ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਾਇਰ ਐਜੂਕੇਸ਼ਨ ਕਨਕਲੇਵ ’ਚ ਉਦਘਾਟਨੀ ਭਾਸ਼ਣ ਦਿੱਤਾ
ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਮੌਜੂਦਾ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ – ਭਵਿੱਖ ਲਈ ਤਿਆਰ ਰੱਖਣਾ: ਪ੍ਰਧਾਨ ਮੰਤਰੀ
ਇਸ ਨੀਤੀ ਨੇ ਨਿਊ ਇੰਡੀਆ ਦੀ ਨੀਂਹ ਰੱਖੀ: ਪ੍ਰਧਾਨ ਮੰਤਰੀ
ਇਹ ਇੱਕ ਸਮੂਹਕ ਪਹੁੰਚ ਉੱਤੇ ਅਧਾਰਿਤ ਹੈ: ਪ੍ਰਧਾਨ ਮੰਤਰੀ
Posted On:
07 AUG 2020 2:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਇਰ ਐਜੂਕੇਸ਼ਨ ਕਨਕਲੇਵ ’ਚ ਉਦਘਾਟਨੀ ਭਾਸ਼ਣ ਦਿੱਤਾ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 3–4 ਸਾਲਾਂ ਦੇ ਵਿਆਪਕ ਵਿਚਾਰ–ਵਟਾਂਦਰਿਆਂ ਅਤੇ ਲੱਖਾਂ ਸੁਝਾਵਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਉੱਤੇ ਸਮੁੱਚੇ ਦੇਸ਼ ਵਿੱਚ ਸੁਅਸਥ ਬਹਿਸ ਤੇ ਵਿਚਾਰ–ਵਟਾਂਦਰੇ ਹੋ ਰਹੇ ਹਨ।
ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਰੱਖਣਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰੀ ਕਦਰਾਂ–ਕੀਮਤਾਂ ਅਤੇ ਰਾਸ਼ਟਰੀ ਟੀਚਿਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਨੀਤੀ ਨਿਊ ਇੰਡੀਆ, 21ਵੀਂ ਸਦੀ ਦੇ ਭਾਰਤ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਵਾਸਤੇ ਲੋੜੀਂਦੇ ਹੁਨਰਾਂ ਦੀ ਨੀਂਹ ਰੱਖਦੀ ਹੈ, ਵਿਕਾਸ ਨੂੰ ਨਵੇਂ ਸਿਖ਼ਰਾਂ ਤੱਕ ਲਿਜਾਂਦੀ ਹੈ ਤੇ ਭਾਰਤ ਦੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਅਵਸਰਾਂ ਦੇ ਯੋਗ ਬਣਾਉਣ ਲਈ ਹੋਰ ਸਸ਼ਕਤ ਬਣਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲਾਂ ਬੱਧੀ ਤੋਂ ਸਾਡੀ ਵਿੱਦਿਅਕ ਪ੍ਰਣਾਲੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ, ਉਹ ਨੀਤੀ ਇੱਕਤਰਫ਼ਾ ਤਰਜੀਹਾਂ ਵੱਲ ਲਿਜਾਂਦੀ ਸੀ, ਜਿੱਥੇ ਲੋਕ ਸਿਰਫ਼ ਡਾਕਟਰ, ਇੰਜੀਨੀਅਰ ਜਾਂ ਵਕੀਲ ਬਣਨ ਉੱਤੇ ਹੀ ਧਿਆਨ ਕੇਂਦ੍ਰਿਤ ਕਰ ਰਹੇ ਸਨ। ਕਿਸੇ ਦੀ ਦਿਲਚਸਪੀ, ਯੋਗਤਾ ਤੇ ਮੰਗ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਸੀ।
