ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ
ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਨਿਮਨਲਿਖਿਤ ਹਨ
Posted On:
15 AUG 2020 2:09PM by PIB Chandigarh
1. ਮੇਰੇ ਪਿਆਰੇ ਦੇਸ਼ਵਾਸੀਓ, ਆਜ਼ਾਦੀ ਦੇ ਇਸ ਪਵਿੱਤਰ ਤਿਉਹਾਰ ਦੀ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਤੇ ਬਹੁਤ–ਬਹੁਤ ਸ਼ੁਭਕਾਮਨਾਵਾਂ।
2. ਕੋਰੋਨਾ ਦੇ ਇਸ ਅਸਾਧਾਰਣ ਸਮੇਂ ਦੌਰਾਨ, ਕੋਰੋਨਾ ਜੋਧਿਆਂ ਨੇ ‘ਸੇਵਾ ਪਰਮੋ ਧਰਮ’ ਨੂੰ ਜਿਉ ਕੇ ਵਿਖਾਇਆ ਹੈ। ਸਾਡੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼, ਐਂਬੂਲੈਂਸ ਕਰਮਚਾਰੀ, ਸਫ਼ਾਈ ਕਰਮਚਾਰੀ, ਪੁਲਿਸ ਦੇ ਜਵਾਨ, ਫ਼ੌਜੀ ਜਵਾਨ ਤੇ ਹੋਰ ਬਹੁਤ ਸਾਰੇ ਲੋਕ ਲਗਾਤਾਰ 24 ਘੰਟੇ ਕੰਮ ਕਰ ਰਹੇ ਹਨ।
3. ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਕੁਦਰਤੀ ਆਫ਼ਤਾਂ ਕਾਰਨ ਹੋਈ ਜਾਨੀ ਨੁਕਸਾਨ ਉੱਤੇ ਦੁਖ ਪ੍ਰਗਟਾਉਂਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਰੂਰਤ ਦੀ ਇਸ ਘੜੀ ’ਚ ਸਾਥੀ ਨਾਗਰਿਕ ਪੂਰੀ ਤਰ੍ਹਾਂ ਨਾਲ ਖੜ੍ਹੇ ਹਨ।
4. ਭਾਰਤ ਦੇ ਆਜ਼ਾਦੀ ਸੰਘਰਸ਼ ਨੇ ਸਮੁੱਚੇ ਵਿਸ਼ਵ ਨੂੰ ਪ੍ਰੇਰਿਤ ਕੀਤਾ ਹੈ। ਪਸਾਰਵਾਦ ਦੇ ਵਿਚਾਰ ਨੇ ਕੁਝ ਦੇਸ਼ਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਹੈ। ਭਿਆਨਕ ਜੰਗਾਂ ਦੌਰਾਨ ਵੀ ਭਾਰਤ ਨੇ ਆਪਣੀ ਆਜ਼ਾਦੀ ਦੀ ਲਹਿਰ ਨੂੰ ਕਦੇ ਪ੍ਰਭਾਵਿਤ ਨਹੀਂ ਹੋਣ ਦਿੱਤਾ।
5. ਕੋਵਿਡ ਮਹਾਮਾਰੀ ਦੌਰਾਨ, 130 ਕਰੋੜ ਭਾਰਤੀਆਂ ਨੇ ਆਤਮਨਿਰਭਰ ਬਣਨ ਦਾ ਸੰਕਲਪ ਲਿਆ ਅਤੇ ‘ਆਤਮਨਿਰਭਰ ਭਾਰਤ’ ਹੁਣ ਭਾਰਤ ਦੇ ਮਨ ਵਿੱਚ ਹੈ। ਇਹ ਸੁਪਨਾ ਇੱਕ ਸੰਕਲਪ ਦਾ ਰੂਪ ਧਾਰ ਰਿਹਾ ਹੈ। ਆਤਮਨਿਰਭਰ ਭਾਰਤ ਅੱਜ 130 ਕਰੋੜ ਭਾਰਤੀਆਂ ਲਈ ਇੱਕ ‘ਮੰਤਰ’ ਬਣ ਚੁਕਾ ਹੈ। ਮੈਨੂੰ ਆਪਣੇ ਸਾਥੀ ਭਾਰਤੀਆਂ ਦੀਆਂ ਯੋਗਤਾਵਾਂ, ਆਤਮਵਿਸ਼ਵਾਸ ਤੇ ਸੰਭਾਵਨਾ ਉੱਤੇ ਭਰੋਸਾ ਹੈ। ਜੇ ਇੱਕ ਵਾਰ ਅਸੀਂ ਕੁਝ ਕਰਨ ਲਈ ਮਨ ਵਿੱਚ ਠਾਣ ਲਈਏ, ਤਾਂ ਅਸੀਂ ਉਸ ਟੀਚੇ ਦੀ ਪ੍ਰਾਪਤੀ ਤੱਕ ਕਦੇ ਚੁੱਪ ਕਰ ਕੇ ਨਹੀਂ ਬੈਠਦੇ।
