ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਡੀ. ਵੀ. ਸਦਾਨੰਦ ਗੌੜਾ ਨੇ ਤੇਲੰਗਾਨਾ ਰਾਜ ਨੂੰ ਯੂਰੀਆ ਦੀ ਉਚਿਤ ਸਪਲਾਈ ਦਾ ਭਰੋਸਾ ਦਿੱਤਾ

ਤੇਲੰਗਾਨਾ ਦੇ ਖੇਤੀਬਾੜੀ ਮੰਤਰੀ ਨੇ ਸ਼੍ਰੀ ਗੌੜਾ ਨਾਲ ਮੁਲਾਕਾਤ ਕੀਤੀ

ਅਗਸਤ ਮਹੀਨੇ ਲਈ 2.50 ਲੱਖ ਐੱਮਟੀ ਦੀ ਅਨੁਮਾਨਿਤ ਲੋੜ ਨੂੰ ਦੇਖਦੇ ਹੋਏ ਖਾਦ ਵਿਭਾਗ ਨੇ ਤੇਲੰਗਾਨਾ ਨੂੰ 3.38 ਲੱਖ ਐੱਮਟੀ ਦੀ ਉਪਲੱਬਧਤਾ ਯਕੀਨੀ ਕੀਤੀ ਹੈ

Posted On: 18 AUG 2020 5:52PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ. ਪੀ. ਸਦਾਨੰਦ ਗੌੜਾ ਨੇ ਕਿਹਾ ਹੈ ਕਿ ਚਾਲੂ ਖਰੀਫ਼ ਸੀਜ਼ਨ ਦੌਰਾਨ ਖਾਦਾਂ ਦੀ ਉਚਿਤ ਉਪਲੱਬਧਤਾ ਯਕੀਨੀ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਸਪਲਾਈ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ।

 

ਸ਼੍ਰੀ ਗੌੜਾ ਨਾਲ ਅੱਜ ਨਵੀਂ ਦਿੱਲੀ ਵਿੱਚ ਤੇਲੰਗਾਨਾ ਦੇ ਖੇਤੀਬਾੜੀ ਮੰਤਰੀ ਸ਼੍ਰੀ ਸਿੰਗਰੈੱਡੀ ਨਿਰੰਜਨ ਰੈੱਡੀ ਨੇ ਰਾਜ ਵਿੱਚ ਯੂਰੀਆ ਦੀ ਉਪਲੱਬਧਤਾ ਸਬੰਧੀ ਮੁਲਾਕਾਤ ਕੀਤੀ। ਸ਼੍ਰੀ ਰੈੱਡੀ ਨੇ ਕਿਹਾ ਕਿ ਯੂਰੀਆ ਦੀ ਵਿਕਰੀ ਵਿੱਚ ਇਸ ਖਰੀਫ ਦੇ ਮੌਸਮ ਵਿੱਚ ਉਚਿਤ ਵਾਧਾ ਦੇਖਿਆ ਗਿਆ ਹੈ ਕਿਉਂਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਰਾਜ ਵਿੱਚ ਖੇਤੀ ਦੇ ਰਕਬੇ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਮਹੀਨੇ ਤੇਲੰਗਾਨਾ ਲਈ ਯੂਰੀਆ ਦੀ ਸਪਲਾਈ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ।

 

ਸ਼੍ਰੀ ਗੌੜਾ ਨੇ ਕਿਹਾ ਕਿ ਖਾਦ ਵਿਭਾਗ ਰਾਜ ਨੂੰ ਯੂਰੀਆ ਸਪਲਾਈ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਨਾਲ ਹੀ ਹਫ਼ਤਾਵਰੀ ਵੀਡੀਓ ਸੰਮੇਲਨ ਰਾਹੀਂ ਵੀ ਜਾਣਕਾਰੀ ਲਈ ਜਾ ਰਹੀ ਹੈ। ਅਧਿਕਾਰੀਆਂ ਵਿਚਕਾਰ ਨਿਰੰਤਰ ਗੱਲਬਾਤ ਹੁੰਦੀ ਹੈ ਅਤੇ ਰੇਖਾਂਕਿਤ ਕੀਤੇ ਗਏ ਹਰੇਕ ਮੁੱਦੇ ਦਾ ਤਰਜੀਹ ਦੇ ਅਧਾਰ ਤੇ ਸਮਾਧਾਨ ਕੀਤਾ ਜਾਂਦਾ ਹੈ।

 