ਪ੍ਰਧਾਨ ਮੰਤਰੀ ਨੇ ਸੁਆਲ ਕੀਤਾ ਕਿ ਨੌਜਵਾਨਾਂ ਵਿੱਚ ਆਲੋਚਨਾਤਮਕ ਸੋਚਣੀ ਤੇ ਨਵੀਨ ਖੋਜੀ ਰੁਚੀ ਵਾਲੀ ਵਿਚਾਰਧਾਰਾ ਕਿਵੇਂ ਵਿਕਸਿਤ ਹੋ ਸਕਦੀ ਹੈ, ਇਹ ਉਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ ਕਿ ਸਾਡੀ ਸਿੱਖਿਆ, ਸਿੱਖਿਆ ਦੇ ਦਰਸ਼ਨ, ਸਿੱਖਿਆ ਦੇ ਮੰਤਵ ਵਿੱਚ ਜੋਸ਼ ਨਾ ਹੋਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਸਿੱਖਿਆ ਬਾਰੇ ਗੁਰੂ ਰਾਬਿੰਦਰਨਾਥ ਦੇ ਆਦਰਸ਼ਾਂ ਨੂੰ ਵੀ ਪ੍ਰਤੀਬਿੰਬਤ ਕਰਦੀ ਹੈ, ਜਿਸ ਦਾ ਉਦੇਸ਼ ਸਾਡੇ ਜੀਵਨਾਂ ਨੂੰ ਸਮੁੱਚੀ ਹੋਂਦ ਦੀ ਇੱਕਸੁਰਤਾ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇੱਕ ਸਮੂਹਕ ਪਹੁੰਚ ਦੀ ਜ਼ਰੂਰਤ ਸੀ, ਜੋ ਰਾਸ਼ਟਰੀ ਸਿੱਖਿਆ ਨੀਤੀ ਨੇ ਸਫ਼ਲਤਾਪੂਰਬਕ ਹਾਸਲ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਇਹ ਨੀਤੀ ਦੋ ਵੱਡੇ ਸੁਆਲ ਮਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ: ਕੀ ਸਾਡੀ ਵਿੱਦਿਅਕ ਪ੍ਰਣਾਲੀ ਸਾਡੇ ਨੌਜਵਾਨਾਂ ਨੂੰ ਸਿਰਜਣਾਤਮਕ ਬਣਨ ਲਈ ਪ੍ਰੇਰਦੀ ਹੈ, ਜਿਗਿਆਸਾ ਤੇ ਪ੍ਰਤੀਬੱਧਤਾ ਵਾਲੇ ਜੀਵਨ ਵੱਲ ਲਿਜਾਂਦੀ ਹੈ? ਕੀ ਸਾਡੀ ਵਿੱਦਿਅਕ ਪ੍ਰਣਾਲੀ ਸਾਡੇ ਨੌਜਵਾਨਾਂ ਨੂੰ ਸਸ਼ਕਤ ਬਣਾਉਂਦੀ ਹੈ, ਦੇਸ਼ ਵਿੱਚ ਇੱਕ ਸਸ਼ਕਤ ਸਮਾਜ ਦੇ ਨਿਰਮਾਣ ਵਿੱਚ ਮਦਦ ਕਰਦੀ ਹੈ? ਇਸ ’ਤੇ ਉਨ੍ਹਾਂ ਤਸੱਲੀ ਪ੍ਰਗਟਾਈ ਕਿ ਰਾਸ਼ਟਰੀ ਸਿੱਖਿਆ ਨੀਤੀ ਇਨ੍ਹਾਂ ਸਾਰੇ ਉਚਿਤ ਮੁੱਦਿਆਂ ਦਾ ਖ਼ਿਆਲ ਰੱਖਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿੱਦਿਅਕ ਪ੍ਰਣਾਲੀ ਨੂੰ ਬਦਲਦੇ ਸਮਿਆਂ ਅਨੁਸਾਰ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ 5 + 3 + 3 + 4 ਪਾਠਕ੍ਰਮ ਦਾ ਨਵਾਂ ਢਾਂਚਾ ਇਸ ਦਿਸ਼ਾ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਡੇ ਵਿਦਿਆਰਥੀ ਵਿਸ਼ਵ–ਪੱਧਰ ਦੇ ਨਾਗਰਿਕ ਬਣਨ ਤੇ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਰਹਿਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ‘ਕਿਵੇਂ ਸੋਚਣਾ ਹੈ’ ਉੱਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਸਿੱਖਣ ਦੀਆਂ ਪੁੱਛਗਿੱਛ ਅਧਾਰਿਤ, ਖੋਜ ਅਧਾਰਿਤ, ਵਿਚਾਰ–ਵਟਾਂਦਰਾ ਅਧਾਰਿਤ ਤੇ ਵਿਸ਼ਲੇਸ਼ਣ ਅਧਾਰਿਤ ਵਿਧੀਆਂ ਉੱਤੇ ਜ਼ੋਰ ਦੇਣ ਨਾਲ ਉਨ੍ਹਾਂ ਦੀ ਸਿੱਖਣ ਤੇ ਕਲਾਸਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਵਿੱਚ ਵਾਧਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਬੇਨਤੀ ਕੀਤੀ ਕਿ ਹਰੇਕ ਵਿਦਿਆਰਥੀ ਨੂੰ ਆਪਣੇ ਸ਼ੌਕ ਅਨੁਸਾਰ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ। ਅਜਿਹਾ ਅਕਸਰ ਵਾਪਰਦਾ ਹੈ ਕਿ ਜਦੋਂ ਇੱਕ ਵਿਦਿਆਰਥੀ ਇੱਕ ਕੋਰਸ ਕਰਨ ਤੋਂ ਬਾਅਦ ਇੱਕ ਨੌਕਰੀ ਲਈ ਜਾਂਦਾ ਹੈ, ਤਾਂ ਉਸ ਨੂੰ ਪਤਾ ਚਲਦਾ ਹੈ ਕਿ ਉਸ ਨੇ ਜੋ ਕੁਝ ਵੀ ਪੜ੍ਹਿਆ ਹੈ, ਉਸ ਨਾਲ ਇਸ ਨੌਕਰੀ ਦੀ ਜ਼ਰੂਰਤ ਪੂਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖਣ ਲਈ ਨਵੀਂ ਸਿੱਖਿਆ ਨੀਤੀ ਵਿੱਚ ਵਿਵਿਧ ਦਾਖ਼ਲਾ–ਨਿਕਾਸੀ ਦੀ ਵਿਵਸਥਾ ਰੱਖੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਇੱਕ ਕ੍ਰੈਡਿਟ ਬੈਂਕ ਦੀ ਵਿਵਸਥਾ ਦਿੰਦੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਕੋਈ ਕੋਰਸ ਅਧਵਾਟੇ ਹੀ ਛੱਡਣ ਦੀ ਆਜ਼ਾਦੀ ਮਿਲ ਸਕੇ ਤੇ ਬਾਅਦ ਵਿੱਚ ਉਹ ਜਦੋਂ ਵੀ ਕੋਸ਼ਿਸ਼ ਕਰਨ, ਤਾਂ ਆਪਣੇ ਕੋਰਸ ਮੁੜ ਸ਼ੁਰੂ ਕਰ ਕੇ ਉਸ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅਜਿਹੇ ਜੁੱਗ ਵੱਲ ਵਧ ਰਹੇ ਹਾਂ, ਜਿੱਥੇ ਹਰੇਕ ਵਿਅਕਤੀ ਨੂੰ ਨਿਰੰਤਰ ਖ਼ੁਦ ਨੂੰ ਨਵੇਂ ਹੁਨਰ ਨਾਲ ਲੈਸ ਕਰਨਾ ਪਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਦੇ ਹਰੇਕ ਵਰਗ ਦਾ ਸਵੈਮਾਣ ਕਿਸੇ ਦੇਸ਼ ਦੇ ਵਿਕਾਸ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਲਈ, ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵਿਦਿਆਰਥੀ ਦੀ ਸਿੱਖਿਆ ਤੇ ਕਿਰਤੀਆਂ ਦੇ ਸਵੈਮਾਣ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸਮੁੱਚੇ ਵਿਸ਼ਵ ਨੂੰ ਪ੍ਰਤਿਭਾ ਤੇ ਟੈਕਨੋਲੋਜੀ ਦੇ ਸਮਾਧਾਨ ਦੇਣ ਦੀ ਯੋਗਤਾ ਹੈ ਅਤੇ ਰਾਸ਼ਟਰੀ ਸਿੱਖਿਆ ਨੀਤੀ ਇਹ ਜ਼ਿੰਮੇਵਾਰੀ ਨਿਭਾਉਂਦੀ ਹੈ, ਜਿਸ ਦਾ ਉਦੇਸ਼ ਬਹੁਤ ਸਾਰੇ ਟੈਕਨੋਲੋਜੀ–ਅਧਾਰਿਤ ਵਿਸ਼ੇ ਤੇ ਕੋਰਸ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵਰਚੁਅਲ ਲੈਬੋਰੇਟਰੀਆਂ ਜਿਹੀਆਂ ਧਾਰਨਾਵਾਂ ਅਜਿਹੇ ਕਰੋੜਾਂ ਹਮਉਮਰਾਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦਾ ਸੁਫ਼ਨਾ ਸਾਕਾਰ ਕਰ ਰਹੀਆਂ ਹਨ, ਜਿਹੜੇ ਅਜਿਹੇ ਵਿਸ਼ੇ ਪਹਿਲਾਂ ਪੜ੍ਹ ਨਹੀਂ ਸਕੇ, ਜਿਨ੍ਹਾਂ ਲਈ ਲੈਬ ਦਾ ਅਨੁਭਵ ਲੋੜੀਂਦਾ ਹੈ। ਰਾਸ਼ਟਰੀ ਸਿੱਖਿਆ ਨੀਤੀ ਸਾਡੇ ਦੇਸ਼ ਵਿੱਚ ਖੋਜ ਤੇ ਸਿੱਖਿਆ ਦਾ ਪਾੜਾ ਖ਼ਤਮ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਵੀ ਨਿਭਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਕੇਵਲ ਤਦ ਹੀ ਵਧੇਰੇ ਪ੍ਰਭਾਵਸ਼ਾਲੀ ਢੰਗ ਤੇ ਤੇਜ਼ ਰਫ਼ਤਾਰ ਨਾਲ ਲਾਗੂ ਕੀਤੀ ਜਾ ਸਕਦੀ ਹੈ, ਜਦੋਂ ਇਹ ਸੁਧਾਰ ਸੰਸਥਾਨਾਂ ਤੇ ਬੁਨਿਆਦੀ ਢਾਂਚੇ ਵਿੱਚ ਪ੍ਰਤੀਬਿੰਬਤ ਹੋਵੇ। ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਨਵੀਆਂ ਖੋਜਾਂ ਦੀਆਂ ਕਦਰਾਂ–ਕੀਮਤਾਂ ਦੀ ਉਸਾਰੀ ਕਰਨਾ ਤੇ ਸਮਾਜ ਵਿੱਚ ਅਨੁਕੂਲ ਬਣਾਉਣਾ ਹੈ ਅਤੇ ਇਹ ਸਾਡੇ ਦੇਸ਼ ਦੇ ਸੰਸਥਾਨਾਂ ਤੋਂ ਸ਼ੁਰੂ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਚ ਸਿੱਖਿਆ ਦੇ ਸੰਸਥਾਨਾਂ ਨੂੰ ਖ਼ੁਦਮੁਖਤਿਆਰੀ ਨਾਲ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਖ਼ੁਦਮੁਖਤਿਆਰੀ ਬਾਰੇ ਇੱਥੇ ਦੋ ਤਰ੍ਹਾਂ ਦੀਆਂ ਬਹਿਸਾਂ ਚਲਦੀਆਂ ਹਨ। ਇੱਕ ਤਾਂ ਇਹ ਆਖਦੀ ਹੈ ਕਿ ਹਰੇਕ ਚੀਜ਼ ਸਖ਼ਤੀ ਨਾਲ ਸਰਕਾਰੀ ਕੰਟਰੋਲ ਅਧੀਨ ਹੋਣੀ ਚਾਹੀਦੀ ਹੈ, ਜਦ ਕਿ ਦੂਜੀ ਆਖਦੀ ਹੈ ਕਿ ਸਾਰੇ ਸੰਸਥਾਨ ਖ਼ੁਦ–ਬ–ਖ਼ੁਦ ਖ਼ੁਦਮੁਖਤਿਆਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਵਿਚਾਰ ਗ਼ੈਰ–ਸਰਕਾਰੀ ਸੰਸਥਾਨਾਂ ਪ੍ਰਤੀ ਬੇਵਿਸਾਹੀ ਵਿੱਚੋਂ ਉਪਜਦਾ ਹੈ, ਜਦ ਕਿ ਖ਼ੁਦਮੁਖਤਿਆਰੀ ਨੂੰ ਦੂਜੀ ਪਹੁੰਚ ਵਿੱਚ ਇੱਕ ਅਧਿਕਾਰ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਮਿਆਰ ਵਾਲੀ ਸਿੱਖਿਆ ਦਾ ਰਾਹ ਇਨ੍ਹਾਂ ਦੋਵੇਂ ਵਿਚਾਰਾਂ ਦੇ ਵਿਚਕਾਰ ਵਿੱਚ ਕਿਤੇ ਮੌਜੂਦ ਹੈ।
