ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਸਾਂਝੇ ਤੌਰ ’ਤੇ ਮੌਰੀਸ਼ਸ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ

Posted On: 28 JUL 2020 7:15PM by PIB Chandigarh

 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ੍ਰੀ ਪ੍ਰਵਿੰਦ ਜਗਨਨਾਥ ਦੋਵੇਂ ਸਾਂਝੇ ਤੌਰ ’ਤੇ ਮੌਰੀਸ਼ਸ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਵੀਡੀਓ ਕਾਨਫ਼ਰੰਸ ਜ਼ਰੀਏ ਹੋਣ ਵਾਲੇ ਇਸ ਉਦਘਾਟਨ ਦੌਰਾਨ ਮੌਰੀਸ਼ਸ ਦੀ ਨਿਆਇਕ ਵਿਵਸਥਾ ਦੇ ਸੀਨੀਅਰ ਮੈਂਬਰ ਤੇ ਦੋਵੇਂ ਦੇਸ਼ਾਂ ਦੇ ਹੋਰ ਪਤਵੰਤੇ ਨਾਗਰਿਕ ਮੌਜੂਦ ਰਹਿਣਗੇ। ਇਸ ਇਮਾਰਤ ਦੀ ਉਸਾਰੀ ਭਾਰਤੀ ਅਨੁਦਾਨ ਸਹਾਇਤਾ ਨਾਲ ਕੀਤੀ ਗਈ ਹੈ ਅਤੇ ਇਹ ਮੌਰੀਸ਼ਸ ਦੀ ਰਾਜਧਾਨੀ ਪੋਰਟ ਲੁਇਸ ਵਿੱਚ ਭਾਰਤ ਦੀ ਸਹਾਇਤਾ ਨਾਲ ਬਣਿਆ ਪਹਿਲਾ ਬੁਨਿਆਦੀ ਢਾਂਚਾ ਪ੍ਰੋਜੈਕਟ ਹੋਵੇਗਾ।

ਭਾਰਤ ਸਰਕਾਰ ਨੇ ਪੰਜ ਪ੍ਰੋਜੈਕਟਾਂ ਲਈ ਸਾਲ 2016 ’ਚ ਮੌਰੀਸ਼ਸ ਨੂੰ 353 ਮਿਲੀਅਨ ਅਮਰੀਕੀ ਡਾਲਰ ਦਾ ‘ਵਿਸ਼ੇਸ਼ ਆਰਥਿਕ ਪੈਕੇਜ’ ਦਿੱਤਾ ਸੀ, ਜਿਸ ਅਧੀਨ ਬਣ ਰਹੀ ਨਵੀਂ ਸੁਪਰੀਮ ਕੋਰਟ ਪਹਿਲਾ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਤੈਅ ਸਮਾਂ–ਸੀਮਾ ਦੇ ਅੰਦਰ ਅਤੇ ਅਨੁਮਾਨ ਤੋਂ ਘੱਟ ਲਾਗਤ ਉੱਤੇ ਮੁਕੰਮਲ ਕੀਤੀ ਗਈ ਹੈ। ਇਹ 10–ਮੰਜ਼ਿਲਾ ਇਮਾਰਤ ਲਗਭਗ 4,700 ਵਰਗ ਮੀਟਰ ਰਕਬੇ ’ਚ ਫੈਲੀ ਹੋਈ ਹੈ ਅਤੇ ਇਸ ਦਾ ਬਿਲਟ–ਅੱਪ ਰਕਬਾ 25,000 ਵਰਗ ਮੀਟਰ ਹੈ। ਆਧੁਨਿਕ ਡਿਜ਼ਾਇਨ ਅਤੇ ਹਰਿਆਲੀ ਨਾਲ ਭਰਪੂਰ ਵਿਸ਼ੇਸ਼ਤਾਵਾਂ ਵਾਲੀ ਇਸ ਇਮਾਰਤ ’ਚ ਗਰਮੀ ਤੇ ਆਵਾਜ਼ ਨੂੰ ਰੋਕਣ ਤੇ ਉੱਚ ਦਰਜੇ ਦੀ ਕਾਰਜਕੁਸ਼ਲਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਨਵੀਂ ਇਮਾਰਤ ਵਿੱਚ ਮੌਰੀਸ਼ਸ ਦੀ ਸੁਪਰੀਮ ਕੋਰਟ ਦੀਆਂ ਸਾਰੀਆਂ ਸ਼ਾਖਾਵਾਂ ਤੇ ਦਫ਼ਤਰ ਆ ਜਾਣਗੇ, ਜਿਸ ਨਾਲ ਉਸ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਸੰਯੁਕਤ ਤੌਰ ’ਤੇ ਅਕਤੂਬਰ, 2019 ’ਚ ਮੌਰੀਸ਼ਸ ਵਿੱਚ ਮੈਟਰੋ ਐਕਸਪ੍ਰੈੱਸ ਪ੍ਰੋਜੈਕਟ ਦੇ ਫ਼ੇਜ਼–1 ਅਤੇ ਨਵੇਂ ਈਐੱਨਟੀ ਹਸਪਤਾਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ। ਇਨ੍ਹਾਂ ਨੂੰ ਵੀ ਵਿਸ਼ੇਸ਼ ਆਰਥਿਕ ਪੈਕੇਜ ਅਧੀਨ ਬਣਾਇਆ ਗਿਆ ਹੈ। ਮੈਟਰੋ ਐਕਸਪ੍ਰੈੱਸ ਪ੍ਰੋਜੈਕਟ ਦੇ ਫ਼ੇਜ਼–1 ਅਧੀਨ ਬੀਤੇ ਵਰ੍ਹੇ ਸਤੰਬਰ ਵਿੱਚ ਮੈਟਰੋ ਲਾਈਨ ਦੇ 12 ਕਿਲੋਮੀਟਰ ਲੰਮੇ ਹਿੱਸੇ ਦਾ ਨਿਰਮਾਣ ਮੁਕੰਮਲ ਹੋ ਗਿਆ ਸੀ, ਜਦ ਕਿ ਫ਼ੇਜ਼–2 ਅਧੀਨ ਮੈਟਰੋ ਲਾਈਨ ਦੇ 14 ਕਿਲੋਮੀਟਰ ਲੰਮੇ ਹਿੱਸੇ ਦਾ ਨਿਰਮਾਣ ਕਾਰਜ ਜਾਰੀ ਹੈ। ਈਐੱਨਟੀ ਪ੍ਰੋਜੈਕਟ ਜ਼ਰੀਏ ਭਾਰਤ ਨੇ ਮੌਰੀਸ਼ਸ ਵਿੱਚ 100 ਬਿਸਤਰਿਆਂ ਵਾਲੇ ਅਤਿ–ਆਧੁਨਿਕ ਈਐੱਨਟੀ ਹਸਪਤਾਲ ਦੀ ਉਸਾਰੀ ਵਿੱਚ ਸਹਿਯੋਗ ਦਿੱਤਾ ਹੈ।

ਭਾਰਤ ਦੀ ਸਹਾਇਤਾ ਨਾਲ ਮੌਰੀਸ਼ਸ ’ਚ ਬਣ ਰਹੀ ਉੱਚ–ਮਿਆਰੀ ਬੁਨਿਆਦੀ ਢਾਂਚਾ ਪ੍ਰੋਜੈਕਟ ਦਾ ਸਫ਼ਲ ਤੇ ਸਮਾਂ–ਬੱਧ ਨਿਰਮਾਣ ਮੁਕੰਮਲ ਹੋਣ ਨਾਲ ਮੌਰੀਸ਼ਸ ਅਤੇ ਉਸ ਖੇਤਰ ਵਿੱਚ ਭਾਰਤੀ ਕੰਪਨੀਆਂ ਲਈ ਵਿਆਪਕ ਮੌਕੇ ਪੈਦਾ ਹੋਣਗੇ। ਸੁਪਰੀਮ ਕੋਰਟ ਦੀ ਨਵੀਂ ਇਮਾਰਤ ਸ਼ਹਿਰ ਦੇ ਵਿਚਕਾਰ ਇੱਕ ਅਹਿਮ ਥਾਂ ਹੋਵੇਗੀ ਤੇ ਦੋਵੇਂ ਦੇਸ਼ਾਂ ਵਿਚਾਲੇ ਮਜ਼ਬੂਤ ਦੁਵੱਲੀ ਭਾਈਵਾਲੀ ਦੀ ਪ੍ਰਤੀਕ ਹੋਵੇਗੀ।

***

ਵੀਆਰਆਰਕੇ/ਐੱਸਐੱਚ 



(Release ID: 1641958) Visitor Counter : 151