ਆਯੂਸ਼
ਅਖਿਲ ਭਾਰਤੀ ਆਯੁਰਵੇਦ ਸੰਸਥਾਨ (ਏਆਈਆਈਏ) ਨੇ ਕੋਵਿਡ-19 ਮਰੀਜ਼ਾਂ ਦੀ ਮੁਫ਼ਤ ਟੈਸਟਿੰਗ ਅਤੇ ਇਲਾਜ ਸ਼ੁਰੂ ਕੀਤਾ
प्रविष्टि तिथि:
30 JUL 2020 12:03PM by PIB Chandigarh
ਕੇਂਦਰੀ ਆਯੁਸ਼ ਮੰਤਰੀ, ਸ਼੍ਰੀ ਸ਼੍ਰੀਪਦ ਯੈਸੋ ਨਾਇਕ ਦੇ ਐਲਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਖਿਲ ਭਾਰਤੀ ਆਯੁਰਵੇਦ ਸੰਸਥਾਨ (ਏਆਈਆਈਏ), ਨਵੀਂ ਦਿੱਲੀ ਨੇ ਹਾਲ ਹੀ ਵਿੱਚ ਆਪਣੇ ਕੋਵਿਡ-19 ਹੈਲਥ ਸੈਂਟਰ (ਸੀਐੱਚਸੀ) ਵਿੱਚ ਮਰੀਜ਼ਾਂ ਨੂੰ ਮੁਫ਼ਤ ਜਾਂ ਫ੍ਰੀ ਟੈਸਟਿੰਗ ਅਤੇ ਇਲਾਜ ਸੁਵਿਧਾ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ਼੍ਰੀ ਨਾਇਕ ਨੇ 28 ਜੁਲਾਈ 2020 ਨੂੰ ਸੀਐੱਚਸੀ ਦਾ ਦੌਰਾ ਕੀਤਾ, ਤਾਕਿ ਕੋਵਿਡ-19 ਰੋਗੀਆਂ ਦੇ ਇਲਾਜ ਲਈ ਇਸ ਕੇਂਦਰ ਵਿੱਚ ਕੀਤੀ ਗਈ ਵਿਵਸਥਾ ਦਾ ਜਾਇਜ਼ਾ ਲਿਆ ਜਾ ਸਕੇ। ਇਸ ਦੌਰਾਨ ਮੰਤਰੀ ਨੇ ਐਲਾਨ ਕੀਤਾ ਕਿ ਸੀਐੱਚਸੀ ਸਾਰੇ ਰੋਗੀਆਂ ਨੂੰ ਫ੍ਰੀ ਟੈਸਟਿੰਗ ਅਤੇ ਇਲਾਜ ਸੁਵਿਧਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਨੇ ਸੀਐੱਚਸੀ ਦੀ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਦਾ ਵੀ ਉਦਘਾਟਨ ਕੀਤਾ ਜੋ ਵੈਂਟੀਲੇਟਰ ਸੁਵਿਧਾ ਅਤੇ ਆਈਸੀਯੂ ਦੀਆਂ ਹੋਰ ਸਾਰੀਆਂ ਮਿਆਰੀ ਵਿਵਸਥਾਵਾਂ ਨਾਲ ਲੈਸ ਹੈ।
ਇਹੀ ਨਹੀਂ, ਏਆਈਆਈਏ ਨੂੰ ਵੀ ਦਿੱਲੀ ਸਰਕਾਰ ਦੁਆਰਾ ਕੋਵਿਡ-19 ਟੈਸਟਿੰਗ ਕੇਂਦਰ (ਆਰਟੀ - ਪੀਸੀਆਰ ਅਤੇ ਰੈਪਿਡ ਐਂਟੀਜੈੱਨ ਟੈਸਟਿੰਗ) ਦੇ ਰੂਪ ਵਿੱਚ ਨਿਰਧਾਰਿਤ ਕੀਤਾ ਗਿਆ ਹੈ। ਇਸ ਦੇ ਇਲਾਵਾ, ਆਮ ਜਨਤਾ ਦੁਆਰਾ ਟੈਲੀਫੋਨ ਦੇ ਜ਼ਰੀਏ ਪੁੱਛੇ ਜਾਣ ਵਾਲੇ ਕੋਵਿਡ-19 ਨਾਲ ਸਬੰਧਿਤ ਸਵਾਲਾਂ ਦਾ ਸਟੀਕ ਉੱਤਰ ਦੇਣ ਲਈ ਏਆਈਆਈਏ ਵਿੱਚ ਇੱਕ ‘ਕੋਵਿਡ ਕਾਲ ਸੈਂਟਰ’ ਸਥਾਪਿਤ ਕੀਤਾ ਗਿਆ ਹੈ।
