ਪ੍ਰਧਾਨ ਮੰਤਰੀ ਦਫਤਰ
'ਮਨ ਕੀ ਬਾਤ 2.0' ਦੀ 14ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.07.2020)
Posted On:
26 JUL 2020 11:39AM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ 26 ਜੁਲਾਈ ਹੈ ਅਤੇ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ‘ਕਾਰਗਿਲ ਵਿਜੈ ਦਿਵਸ’ ਹੈ। 21 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਾਰਗਿਲ ਦੇ ਯੁੱਧ ਵਿੱਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ। ਸਾਥੀਓ, ਕਾਰਗਿਲ ਦਾ ਯੁੱਧ ਜਿਨ੍ਹਾਂ ਪ੍ਰਸਥਿਤੀਆਂ ਵਿੱਚ ਹੋਇਆ ਸੀ, ਉਹ ਭਾਰਤ ਕਦੇ ਨਹੀਂ ਭੁੱਲ ਸਕਦਾ। ਪਾਕਿਸਤਾਨ ਨੇ ਵੱਡੇ-ਵੱਡੇ ਮਨਸੂਬੇ ਪਾਲ ਕੇ ਭਾਰਤ ਦੀ ਧਰਤੀ ਹਥਿਆਉਣ ਅਤੇ ਆਪਣੇ ਉੱਥੇ ਚਲ ਰਹੇ ਅੰਦਰੂਨੀ ਕਲੇਸ਼ ਤੋਂ ਧਿਆਨ ਭਟਕਾਉਣ ਨੂੰ ਲੈ ਕੇ ਗੁਸਤਾਖ਼ੀ ਕੀਤੀ ਸੀ। ਭਾਰਤ ਉਦੋਂ ਪਾਕਿਸਤਾਨ ਨਾਲ ਚੰਗੇ ਸਬੰਧਾਂ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਕਿਹਾ ਜਾਂਦਾ ਹੈ ਨਾ
‘‘ਬਯਰੂ ਅਕਾਰਣ ਸਬ ਕਾਹੂ ਸੋਂ। ਜੋ ਕਰ ਹਿਤ ਅਨਹਿਤ ਤਾਹੂ ਸੋਂ॥’’
[ “बयरू अकारण सब काहू सों | जो कर हित अनहित ताहू सों || ]
ਯਾਨੀ ਦੁਸ਼ਟ ਦਾ ਸੁਭਾਅ ਹੀ ਹੁੰਦਾ ਹੈ ਹਰ ਕਿਸੇ ਨਾਲ ਬਿਨਾ ਵਜ੍ਹਾ ਦੁਸ਼ਮਣੀ ਕਰਨਾ। ਅਜਿਹੇ ਸੁਭਾਅ ਦੇ ਲੋਕ, ਜੋ ਹਿੱਤ ਕਰਦਾ ਹੈ, ਉਸ ਦਾ ਵੀ ਨੁਕਸਾਨ ਹੀ ਸੋਚਦੇ ਹਨ। ਇਸ ਲਈ ਭਾਰਤ ਦੀ ਦੋਸਤੀ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਪਿੱਠ ਵਿੱਚ ਛੁਰਾ ਮਾਰਨ ਦੀ ਕੋਸ਼ਿਸ਼ ਹੋਈ ਸੀ, ਲੇਕਿਨ ਉਸ ਤੋਂ ਬਾਅਦ ਭਾਰਤ ਦੀ ਵੀਰ ਫੌਜ ਨੇ ਜੋ ਬਹਾਦਰੀ ਵਿਖਾਈ, ਭਾਰਤ ਨੇ ਆਪਣੀ ਜੋ ਤਾਕਤ ਵਿਖਾਈ, ਉਸ ਨੂੰ ਪੂਰੀ ਦੁਨੀਆ ਨੇ ਵੇਖਿਆ। ਤੁਸੀਂ ਕਲਪਨਾ ਕਰ ਸਕਦੇ ਹੋ - ਉੱਚੇ ਪਹਾੜਾਂ ’ਤੇ ਬੈਠਾ ਹੋਇਆ ਦੁਸ਼ਮਣ ਅਤੇ ਹੇਠਾਂ ਤੋਂ ਲੜ ਰਹੀਆਂ ਸਾਡੀਆਂ ਫੌਜਾਂ, ਸਾਡੇ ਵੀਰ ਜਵਾਨ, ਲੇਕਿਨ ਜਿੱਤ ਪਹਾੜ ਦੀ ਉਚਾਈ ਦੀ ਨਹੀਂ - ਭਾਰਤ ਦੀਆਂ ਫੌਜਾਂ ਦੇ ਉੱਚੇ ਹੌਂਸਲੇ ਤੇ ਸੱਚੀ ਵੀਰਤਾ ਦੀ ਹੋਈ। ਸਾਥੀਓ, ਇਸ ਵੇਲੇ ਮੈਨੂੰ ਵੀ ਕਾਰਗਿਲ ਜਾਣ ਅਤੇ ਸਾਡੇ ਜਵਾਨਾਂ ਦੀ ਵੀਰਤਾ ਦੇ ਦਰਸ਼ਨ ਦਾ ਸੁਭਾਗ ਮਿਲਿਆ, ਉਹ ਦਿਨ ਮੇਰੇ ਜੀਵਨ ਦੇ ਸਭ ਤੋਂ ਅਨਮੋਲ ਪਲਾਂ ਵਿੱਚੋਂ ਇਕ ਹੈ। ਮੈਂ ਵੇਖ ਰਿਹਾ ਹਾਂ ਕਿ ਅੱਜ ਸਾਰੇ ਦੇਸ਼ ਵਿੱਚ ਲੋਕ ‘ਕਾਰਗਿਲ ਵਿਜੈ’ ਨੂੰ ਯਾਦ ਕਰ ਰਹੇ ਹਨ। Social Media ’ਤੇ ਇੱਕ hashtag #courageinkargil ਦੇ ਨਾਲ ਲੋਕ ਆਪਣੇ ਜਵਾਨਾਂ ਨੂੰ ਨਮਨ ਕਰ ਰਹੇ ਹਨ ਜੋ ਸ਼ਹੀਦ ਹੋਏ ਹਨ, ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਮੈਂ ਅੱਜ ਸਾਰੇ ਦੇਸ਼ ਵਾਸੀਆਂ ਵੱਲੋਂ ਸਾਡੇ ਇਨ੍ਹਾਂ ਬਹਾਦਰ ਜਵਾਨਾਂ ਦੇ ਨਾਲ-ਨਾਲ ਉਨ੍ਹਾਂ ਵੀਰ ਮਾਤਾਵਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਮਾਂ-ਭਾਰਤੀ ਦੇ ਸੱਚੇ ਸਪੂਤਾਂ ਨੂੰ ਜਨਮ ਦਿੱਤਾ। ਮੇਰਾ ਦੇਸ਼ ਦੇ ਨੌਜਵਾਨਾਂ ਨੂੰ ਅਨੁਰੋਧ ਹੈ ਕਿ ਅੱਜ ਦਿਨ ਭਰ ਕਾਰਗਿਲ ਵਿਜੈ ਨਾਲ ਜੁੜੇ ਸਾਡੇ ਜਾਂਬਾਜ਼ਾਂ ਦੀਆਂ ਕਹਾਣੀਆਂ ਵੀਰ ਮਾਤਾਵਾਂ ਦੇ ਤਿਆਗ ਦੇ ਬਾਰੇ ਵਿੱਚ ਇਕ-ਦੂਜੇ ਨੂੰ ਦੱਸੋ, ਸ਼ੇਅਰ ਕਰੋ। ਮੈਂ, ਸਾਥੀਓ ਤੁਹਾਨੂੰ ਇੱਕ ਅਨੁਰੋਧ ਕਰਦਾ ਹਾਂ - ਅੱਜ! ਇੱਕ Website ਹੈ www.gallantryawards.gov.in ਤੁਸੀਂ ਇਸ ਨੂੰ ਜ਼ਰੂਰ Visit ਕਰੋ। ਉੱਥੇ ਤੁਹਾਨੂੰ ਸਾਡੇ ਵੀਰ ਬਹਾਦਰ ਯੋਧਿਆਂ ਦੇ ਬਾਰੇ, ਉਨ੍ਹਾਂ ਦੀ ਬਹਾਦਰੀ ਦੇ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਾਪਤ ਹੋਣਗੀਆਂ ਅਤੇ ਉਹ ਜਾਣਕਾਰੀਆਂ ਜਦੋਂ ਤੁਸੀਂ ਆਪਣੇ ਸਾਥੀਆਂ ਦੇ ਨਾਲ ਚਰਚਾ ਕਰੋਗੇ - ਉਨ੍ਹਾਂ ਦੇ ਲਈ ਵੀ ਪ੍ਰੇਰਣਾ ਦਾ ਕਾਰਣ ਬਣਨਗੀਆਂ। ਤੁਸੀਂ ਜ਼ਰੂਰ ਇਸ ਨੂੰ ਕਰੋ ਅਤੇ ਮੈਂ ਤੇ ਕਹਾਂਗਾ, ਵਾਰ-ਵਾਰ ਕਰੋ।