ਉਨ੍ਹਾਂ ਮਹਿਸੂਸ ਕੀਤਾ ਕਿ ਜਿਹੜਾ ਸੰਸਥਾਨ ਮਿਆਰੀ ਸਿੱਖਿਆ ਲਈ ਵਧੇਰੇ ਕੰਮ ਕਰਦਾ ਹੈ, ਉਸ ਨੂੰ ਵਧੇਰੇ ਆਜ਼ਾਦੀ ਦਾ ਇਨਾਮ ਮਿਲਦਾ ਚਾਹੀਦਾ ਹੈ। ਇਸ ਨਾਲ ਮਿਆਰ ਪ੍ਰਤੀ ਉਤਸ਼ਾਹ ਵਧੇਗਾ ਅਤੇ ਇੰਝ ਹਰੇਕ ਨੂੰ ਵਿਕਸਿਤ ਹੋਣ ਦਾ ਪ੍ਰੋਤਸਾਹਨ ਵੀ ਮਿਲੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਜਿਵੇਂ–ਜਿਵੇਂ ਰਾਸ਼ਟਰੀ ਸਿੱਖਿਆ ਨੀਤੀ ਦਾ ਵਿਸਤਾਰ ਹੁੰਦਾ ਹੈ, ਵਿੱਦਿਅਕ ਸੰਸਕਾਨਾਂ ਦੀ ਖ਼ੁਦਮੁਖਤਿਆਰੀ ਹੋਰ ਤੇਜ਼ੀ ਨਾਲ ਹੋਵੇਗੀ।
ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਦੇ ਹਵਾਲੇ ਨਾਲ ਉਨ੍ਹਾਂ ਕਿਹਾ ‘ਸਿੱਖਿਆ ਦਾ ਉਦੇਸ਼ ਵਧੀਆ ਹੁਨਰਮੰਦ ਤੇ ਮਾਹਿਰ ਇਨਸਾਨ ਬਣਾਉਣਾ ਹੈ। ਜਾਗਰੂਕ ਮਨੁੱਖ ਅਧਿਆਪਕਾਂ ਦੁਆਰਾ ਸਿਰਜੇ ਜਾ ਸਕਦੇ ਹਨ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੀਤੀ ਇੱਕ ਅਜਿਹੀ ਮਜ਼ਬੂਤ ਅਧਿਆਪਨ ਪ੍ਰਣਾਲੀ ਵਿਕਸਿਤ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ, ਜਿੱਥੇ ਅਧਿਆਪਕ ਚੰਗੇ ਪ੍ਰੋਫ਼ੈਸ਼ਨਲਸ ਤੇ ਵਧੀਆ ਨਾਗਰਿਕ ਤਿਆਰ ਕਰ ਸਕਦੇ ਹਨ। ਰਾਸ਼ਟਰੀ ਸਿੱਖਿਆ ਨੀਤੀ ਵਿੱਚ ਅਧਿਆਪਕਾਂ ਦੀ ਸਿਖਲਾਈ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ, ਜਿੱਥੇ ਉਹ ਆਪਣੇ ਹੁਨਰ ਨਿਰੰਤਰ ਅੱਪਡੇਟ ਕਰਦੇ ਹਨ, ਇਸ ਉੱਤੇ ਬਹੁਤ ਜ਼ਿਆਦਾ ਜ਼ੋਰ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਲਈ ਇਕਜੁੱਟਤਾ ਤੇ ਦ੍ਰਿੜ੍ਹਤਾ ਨਾਲ ਕੰਮ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ, ਕਾਲਜਾਂ, ਸਕੂਲ ਸਿੱਖਿਆ ਬੋਰਡਾਂ, ਵਿਭਿੰਨ ਰਾਜਾਂ, ਸਬੰਧਿਤ ਹੋਰ ਵਿਭਿੰਨ ਧਿਰਾਂ ਨਾਲ ਇੱਥੋਂ ਗੱਲਬਾਤ ਤੇ ਤਾਲਮੇਲ ਦਾ ਇੱਕ ਨਵਾਂ ਗੇੜ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਉੱਤੇ ਵੈਬੀਨਾਰ ਜਾਰੀ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਕਨਕਲੇਵ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨਾਲ ਸਬੰਧਿਤ ਬਿਹਤਰ ਸੁਝਾਅ, ਪ੍ਰਭਾਵਸ਼ਾਲੀ ਹੱਲ ਨਿਕਲ ਕੇ ਸਾਹਮਣੇ ਆਉਣਗੇ।
*****
ਵੀਆਰਆਰਕੇ/ਏਕੇ/ਕੇਪੀ
(Release ID: 1644195)
Visitor Counter : 210
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam