ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਪੀਐੱਲਆਈ ਯੋਜਨਾ ਨਾਲ ਮੋਬਾਈਲ ਫੋਨ ਅਤੇ ਇਲੈਕਟ੍ਰੌਨਿਕ ਕੰਪੋਨੈਂਟਸ ਦੇ ਨਿਰਮਾਣ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ

ਅਗਲੇ 5 ਵਰ੍ਹਿਆਂ ਵਿੱਚ 11.50 ਲੱਖ ਕਰੋੜ ਰੁਪਏ ਦੇ ਉਤਪਾਦਨ ਅਤੇ 7 ਲੱਖ ਕਰੋੜ ਰੁਪਏ ਦੇ ਨਿਰਯਾਤ ਦੀ ਉਮੀਦ

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਲਈ ਵੱਡਾ ਪ੍ਰੋਤਸਾਹਨ

Posted On: 01 AUG 2020 1:44PM by PIB Chandigarh

ਆਪਣੇ ਸੰਬੋਧਨ ਵਿੱਚ ਯੋਜਨਾ ਦੇ ਤਹਿਤ ਐਪਲੀਕੇਸ਼ਨ ਵਿੰਡੋ ਦਾ ਸਮਾਪਨ ਕਰਦਿਆਂ ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਮਾਣਯੋਗ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਸੰਚਾਰ, ਕਾਨੂੰਨ ਅਤੇ ਨਿਆਂ ਮੰਤਰੀ ਨੇ ਕਿਹਾ ਕਿ ਗਲੋਬਲ ਅਤੇ ਘਰੇਲੂ ਮੋਬਾਈਲ ਨਿਰਮਾਣ ਕੰਪਨੀਆਂ ਅਤੇ ਇਲੈਕਟ੍ਰੌਨਿਕਸ ਕੰਪੋਨੈਂਟ ਨਿਰਮਾਤਾਵਾਂ ਤੋਂ ਪ੍ਰਾਪਤ ਅਰਜ਼ੀਆਂ ਦੇ ਮੱਦੇਨਜ਼ਰ ਪੀਐੱਲਆਈ ਯੋਜਨਾ ਬਹੁਤ ਸਫਲ ਰਹੀ ਹੈ। ਉਦਯੋਗ ਨੇ ਇੱਕ ਵਿਸ਼ਵ ਪੱਧਰੀ ਨਿਰਮਾਣ ਸਥਲ ਦੇ ਰੂਪ ਵਿੱਚ ਭਾਰਤ ਦੀ ਪ੍ਰਗਤੀ ਵਿੱਚ ਆਪਣਾ ਵਿਸ਼ਵਾਸ ਜਤਾਇਆ ਹੈ ਅਤੇ ਇਹ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ-ਏ ਸੈਲਫ-ਰਿਲਾਇੰਟ ਇੰਡੀਆ ਦੇ ਸੱਦੇ ਨਾਲ ਠੋਸ ਰੂਪ ਨਾਲ ਗੂੰਜਦਾ ਹੈ। ਮੰਤਰੀ ਨੇ ਅੱਗੇ ਕਿਹਾ ਕਿ "ਅਸੀਂ ਆਸ਼ਾਵਾਦੀ ਹਾਂ ਅਤੇ ਵੈਲਿਊ ਚੇਨ ਵਿੱਚ ਇੱਕ ਮਜ਼ਬੂਤ ਈਕੋਸਿਸਟਮ ਦਾ ਨਿਰਮਾਣ ਕਰਨ ਅਤੇ ਗਲੋਬਲ ਵੈਲਿਊ ਚੇਨਾਂ ਦੇ ਨਾਲ ਏਕੀਕਰਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ ਅਤੇ ਇਸ ਤਰ੍ਹਾਂ ਦੇਸ਼ ਵਿੱਚ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਾਂਗੇ।"

 

 