ਸਾਥੀਓ, ਕਾਰਗਿਲ ਯੁੱਧ ਸਮੇਂ ਅਟਲ ਜੀ ਨੇ ਲਾਲ ਕਿਲ੍ਹੇ ਤੋਂ ਜੋ ਕਿਹਾ ਸੀ, ਉਹ ਅੱਜ ਵੀ ਸਾਡੇ ਸਾਰਿਆਂ ਦੇ ਲਈ ਬਹੁਤ ਪ੍ਰਸੰਗਕ ਹੈ। ਅਟਲ ਜੀ ਨੇ ਉਦੋਂ ਦੇਸ਼ ਨੂੰ ਗਾਂਧੀ ਜੀ ਦੇ ਇਕ ਮੰਤਰ ਦੀ ਯਾਦ ਦਿਵਾਈ ਸੀ। ਮਹਾਤਮਾ ਗਾਂਧੀ ਦਾ ਮੰਤਰ ਸੀ ਕਿ ਜੇਕਰ ਕਿਸੇ ਨੂੰ ਕੋਈ ਦੁਵਿਧਾ ਹੋਵੇ, ਕਿ ਉਹ ਕੀ ਕਰੇ ਤੇ ਕੀ ਨਾ ਕਰੇ ਤਾਂ ਉਸ ਨੂੰ ਭਾਰਤ ਦੇ ਸਭ ਤੋਂ ਗ਼ਰੀਬ ਅਤੇ ਬੇਸਹਾਰਾ ਵਿਅਕਤੀ ਦੇ ਬਾਰੇ ਸੋਚਣਾ ਚਾਹੀਦਾ ਹੈ। ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਜੋ ਕਰਨ ਜਾ ਰਿਹਾ ਹੈ, ਉਸ ਨਾਲ ਉਸ ਵਿਅਕਤੀ ਦੀ ਭਲਾਈ ਹੋਵੇਗੀ ਜਾਂ ਨਹੀਂ ਹੋਵੇਗੀ। ਗਾਂਧੀ ਜੀ ਦੇ ਇਸ ਵਿਚਾਰ ਤੋਂ ਅੱਗੇ ਵਧ ਕੇ ਅਟਲ ਜੀ ਨੇ ਕਿਹਾ ਸੀ ਕਿ ਕਾਰਗਿਲ ਯੁੱਧ ਨੇ ਸਾਨੂੰ ਇਕ ਦੂਸਰਾ ਮੰਤਰ ਦਿੱਤਾ ਹੈ - ਇਹ ਮੰਤਰ ਸੀ ਕਿ ਕੋਈ ਮਹੱਤਵਪੂਰਣ ਫੈਸਲਾ ਕਰਨ ਤੋਂ ਪਹਿਲਾਂ ਅਸੀਂ ਇਹ ਸੋਚੀਏ ਕਿ ਕੀ ਸਾਡਾ ਇਹ ਕਦਮ ਉਸ ਸੈਨਿਕ ਦੇ ਸਨਮਾਨ ਦੇ ਅਨੁਰੂਪ ਹੈ, ਜਿਸ ਨੇ ਉਨ੍ਹਾਂ ਦੁਰਗਮ ਪਹਾੜੀਆਂ ਵਿੱਚ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ ਸੀ। ਆਓ, ਅਟਲ ਜੀ ਦੀ ਆਵਾਜ਼ ਵਿੱਚ ਹੀ ਉਨ੍ਹਾਂ ਦੀ ਇਸ ਭਾਵਨਾ ਨੂੰ ਅਸੀਂ ਸੁਣੀਏ, ਸਮਝੀਏ ਅਤੇ ਸਮੇਂ ਦੀ ਮੰਗ ਹੈ ਕਿ ਅਸੀਂ ਉਸ ਨੂੰ ਸਵੀਕਾਰ ਕਰੀਏ।
Sound bite of Sh. Atal Ji ###
‘‘ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਗਾਂਧੀ ਜੀ ਨੇ ਸਾਨੂੰ ਇੱਕ ਮੰਤਰ ਦਿੱਤਾ ਸੀ, ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੋਈ ਦੁਵਿਧਾ ਹੋਵੇ ਕਿ ਤੁਸੀਂ ਕੀ ਕਰਨਾ ਹੈ ਤਾਂ ਤੁਸੀਂ ਭਾਰਤ ਦੇ ਉਸ ਸਭ ਤੋਂ ਬੇਸਹਾਰਾ ਵਿਅਕਤੀ ਦੇ ਬਾਰੇ ਸੋਚੋ ਅਤੇ ਆਪਣੇ ਆਪ ਨੂੰ ਪੁੱਛੋ ਕਿ ਕੀ ਤੁਸੀਂ ਜੋ ਕਰਨ ਜਾ ਰਹੇ ਹੋ, ਉਸ ਨਾਲ ਉਸ ਵਿਅਕਤੀ ਦੀ ਭਲਾਈ ਹੋਵੇਗੀ। ਕਾਰਗਿਲ ਨੇ ਸਾਨੂੰ ਦੂਸਰਾ ਮੰਤਰ ਦਿੱਤਾ ਹੈ - ਕੋਈ ਮਹੱਤਵਪੂਰਣ ਫੈਸਲਾ ਕਰਨ ਤੋਂ ਪਹਿਲਾਂ ਅਸੀਂ ਇਹ ਸੋਚੀਏ ਕਿ ਕੀ ਸਾਡਾ ਇਹ ਕਦਮ ਉਸ ਸੈਨਿਕ ਦੇ ਸਨਮਾਨ ਦੇ ਅਨੁਰੂਪ ਹੈ, ਜਿਸ ਨੇ ਉਨ੍ਹਾਂ ਦੁਰਗਮ ਪਹਾੜੀਆਂ ਵਿੱਚ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ ਸੀ।’’
ਸਾਥੀਓ, ਯੁੱਧ ਦੀ ਹਾਲਤ ਵਿੱਚ ਅਸੀਂ ਜੋ ਗੱਲ ਕਹਿੰਦੇ ਹਾਂ, ਕਰਦੇ ਹਾਂ, ਉਸ ਦਾ ਸਰਹੱਦ ’ਤੇ ਡਟੇ ਸੈਨਿਕ ਦੇ ਮਨੋਬਲ ’ਤੇ, ਉਸ ਦੇ ਪਰਿਵਾਰ ਦੇ ਮਨੋਬਲ ’ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਅਤੇ ਇਸ ਲਈ ਸਾਡਾ ਆਚਾਰ, ਸਾਡਾ ਵਤੀਰਾ, ਸਾਡੀ ਵਾਣੀ, ਸਾਡੇ ਬਿਆਨ, ਸਾਡੀ ਮਰਿਯਾਦਾ, ਸਾਡੇ ਟੀਚੇ ਸਭ ਕੁਝ ਕਸੌਟੀ ਵਿੱਚ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ, ਕਹਿ ਰਹੇ ਹਾਂ, ਉਸ ਨਾਲ ਸੈਨਿਕਾਂ ਦਾ ਮਨੋਬਲ ਵਧੇ, ਉਨ੍ਹਾਂ ਦਾ ਸਨਮਾਨ ਵਧੇ। ‘ਰਾਸ਼ਟਰ ਸਭ ਤੋਂ ਉੱਪਰ’ ਦੇ ਮੰਤਰ ਨਾਲ ਏਕਤਾ ਦੇ ਸੂਤਰ ਵਿੱਚ ਬੰਨ੍ਹੇ ਦੇਸ਼ ਵਾਸੀ ਸਾਡੇ ਸੈਨਿਕਾਂ ਦੀ ਤਾਕਤ ਨੂੰ ਕਈ ਹਜ਼ਾਰ ਗੁਣਾਂ ਵਧਾ ਦਿੰਦੇ ਹਨ। ਸਾਡੇ ਇੱਥੇ ਤਾਂ ਕਿਹਾ ਗਿਆ ਹੈ, ‘ਸੰਘੇ ਸ਼ਕਤੀ ਕਲੌ ਯੁਗੇ।’’
ਕਦੇ-ਕਦੇ ਅਸੀਂ ਇਸ ਗੱਲ ਨੂੰ ਸਮਝੇ ਬਿਨਾ Social Media ’ਤੇ ਕਈ ਅਜਿਹੀਆਂ ਚੀਜ਼ਾਂ ਨੂੰ ਵਧਾਵਾ ਦੇ ਦਿੰਦੇ ਹਾਂ ਜੋ ਸਾਡੇ ਦੇਸ਼ ਦਾ ਬਹੁਤ ਨੁਕਸਾਨ ਕਰਦੀਆਂ ਹਨ। ਕਦੇ-ਕਦੇ ਜਿਗਿਆਸਾ ਕਾਰਣ Forward ਕਰਦੇ ਰਹਿੰਦੇ ਹਾਂ। ਪਤਾ ਹੈ, ਗਲਤ ਹੈ ਇਹ - ਕਰਦੇ ਰਹਿੰਦੇ ਹਾਂ। ਅੱਜ-ਕੱਲ੍ਹ ਯੁੱਧ ਸਿਰਫ ਸਰਹੱਦਾਂ ’ਤੇ ਹੀ ਨਹੀਂ ਲੜੇ ਜਾਂਦੇ, ਦੇਸ਼ ਵਿੱਚ ਵੀ ਕਈ ਮੋਰਚਿਆਂ ’ਤੇ ਇੱਕੋ ਵੇਲੇ ਲੜਿਆ ਜਾਂਦਾ ਹੈ ਅਤੇ ਹਰ ਦੇਸ਼ ਵਾਸੀ ਨੇ ਉਸ ਵਿੱਚ ਆਪਣੀ ਭੂਮਿਕਾ ਤੈਅ ਕਰਨੀ ਹੁੰਦੀ ਹੈ। ਸਾਨੂੰ ਵੀ ਆਪਣੀ ਭੂਮਿਕਾ ਦੇਸ਼ ਦੀ ਸਰਹੱਦ ’ਤੇ ਮੁਸ਼ਕਿਲ ਹਾਲਾਤ ਵਿੱਚ ਲੜ ਰਹੇ ਸੈਨਿਕਾਂ ਨੂੰ ਯਾਦ ਕਰਦੇ ਹੋਏ ਤੈਅ ਕਰਨੀ ਹੋਵੇਗੀ।
ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਕੁਝ ਮਹੀਨਿਆਂ ਤੋਂ ਪੂਰੇ ਦੇਸ਼ ਨੇ ਇਕਜੁੱਟ ਹੋ ਕੇ ਜਿਸ ਤਰ੍ਹਾਂ ਨਾਲ ਕੋਰੋਨਾ ਦਾ ਮੁਕਾਬਲਾ ਕੀਤਾ ਹੈ, ਉਸ ਨੇ ਅਨੇਕ ਸ਼ੰਕਿਆਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਅੱਜ ਸਾਡੇ ਦੇਸ਼ ਵਿੱਚ Recovery Rate ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ। ਨਾਲ ਹੀ ਸਾਡੇ ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨਾਲੋਂ ਕਾਫੀ ਘੱਟ ਹੈ। ਨਿਸ਼ਚਿਤ ਰੂਪ ਵਿੱਚ ਇਕ ਵੀ ਵਿਅਕਤੀ ਨੂੰ ਗਵਾਉਣਾ ਦੁੱਖਦਾਈ ਹੈ ਪਰ ਭਾਰਤ ਆਪਣੇ ਲੱਖਾਂ ਦੇਸ਼ ਵਾਸੀਆਂ ਦਾ ਜੀਵਨ ਬਚਾਉਣ ਵਿੱਚ ਸਫਲ ਵੀ ਰਿਹਾ ਹੈ ਪਰ ਸਾਥੀਓ, ਕੋਰੋਨਾ ਦਾ ਖਤਰਾ ਟਲਿਆ ਨਹੀਂ ਹੈ। ਕਈ ਸਥਾਨਾਂ ’ਤੇ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਸਾਨੂੰ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਸੀਂ ਇਹ ਧਿਆਨ ਰੱਖਣਾ ਹੈ ਕਿ ਕੋਰੋਨਾ ਹੁਣ ਵੀ ਓਨਾ ਹੀ ਘਾਤਕ ਹੈ, ਜਿੰਨਾ ਸ਼ੁਰੂ ਵਿੱਚ ਸੀ, ਇਸ ਲਈ ਅਸੀਂ ਪੂਰੀ ਸਾਵਧਾਨੀ ਵਰਤਣੀ ਹੈ। ਚਿਹਰੇ ’ਤੇ Mask ਲਗਾਉਣਾ ਜਾਂ ਗਮਛੇ (ਪਰਨੇ) ਦੀ ਵਰਤੋਂ ਕਰਨਾ, ਦੋ ਗਜ ਦੀ ਦੂਰੀ, ਲਗਾਤਾਰ ਹੱਥ ਧੋਣਾ, ਕਿਤੇ ਵੀ ਥੁੱਕਣਾ ਨਹੀਂ, ਸਾਫ-ਸਫਾਈ ਦਾ ਪੂਰਾ ਧਿਆਨ ਰੱਖਣਾ - ਇਹ ਸਾਡੇ ਹਥਿਆਰ ਹਨ ਜੋ ਸਾਨੂੰ ਕੋਰੋਨਾ ਤੋਂ ਬਚਾਅ ਸਕਦੇ ਹਨ। ਕਦੇ-ਕਦੇ ਸਾਨੂੰ ਮਾਸਕ ਨਾਲ ਤਕਲੀਫ ਹੁੰਦੀ ਹੈ ਅਤੇ ਮਨ ਕਰਦਾ ਹੈ ਕਿ ਚਿਹਰੇ ਤੋਂ ਮਾਸਕ ਹਟਾ ਦਈਏ, ਗੱਲਬਾਤ ਕਰਨਾ ਸ਼ੁਰੂ ਕਰਦੇ ਹਾਂ, ਜਦੋਂ ਮਾਸਕ ਦੀ ਜ਼ਰੂਰਤ ਹੁੰਦੀ ਹੈ ਜ਼ਿਆਦਾ, ਉਸੇ ਸਮੇਂ ਮਾਸਕ ਹਟਾ ਦਿੰਦੇ ਹਾਂ। ਅਜਿਹੇ ਸਮੇਂ ਮੈਂ ਤੁਹਾਨੂੰ ਅਨੁਰੋਧ ਕਰਾਂਗਾ, ਜਦੋਂ ਵੀ ਤੁਹਾਨੂੰ ਮਾਸਕ ਦੇ ਕਾਰਣ ਪ੍ਰੇਸ਼ਾਨੀ Feel ਹੁੰਦੀ ਹੋਵੇ, ਮਨ ਕਰਦਾ ਹੋਵੇ, ਉਤਾਰ ਦੇਣਾ ਹੈ ਤਾਂ ਪਲ ਭਰ ਦੇ ਲਈ ਉਨ੍ਹਾਂ Doctors ਨੂੰ ਯਾਦ ਕਰੋ, ਉਨ੍ਹਾਂ ਨਰਸਾਂ ਨੂੰ ਯਾਦ ਕਰੋ, ਉਨ੍ਹਾਂ ਕੋਰੋਨਾ ਵਾਰੀਅਰਸ ਨੂੰ ਯਾਦ ਕਰੋ, ਤੁਸੀਂ ਵੇਖੋਗੇ ਉਹ ਮਾਸਕ ਪਹਿਨ ਕੇ ਘੰਟਿਆਂ ਤੱਕ ਲਗਾਤਾਰ ਸਾਡੇ ਸਾਰਿਆਂ ਦੇ ਜੀਵਨ ਨੂੰ ਬਚਾਉਣ ਦੇ ਲਈ ਜੁਟੇ ਰਹਿੰਦੇ ਹਨ। ਅੱਠ-ਅੱਠ, ਦਸ-ਦਸ ਘੰਟੇ ਤੱਕ ਮਾਸਕ ਪਹਿਨ ਕੇ ਰੱਖਦੇ ਹਨ। ਕੀ ਉਨ੍ਹਾਂ ਨੂੰ ਤਕਲੀਫ ਨਹੀਂ ਹੁੰਦੀ ਹੋਵੇਗੀ! ਥੋੜ੍ਹਾ ਜਿਹਾ ਉਨ੍ਹਾਂ ਨੂੰ ਯਾਦ ਕਰੋ, ਤੁਹਾਨੂੰ ਵੀ ਲੱਗੇਗਾ ਕਿ ਸਾਨੂੰ ਇਕ ਨਾਗਰਿਕ ਦੇ ਨਾਤੇ ਇਸ ਵਿੱਚ ਜ਼ਰਾ ਵੀ ਕੁਤਾਹੀ ਨਹੀਂ ਵਰਤਣੀ ਹੈ ਅਤੇ ਨਾ ਹੀ ਕਿਸੇ ਨੂੰ ਵਰਤਣ ਦੇਣੀ ਹੈ। ਇਕ ਪਾਸੇ ਅਸੀਂ ਕੋਰੋਨਾ ਦੇ ਖਿਲਾਫ ਲੜਾਈ ਨੂੰ ਪੂਰੀ ਚੌਕਸੀ ਅਤੇ ਸਾਵਧਾਨੀ ਦੇ ਨਾਲ ਲੜਨਾ ਹੈ ਤਾਂ ਦੂਸਰੇ ਪਾਸੇ ਸਖ਼ਤ ਮਿਹਨਤ ਨਾਲ ਕਾਰੋਬਾਰ, ਨੌਕਰੀ, ਪੜ੍ਹਾਈ ਜੋ ਵੀ ਫ਼ਰਜ਼ ਅਸੀਂ ਨਿਭਾਉਦੇ ਹਾਂ, ਉਸ ਵਿੱਚ ਗਤੀ ਲਿਆਉਣੀ ਹੈ, ਉਸ ਨੂੰ ਵੀ ਨਵੀਂ ਉਚਾਈ ’ਤੇ ਲੈ ਕੇ ਜਾਣਾ ਹੈ।
ਸਾਥੀਓ, ਕੋਰੋਨਾ ਕਾਲ ਵਿੱਚ ਤਾਂ ਸਾਡੇ ਪੇਂਡੂ ਖੇਤਰਾਂ ਨੇ ਪੂਰੇ ਦੇਸ਼ ਨੂੰ ਦਿਸ਼ਾ ਵਿਖਾਈ ਹੈ। ਪਿੰਡਾਂ ਤੋਂ ਸਥਾਨਕ ਨਾਗਰਿਕਾਂ ਦੇ, ਗ੍ਰਾਮ ਪੰਚਾਇਤਾਂ ਦੇ ਅਨੇਕਾਂ ਚੰਗੇ ਯਤਨ ਲਗਾਤਾਰ ਸਾਹਮਣੇ ਆ ਰਹੇ ਹਨ। ਜੰਮੂ ਵਿੱਚ ਇਕ ਗ੍ਰਾਮ ਤ੍ਰੇਵਾ ਗ੍ਰਾਮ ਪੰਚਾਇਤ ਹੈ, ਉੱਥੇ ਦੀ ਸਰਪੰਚ ਹੈ ਬਲਬੀਰ ਕੌਰ ਜੀ। ਮੈਨੂੰ ਦੱਸਿਆ ਗਿਆ ਕਿ ਬਲਬੀਰ ਕੌਰ ਜੀ ਨੇ ਆਪਣੀ ਪੰਚਾਇਤ ਵਿੱਚ 30 ਬੈੱਡ ਦਾ ਇਕ Quarantine Centre ਬਣਵਾਇਆ, ਪੰਚਾਇਤ ਆਉਣ ਵਾਲੇ ਰਸਤਿਆਂ ’ਤੇ ਪਾਣੀ ਦੀ ਵਿਵਸਥਾ ਕੀਤੀ। ਲੋਕਾਂ ਨੂੰ ਹੱਥ ਧੋਣ ਵਿੱਚ ਕੋਈ ਦਿੱਕਤ ਨਾ ਹੋਵੇ - ਇਸ ਦਾ ਇੰਤਜ਼ਾਮ ਕਰਵਾਇਆ। ਇੰਨਾ ਹੀ ਨਹੀਂ ਇਹ ਬਲਬੀਰ ਕੌਰ ਜੀ ਖੁਦ ਆਪਣੇ ਮੋਢੇ ’ਤੇ Spray Pump ਟੰਗ ਕੇ Volunteers ਨਾਲ ਮਿਲ ਕੇ ਪੂਰੀ ਪੰਚਾਇਤ ਵਿੱਚ ਆਲੇ-ਦੁਆਲੇ ਦੇ ਖੇਤਰ ਵਿੱਚ Sanitization ਦਾ ਕੰਮ ਵੀ ਕਰਦੀ ਹੈ। ਅਜਿਹੀ ਹੀ ਇਕ ਹੋਰ ਕਸ਼ਮੀਰੀ ਮਹਿਲਾ ਸਰਪੰਚ ਹੈ, ਗਾਂਦਰਬਲ ਦੇ ਚੌਂਤਲੀਵਾਲ ਦੀ ਜੈਤੂਨਾ ਬੇਗ਼ਮ। ਜੈਤੂਨਾ ਬੇਗ਼ਮ ਜੀ ਨੇ ਤੈਅ ਕੀਤਾ ਕਿ ਉਨ੍ਹਾਂ ਦੀ ਪੰਚਾਇਤ ਕੋਰੋਨਾ ਦੇ ਖਿਲਾਫ ਜੰਗ ਲੜੇਗੀ ਅਤੇ ਕਮਾਈ ਦੇ ਲਈ ਮੌਕੇ ਵੀ ਪੈਦਾ ਕਰੇਗੀ। ਉਨ੍ਹਾਂ ਨੇ ਪੂਰੇ ਇਲਾਕੇ ਵਿੱਚ ਫਰੀ ਮਾਸਕ ਵੰਡੇ, ਫਰੀ ਰਾਸ਼ਨ ਵੰਡਿਆ, ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਫ਼ਸਲਾਂ ਦੇ ਬੀਜ ਅਤੇ ਸੇਬ ਦੇ ਪੌਦੇ ਵੀ ਦਿੱਤੇ ਤਾਂ ਕਿ ਲੋਕਾਂ ਨੂੰ ਖੇਤੀ ਵਿੱਚ, ਬਾਗ਼ਬਾਨੀ ਵਿੱਚ ਦਿੱਕਤ ਨਾ ਆਵੇ। ਸਾਥੀਓ, ਕਸ਼ਮੀਰ ਤੋਂ ਇਕ ਹੋਰ ਪ੍ਰੇਰਕ ਘਟਨਾ ਹੈ, ਇੱਥੇ ਅਨੰਤਨਾਗ ਵਿੱਚ Municipal President ਹਨ - ਸ਼੍ਰੀਮਾਨ ਮੁਹੰਮਦ ਇਕਬਾਲ, ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਸੈਨੇਟਾਈਜ਼ੇਸ਼ਨ ਦੇ ਲਈ ਸਪਰੇਅਰ ਦੀ ਜ਼ਰੂਰਤ ਸੀ, ਉਨ੍ਹਾਂ ਨੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕਿ ਮਸ਼ੀਨ ਦੂਸਰੇ ਸ਼ਹਿਰ ਤੋਂ ਲਿਆਉਣੀ ਪਵੇਗੀ ਅਤੇ ਕੀਮਤ ਵੀ ਹੋਵੇਗੀ 6 ਲੱਖ ਰੁਪਏ ਤਾਂ ਸ਼੍ਰੀਮਾਨ ਇਕਬਾਲ ਜੀ ਨੇ ਖੁਦ ਹੀ ਕੋਸ਼ਿਸ਼ ਕਰਕੇ ਆਪਣੇ ਆਪ ਸਪਰੇਅਰ ਮਸ਼ੀਨ ਬਣਾ ਲਈ ਅਤੇ ਉਹ ਵੀ ਸਿਰਫ 50 ਹਜ਼ਾਰ ਰੁਪਏ ਵਿੱਚ - ਅਜਿਹੇ ਕਿੰਨੇ ਹੀ ਹੋਰ ਉਦਾਹਰਣ ਹਨ। ਪੂਰੇ ਦੇਸ਼ ਵਿੱਚ, ਕੋਨੇ-ਕੋਨੇ ਵਿੱਚ ਅਜਿਹੀਆਂ ਕਈ ਪ੍ਰੇਰਕ ਘਟਨਾਵਾਂ ਰੋਜ਼ ਸਾਹਮਣੇ ਆਉਦੀਆਂ ਹਨ। ਇਹ ਸਾਰੀਆਂ ਅਭਿਨੰਦਨ ਦੀਆਂ ਅਧਿਕਾਰੀ ਹਨ। ਚੁਣੌਤੀ ਆਈ ਲੇਕਿਨ ਲੋਕਾਂ ਨੇ ਓਨੀ ਹੀ ਤਾਕਤ ਨਾਲ ਉਸ ਦਾ ਸਾਹਮਣਾ ਵੀ ਕੀਤਾ।
ਮੇਰੇ ਪਿਆਰੇ ਦੇਸ਼ਵਾਸੀਓ, ਸਹੀ Approach ਨਾਲ, ਸਕਾਰਾਤਮਕ Approach ਨਾਲ ਹਮੇਸ਼ਾ, ਆਫ਼ਤ ਨੂੰ ਮੌਕੇ ਵਿੱਚ, ਸੰਕਟ ਨੂੰ ਵਿਕਾਸ ਵਿੱਚ ਬਦਲਣ ’ਚ ਬਹੁਤ ਸਹਾਇਤਾ ਮਿਲਦੀ ਹੈ। ਅਸੀਂ ਹੁਣ ਕੋਰੋਨਾ ਦੇ ਸਮੇਂ ਵੀ ਵੇਖ ਰਹੇ ਹਾਂ ਕਿ ਕਿਵੇਂ ਸਾਡੇ ਦੇਸ਼ ਦੇ ਨੌਜਵਾਨਾਂ - ਔਰਤਾਂ ਨੇ ਆਪਣੇ ਟੈਲੰਟ ਅਤੇ ਸਕਿੱਲ ਦੇ ਦਮ ’ਤੇ ਕੁਝ ਨਵੇਂ ਪ੍ਰਯੋਗ ਸ਼ੁਰੂ ਕੀਤੇ ਹਨ। ਬਿਹਾਰ ਵਿੱਚ ਕਈ Women Self-Help Groups ਨੇ ਮਧੂਬਨੀ ਪੇਂਟਿੰਗ ਵਾਲੇ ਮਾਸਕ ਬਣਾਉਣੇ ਸ਼ੁਰੂ ਕੀਤੇ ਹਨ ਅਤੇ ਵੇਖਦੇ ਹੀ ਵੇਖਦੇ ਇਹ ਬਹੁਤ ਪਾਪੂਲਰ ਹੋ ਗਏ ਹਨ। ਇਹ ਮਧੂਬਨੀ ਮਾਸਕ ਇਕ ਤਰ੍ਹਾਂ ਨਾਲ ਆਪਣੀ ਰਵਾਇਤ ਦਾ ਪ੍ਰਚਾਰ ਤਾਂ ਕਰਦੇ ਹੀ ਹਨ, ਲੋਕਾਂ ਨੂੰ ਸਿਹਤ ਦੇ ਨਾਲ ਰੋਜ਼ਗਾਰ ਵੀ ਦੇ ਰਹੇ ਹਨ। ਤੁਸੀਂ ਜਾਣਦੇ ਹੀ ਹੋ North-East ਵਿੱਚ Bamboo ਯਾਨੀ ਬਾਂਸ ਕਿੰਨੀ ਵੱਡੀ ਮਾਤਰਾ ਵਿੱਚ ਹੁੰਦਾ ਹੈ ਅਤੇ ਇਸੇ ਬਾਂਸ ਨਾਲ ਤ੍ਰਿਪੁਰਾ, ਮਣੀਪੁਰ, ਅਸਾਮ ਦੇ ਕਾਰੀਗਰਾਂ ਨੇ High Quality ਦੀ ਪਾਣੀ ਦੀ ਬੋਤਲ ਅਤੇ Tiffin Box ਬਣਾਉਣਾ ਸ਼ੁਰੂ ਕੀਤਾ ਹੈ। Bamboo ਨਾਲ ਤੁਸੀਂ ਜੇਕਰ ਇਸ ਦੀ ਕੁਆਲਿਟੀ ਦੇਖੋਗੇ ਤਾਂ ਭਰੋਸਾ ਨਹੀਂ ਹੋਵੇਗਾ ਕਿ ਬਾਂਸ ਦੀਆਂ ਬੋਤਲਾਂ ਵੀ ਇੰਨੀਆਂ ਸ਼ਾਨਦਾਰ ਹੋ ਸਕਦੀਆਂ ਹਨ ਅਤੇ ਫਿਰ ਇਹ ਬੋਤਲਾਂ Eco Friendly ਵੀ ਹਨ। ਇਨ੍ਹਾਂ ਨੂੰ ਜਦੋਂ ਬਣਾਉਦੇ ਹਨ ਤਾਂ ਬਾਂਸ ਨੂੰ ਪਹਿਲਾਂ ਨਿਮ ਅਤੇ ਦੂਸਰੇ ਔਸ਼ਧੀ ਯੁਕਤ ਪੌਦਿਆਂ ਦੇ ਨਾਲ ਉਬਾਲਿਆ ਜਾਂਦਾ ਹੈ। ਇਸ ਨਾਲ ਇਨ੍ਹਾਂ ਵਿੱਚ ਔਸ਼ਧੀ ਗੁਣ ਵੀ ਆਉਦੇ ਹਨ। ਛੋਟੇ-ਛੋਟੇ ਸਥਾਨਕ Products ਨਾਲ ਕਿਵੇਂ ਵੱਡੀ ਸਫਲਤਾ ਮਿਲਦੀ ਹੈ, ਇਸ ਦਾ ਇਕ ਉਦਾਹਰਣ ਝਾਰਖੰਡ ਤੋਂ ਵੀ ਮਿਲਦਾ ਹੈ। ਝਾਰਖੰਡ ਦੇ ਬਿਸ਼ਨਪੁਰ ਵਿੱਚ ਇਨ੍ਹੀਂ ਦਿਨੀਂ 30 ਤੋਂ ਜ਼ਿਆਦਾ ਸਮੂਹ ਮਿਲ ਕੇ Lemon Grass ਦੀ ਖੇਤੀ ਕਰ ਰਹੇ ਹਨ, ਲੈਮਨ ਗ੍ਰਾਸ ਚਾਰ ਮਹੀਨਿਆਂ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਉਸ ਦਾ ਤੇਲ ਬਾਜ਼ਾਰ ਵਿੱਚ ਚੰਗੀ ਕੀਮਤ ’ਤੇ ਵਿਕਦਾ ਹੈ। ਇਸ ਦੀ ਅੱਜ-ਕੱਲ੍ਹ ਕਾਫੀ ਮੰਗ ਵੀ ਹੈ। ਮੈਂ ਦੇਸ਼ ਦੇ ਦੋ ਇਲਾਕਿਆਂ ਦੇ ਬਾਰੇ ਵਿੱਚ ਵੀ ਗੱਲ ਕਰਨਾ ਚਾਹੁੰਦਾ ਹਾਂ। ਦੋਵੇਂ ਹੀ ਇਕ-ਦੂਸਰੇ ਤੋਂ ਸੈਂਕੜੇ ਕਿਲੋਮੀਟਰ ਦੂਰ ਹਨ ਅਤੇ ਆਪਣੇ-ਆਪਣੇ ਤਰੀਕੇ ਨਾਲ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੇ ਲਈ ਕੁਝ ਨਿਵੇਕਲਾ ਕੰਮ ਕਰ ਰਹੇ ਹਨ - ਇਕ ਹੈ ਲੱਦਾਖ ਅਤੇ ਦੂਸਰਾ ਹੈ ਕੱਛ। ਲੇਹ ਅਤੇ ਲੱਦਾਖ ਦਾ ਨਾਂ ਸਾਹਮਣੇ ਆਉਦਿਆਂ ਹੀ ਖੂਬਸੂਰਤ ਵਾਦੀਆਂ ਅਤੇ ਉੱਚੇ-ਉੱਚੇ ਪਹਾੜਾਂ ਦੇ ਦ੍ਰਿਸ਼ ਸਾਡੇ ਸਾਹਮਣੇ ਆ ਜਾਂਦੇ ਹਨ। ਤਾਜ਼ੀ ਹਵਾ ਦੇ ਬੁੱਲੇ ਮਹਿਸੂਸ ਹੋਣ ਲੱਗਦੇ ਹਨ। ਉੱਥੇ ਹੀ ਕੱਛ ਦਾ ਜ਼ਿਕਰ ਹੁੰਦਿਆਂ ਹੀ ਮਾਰੂਥਲ, ਦੂਰ-ਦੂਰ ਤੱਕ ਮਾਰੂਥਲ, ਕਿਤੇ ਦਰੱਖ਼ਤ-ਪੌਦਾ ਹੀ ਨਜ਼ਰ ਨਾ ਆਵੇ। ਇਹ ਸਭ ਸਾਡੇ ਸਾਹਮਣੇ ਆ ਜਾਂਦਾ ਹੈ। ਲੱਦਾਖ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦਾ ਫਲ ਹੁੰਦਾ ਹੈ, ਜਿਸ ਦਾ ਨਾਂ ਚੂਲੀ ਜਾਂ Apricot ਯਾਨੀ ਖੁਰਮਾਨੀ ਹੈ। ਇਹ ਫਸਲ ਇਸ ਖੇਤਰ ਦੀ Economy ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਸਪਲਾਈ ਚੇਨ, ਮੌਸਮ ਦੀ ਮਾਰ ਵਰਗੀਆਂ ਅਨੇਕਾਂ ਚੁਣੌਤੀਆਂ ਨਾਲ ਇਹ ਜੂਝਦਾ ਰਹਿੰਦਾ ਹੈ। ਇਸ ਦੀ ਘੱਟ ਤੋਂ ਘੱਟ ਬਰਬਾਦੀ ਹੋਵੇ, ਇਸ ਦੇ ਲਈ ਅੱਜ-ਕੱਲ੍ਹ ਇਕ ਨਵੀਂ Innovation ਦਾ ਇਸਤੇਮਾਲ ਸ਼ੁਰੂ ਹੋਇਆ ਹੈ - ਇੱਕ Dual ਸਿਸਟਮ ਹੈ, ਜਿਸ ਦਾ ਨਾਂ ਹੈ Solar Apricot Dryer and Space Heater. ਇਹ ਖੁਰਮਾਨੀ ਅਤੇ ਦੂਸਰੇ ਹੋਰ ਫ਼ਲਾਂ ਅਤੇ ਸਬਜ਼ੀਆਂ ਨੂੰ ਜ਼ਰੂਰਤ ਦੇ ਅਨੁਸਾਰ ਸੁਕਾ ਸਕਦਾ ਹੈ ਅਤੇ ਉਹ ਵੀ Hygienic ਤਰੀਕੇ ਨਾਲ। ਪਹਿਲਾਂ ਜਦੋਂ ਖੁਰਮਾਨੀ ਨੂੰ ਖੇਤਾਂ ਦੇ ਕੋਲ ਸੁਕਾਉਦੇ ਸਨ ਤਾਂ ਇਸ ਨਾਲ ਬਰਬਾਦੀ ਤਾਂ ਹੁੰਦੀ ਹੀ ਸੀ, ਨਾਲ ਹੀ ਧੂੜ ਅਤੇ ਬਾਰਿਸ਼ ਦੇ ਪਾਣੀ ਦੀ ਵਜ੍ਹਾ ਨਾਲ ਫਲਾਂ ਦੀ ਕੁਆਲਿਟੀ ਵੀ ਪ੍ਰਭਾਵਿਤ ਹੁੰਦੀ ਸੀ। ਦੂਸਰੇ ਪਾਸੇ ਅੱਜ-ਕੱਲ੍ਹ ਕੱਛ ਵਿੱਚ ਕਿਸਾਨ Dragon Fruits ਦੀ ਖੇਤੀ ਦੇ ਲਈ ਪ੍ਰਸ਼ੰਸਾਯੋਗ ਕੋਸ਼ਿਸ਼ ਕਰ ਰਹੇ ਹਨ। ਬਹੁਤ ਸਾਰੇ ਲੋਕ ਜਦੋਂ ਸੁਣਦੇ ਹਨ ਤਾਂ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ - ਕੱਛ ਅਤੇ Dragon Fruits, ਲੇਕਿਨ ਉੱਥੇ ਅੱਜ ਕਈ ਕਿਸਾਨ ਇਸ ਕੰਮ ਵਿੱਚ ਜੁਟੇ ਹੋਏ ਹਨ। ਫ਼ਲ ਦੀ ਗੁਣਵੱਤਾ ਅਤੇ ਘੱਟ ਜ਼ਮੀਨ ਵਿੱਚ ਜ਼ਿਆਦਾ ਪੈਦਾਵਾਰ ਨੂੰ ਲੈ ਕੇ ਕਾਫੀ Innovation ਕੀਤੇ ਜਾ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ Dragon Fruits ਲਗਾਤਾਰ ਹਰਮਨਪਿਆਰੇ ਹੋ ਰਹੇ ਹਨ। ਵਿਸ਼ੇਸ਼ ਕਰਕੇ ਨਾਸ਼ਤੇ ਵਿੱਚ ਵਰਤੋਂ ਕਾਫੀ ਵਧੀ ਹੈ। ਕੱਛ ਦੇ ਕਿਸਾਨਾਂ ਦਾ ਸੰਕਲਪ ਹੈ ਕਿ ਦੇਸ਼ ਨੂੰ Dragon Fruits ਦਾ ਆਯਾਤ ਨਾ ਕਰਨਾ ਪਵੇ। ਇਹੀ ਤਾਂ - ਆਤਮ-ਨਿਰਭਰਤਾ ਦੀ ਗੱਲ ਹੈ।
ਸਾਥੀਓ, ਜਦੋਂ ਅਸੀਂ ਕੁਝ ਨਵਾਂ ਕਰਨ ਦਾ ਸੋਚਦੇ ਹਾਂ, Innovative ਸੋਚਦੇ ਹਾਂ ਤਾਂ ਅਜਿਹੇ ਕਈ ਕੰਮ ਵੀ ਸੰਭਵ ਹੋ ਜਾਂਦੇ ਹਨ, ਜਿਨ੍ਹਾਂ ਦੀ ਆਮ ਤੌਰ ’ਤੇ ਕੋਈ ਕਲਪਨਾ ਨਹੀਂ ਕਰਦਾ। ਜਿਵੇਂ ਕਿ ਬਿਹਾਰ ਦੇ ਕੁਝ ਨੌਜਵਾਨਾਂ ਨੂੰ ਹੀ ਲੈ ਲਓ, ਪਹਿਲਾਂ ਇਹ ਆਮ ਨੌਕਰੀ ਕਰਦੇ ਸਨ, ਇਕ ਦਿਨ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਮੋਤੀ ਯਾਨੀ Pearls ਦੀ ਖੇਤੀ ਕਰਨਗੇ। ਉਨ੍ਹਾਂ ਦੇ ਖੇਤਰ ਵਿੱਚ ਲੋਕਾਂ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ, ਲੇਕਿਨ ਇਨ੍ਹਾਂ ਲੋਕਾਂ ਨੇ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕੀਤੀ। ਜੈਪੁਰ ਅਤੇ ਭੁਵਨੇਸ਼ਵਰ ਜਾ ਕੇ ਟਰੇਨਿੰਗ ਲਈ ਤੇ ਆਪਣੇ ਪਿੰਡ ਵਿੱਚ ਹੀ ਮੋਤੀ ਦੀ ਖੇਤੀ ਸ਼ੁਰੂ ਕਰ ਦਿੱਤੀ। ਅੱਜ ਇਹ ਆਪ ਤਾਂ ਇਸ ਨਾਲ ਕਾਫੀ ਕਮਾਈ ਕਰ ਹੀ ਰਹੇ ਹਨ। ਉਨ੍ਹਾਂ ਨੇ ਮੁਜ਼ੱਫਰਪੁਰ, ਬੇਗੂਸਰਾਏ ਅਤੇ ਪਟਨਾ ਵਿੱਚ ਹੋਰ ਰਾਜਾਂ ਤੋਂ ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਦੀ ਟਰੇਨਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਕਿੰਨੇ ਹੀ ਲੋਕਾਂ ਦੇ ਲਈ ਇਸ ਨਾਲ ਆਤਮ-ਨਿਰਭਰਤਾ ਦੇ ਰਸਤੇ ਖੁੱਲ੍ਹ ਗਏ ਹਨ।
