫਲਾਂ ਤੇ ਸਬਜ਼ੀਆਂ ਦੀ ਪ੍ਰਤੀ ਏਕੜ ਦੀ ਉਪਜ ਨੂੰ ਵੀ ਵਧਾਇਆ ਜਾਵੇਗਾ ।  ਖੇਤੀਬਾੜੀ ਵਿੱਤ ਨਿਗਮ ਅਪੀਡਾ ਦੀਆਂ ਨਿਰਦੇਸ਼ ਲੀਹਾਂ ਮੁਤਾਬਕ ਕੌਮਾਂਤਰੀ ਮੰਡੀ ਦੀਆਂ ਲੋੜਾਂ ਅਨੁਸਾਰ ਖੇਤੀਬਾੜੀ ਵਸਤਾਂ ਦੀ ਸਾਂਝੀ ਪ੍ਰਾਸੈਸਿੰਗ ਲਈ ਕੇਂਦਰ ਵਿਕਸਤ ਕਰਨ ਦੀਆ ਸਹੂਲਤਾਂ ਪ੍ਰਦਾਨ ਕਰੇਗਾ ।  ਇਸ ਸਮਝੌਤੇ ਉੱਪਰ ਅਪੀਡਾ ਦੇ ਡਾਇਰੈਕਟਰ ਡਾਕਟਰ ਤਰੁਣ ਬਜਾਜ ਤੇ ਭਾਰਤੀ ਕੌਮੀ ਸਹਿਕਾਰਤਾ ਯੂਨੀਅਨ ਦੇ ਮੁੱਖ ਕਾਰਜਕਾਰੀ ਸ਼੍ਰੀ ਐੱਨ ਸਤਿਆਨਰਾਇਣ ਵੱਲੋਂ ਦਸਤਖ਼ਤ ਕੀਤੇ ਗਏ ।  ਇਸ ਸਹਿਯੋਗ ਸਮਝੌਤੇ ਦੇ ਘੇਰੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਬਰਾਮਦ ਨੀਤੀ ਤਹਿਤ ਬਰਾਮਦ ਮੌਕੇ ਪ੍ਰਦਾਨ ਕਰਕੇ ਉਹਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨਾ ਹੈ।

ਵਾਈਬੀ/ਏਪੀ 



(Release ID: 1648564) Visitor Counter : 160