ਵੱਡੇ ਪੈਮਾਨੇ 'ਤੇ ਇਲੈਕਟ੍ਰੌਨਿਕਸ ਨਿਰਮਾਣ ਲਈ ਉਤਪਾਦਨ ਨਾਲ ਜੁੜੀ  ਪ੍ਰੋਤਸਾਹਨ ਯੋਜਨਾ (ਪੀਐੱਲਆਈ) ਨੂੰ 1 ਅਪ੍ਰੈਲ, 2020 ਨੂੰ ਅਧਿਸੂਚਿਤ ਕੀਤਾ ਗਿਆ ਸੀ। ਪੀਐੱਲਆਈ ਯੋਜਨਾ ਟੀਚੇ ਵਾਲੇ ਖੇਤਰਾਂ ਤਹਿਤ ਭਾਰਤ ਵਿੱਚ ਨਿਰਮਿਤ ਅਤੇ ਵਸਤਾਂ ਦੀ ਵਾਧੂ ਵਿਕਰੀ (ਅਧਾਰ ਸਾਲ 'ਤੇ) ਤੇ ਪਾਤਰ ਕੰਪਨੀਆਂ ਨੂੰ ਅਧਾਰ ਸਾਲ (ਵਿੱਤ ਵਰ੍ਹੇ 2019-20) ਦੇ ਪੰਜ ਵਰ੍ਹਿਆਂ ਦੀ ਮਿਆਦ ਲਈ 4% ਤੋਂ 6% ਤੱਕ ਦੀ ਪ੍ਰੋਤਸਾਹਨ ਰਕਮ ਦੇਵੇਗੀ। ਇਹ ਯੋਜਨਾ ਅਰਜ਼ੀ ਦੇਣ ਲਈ 31.7.2020 ਤੱਕ ਖੁੱਲ੍ਹੀ ਸੀ। ਯੋਜਨਾ ਤਹਿਤ ਇਹ ਪ੍ਰੋਤਸਾਹਨ 01.08.2020 ਤੋਂ ਲਾਗੂ ਹੈ।

 

ਪੀਐੱਲਆਈ ਯੋਜਨਾ ਤਹਿਤ ਕੁੱਲ 22 ਕੰਪਨੀਆਂ ਨੇ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ। ਮੋਬਾਈਲ ਫੋਨ (ਇਨਵੌਇਸ ਵੈਲਿਊ ਆਈਐੱਨਆਰ 15,000 ਅਤੇ ਇਸ ਤੋਂ ਵੱਧ) ਖੰਡ ਦੇ ਤਹਿਤ ਅਰਜ਼ੀ ਦੇਣ ਵਾਲੀਆਂ ਅੰਤਰਰਾਸ਼ਟਰੀ ਮੋਬਾਈਲ ਫੋਨ ਨਿਰਮਾਣ ਕੰਪਨੀਆਂ ਇਸ ਪ੍ਰਕਾਰ ਹਨ - ਸੈਮਸੰਗ, ਫੌਕਸਕੌਨ ਹੌਨ ਹਾਯ, ਰਾਈਜ਼ਿੰਗ ਸਟਾਰ, ਵਿਸਟ੍ਰੌਨ ਅਤੇ ਪੈਗਾਟ੍ਰੌਨ। ਇਨ੍ਹਾਂ ਵਿੱਚੋਂ 3 ਕੰਪਨੀਆਂ, ਭਾਵ ਫੌਕਸਕੌਨ ਹੌਨ ਹਾਯ, ਵਿਸਟ੍ਰੌਨ ਅਤੇ ਪੈਗਾਟ੍ਰੌਨ, ਐਪਲ ਆਈਫੋਨ ਲਈ ਇਕਰਾਰਨਾਮੇ ਤੇ ਨਿਰਮਾਤਾ ਹਨ। ਐਪਲ (37%) ਅਤੇ ਸੈਮਸੰਗ (22%) ਮਿਲ ਕੇ ਮੋਬਾਈਲ ਫੋਨਾਂ ਦੀ ਵਿਸ਼ਵਵਿਆਪੀ ਵਿਕਰੀ ਦੇ ਮਾਲੀਆ ਦਾ ਲਗਭਗ 60% ਹੈ ਅਤੇ ਇਸ ਯੋਜਨਾ ਨਾਲ ਦੇਸ਼ ਵਿੱਚ ਉਨ੍ਹਾਂ ਦੇ ਨਿਰਮਾਣ ਅਧਾਰ ਵਿੱਚ ਕਈ ਗੁਣਾਂ ਵਾਧਾ ਹੋਣ ਦੀ ਉਮੀਦ ਹੈ।

 

ਮੋਬਾਈਲ ਫੋਨ (ਘਰੇਲੂ ਕੰਪਨੀਆਂ) ਖੰਡ ਦੇ ਤਹਿਤ ਭਾਰਤੀ ਕੰਪਨੀਆਂ ਜਿਸ ਵਿੱਚ ਲਾਵਾ, ਡਿਕਸਨ ਟੈਕਨੋਲੋਜੀ, ਭਗਵਤੀ (ਮਾਈਕ੍ਰੋਮੈਕਸ), ਪੈਡਗੇਟ ਇਲੈਕਟ੍ਰੌਨਿਕਸ, ਸੋਜੋ ਮੈਨੂਫੈਕਚਰਿੰਗ ਸਰਵਿਸਿਜ਼ ਅਤੇ ਔਪਟੀਮਸ ਇਲੈਕਟ੍ਰੌਨਿਕਸ ਸ਼ਾਮਲ ਹਨ, ਨੇ ਇਸ ਯੋਜਨਾ ਤਹਿਤ ਅਪਲਾਈ ਕੀਤਾ ਹੈ। ਉਮੀਦ ਹੈ ਕਿ ਇਹ ਕੰਪਨੀਆਂ ਵੱਡੇ ਪੈਮਾਨੇ ਤੇ ਆਪਣੇ ਨਿਰਮਾਣ ਕਾਰਜਾਂ ਦਾ ਵਿਸਤਾਰ ਕਰਨਗੀਆਂ ਅਤੇ ਮੋਬਾਈਲ ਫੋਨ ਉਤਪਾਦਨ ਦੇ ਖੇਤਰ ਵਿੱਚ ਰਾਸ਼ਟਰੀ ਚੈਂਪੀਅਨ ਕੰਪਨੀਆਂ ਦੇ ਰੂਪ ਵਿੱਚ ਵਿਕਸਿਤ ਹੋਣਗੀਆਂ।

 

10 ਕੰਪਨੀਆਂ ਨੇ ਨਿਰਧਾਰਿਤ ਇਲੈਕਟ੍ਰੌਨਿਕ ਕੰਪੋਨੈਂਟ ਖੰਡ ਦੇ ਤਹਿਤ ਅਰਜ਼ੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਏਟੀਐਂਡਐੱਸ, ਏਸੈਂਟ ਸਰਕਿਟਸ, ਵਿਜੀਕੌਨ, ਵਾਲਿਸਨ, ਸਹਸਤਰਾ, ਵਿਟੇਸਕੋ ਅਤੇ ਨਿਯੋਲਿੰਕ ਸ਼ਾਮਲ ਹਨ।  ਅਗਲੇ 5 ਵਰ੍ਹਿਆਂ ਵਿੱਚ, ਇਸ ਯੋਜਨਾ ਵਿੱਚ ਲਗਭਗ ਆਈਐੱਨਐਰ 11,50,000 ਕਰੋੜ  (ਆਈਐੱਨਆਰ 11.5 ਲੱਖ ਕਰੋੜ) ਦਾ ਕੁੱਲ ਉਤਪਾਦਨ ਹੋਣ ਦੀ ਉਮੀਦ ਹੈ। ਕੁੱਲ ਉਤਪਾਦਨ ਵਿੱਚੋਂ, ਮੋਬਾਈਲ ਫੋਨ (ਇਨਵੌਇਸ ਵੈਲਿਊ 15,000 ਅਤੇ ਇਸ ਤੋਂ ਅਧਿਕ) ਖੰਡ ਦੇ ਤਹਿਤ ਕੰਪਨੀਆਂ ਨੇ  ਆਈਐੱਨਆਰ 9,00,000 ਕਰੋੜ ਤੋਂ ਅਧਿਕ ਦੇ ਉਤਪਾਦਨ ਦਾ ਪ੍ਰਸਤਾਵ ਕੀਤਾ ਹੈ, ਅਤੇ ਮੋਬਾਈਲ ਫੋਨ (ਘਰੇਲੂ ਕੰਪਨੀਆਂ) ਖੰਡ ਦੇ ਤਹਿਤ ਕੰਪਨੀਆਂ ਨੇ ਲਗਭਗ ਆਈਐੱਨਆਰ 2,00,000 ਕਰੋੜ ਦਾ ਉਤਪਾਦਨ ਪ੍ਰਸਤਾਵਿਤ ਕੀਤਾ ਹੈ ਅਤੇ ਨਿਰਧਾਰਿਤ ਇਲੈਕਟ੍ਰੌਨਿਕ ਕੰਪੋਨੈਂਟ ਖੰਡ ਦੇ ਤਹਿਤ ਆਉਣ ਵਾਲੀਆਂ ਕੰਪਨੀਆਂ ਨੇ ਆਈਐੱਨਆਰ 45,000 ਕਰੋੜ ਤੋਂ ਅਧਿਕ ਦੇ ਉਤਪਾਦਨ ਦਾ ਪ੍ਰਸਤਾਵ ਕੀਤਾ ਹੈ।