ਸਾਥੀਓ, ਹੁਣ ਕੁਝ ਦਿਨਾਂ ਬਾਅਦ ਰੱਖੜੀ ਦਾ ਪਵਿੱਤਰ ਤਿਓਹਾਰ ਆ ਰਿਹਾ ਹੈ। ਮੈਂ ਇਨ੍ਹੀਂ ਦਿਨੀਂ ਵੇਖ ਰਿਹਾ ਹਾਂ ਕਿ ਕਈ ਲੋਕ ਅਤੇ ਸੰਸਥਾਵਾਂ ਇਸ ਵਾਰੀ ਰੱਖੜੀ ਨੂੰ ਵੱਖ ਤਰੀਕੇ ਨਾਲ ਮਨਾਉਣ ਦੀ ਮੁਹਿੰਮ ਚਲਾ ਰਹੀਆਂ ਹਨ। ਕਈ ਲੋਕ ਇਸ ਨੂੰ Vocal For Local ਨਾਲ ਵੀ ਜੋੜ ਰਹੇ ਹਨ ਅਤੇ ਗੱਲ ਵੀ ਸਹੀ ਹੈ। ਸਾਡੇ ਤਿਓਹਾਰਾਂ ਦੇ ਮੌਕੇ, ਸਾਡੇ ਸਮਾਜ ਦੇ, ਸਾਡੇ ਘਰ ਦੇ ਨੇੜੇ ਹੀ ਕਿਸੇ ਵਿਅਕਤੀ ਦਾ ਵਪਾਰ ਵਧੇ, ਉਸ ਦਾ ਵੀ ਤਿਓਹਾਰ ਖੁਸ਼ਹਾਲ ਹੋਵੇ ਤਾਂ ਉਦੋਂ ਤਿਓਹਾਰ ਦਾ ਅਨੰਦ ਕੁਝ ਹੋਰ ਹੀ ਹੋ ਜਾਂਦਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਰੱਖੜੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਸਾਥੀਓ, 7 ਅਗਸਤ ਨੂੰ National Handloom Day ਹੈ। ਭਾਰਤ ਦਾ ਹੈਂਡਲੂਮ, ਸਾਡਾ ਹੈਂਡੀਕ੍ਰਾਫਟ ਆਪਣੇ ਆਪ ਵਿੱਚ ਸੈਂਕੜੇ ਵਰ੍ਹਿਆਂ ਦਾ ਮਾਣਮੱਤਾ ਇਤਿਹਾਸ ਸਮੇਟੀ ਬੈਠੇ ਹਨ। ਸਾਡੇ ਸਾਰਿਆਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨਾ ਸਿਰਫ ਭਾਰਤੀ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੀਏ, ਬਲਕਿ ਇਸ ਦੇ ਬਾਰੇ ਵਿੱਚ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੱਸਣਾ ਵੀ ਚਾਹੀਦਾ ਹੈ। ਭਾਰਤ ਦਾ ਹੈਂਡੂਲਮ ਅਤੇ ਹੈਂਡੀਕ੍ਰਾਫਟ ਕਿੰਨਾ Rich ਹੈ। ਇਸ ਵਿੱਚ ਕਿੰਨੀ ਵਿਭਿੰਨਤਾ ਹੈ, ਇਹ ਦੁਨੀਆ ਜਿੰਨਾ ਜ਼ਿਆਦਾ ਜਾਣੇਗੀ, ਓਨਾ ਹੀ ਸਾਡੇ ਲੋਕਲ ਕਾਰੀਗਰਾਂ ਅਤੇ ਬੁਨਕਰਾਂ ਨੂੰ ਲਾਭ ਹੋਵੇਗਾ।
ਸਾਥੀਓ, ਖ਼ਾਸ ਤੌਰ ’ਤੇ ਮੇਰੇ ਨੌਜਵਾਨ ਸਾਥੀਓ, ਸਾਡਾ ਦੇਸ਼ ਬਦਲ ਰਿਹਾ ਹੈ, ਕਿਵੇਂ ਬਦਲ ਰਿਹਾ ਹੈ? ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ? ਕਿਹੜੇ-ਕਿਹੜੇ ਖੇਤਰਾਂ ਵਿੱਚ ਬਦਲ ਰਿਹਾ ਹੈ? ਇੱਕ ਸਕਾਰਾਤਮਕ ਸੋਚ ਨਾਲ ਜੇਕਰ ਵੇਖੀਏ ਤਾਂ ਅਸੀਂ ਖੁਦ ਹੈਰਾਨ ਰਹਿ ਜਾਵਾਂਗੇ। ਇਕ ਸਮਾਂ ਸੀ, ਜਦੋਂ ਖੇਡਾਂ ਤੋਂ ਲੈ ਕੇ ਹੋਰ Sectors ਵਿੱਚ ਜ਼ਿਆਦਾਤਰ ਲੋਕ ਜਾਂ ਤਾਂ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦੇ ਸਨ ਜਾਂ ਵੱਡੇ-ਵੱਡੇ ਪਰਿਵਾਰਾਂ ਤੋਂ ਜਾਂ ਫਿਰ ਨਾਮੀ-ਗ੍ਰਾਮੀ ਸਕੂਲ ਜਾਂ ਕਾਲਜ ਤੋਂ ਹੁੰਦੇ ਸਨ। ਹੁਣ ਦੇਸ਼ ਬਦਲ ਰਿਹਾ ਹੈ, ਪਿੰਡਾਂ ਤੋਂ, ਛੋਟੇ ਸ਼ਹਿਰਾਂ ਤੋਂ, ਆਮ ਪਰਿਵਾਰਾਂ ਤੋਂ ਸਾਡੇ ਨੌਜਵਾਨ ਅੱਗੇ ਆ ਰਹੇ ਹਨ। ਸਫਲਤਾ ਦੇ ਨਵੇਂ ਸਿਖ਼ਰ ਛੂਹ ਰਹੇ ਹਨ। ਇਹ ਲੋਕ ਸੰਕਟਾਂ ਦੇ ਵਿਚਕਾਰ ਵੀ ਨਵੇਂ-ਨਵੇਂ ਸੁਪਨੇ ਲੈ ਕੇ ਅੱਗੇ ਵਧ ਰਹੇ ਹਨ। ਕੁਝ ਅਜਿਹਾ ਹੀ ਸਾਨੂੰ, ਅਜੇ ਹੁਣੇ ਹੀ ਜੋ ਬੋਰਡ Exam ਦੇ ਰਿਜ਼ਲਟ ਆਏ, ਉਸ ਵਿੱਚ ਵੀ ਦਿਖਾਈ ਦਿੰਦਾ ਹੈ। ਅੱਜ ‘ਮਨ ਕੀ ਬਾਤ’ ਵਿੱਚ ਕੁਝ ਅਜਿਹੇ ਹੀ ਪ੍ਰਤਿਭਾਵਾਨ ਬੇਟੇ-ਬੇਟੀਆਂ ਨਾਲ ਗੱਲ ਕਰਦੇ ਹਾਂ। ਅਜਿਹੀ ਹੀ ਇਕ ਪ੍ਰਤਿਭਾਵਾਨ ਬੇਟੀ ਹੈ ਕ੍ਰਿਤਿਕਾ ਨਾਂਦਲ। ਕ੍ਰਿਤਿਕਾ ਜੀ ਹਰਿਆਣਾ ਵਿੱਚ ਪਾਣੀਪਤ ਤੋਂ ਹਨ।
ਮੋਦੀ ਜੀ : ਹੈਲੋ ਕ੍ਰਿਤਿਕਾ ਜੀ ਨਮਸਤੇ।
ਕ੍ਰਿਤਿਕਾ : ਨਮਸਤੇ ਸਰ।
ਮੋਦੀ ਜੀ : ਇੰਨੇ ਚੰਗੇ ਨਤੀਜੇ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ।
ਕ੍ਰਿਤਿਕਾ : ਧੰਨਵਾਦ ਸਰ।
ਮੋਦੀ ਜੀ : ਅਤੇ ਤੁਸੀਂ ਤਾਂ ਇਨ੍ਹੀਂ ਦਿਨੀਂ ਟੈਲੀਫੋਨ ’ਤੇ ਗੱਲ ਕਰਦਿਆਂ-ਕਰਦਿਆਂ ਹੀ ਥੱਕ ਗਏ ਹੋਵੋਗੇ। ਇੰਨੇ ਸਾਰੇ ਲੋਕਾਂ ਦੇ ਫੋਨ ਆਉਦੇ ਹਨ।
ਕ੍ਰਿਤਿਕਾ : ਜੀ ਸਰ।
ਮੋਦੀ ਜੀ : ਅਤੇ ਜਿਹੜੇ ਲੋਕ ਵਧਾਈ ਦਿੰਦੇ ਹਨ, ਉਹ ਵੀ ਫ਼ਖਰ ਮਹਿਸੂਸ ਕਰਦੇ ਹੋਣਗੇ ਕਿ ਉਹ ਤੁਹਾਨੂੰ ਜਾਣਦੇ ਹਨ, ਤੁਹਾਨੂੰ ਕਿਵੇਂ ਲੱਗ ਰਿਹਾ ਹੈ।
ਕ੍ਰਿਤਿਕਾ : ਸਰ ਬਹੁਤ ਚੰਗਾ ਲੱਗ ਰਿਹਾ ਹੈ। Parents ਨੂੰ Proud Feel ਕਰਾ ਕੇ ਖੁਦ ਨੂੰ ਵੀ ਇੰਨਾ Proud Feel ਹੋ ਰਿਹਾ ਹੈ।
ਮੋਦੀ ਜੀ : ਅੱਛਾ, ਇਹ ਦੱਸੋ ਕਿ ਤੁਹਾਡੀ ਸਭ ਤੋਂ ਵੱਡੀ ਪ੍ਰੇਰਣਾ ਕੌਣ ਹੈ?