6. ਅੱਜ, ਸਮੁੱਚਾ ਵਿਸ਼ਵ ਆਪਸ ਵਿੱਚ ਜੁੜਿਆ ਹੋਇਆ ਹੈ ਤੇ ਅੰਤਰਨਿਰਭਰ ਹੈ। ਹੁਣ ਭਾਰਤ ਲਈ ਵਿਸ਼ਵ ਅਰਥਵਿਵਸਥਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਵੇਲਾ ਹੈ। ਇਸ ਲਈ, ਭਾਰਤ ਨੂੰ ਆਤਮਨਿਰਭਰ ਬਣਨਾ ਹੋਵੇਗਾ। ਖੇਤੀਬਾੜੀ, ਪੁਲਾੜ ਤੋਂ ਲੈ ਕੇ ਸਿਹਤ–ਸੰਭਾਲ਼ ਤੱਕ ਭਾਰਤ ਹੁਣ ਆਤਮਨਿਰਭਰ ਬਣਨ ਲਈ ਕਈ ਕਦਮ ਚੁੱਕ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਪੁਲਾੜ ਖੇਤਰ ਨੂੰ ਖੋਲ੍ਹਣ ਨਾਲ ਸਾਡੇ ਨੌਜਵਾਨਾਂ ਲਈ ਰੋਜਗਾਰ ਦੇ ਬਹੁਤ ਸਾਰੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਤੇ ਸੰਭਾਵਨਾਵਾਂ ਵਧਾਉਣ ਦੇ ਹੋਰ ਅਨੇਕ ਆਯਾਮ ਮੁਹੱਈਆ ਹੋਣਗੇ।
7. ਸਿਰਫ਼ ਕੁਝ ਮਹੀਨੇ ਪਹਿਲਾਂ ਹੀ, ਅਸੀਂ ਐੱਨ–95 ਮਾਸਕ, ਪੀਪੀਈ ਕਿਟਾਂ ਤੇ ਵੈਂਟੀਲੇਟਰ ਵਿਦੇਸ਼ ਤੋਂ ਮੰਗਵਾਉਂਦੇ ਹੁੰਦੇ ਸਾਂ। ਅਸੀਂ ਮਹਾਮਾਰੀ ਦੌਰਾਨ ਨਾ ਸਿਰਫ਼ ਐੱਨ–95 ਮਾਸਕ, ਪੀਪੀਈ ਕਿਟਾਂ ਤੇ ਵੈਂਟੀਲੇਟਰ ਬਣਾਏ, ਬਲਕਿ ਇਨ੍ਹਾਂ ਨੂੰ ਸਮੁੱਚੇ ਵਿਸ਼ਵ ਨੂੰ ਬਰਾਮਦ ਕਰਨ ਦੇ ਵੀ ਯੋਗ ਹੋ ਗਏ ਹਾਂ।
8. ‘ਮੇਕ ਇਨ ਇੰਡੀਆ’ ਤੋਂ ਇਲਾਵਾ ਸਾਨੂੰ ‘ਮੇਕ ਫ਼ਾਰ ਵਰਲਡ’ (ਵਿਸ਼ਵ ਲਈ ਬਣਾਓ) ਦੇ ਮੰਤਰ ਨੂੰ ਵੀ ਜ਼ਰੂਰ ਅਪਨਾਉਣਾ ਹੋਵੇਗਾ।
9. 110 ਲੱਖ ਕਰੋੜ ਰੁਪਏ ਦਾ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰੋਜੈਕਟ ਸਾਡੇ ਸਮੁੱਚੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਹੁਲਾਰਾ ਦੇਵੇਗਾ। ਅਸੀਂ ਹੁਣ ਮਲਟੀ–ਮੋਡਲ ਕਨੈਕਟੀਵਿਟੀ ਬੁਨਿਆਦੀ ਢਾਂਚੇ ਉੱਤੇ ਧਿਆਨ ਕੇਂਦ੍ਰਿਤ ਕਰਾਂਗੇ। ਅਸੀਂ ਹੁਣ ਸਾਇਲੋਜ਼ ਵਿੱਚ ਹੋਰ ਕੰਮ ਨਹੀਂ ਕਰ ਸਕਦੇ; ਸਾਨੂੰ ਵਿਆਪਕ ਤੇ ਸੰਗਠਿਤ ਬੁਨਿਆਦੀ ਢਾਂਚੇ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ। ਵਿਭਿੰਨ ਖੇਤਰਾਂ ਦੇ ਲਗਭਗ 7,000 ਪ੍ਰੋਜੈਕਟਾਂ ਦੀ ਸ਼ਨਾਖ਼ਤ ਵੀ ਕਰ ਲਈ ਗਈ ਹੈ। ਇਸ ਨਾਲ ਬੁਨਿਆਦੀ ਢਾਂਚਾ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਆਵੇਗੀ।