 

ਇਸ ਯੋਜਨਾ ਤੋਂ ਨਿਰਯਾਤ ਨੂੰ ਕਾਫੀ ਹੁਲਾਰਾ ਮਿਲਣ ਦੀ ਉਮੀਦ ਹੈ। ਅਗਲੇ 5 ਵਰ੍ਹਿਆਂ ਵਿੱਚ ਆਈਐੱਨਆਰ 11,50,000 ਕਰੋੜ ਰੁਪਏ ਦੇ ਕੁੱਲ ਉਤਪਾਦਨ ਵਿੱਚੋਂ, 60% ਤੋਂ ਅਧਿਕ ਦਾ ਯੋਗਦਨ ਨਿਰਯਾਤ ਦੁਆਰਾ ਦਿੱਤਾ ਜਾਵੇਗਾ, ਜੋ ਆਈਐੱਨਆਰ 7,00,000 ਕਰੋੜ ਹੈ। ਇਸ ਯੋਜਨਾ ਨਾਲ ਇਲੈਕਟ੍ਰੌਨਿਕ ਨਿਰਮਾਣ ਵਿੱਚ ਆਈਐੱਨਆਰ 11,000 ਕਰੋੜ  ਦਾ ਅਤਿਰਿਕਤ ਨਿਵੇਸ਼ ਹੋਵੇਗਾ।

 

ਇਸ ਯੋਜਨਾ ਨਾਲ ਅਗਲੇ 5 ਵਰ੍ਹਿਆਂ ਵਿੱਚ ਲਗਭਗ 3 ਲੱਖ ਪ੍ਰਤੱਖ ਰੋਜਗਾਰ ਦੇ ਅਵਸਰ ਪੈਦਾ ਹੋਣਗੇ ਅਤੇ ਇਸ ਦੇ ਨਾਲ ਪ੍ਰਤੱਖ ਰੋਜਗਾਰ ਦੇ ਲਗਭਗ 3 ਗੁਣਾ ਅਤਿਰਿਕਤ ਅਪ੍ਰਤੱਖ ਰੋਜਗਾਰ ਪੈਦਾ ਹੋਣਗੇ। ਘਰੇਲੂ ਵੈਲਿਊ ਐਡੀਸ਼ਨ ਮੋਬਾਈਲ ਫੋਨਾਂ ਦੇ ਮਾਮਲੇ ਵਿੱਚ ਮੌਜੂਦਾ 15-20% ਤੋਂ 35-40% ਤੱਕ ਅਤੇ ਇਲੈਕਟ੍ਰੌਨਿਕ ਪੁਰਜ਼ਿਆਂ ਲਈ 45-50% ਤੱਕ ਵਧਣ ਦੀ ਉਮੀਦ ਹੈ।