ਕ੍ਰਿਤਿਕਾ : ਸਰ! ਮੇਰੀ ਮੰਮੀ ਹੈ ਸਭ ਤੋਂ ਵੱਡੀ ਪ੍ਰੇਰਣਾ ਤਾਂ ਮੇਰੀ।
ਮੋਦੀ ਜੀ : ਵਾਹ! ਅੱਛਾ ਹੁਣ ਮੰਮੀ ਤੋਂ ਤੁਸੀਂ ਕੀ ਸਿੱਖ ਰਹੇ ਹੋ?
ਕ੍ਰਿਤਿਕਾ : ਸਰ, ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਮੁਸ਼ਕਿਲਾਂ ਵੇਖੀਆਂ ਹਨ, ਫਿਰ ਵੀ ਉਹ ਇੰਨੀ Bold ਅਤੇ Strong ਹਨ, ਸਰ। ਉਨ੍ਹਾਂ ਨੂੰ ਵੇਖ-ਵੇਖ ਕੇ ਇੰਨੀ ਪ੍ਰੇਰਣਾ ਮਿਲਦੀ ਹੈ ਕਿ ਮੈਂ ਵੀ ਉਨ੍ਹਾਂ ਦੇ ਵਾਂਗ ਹੀ ਬਣਾਂ।
ਮੋਦੀ ਜੀ : ਮਾਂ ਕਿੰਨੀ ਪੜ੍ਹੀ ਲਿਖੀ ਹੈ?
ਕ੍ਰਿਤਿਕਾ : ਸਰ! ਬੀ. ਏ. ਕੀਤੀ ਹੋਈ ਹੈ ਉਨ੍ਹਾਂ ਨੇ।
ਮੋਦੀ ਜੀ : ਬੀ. ਏ. ਕੀਤੀ ਹੋਈ ਹੈ।
ਕ੍ਰਿਤਿਕਾ : ਜੀ ਸਰ।
ਮੋਦੀ ਜੀ : ਅੱਛਾ! ਤਾਂ ਮਾਂ ਤੁਹਾਨੂੰ ਸਿਖਾਉਂਦੀ ਵੀ ਹੋਵੇਗੀ?
ਕ੍ਰਿਤਿਕਾ : ਜੀ ਸਰ! ਸਿਖਾਉਂਦੀ ਹੈ, ਦੁਨੀਆਦਾਰੀ ਦੇ ਬਾਰੇ ਹਰ ਗੱਲ ਦੱਸਦੀ ਹੈ।
ਮੋਦੀ ਜੀ : ਉਹ ਡਾਂਟਦੀ ਵੀ ਹੋਵੇਗੀ?
ਕ੍ਰਿਤਿਕਾ: ਜੀ ਸਰ! ਡਾਂਟਦੀ ਵੀ ਹੈ।
ਮੋਦੀ ਜੀ : ਅੱਛਾ ਬੇਟਾ, ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ?
ਕ੍ਰਿਤਿਕਾ : ਸਰ! ਮੈਂ ਡਾਕਟਰ ਬਣਨਾ ਚਾਹੁੰਦੀ ਹਾਂ।
ਮੋਦੀ ਜੀ : ਬਈ ਵਾਹ!
ਕ੍ਰਿਤਿਕਾ : MBBS
ਮੋਦੀ ਜੀ : ਵੇਖੋ, ਡਾਕਟਰ ਬਣਨਾ ਆਸਾਨ ਕੰਮ ਨਹੀਂ ਹੈ?
ਕ੍ਰਿਤਿਕਾ : ਜੀ ਸਰ।
ਮੋਦੀ ਜੀ : ਡਿਗਰੀ ਤਾਂ ਪ੍ਰਾਪਤ ਕਰ ਲਵੋਗੇ, ਕਿਉਕਿ ਤੁਸੀਂ ਬਹੁਤ ਹੁਸ਼ਿਆਰ ਹੋ ਬੇਟਾ, ਲੇਕਿਨ ਡਾਕਟਰ ਦਾ ਜੋ ਜੀਵਨ ਹੈ, ਉਹ ਸਮਾਜ ਦੇ ਲਈ ਬਹੁਤ ਸਮਰਪਿਤ ਹੁੰਦਾ ਹੈ।
ਕ੍ਰਿਤਿਕਾ : ਜੀ ਸਰ।
ਮੋਦੀ ਜੀ : ਉਹ ਕਦੀ ਰਾਤ ਨੂੰ ਚੈਨ ਨਾਲ ਸੌਂ ਵੀ ਨਹੀਂ ਸਕਦਾ, ਕਦੇ ਦਾ ਫੋਨ ਆ ਜਾਂਦਾ ਹੈ। ਹਸਪਤਾਲ ਤੋਂ ਫੋਨ ਆ ਜਾਂਦਾ ਹੈ ਤਾਂ ਫਿਰ ਦੌੜਨਾ ਪੈਂਦਾ ਹੈ। ਯਾਨੀ ਇਕ ਤਰ੍ਹਾਂ ਨਾਲ 24X7, Three Sixty Five Days, ਡਾਕਟਰ ਦੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ।
ਕ੍ਰਿਤਿਕਾ : Yes Sir
ਮੋਦੀ ਜੀ : ਅਤੇ ਖਤਰਾ ਵੀ ਰਹਿੰਦਾ ਹੈ, ਕਿਉਕਿ ਕਦੇ ਪਤਾ ਨਹੀਂ ਅੱਜ-ਕੱਲ੍ਹ ਦੀਆਂ ਜਿਸ ਪ੍ਰਕਾਰ ਦੀਆਂ ਬਿਮਾਰੀਆਂ ਹਨ ਤਾਂ ਡਾਕਟਰ ਦੇ ਸਾਹਮਣੇ ਵੀ ਬਹੁਤ ਵੱਡਾ ਸੰਕਟ ਰਹਿੰਦਾ ਹੈ।
ਕ੍ਰਿਤਿਕਾ : ਜੀ ਸਰ
ਮੋਦੀ ਜੀ : ਅੱਛਾ ਕ੍ਰਿਤਿਕਾ, ਹਰਿਆਣਾ ਤਾਂ ਖੇਡਾਂ ਵਿੱਚ ਪੂਰੇ ਹਿੰਦੁਸਤਾਨ ਦੇ ਲਈ ਹਮੇਸ਼ਾ ਹੀ ਪ੍ਰੇਰਣਾ ਦੇਣ ਵਾਲਾ, ਉਤਸ਼ਾਹ ਦੇਣ ਵਾਲਾ ਰਾਜ ਰਿਹਾ ਹੈ।
ਕ੍ਰਿਤਿਕਾ : ਹਾਂਜੀ ਸਰ
ਮੋਦੀ ਜੀ : ਤਾਂ ਕੀ ਤੁਸੀਂ ਵੀ ਕਿਸੇ ਖੇਡ ਵਿੱਚ ਹਿੱਸਾ ਲੈਂਦੇ ਹੋ, ਕੋਈ ਖੇਡ ਪਸੰਦ ਹੈ ਤੁਹਾਨੂੰ?
ਕ੍ਰਿਤਿਕਾ : ਸਰ ਬਾਸਕਿਟ ਬਾਲ ਖੇਡਦੇ ਸੀ ਸਕੂਲ ਵਿੱਚ।
ਮੋਦੀ ਜੀ : ਚੰਗਾ, ਤੁਹਾਡੀ ਉਚਾਈ ਕਿੰਨੀ ਹੈ, ਜ਼ਿਆਦਾ ਹੈ ਉਚਾਈ?
ਕ੍ਰਿਤਿਕਾ : ਨਹੀਂ ਸਰ, 5 ਫੁੱਟ 2 ਇੰਚ ਹੈ।
ਮੋਦੀ ਜੀ : ਅੱਛਾ ਤਾਂ ਫਿਰ ਤੁਹਾਡੇ ਖੇਡ ਨੂੰ ਪਸੰਦ ਕਰਦੇ ਹਨ?