10. ਕਿੰਨਾ ਚਿਰ ਤੱਕ ਸਾਡੇ ਦੇਸ਼ ਦਾ ਕੱਚਾ ਮਾਲ ਇੱਕ ਫ਼ਿਨਿਸ਼ਡ ਉਤਪਾਦ ਬਣੇਗਾ ਤੇ ਭਾਰਤ ਨੂੰ ਪਰਤੇਗਾ। ਇੱਕ ਸਮਾਂ ਸੀ ਜਦੋਂ ਸਾਡੀ ਖੇਤੀਬਾੜੀ ਪ੍ਰਣਾਲੀ ਬਹੁਤ ਪਿਛੜੀ ਹੋਈ ਸੀ। ਉਸ ਸਮੇਂ ਸਭ ਤੋਂ ਵੱਡੀ ਚਿੰਤਾ ਇਹੋ ਸੀ ਕਿ ਦੇਸ਼ਵਾਸੀਆਂ ਨੂੰ ਖਾਣਾ ਕਿਵੇਂ ਦੇਣਾ ਹੈ। ਅੱਜ ਅਸੀਂ ਨਾ ਕੇਵਲ ਭਾਰਤ ਨੂੰ, ਬਲਕਿ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਨੂੰ ਖਾਣਾ ਦੇ ਸਕਦੇ ਹਾਂ। ਆਤਮਨਿਰਭਰ ਭਾਰਤ ਦਾ ਮਤਲਬ ਸਿਰਫ਼ ਆਯਾਤ ਘਟਾ ਦੇਣਾ ਹੀ ਨਹੀਂ ਹੁੰਦਾ, ਬਲਕਿ ਆਪਣੇ ਹੁਨਰ ਤੇ ਆਪਣੀ ਸਿਰਜਣਾਤਮਕਤਾ ਨੂੰ ਵਧਾਉਣਾ ਵੀ ਹੁੰਦਾ ਹੈ।
11. ਸਮੁੱਚਾ ਵਿਸ਼ਵ ਇਹ ਗਹੁ ਨਾਲ ਦੇਖ ਰਿਹਾ ਹੈ ਕਿ ਭਾਰਤ ਵਿੱਚ ਸੁਧਾਰ ਕੀਤੇ ਜਾ ਰਹੇ ਹਨ। ਇਸ ਦੇ ਨਤੀਜੇ ਵਜੋਂ ਹੀ, ਪ੍ਰਤੱਖ ਵਿਦੇਸ਼ੀ ਨਿਵੇਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕੋਵਿਡ ਮਹਾਮਾਰੀ ਦੌਰਾਨ ਭਾਰਤ ਵਿੱਚ 18% ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ ਵਾਧਾ ਦਰਜ ਕੀਤਾ ਗਿਆ ਹੈ।
12. ਅਜਿਹੀ ਕਲਪਨਾ ਕੌਣ ਕਰ ਸਕਦਾ ਸੀ ਕਿ ਦੇਸ਼ ਦੇ ਗ਼ਰੀਬਾਂ ਦੇ ਜਨ–ਧਨ ਖਾਤਿਆਂ ਵਿੱਚ ਲੱਖਾਂ–ਕਰੋੜਾਂ ਰੁਪਏ ਸਿੱਧੇ ਟ੍ਰਾਂਸਫ਼ਰ ਕਰ ਦਿੱਤੇ ਜਾਇਆ ਕਰਨਗੇ? ਕੌਣ ਸੋਚ ਸਕਦਾ ਸੀ ਕਿ ਕਿਸਾਨਾਂ ਦੀ ਭਲਾਈ ਲਈ ਏਪੀਐੱਮਸੀ ਕਾਨੂੰਨ ਵਿੱਚ ਇੰਨੀ ਵੱਡੀ ਤਬਦੀਲੀ ਹੋ ਸਕਦੀ ਹੈ? ‘ਇੱਕ ਰਾਸ਼ਟਰ–ਇੱਕ ਰਾਸ਼ਨ ਕਾਰਡ’, ‘ਇੱਕ ਰਾਸ਼ਟਰ – ਇੱਕ ਟੈਕਸ’, ਵਿੱਤੀ ਫ਼ੰਡਾਂ ਦੀ ਅਸਮਰੱਥਾ ਤੇ ਦੀਵਾਲੀਆਪਣ ਦੇ ਕੋਡ ਤੇ ਬੈਂਕਾਂ ਦਾ ਰਲੇਵਾਂ ਅੱਜ ਦੇਸ਼ ਦੀ ਹਕੀਕਤ ਹੈ।
13. ਅਸੀਂ ਮਹਿਲਾ ਸਸ਼ਕਤੀਕਰਨ ਲਈ ਕੰਮ ਕੀਤਾ ਹੈ – ਜਲ ਸੈਨਾ ਤੇ ਵਾਯੂ ਸੈਨਾ ਦੀਆਂ ਜੰਗੀ ਸੇਵਾਵਾਂ ਵਿੱਚ ਮਹਿਲਾਵਾਂ ਭਰਤੀ ਹੋ ਰਹੀਆਂ ਹਨ, ਮਹਿਲਾਵਾਂ ਹੁਣ ਲੀਡਰ ਹਨ ਤੇ ਅਸੀਂ ਤੀਹਰਾ ਤਲਾਕ ਖ਼ਤਮ ਕੀਤਾ, ਮਹਿਲਾਵਾਂ ਲਈ ਸੈਨਿਟਰੀ ਪੈਡਸ ਸਿਰਫ਼ 1 ਰੁਪਏ ਵਿੱਚ ਲਿਆਂਦੇ।
14. ਮੇਰੇ ਪਿਆਰੇ ਦੇਸ਼ਵਾਸੀਓ, ਸਾਨੂੰ ਇੱਥੇ ਦੱਸਿਆ ਗਿਆ ਹੈ – ‘ਸਾਮਰੱਥਯਮੂਲੰ ਸਵਾਤੰਤ੍ਰਯੰ, ਸ਼੍ਰਮਮੂਲੰ ਚ ਵੈਭਵਮ੍’ (‘सामर्थ्य्मूलं स्वातंत्र्यं, श्रममूलं च वैभवम्’)। ਇੱਕ ਸਮਾਜ ਦੀ ਤਾਕਤ, ਕਿਸੇ ਰਾਸ਼ਟਰ ਦੀ ਤਾਕਤ ਆਜ਼ਾਦੀ ਹੁੰਦੀ ਹੈ ਅਤੇ ਉਸ ਦੀ ਖ਼ੁਸ਼ਹਾਲੀ ਤੇ ਪ੍ਰਗਤੀ ਦਾ ਸਰੋਤ ਸ਼੍ਰਮ–ਸ਼ਕਤੀ ਹੁੰਦੀ ਹੈ।
15. 7 ਕਰੋੜ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਸਿਲੰਡਰ ਦਿੱਤੇ ਗਏ ਸਨ, ਰਾਸ਼ਨ ਕਾਰਡ ਧਾਰਕ ਜਾਂ ਬਿਨਾ ਰਾਸ਼ਨ ਕਾਰਡ ਵਾਲੇ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਦਿੱਤਾ ਗਿਆ ਸੀ, ਲਗਭਗ 90 ਹਜ਼ਾਰ ਕਰੋੜ ਰੁਪਏ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫ਼ਰ ਕੀਤੇ ਗਏ ਸਨ। ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਦੀ ਸ਼ੁਰੂਆਤ ਵੀ ਗ਼ਰੀਬਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਰੋਜਗਾਰ ਦੇਣ ਲਈ ਕੀਤੀ ਗਈ ਹੈ।
16. ‘ਵੋਕਲ ਫ਼ਾਰ ਲੋਕਲ’, ਰੀ–ਸਕਿੱਲ ਤੇ ਅੱਪ–ਸਕਿੱਲ ਨਾਲ ਗ਼ਰੀਬੀ ਰੇਖਾ ਤੋਂ ਹੇਠਾਂ ਵੱਸਦੇ ਲੋਕਾਂ ਦੇ ਜੀਵਨਾਂ ਵਿੱਚ ਆਤਮਨਿਰਭਰ ਵਿਵਸਥਾ ਆਵੇਗੀ।
17. ਦੇਸ਼ ਦੇ ਬਹੁਤ ਸਾਰੇ ਖੇਤਰ ਵਿਕਾਸ ਦੇ ਮਾਮਲੇ ਵਿੱਚ ਪਿੱਛੇ ਵੀ ਰਹਿ ਗਏ ਹਨ। ਅਜਿਹੇ 110 ਤੋਂ ਵੱਧ ਖ਼ਾਹਿਸ਼ੀ ਜ਼ਿਲ੍ਹਿਆਂ ਨੂੰ ਚੁਣ ਕੇ ਉੱਥੇ ਵਿਸ਼ੇਸ਼ ਜਤਨ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਬਿਹਤਰ ਸਿੱਖਿਆ, ਬਿਹਤਰ ਸਿਹਤ ਸਹੂਲਤਾਂ ਤੇ ਰੋਜਗਾਰ ਦੇ ਬਿਹਤਰ ਮੌਕੇ ਮੁਹੱਈਆ ਹੋ ਸਕਣ।
18. ਆਤਮਨਿਰਭਰ ਭਾਰਤ ਤਹਿਤ ਆਤਮਨਿਰਭਰ ਖੇਤੀਬਾੜੀ ਤੇ ਆਤਮਨਿਰਭਰ ਕਿਸਾਨਾਂ ਨੂੰ ਮਹੱਤਵਪੂਰਨ ਤਰਜੀਹ ਦਿੱਤੀ ਜਾ ਰਹੀ ਹੈ। ਦੇਸ਼ ਦੇ ਕਿਸਾਨਾਂ ਨੂੰ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ, ਕੁਝ ਦਿਨ ਪਹਿਲਾਂ 1 ਲੱਖ ਕਰੋੜ ਰੁਪਏ ਦਾ ‘ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ’ ਕਾਇਮ ਕੀਤਾ ਗਿਆ ਹੈ।
19. ਇਸੇ ਲਾਲ ਕਿਲੇ ਤੋਂ ਪਿਛਲੇ ਸਾਲ ਮੈਂ ‘ਜਲ ਜੀਵਨ ਮਿਸ਼ਨ’ ਦਾ ਐਲਾਨ ਕੀਤਾ ਸੀ। ਅੱਜ ਇਸ ਮਿਸ਼ਨ ਅਧੀਨ, ਹਰ ਰੋਜ਼ ਇੱਕ ਲੱਖ ਤੋਂ ਵੱਧ ਘਰਾਂ ਨੂੰ ਪਾਣੀ ਦੇ ਕਨੈਕਸ਼ਨ ਮਿਲ ਰਹੇ ਹਨ।
20. ਮੱਧ ਵਰਗ ਤੋਂ ਉੱਠ ਰਹੇ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਲੋਕ ਭਾਰਤ ਵਿੱਚ ਹੀ ਨਹੀਂ, ਬਲਕਿ ਸਮੁੱਚੇ ਵਿਸ਼ਵ ਵਿੱਚ ਹੀ ਆਪਣੀ ਛਾਪ ਛੱਡ ਰਹੇ ਹਨ। ਮੱਧ ਵਰਗ ਨੂੰ ਮੌਕਾ ਚਾਹੀਦਾ ਹੁੰਦਾ ਹੈ, ਮੱਧ ਵਰਗ ਨੂੰ ਸਰਕਾਰੀ ਦਖ਼ਲਅੰਦਾਜ਼ੀ ਤੋਂ ਆਜ਼ਾਦੀ ਦੀ ਲੋੜ ਹੈ।
21. ਇਹ ਵੀ ਪਹਿਲੀ ਵਾਰ ਹੋਇਆ ਹੈ ਜਦੋਂ ਤੁਹਾਡੇ ਹੋਮ ਲੋਨ ਦੀ ਮਾਸਿਕ ਕਿਸ਼ਤ (ਈਐੱਮਆਈ) ਉੱਤੇ ਭੁਗਤਾਨ ਦੇ ਸਮੇਂ 6 ਲੱਖ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਹਾਲੇ ਪਿਛਲੇ ਵਰ੍ਹੇ ਹੀ ਹਜ਼ਾਰਾਂ ਅਧੂਰੇ ਪਏ ਮਕਾਨਾਂ ਨੂੰ ਮੁਕੰਮਲ ਕਰਨ ਲਈ 25 ਹਜ਼ਾਰ ਕਰੋੜ ਰੁਪਏ ਦਾ ਫ਼ੰਡ ਸਥਾਪਿਤ ਕੀਤਾ ਗਿਆ ਹੈ।
22. ਆਤਮਨਿਰਭਰ ਭਾਰਤ, ਆਧੁਨਿਕ ਭਾਰਤ, ਨਵਭਾਰਤ ਤੇ ਖ਼ੁਸ਼ਹਾਲ ਭਾਰਤ ਦੇ ਨਿਰਮਾਣ ਵਿੱਚ ਦੇਸ਼ ਦੀ ਸਿੱਖਿਆ ਦੀ ਮਹਾਨ ਅਹਿਮੀਅਤ ਹੈ। ਇਸੇ ਸੋਚਣੀ ਨਾਲ ਦੇਸ਼ ਨੂੰ ਇੱਕ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਮਿਲੀ ਹੈ।
23. ਕੋਰੋਨਾ ਦੇ ਇਸ ਸਮੇਂ ਦੌਰਾਨ, ਅਸੀਂ ਦੇਖਿਆ ਹੈ ਕਿ ਡਿਜੀਟਲ ਇੰਡੀਆ ਮੁਹਿੰਮ ਦੀ ਭੂਮਿਕਾ ਕੀ ਰਹੀ ਹੈ, ਹੁਣ ਲਗਭਗ 3 ਲੱਖ ਕਰੋੜ ਰੁਪਏ ਦਾ ਲੈਣ–ਦੇਣ ਇਕੱਲੀ ਭੀਮ ਯੂਪੀਆਈ ਐਪ ਨਾਲ ਹੀ ਹੋ ਰਿਹਾ ਹੈ।
24. ਸਾਲ 2014 ਤੋਂ ਪਹਿਲਾਂ, ਦੇਸ਼ ਦੀਆਂ ਸਿਰਫ਼ 5 ਦਰਜਨ ਪੰਚਾਇਤਾਂ ਹੀ ਆਪਟੀਕਲ ਫ਼ਾਈਬਰ ਨਾਲ ਜੁੜੀਆਂ ਹੋਈਆਂ ਸਨ। ਪਿਛਲੇ ਪੰਜ ਸਾਲਾਂ ਦੌਰਾਨ, ਦੇਸ਼ ਦੀਆਂ 1.5 ਲੱਖ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫ਼ਾਈਬਰ ਨਾਲ ਜੋੜਿਆ ਗਿਆ ਹੈ। ਦੇਸ਼ ਦੇ ਸਾਰੇ 6 ਲੱਖ ਪਿੰਡਾਂ ਨੂੰ ਆਉਂਦੇ 1,000 ਦਿਨਾਂ ਅੰਦਰ ਆਪਟੀਕਲ ਫ਼ਾਈਬਰ ਨਾਲ ਜੋੜ ਦਿੱਤਾ ਜਾਵੇਗਾ।
25. ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਅਨੁਭਵ ਆਖਦਾ ਹੈ ਕਿ ਭਾਰਤ ਵਿੱਚ ਮਹਿਲਾ ਸ਼ਕਤੀ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਤਾਂ ਉਹ ਦੇਸ਼ ਦਾ ਮਾਣ ਵਧਾਉਂਦੀਆਂ ਰਹੀਆਂ ਹਨ ਤੇ ਦੇਸ਼ ਨੂੰ ਮਜ਼ਬੂਤ ਕਰਦੀਆਂ ਹਨ। ਅੱਜ, ਮਹਿਲਾਵਾਂ ਨਾ ਸਿਰਫ਼ ਕੋਲੇ ਦੀਆਂ ਜ਼ਮੀਨਦੋਜ਼ ਖਾਣਾਂ ਵਿੱਚ ਕੰਮ ਕਰ ਰਹੀਆਂ ਹਨ, ਬਲਕਿ ਜੰਗੀ ਹਵਾਈ ਜਹਾਜ਼ ਵੀ ਉਡਾ ਰਹੀਆਂ ਹਨ, ਆਕਾਸ਼ ਵਿੱਚ ਨਵੇਂ ਸਿਖ਼ਰ ਛੋਹ ਰਹੀਆਂ ਹਨ।
26. ਦੇਸ਼ ਵਿੱਚ ਖੋਲ੍ਹੇ ਗਏ 40 ਕਰੋੜ ਜਨ–ਧਨ ਖਾਤਿਆਂ ਵਿੱਚੋਂ ਲਗਭਗ 22 ਕਰੋੜ ਖਾਤੇ ਸਿਰਫ਼ ਮਹਿਲਾਵਾਂ ਦੇ ਹੀ ਹਨ। ਅਪ੍ਰੈਲ–ਮਈ–ਜੂਨ ਵਿੱਚ ਕੋਰੋਨਾ ਦੇ ਸਮੇਂ ਦੌਰਾਨ, ਲਗਭਗ ਤਿੰਨ ਹਜ਼ਾਰ ਕਰੋੜ ਰੁਪਏ ਇਨ੍ਹਾਂ ਤਿੰਨ ਮਹੀਨਿਆਂ ਦੇ ਸਮੇਂ ’ਚ ਸਿੱਧੇ ਮਹਿਲਾਵਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਗਏ ਹਨ।
27. ਜਦੋਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ, ਸਾਡੇ ਦੇਸ਼ ਵਿੱਚ ਕੋਰੋਨਾ ਦਾ ਟੈਸਟ ਕਰਨ ਲਈ ਸਿਰਫ਼ ਇੱਕੋ–ਇੱਕ ਲੈਬੋਰੇਟਰੀ ਸੀ। ਅੱਜ ਦੇਸ਼ ਵਿੱਚ 1,400 ਤੋਂ ਵੱਧ ਲੈਬਸ ਹਨ।
28. ਅੱਜ ਦੇਸ਼ ਵਿੱਚ ਇੱਕ ਹੋਰ ਬਹੁਤ ਵੱਡੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਹ ਹੈ ‘ਨੈਸ਼ਨਲ ਡਿਜੀਟਲ ਹੈਲਥ ਮਿਸ਼ਨ’ (ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ)। ਹਰੇਕ ਭਾਰਤੀ ਨੂੰ ਇੱਕ ਸਿਹਤ ਆਈਡੀ (ਪਹਿਚਾਣ) ਦਿੱਤੀ ਜਾਵੇਗੀ। ‘ਨੈਸ਼ਨਲ ਡਿਜੀਟਲ ਹੈਲਥ ਮਿਸ਼ਨ’ ਨਾਲ ਭਾਰਤ ਦੇ ਸਿਹਤ ਖੇਤਰ ਵਿੱਚ ਇੱਕ ਨਵਾਂ ਇਨਕਲਾਬ ਆਵੇਗਾ। ਤੁਹਾਡੇ ਸਾਰੇ ਟੈਸਟ, ਤੁਹਾਡਾ ਰੋਗ, ਕਿਹੜੇ ਡਾਕਟਰ ਨੇ ਤੁਹਾਨੂੰ ਕਿਹੜੀ ਦਵਾਈ ਦਿੱਤੀ ਹੈ, ਤੁਹਾਡੀਆਂ ਰਿਪੋਰਟਾਂ ਕਦੋਂ ਆਈਆਂ ਤੇ ਉਹ ਕੀ ਸਨ, ਇਹ ਸਾਰੀਆਂ ਜਾਣਕਾਰੀਆਂ ਇਸ ਇੱਕ ‘ਹੈਲਥ ਆਈਡੀ’ ਵਿੱਚ ਦਰਜ ਹੋਣਗੀਆਂ।
29. ਅੱਜ ਇੱਕ ਨਹੀਂ, ਦੋ ਨਹੀਂ, ਕੋਰੋਨਾ ਦੀਆਂ ਤਿੰਨ ਵੈਕਸੀਨਾਂ ਦੇ ਟੈਸਟ ਇਸ ਵੇਲੇ ਭਾਰਤ ’ਚ ਚਲ ਰਹੇ ਹਨ। ਵਿਗਿਆਨੀਆਂ ਤੋਂ ਹਰੀ ਝੰਡੀ ਮਿਲਦਿਆਂ ਹੀ ਦੇਸ਼ ਇਨ੍ਹਾਂ ਵੈਕਸੀਨਾਂ ਦਾ ਵੱਡੇ ਪੱਧਰ ਉੱਤੇ ਉਤਪਾਦਨ ਕਰਨ ਲਈ ਵੀ ਤਿਆਰ ਹੈ।
30. ਇਹ ਵਰ੍ਹਾ ਜੰਮੂ ਤੇ ਕਸ਼ਮੀਰ ਦੇ ਵਿਕਾਸ ਦੀ ਨਵੀਂ ਯਾਤਰਾ ਦਾ ਵਰ੍ਹਾ ਹੈ। ਇਹ ਵਰ੍ਹਾ ਜੰਮੂ ਤੇ ਕਸ਼ਮੀਰ ਵਿੱਚ ਮਹਿਲਾਵਾਂ ਤੇ ਦਲਿਤਾਂ ਲਈ ਅਧਿਕਾਰਾਂ ਦਾ ਵਰ੍ਹਾ ਹੈ। ਇਹ ਜੰਮੂ ਤੇ ਕਸ਼ਮੀਰ ਵਿੱਚ ਸ਼ਰਨਾਰਥੀਆਂ ਦੇ ਗੌਰਵਸ਼ਾਲੀ ਜੀਵਨ ਦਾ ਵੀ ਵਰ੍ਹਾ ਹੈ। ਇਹ ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਜੰਮੂ ਤੇ ਕਸ਼ਮੀਰ ਵਿੱਚ ਸਥਾਨਕ ਇਕਾਈਆਂ ਦੇ ਪ੍ਰਤੀਨਿਧ ਪੂਰੀ ਸਰਗਰਮੀ ਤੇ ਸੰਵੇਦਨਸ਼ੀਲਤਾ ਨਾਲ ਜੰਮੂ–ਕਸ਼ਮੀਰ ਨੂੰ ਵਿਕਾਸ ਦੇ ਇੱਕ ਨਵੇਂ ਯੁਗ ਵੱਲ ਲਿਜਾ ਰਹੇ ਹਨ।
31. ਪਿਛਲੇ ਵਰ੍ਹੇ ਲੱਦਾਖ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਉੱਥੋਂ ਦੀ ਜਨਤਾ ਦੀ ਚਿਰੋਕਣੀ ਮੰਗ ਪੂਰੀ ਕੀਤੀ ਗਈ ਸੀ। ਹਿਮਾਲਾ ਪਰਬਤਾਂ ਦੇ ਸਿਖ਼ਰਾਂ ਉੱਤੇ ਸਥਿਤ ਲੱਦਾਖ ਅੱਜ ਵਿਕਾਸ ਦੇ ਨਵੇਂ ਸਿਖ਼ਰਾਂ ਨੂੰ ਛੋਹਣ ਲਈ ਅੱਗੇ ਵਧ ਰਿਹਾ ਹੈ। ਜਿਵੇਂ ਸਿੱਕਿਮ ਨੇ ਇੱਕ ‘ਔਰਗੈਨਿਕ ਰਾਜ’ ਵਜੋਂ ਆਪਣੀ ਛਾਪ ਛੱਡੀ ਹੈ, ਆਉਣ ਵਾਲੇ ਕੁਝ ਦਿਨਾਂ ਦੌਰਾਨ, ਲੱਦਾਖ ਇੱਕ ‘ਕਾਰਬਨ ਤੋਂ ਮੁਕਤ’ ਖੇਤਰ ਵਜੋਂ ਆਪਣੀ ਪਛਾਣ ਬਣਾਏਗਾ, ਇਸ ਦਿਸ਼ਾ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ।
32. ਦੇਸ਼ ਦੇ ਚੋਣਵੇਂ 100 ਸ਼ਹਿਰਾਂ ਵਿੱਚ ਪ੍ਰਦੂਸ਼ਣ ਘਟਾਉਣ ਲਈ ਵੀ ਇੱਕ ਸਮੂਹਕ ਪਹੁੰਚ ਨਾਲ ਇੱਕ ਖ਼ਾਸ ਮੁਹਿੰਮ ਚਲ ਰਹੀ ਹੈ।
33. ਭਾਰਤ ਪਿਛਲੇ ਕੁਝ ਸਮੇਂ ਦੌਰਾਨ ਆਪਣੀ ਜੈਵਿਕ–ਵਿਭਿੰਨਤਾ ਨੂੰ ਸੰਭਾਲ਼ਣ ਤੇ ਉਸ ਨੂੰ ਹੁਲਾਰਾ ਦੇਣ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਰਿਹਾ ਹੈ, ਦੇਸ਼ ਵਿੱਚ ਚੀਤਿਆਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵਧੀ ਹੈ! ਹੁਣ ਦੇਸ਼ ਵਿੱਚ ਸਾਡੇ ਏਸ਼ੀਆਈ ਸ਼ੇਰਾਂ ਲਈ ਇੱਕ ‘ਪ੍ਰੋਜੈਕਟ ਲਾਇਨ’ ਵੀ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਤਰ੍ਹਾਂ ‘ਪ੍ਰੋਜੈਕਟ ਡੌਲਫ਼ਿਨ’ ਵੀ ਸ਼ੁਰੂ ਕੀਤਾ ਜਾਵੇਗਾ।
34. ਐੱਲਓਸੀ (LOC) ਤੋਂ ਲੈ ਕੇ ਐੱਲਏਸੀ (LAC) ਤੱਕ, ਜਿਸ ਨੇ ਵੀ ਦੇਸ਼ ਦੀ ਪ੍ਰਭੂਸੱਤਾ ਵੱਲ ਕੈਰੀ ਅੱਖ ਨਾਲ ਤੱਕਿਆ ਹੈ, ਦੇਸ਼, ਦੇਸ਼ ਦੀ ਫ਼ੌਜ ਨੇ ਉਸੇ ਭਾਸ਼ਾ ਵਿੱਚ ਜਵਾਬ ਦਿੱਤਾ ਹੈ। ਸਾਡੇ ਲਈ ਦੇਸ਼ ਦੀ ਪ੍ਰਭੂਸੱਤਾ ਦਾ ਆਦਰ ਸਰਬਉੱਚ ਹੈ। ਇਸ ਸੰਕਲਪ ਲਈ ਸਾਡੇ ਵੀਰ ਫ਼ੌਜੀ ਜਵਾਨ ਕੀ ਕਰ ਸਕਦੇ ਹਨ, ਦੇਸ਼ਵਾਸੀ ਕੀ ਕਰ ਸਕਦੇ ਹਨ, ਇਹ ਲੱਦਾਖ ਵਿੱਚ ਸਾਰੀ ਦੁਨੀਆਂ ਨੇ ਵੇਖਿਆ ਹੈ।
35. ਦੁਨੀਆ ਦੀ ਇੱਕ–ਚੌਥਾਈ ਆਬਾਦੀ ਦੱਖਣੀ ਏਸ਼ੀਆ ਵਿੱਚ ਵੱਸਦੀ ਹੈ। ਅਸੀਂ ਸਹਿਯੋਗ ਤੇ ਸ਼ਮੁਲੀਅਤ ਨਾਲ ਇੰਨੀ ਵੱਡੀ ਜਨ–ਸੰਖਿਆ ਦੇ ਵਿਕਾਸ ਤੇ ਖ਼ੁਸ਼ਹਾਲੀ ਦੀ ਅਣਦੱਸੀਆਂ ਸੰਭਾਵਨਾਵਾਂ ਪੈਦਾ ਕਰ ਸਕਦੇ ਹਨ।
36. ਸਾਡੀ ਸਰਹੱਦ ਤੇ ਸਮੁੰਦਰੀ ਤਟ ਦੇ ਬੁਨਿਆਦੀ ਢਾਂਚਾ ਦੀ ਵੀ ਦੇਸ਼ ਦੀ ਸੁਰੱਖਿਆ ਵਿੱਚ ਵੱਡੀ ਭੂਮਿਕਾ ਰਹੀ ਹੈ। ਭਾਵੇਂ ਹਿਮਾਲਿਆ ਪਰਬਤਾਂ ਦੀਆਂ ਟੀਸੀਆਂ ਹੋਣ ਜਾਂ ਹਿੰਦ ਮਹਾਸਾਗਰ ਦੇ ਟਾਪੂ, ਅੱਜ ਦੇਸ਼ ਵਿੱਚ ਵੱਡੇ ਪੱਧਰ ਉੱਤੇ ਸੜਕਾਂ ਤੇ ਇੰਟਰਨੈੱਟ ਕਨੈਕਟੀਵਿਟੀ ਦਾ ਪਸਾਰ ਹੋ ਰਿਹਾ ਹੈ।
37. ਸਾਡੇ ਦੇਸ਼ ਵਿੱਚ 1,300 ਤੋਂ ਵੱਧ ਟਾਪੂ ਹਨ। ਉਨ੍ਹਾਂ ਭੂਗੋਲਿਕ ਸਥਿਤੀ ਨੂੰ ਦੇਖਦਿਆਂ, ਦੇਸ਼ ਦੇ ਵਿਕਾਸ ਦੀ ਅਹਿਮੀਅਤ ਉੱਤੇ ਵਿਚਾਰ ਕਰਦਿਆਂ ਇਨ੍ਹਾਂ ਚੋਣਵੇਂ ਟਾਪੂਆਂ ਵਿੱਚ ਕੁਝ ਨਵੀਂਆਂ ਵਿਕਾਸ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਅੰਡੇਮਾਨ ਤੇ ਨਿਕੋਬਾਰ ਟਾਪੂਆਂ ਤੋਂ ਬਾਅਦ ਅਗਲੇ 1,000 ਦਿਨਾਂ ਅੰਦਰ, ਲਕਸ਼ਦ੍ਵੀਪ ਨੂੰ ਵੀ ਸਮੁੰਦਰ ਦੇ ਹੇਠੋਂ ਗੁਜਰਦੀ ਆਪਟੀਕਲ ਫ਼ਾਈਬਰ ਕੇਬਲ ਨਾਲ ਜੋੜਿਆ ਜਾਵੇਗਾ।
38. ਐੱਨਸੀਸੀ ਦਾ ਪਸਾਰ ਦੇਸ਼ ਦੇ 173 ਸਰਹੱਦੀ ਤੇ ਤਟੀ ਜ਼ਿਲ੍ਹਿਆਂ ਵਿੱਚ ਯਕੀਨੀ ਬਣਾਇਆ ਜਾਵੇਗਾ। ਇਸ ਮੁਹਿੰਮ ਅਧੀਨ, ਲਗਭਗ ਇੱਕ ਲੱਖ ਨਵੇਂ ਐੱਨਸੀਸੀ ਕੈਡਿਟਾਂ ਨੂੰ ਖ਼ਾਸ ਸਿਖਲਾਈ ਦਿੱਤੀ ਜਾਵੇਗੀ। ਇਸ ਵਿੱਚ ਲਗਭਗ ਇੱਕ–ਤਿਹਾਈ ਧੀਆਂ ਨੂੰ ਵੀ ਖ਼ਾਸ ਸਿਖਲਾਈ ਦਿੱਤੀ ਜਾਵੇਗੀ।
39. ਸਾਡੀਆਂ ਨੀਤੀਆਂ, ਸਾਡੀ ਪ੍ਰਕਿਰਿਆ, ਸਾਡੇ ਉਤਪਾਦ, ਸਾਡੀ ਹਰ ਚੀਜ਼ ਬਿਹਤਰੀਨ ਹੋਣੀ ਚਾਹੀਦੀ ਹੈ, ਹਰ ਹਾਲਤ ਵਿੱਚ ਸਰਬਉੱਤਮ ਹੋਣੀ ਚਾਹੀਦੀ ਹੈ। ਕੇਵਲ ਤਦ ਹੀ ਅਸੀਂ ‘ਏਕ ਭਾਰਤ–ਸ਼੍ਰੇਸ਼ਠ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰ ਸਕਾਂਗੇ।
40. ‘ਈਜ਼ ਆਵ੍ ਲਿਵਿੰਗ’ (‘ਜੀਵਨ ਸੁਖਾਲਾ ਬਣਾਉਣ’) ਦਾ ਸਭ ਤੋਂ ਵੱਡਾ ਲਾਭਾਰਥੀ ਮੱਧ ਵਰਗ ਹੋਵੇਗਾ; ਸਸਤੇ ਇੰਟਰਨੈੱਟ ਤੋਂ ਲੈ ਕੇ ਸਸਤੀਆਂ ਹਵਾਈ ਟਿਕਟਾਂ, ਹਾਈਵੇਜ਼ ਤੋਂ ਆਈ-ਵੇਜ਼ ਤੱਕ ਅਤੇ ਸਸਤੇ ਮਕਾਨਾਂ ਤੋਂ ਲੈ ਕੇ ਟੈਕਸ ਵਿੱਚ ਕਮੀ ਤੱਕ – ਇਹ ਸਾਰੇ ਕਦਮ ਦੇਸ਼ ਦੇ ਮੱਧ–ਵਰਗ ਦੇ ਲੋਕਾਂ ਨੂੰ ਮਜ਼ਬੂਤ ਬਣਾਉਣਗੇ।
<><><><><><>
ਵੀਆਰਆਰਕੇ/ਐੱਸਐੱਨਸੀ/ਏਪੀ
(Release ID: 1646116)
Visitor Counter : 327
Read this release in:
Urdu
,
Hindi
,
Marathi
,
Tamil
,
Gujarati
,
Odia
,
Kannada
,
Assamese
,
Manipuri
,
English
,
Bengali
,
Telugu
,
Malayalam