ਭਾਰਤ ਵਿੱਚ ਇਲੈਕਟ੍ਰੌਨਿਕਸ  ਦੀ ਮੰਗ ਸਾਲ 2025 ਤੱਕ ਕਈ ਗੁਣਾ ਵਧਣ ਦੀ ਉਮੀਦ ਹੈ, ਮਾਣਯੋਗ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਪੀਐੱਲਆਈ ਯੋਜਨਾ ਅਤੇ ਹੋਰ ਪਹਿਲਾਂ ਭਾਰਤ ਨੂੰ ਇਲੈਕਟ੍ਰੌਨਿਕਸ ਨਿਰਮਾਣ ਲਈ ਇੱਕ ਮੁਕਾਬਲੇ ਵਾਲੀ ਮੰਜ਼ਿਲ ਬਣਾਉਣ ਵਿੱਚ ਮਦਦ ਕਰਨਗੀਆਂ ਅਤੇ ਆਤਮਨਿਰਭਰ ਭਾਰਤ ਨੂੰ ਪ੍ਰੋਤਸਾਹਨ ਦੇਣਗੀਆਂ। ਇਸ ਯੋਜਨਾ ਦੇ ਤਹਿਤ, ਇਲੈਕਟ੍ਰੌਨਿਕਸ ਨਿਰਮਾਣ ਵਿੱਚ ਘਰੇਲੂ ਚੈਂਪੀਅਨ ਕੰਪਨੀਆਂ ਦਾ ਨਿਰਮਾਣ ਹੋਣ ਨਾਲ ਆਲਮੀ ਪੱਧਰ ਦਾ ਟੀਚਾ ਰੱਖਦੇ ਹੋਏ ਦੇਸ਼ ਵਿੱਚ ਬਣੀਆਂ ਵਸਤਾਂ ਦੇ ਇਸਤੇਮਾਲ ਨੂੰ ਪ੍ਰੋਤਸਾਹਨ ਮਿਲੇਗਾ।

 

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਤੇ  "ਡਿਜੀਟਲ ਇੰਡੀਆ" ਅਤੇ "ਮੇਕ ਇਨ ਇੰਡੀਆ" ਪ੍ਰੋਗਰਾਮਾਂ ਜਿਹੀਆਂ ਦੂਰਦਰਸ਼ੀ ਪਹਿਲਾਂ ਸਦਕਾ ਭਾਰਤ ਵਿੱਚ ਪਿਛਲੇ ਪੰਜ ਵਰ੍ਹਿਆਂ ਵਿੱਚ ਇਲੈਕਟ੍ਰੌਨਿਕਸ ਨਿਰਮਾਣ ਦੇ ਖੇਤਰ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਇਲੈਕਟ੍ਰੌਨਿਕਸ ਸਿਸਟਮ ਤੇ ਨੈਸ਼ਨਲ ਪਾਲਿਸੀ 2019 ਵਿੱਚ ਅਕਾਰ ਅਤੇ ਪੈਮਾਨੇ 'ਤੇ ਧਿਆਨ ਕੇਂਦ੍ਰਿਤ ਕਰਕੇ, ਨਿਰਯਾਤ ਨੂੰ ਹੁਲਾਰਾ ਦੇ ਕੇ ਅਤੇ ਆਲਮੀ ਪੱਧਰ 'ਤੇ ਮੁਕਾਬਲਾ ਕਰਨ ਲਈ ਉਦਯੋਗ ਦੇ ਲਈ ਸਮਰਥਨਕਾਰੀ ਪਰਿਵੇਸ਼ ਬਣਾ ਕੇ ਘਰੇਲੂ ਵੈਲਿਊ ਐਡੀਸ਼ਨ ਕਰਕੇ ਭਾਰਤ ਨੂੰ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ (ਈਐੱਸਡੀਐੱਮ) ਦੇ ਲਈ ਗਲੋਬਲ ਹੱਬ ਬਣਾਉਣ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ।

 

****

 

ਆਰਸੀਜੇ/ਐੱਮ



(Release ID: 1642963) Visitor Counter : 191