ਆਯੁਸ਼ ਮੰਤਰਾਲੇ ਦੀ ਸਰਪ੍ਰਸਤੀ ਤਹਿਤ ਨਿਵਾਰਕ ਅਤੇ ਉਪਚਾਰਾਤਮਕ ਸਿਹਤ ਸੇਵਾ ਅਤੇ ਅਸ਼ਵਗੰਧਾ, ਨਿੰਮ, ਕਾਲਮੇਘ, ਗਿਲੋਏ ਜਿਹੇ ਖੋਜ ਖੇਤਰਾਂ ਵਿੱਚ ਇਸ ਸੰਸਥਾਨ ਦੀ ਅਤਿਅੰਤ ਅਹਿਮ ਭੂਮਿਕਾ ਹੈ।
ਮੰਤਰੀ ਨੇ ਆਯੁਸ਼ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਦਿੱਲੀ ਪੁਲਿਸ ਦੇ 80,000 ਕਰਮੀਆਂ ਲਈ ਸ਼ੁਰੂ ਕੀਤੇ ਗਏ ਰੋਗਨਿਰੋਧੀ ਪ੍ਰੋਗਰਾਮ ‘ਆਯੁਰਰਕਸ਼ਾ’ (‘AYURAKSHA’) ਦੀ ਵੀ ਸ਼ਲਾਘਾ ਕੀਤੀ। ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਫਰੰਟਲਾਈਨ ਜੋਧੇ ਹੋਣ ਦੇ ਨਾਤੇ ਦਿੱਲੀ ਪੁਲਿਸ ਨੂੰ ‘ਆਯੁਰਰਕਸ਼ਾ’ ਕਿੱਟ ਦਿੱਤੀ ਜਾ ਰਹੀ ਹੈ, ਤਾਕਿ ਇਸ ਮਹਾਮਾਰੀ ਦੇ ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਬਿਹਤਰ ਕੀਤੇ ਜਾ ਸਕਣ। ਆਯੁਰਰਕਸ਼ਾ ਕਿੱਟ ਵਿੱਚ ਸੰਸ਼ਮਨੀ ਵਟੀ (ਗਿਲੋਏ ਤੋਂ ਤਿਆਰ), ਆਯੁਸ਼ ਕਾੜ੍ਹਾ ਅਤੇ ਨੱਕ ਵਿੱਚ ਲਗਾਉਣ ਲਈ ਅਣੂ ਤੇਲ ਸ਼ਾਮਲ ਹੈ। ਹੁਣ ਤੱਕ 1,58,454 ‘ਆਯੁਰਰਕਸ਼ਾ’ ਕਿੱਟਾਂ ਦੋ ਫੇਜ਼ਾਂ ਵਿੱਚ ਵੰਡੀਆਂ ਗਈਆਂ ਹਨ, ਜਦਕਿ ਸਮੁੱਚਾ ਅਨੁਪਾਲਨ 90% ਤੋਂ ਵੀ ਅਧਿਕ ਰਿਹਾ ਹੈ।
ਭਾਰਤੀ ਜਨਤਕ ਸਿਹਤ ਫਾਊਂਡੇਸ਼ਨ (ਪੀਐੱਚਐੱਫਆਈ) ਦੀ ਮਦਦ ਨਾਲ ਦਿੱਲੀ ਪੁਲਿਸ ਕਰਮੀਆਂ ਦੇ ਫੀਡਬੈਕ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਕਰਮੀਆਂ ਦੀ ਤਰਫੋਂ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ ਜਿਸ ਵਿੱਚ ਚਿੰਤਾ ਘਟਣਾ, ਆਮ ਤੌਰ ‘ਤੇ ਚੰਗਾ ਮਹਿਸੂਸ ਹੋਣਾ ਅਤੇ ਹਲਕੇ ਲੱਛਣਾਂ ਜਿਵੇਂ ਕਿ ਸਰਦੀ ਅਤੇ ਖਾਂਸੀ ਵਿੱਚ ਕਮੀ ਹੋਣਾ ਸ਼ਾਮਲ ਹਨ। ਇਹ ਵੀ ਦੇਖਿਆ ਗਿਆ ਹੈ ਕਿ ਦਿੱਲੀ ਵਿੱਚ ਆਮ ਆਬਾਦੀ ਦੇ ਰੁਝਾਨਾਂ ਦੀ ਤੁਲਨਾ ਵਿੱਚ ਕੋਵਿਡ-19 ਨਾਲ ਜੁੜੀ ਪ੍ਰਵਿਰਤੀ ਵਿੱਚ ਗਿਰਾਵਟ ਆਈ ਹੈ।
ਏਆਈਆਈਏ ਦੇ ਮੁਆਇਨੇ ਦੇ ਦੌਰਾਨ ਮੰਤਰੀ ਨੇ ਡਾਕਟਰਾਂ ਦੀ ਟੀਮ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਕੇਂਦਰ ਵਿੱਚ ਭਰਤੀ ਰੋਗੀਆਂ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਕੋਵਿਡ-19 ਸਿਹਤ ਕੇਂਦਰ ਵਿੱਚ ਉਪਲੱਬਧ ਸੁਵਿਧਾਵਾਂ ਅਤੇ ਆਯੁਰਵੇਦਿਕ ਦਵਾਈਆਂ ਨਾਲ ਕੀਤੇ ਜਾ ਰਹੇ ਇਲਾਜ ਦੇ ਨਤੀਜਿਆਂ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਮੰਗੀ।
ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਏਆਈਆਈਏ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਆਯੁਰਵੇਦ ਦੇ ਸਿਧਾਂਤਾਂ ਦੇ ਅਧਾਰ ’ਤੇ ਕੋਵਿਡ ਦੇ ਪਾਜ਼ਿਟਿਵ ਰੋਗੀਆਂ ਦੀ ਦੇਖਭਾਲ਼ ਕਰਨ ਵਿੱਚ ਏਆਈਆਈਏ ਦੀ ਪੂਰੀ ਟੀਮ ਦਾ ਉਤਸ਼ਾਹ, ਭਾਵਨਾ, ਸਾਹਸ ਅਤੇ ਪ੍ਰਯਤਨ ਸ਼ਲਾਘਾਯੋਗ ਹੈ। ਏਆਈਆਈਏ ਪੂਰੇ ਭਾਰਤ ਵਿੱਚ ਕੋਵਿਡ-19 ਮਰੀਜ਼ਾਂ ਨੂੰ ਵਿਅਕਤੀਗਤ ਆਯੁਰਵੇਦ ਚਿਕਿਤਸਾ, ਆਹਾਰ, ਯੋਗ ਅਤੇ ਅਰਾਮ ਕਰਨ ਦੀਆਂ ਤਕਨੀਕਾਂ ਜ਼ਰੀਏ ਸਮੁੱਚੀ ਦੇਖਭਾਲ਼ ਜਾਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਿਸਾਲੀ ਭੂਮਿਕਾ ਨਿਭਾ ਰਿਹਾ ਹੈ।
*****
ਐੱਮਵੀ/ਐੱਸਕੇ
(रिलीज़ आईडी: 1642490)
आगंतुक पटल : 254