ਉਨ੍ਹਾਂ ਨੇ ਕਿਹਾ ਕਿ ਆਪਸੀ ਸਹਿਮਤੀ ਦੇ ਅਧਾਰ ਤੇ ਬਣੀ ਯੋਜਨਾ ਅਨੁਸਾਰ ਸਪਲਾਈ ਯਕੀਨੀ ਕਰਨ ਲਈ ਲਾਜ਼ਮੀ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।

ਸ਼੍ਰੀ ਗੌੜਾ ਨੇ ਤੇਲੰਗਾਨਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਕਿ ਵਿਕਰੀ, ਉਪਲੱਬਧਤਾ ਅਤੇ ਸਟਾਫ ਨਾਲ ਸਬੰਧਿਤ ਡੇਟਾ ਆਈਐੱਫਐੱਮਐੱਸ ਡੈਸ਼ਬੋਰਡ ਤੇ ਸਮੇਂ ਤੇ ਅੱਪਡੇਟ ਕੀਤਾ ਜਾਵੇ ਤਾਂ ਕਿ ਅਸਲ ਸਮੇਂ ਤੇ ਖਾਦਾਂ ਦੀ ਉਪਲੱਬਧਤਾ ਬਾਰੇ ਸਹੀ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਪਲਾਈ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਤੇਲੰਗਾਨਾ ਦੇ ਕਿਸਾਨਾਂ ਨੂੰ ਲੋੜ ਅਨੁਸਾਰ ਉਚਿਤ ਮਾਤਰਾ ਵਿੱਚ ਯੂਰੀਆ ਉਪਲੱਬਧ ਕਰਾਉਣ ਲਈ ਵਿਭਾਗ ਯਤਨ ਕਰਨਾ ਜਾਰੀ ਰੱਖੇਗਾ।

 

ਤੇਲੰਗਾਨਾ ਰਾਜ ਲਈ ਪੂਰੇ ਖਰੀਫ 2020 ਸੀਜ਼ਨ ਦੌਰਾਨ ਅਨੁਮਾਨਿਤ ਲੋੜ 10.00 ਲੱਖ ਐੱਮਟੀ ਹੈ। ਇਸ ਤਹਿਤ 1 ਅਪ੍ਰੈਲ ਤੋਂ 16 ਅਗਸਤ ਤੱਕ 6.79 ਲੱਖ ਐੱਮਟੀ ਦੀ ਲੋੜ ਸੀ। ਖਾਦ ਵਿਭਾਗ ਨੇ 4.01 ਲੱਖ ਐੱਮਟੀ ਦੇ ਸ਼ੁਰੂਆਤੀ ਸਟਾਕ ਸਮੇਤ 9.04 ਲੱਖ ਐੱਮਟੀ ਦੀ ਉਪਲੱਬਧਤਾ ਯਕੀਨੀ ਕੀਤੀ ਹੈ।

 

ਅਗਸਤ ਦੇ ਚਾਲੂ ਮਹੀਨੇ ਦੌਰਾਨ 2.50 ਲੱਖ ਐੱਮਟੀ ਦੀ ਅਨੁਮਾਨਿਤ ਲੋੜ ਨੂੰ ਦੇਖਦੇ ਹੋਏ ਖਾਦ ਵਿਭਾਗ ਨੇ 3.38 ਲੱਖ ਐੱਮਟੀ (2.67 ਲੱਖ ਐੱਮਟੀ ਦੇ ਸ਼ੁਰੂਆਤੀ ਸਟਾਕ ਸਮੇਤ) ਦੀ ਉਪਲੱਬਧਤਾ ਯਕੀਨੀ ਕੀਤੀ ਹੈ। ਤੇਲੰਗਾਨਾ ਵਿੱਚ 16.08.2020 ਨੂੰ ਯੂਰੀਆ ਦਾ 1.76 ਲੱਖ ਐੱਮਟੀ ਸਟਾਕ ਉਪਲੱਬਧ ਸੀ ਜੋ ਚਾਲ ਮਹੀਨੇ ਦੇ ਬਾਕੀ 1.29 ਲੱਖ ਐੱਮਟੀ ਦੀ ਅਨੁਮਾਨਿਤ ਲੋੜ ਨੂੰ ਪੂਰਾ ਕਰਨ ਲਈ ਉਚਿਤ ਹੈ।

 

*****

 

ਆਰਸੀਜੇ/ਆਰਕੇਐੱਮ


(Release ID: 1646857) Visitor Counter : 161