ਕ੍ਰਿਤਿਕਾ : ਸਰ ਉਹ ਤਾਂ ਬਸ Passion ਹੈ। ਖੇਡ ਲੈਂਦੇ ਹਾਂ।
ਮੋਦੀ ਜੀ : ਅੱਛਾ! ਅੱਛਾ! ਚਲੋ ਕ੍ਰਿਤਿਕਾ ਜੀ ਆਪਣੇ ਮਾਤਾ ਜੀ ਨੂੰ ਮੇਰੇ ਵੱਲੋਂ ਪ੍ਰਣਾਮ ਕਹਿਣਾ, ਉਨ੍ਹਾਂ ਨੇ ਤੁਹਾਨੂੰ ਇਸ ਪ੍ਰਕਾਰ ਨਾਲ ਯੋਗ ਬਣਾਇਆ। ਤੁਹਾਡੇ ਜੀਵਨ ਨੂੰ ਬਣਾਇਆ, ਤੁਹਾਡੀ ਮਾਤਾ ਜੀ ਨੂੰ ਪ੍ਰਣਾਮ ਅਤੇ ਤੁਹਾਨੂੰ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਸ਼ੁਭਕਾਮਨਾਵਾਂ।
ਕ੍ਰਿਤਿਕਾ : ਧੰਨਵਾਦ ਸਰ।
ਆਓ, ਹੁਣ ਅਸੀਂ ਚਲਦੇ ਹਾਂ ਕੇਰਲਾ, ਅਰਨਾਕੁਲਮ (Ernakulam)। ਕੇਰਲਾ ਦੇ ਨੌਜਵਾਨ ਨਾਲ ਗੱਲ ਕਰਾਂਗੇ।
ਮੋਦੀ ਜੀ : ਹੈਲੋ
ਵਿਨਾਇਕ : ਨਮਸਕਾਰ
ਮੋਦੀ ਜੀ : So ਵਿਨਾਇਕ Congratulations
ਵਿਨਾਇਕ : ਹਾਂ Thank You ਸਰ
ਮੋਦੀ ਜੀ : ਸ਼ਾਬਾਸ਼ ਵਿਨਾਇਕ, ਸ਼ਾਬਾਸ਼।
ਵਿਨਾਇਕ : Thank You ਸਰ
ਮੋਦੀ ਜੀ : ਕਿਵੇਂ ਹੈ ਜੋਸ਼?
ਵਿਨਾਇਕ : ਬਹੁਤ ਜ਼ਿਆਦਾ ਸਰ।
ਮੋਦੀ ਜੀ : ਕੀ ਤੁਸੀਂ ਕੋਈ ਖੇਡ ਖੇਡਦੇ ਹੋ?
ਵਿਨਾਇਕ : Badminton.
ਮੋਦੀ ਜੀ : Badminton.
ਵਿਨਾਇਕ : ਹਾਂ Yes.
ਮੋਦੀ ਜੀ : ਸਕੂਲ ਵਿੱਚ ਖੇਡਦੇ ਹੋ ਜਾਂ ਤੁਹਾਨੂੰ ਕੋਈ ਟਰੇਨਿੰਗ ਦਾ ਮੌਕਾ ਮਿਲਿਆ ਹੈ?
ਵਿਨਾਇਕ : ਨਹੀਂ ਸਰ, ਸਾਨੂੰ ਸਕੂਲ ਵਿੱਚ ਹੀ ਪਹਿਲਾਂ ਕੁਝ ਟਰੇਨਿੰਗ ਮਿਲੀ ਸੀ।
ਮੋਦੀ ਜੀ : ਹਾਂ ਹਾਂ
ਵਿਨਾਇਕ : ਸਾਡੇ ਅਧਿਆਪਕਾਂ ਤੋਂ
ਮੋਦੀ ਜੀ : ਹਾਂ ਹਾਂ
ਵਿਨਾਇਕ : ਇਸ ਕਰਕੇ ਸਾਨੂੰ ਬਾਹਰ ਵੀ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।
ਮੋਦੀ ਜੀ : ਵਾਹ
ਵਿਨਾਇਕ : ਸਕੂਲ ਵੱਲੋਂ ਹੀ
ਮੋਦੀ ਜੀ : ਤੁਸੀਂ ਕਿੰਨੇ ਰਾਜਾਂ ਵਿੱਚ ਗਏ ਹੋ?
ਵਿਨਾਇਕ : ਮੈਂ ਸਿਰਫ ਕੇਰਲਾ ਤੇ ਤਮਿਲ ਨਾਡੂ ਵਿੱਚ ਗਿਆ ਹਾਂ।
ਮੋਦੀ ਜੀ : ਸਿਰਫ ਕੇਰਲਾ ਤੇ ਤਮਿਲ ਨਾਡੂ?
ਵਿਨਾਇਕ : ਹਾਂ ਸਰ
ਮੋਦੀ ਜੀ : ਕੀ ਤੁਸੀਂ ਦਿੱਲੀ ਆਉਣਾ ਪਸੰਦ ਕਰੋਗੇ?
ਵਿਨਾਇਕ : ਹਾਂ ਸਰ ਹੁਣ ਮੈਂ ਦਿੱਲੀ ਯੂਨੀਵਰਸਿਟੀ ਵਿੱਚ ਆਪਣੀ ਉੱਚ ਸਿੱਖਿਆ ਲਈ ਅਪਲਾਈ ਕੀਤਾ ਹੈ।
ਮੋਦੀ ਜੀ : ਅੱਛਾ ਫਿਰ ਤੁਸੀਂ ਦਿੱਲੀ ਆ ਰਹੇ ਹੋ?
ਵਿਨਾਇਕ : ਹਾਂ Yes Sir.
ਮੋਦੀ ਜੀ: ਮੈਨੂੰ ਦੱਸੋ ਕਿ ਆਉਣ ਵਾਲੇ ਬੋਰਡ ਇਮਤਿਹਾਨਾਂ ਵਿੱਚ ਕੀ ਤੁਸੀਂ ਆਪਣੇ ਸਾਥੀ ਵਿਦਿਆਰਥੀਆਂ ਲਈ ਕੋਈ ਸੰਦੇਸ਼ ਦੇਣਾ ਚਾਹੋਗੇ?
ਵਿਨਾਇਕ : ਸਖ਼ਤ ਮਿਹਨਤ ਅਤੇ ਸਮੇਂ ਦੀ ਉਚਿਤ ਵਰਤੋਂ।
ਮੋਦੀ ਜੀ : ਅੱਛਾ, ਸਮੇਂ ਦਾ ਸਹੀ ਪ੍ਰਬੰਧਨ ਕਰਨਾ?
ਵਿਨਾਇਕ : ਹਾਂ, Sir.
ਮੋਦੀ ਜੀ : ਵਿਨਾਇਕ ਮੈਂ ਤੁਹਾਡੀਆਂ ਹੌਬੀਜ਼ ਜਾਨਣਾ ਚਾਹਾਂਗਾ?
ਵਿਨਾਇਕ : ਬੈਡਮਿੰਟਨ ਅਤੇ ਰੋਇੰਗ (Rowing)
ਮੋਦੀ ਜੀ : ਅੱਛਾ ਤੇ ਤੁਸੀਂ ਸੋਸ਼ਲ ਮੀਡੀਆ ’ਤੇ ਐਕਟਿਵ ਹੋ?
ਵਿਨਾਇਕ : ਨਹੀਂ ਸਰ ਸਾਨੂੰ ਸਕੂਲ ਵਿੱਚ ਇਲੈਕਟ੍ਰੌਨਿਕ ਆਈਟਮ ਜਾਂ ਉਪਕਰਣਾਂ ਦੀ ਵਰਤੋਂ ਦੀ ਮਨਾਹੀ ਹੈ।
ਮੋਦੀ ਜੀ : ਤਾਂ ਤੁਸੀਂ ਭਾਗਸ਼ਾਲੀ ਹੋ?
ਵਿਨਾਇਕ : ਹਾਂ ਸਰ
ਮੋਦੀ ਜੀ : ਅੱਛਾ ਵਿਨਾਇਕ ਫਿਰ ਤੋਂ ਤੁਹਾਨੂੰ ਇੱਕ ਵਾਰ ਵਧਾਈ ਅਤੇ ਸ਼ੁਭਕਾਮਨਾਵਾਂ।
ਵਿਨਾਇਕ : Thank You Sir.
ਆਓ, ਅਸੀਂ ਉੱਤਰ ਪ੍ਰਦੇਸ਼ ਚਲਦੇ ਹਾਂ। ਉੱਤਰ ਪ੍ਰਦੇਸ਼ ਵਿੱਚ ਅਮਰੋਹਾ ਦੇ ਸ਼੍ਰੀਮਾਨ ਉਸਮਾਨ ਸੈਫੀ ਨਾਲ ਗੱਲ ਕਰਾਂਗੇ।
ਮੋਦੀ ਜੀ : ਹੈਲੋ ਉਸਮਾਨ ਬਹੁਤ-ਬਹੁਤ ਵਧਾਈ, ਤੁਹਾਨੂੰ ਢੇਰਾਂ ਵਧਾਈਆਂ।
ਉਸਮਾਨ : Thank You Sir.
ਮੋਦੀ ਜੀ : ਅੱਛਾ! ਉਸਮਾਨ ਤੁਸੀਂ ਦੱਸੋ ਕਿ ਤੁਸੀਂ ਜੋ ਚਾਹਿਆ ਸੀ, ਉਹੀ ਰਿਜ਼ਲਟ ਮਿਲਿਆ ਕਿ ਕੁਝ ਘੱਟ ਆਇਆ?
ਉਸਮਾਨ : ਨਹੀਂ ਜੋ ਚਾਹਿਆ ਸੀ, ਉਹੀ ਮਿਲਿਆ ਹੈ। ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਹਨ।
ਮੋਦੀ ਜੀ : ਵਾਹ! ਅੱਛਾ ਪਰਿਵਾਰ ਵਿੱਚ ਹੋਰ ਭਰਾ ਵੀ ਇੰਨੇ ਹੀ ਹੁਸ਼ਿਆਰ ਹਨ ਕਿ ਘਰ ਵਿੱਚ ਤੁਸੀਂ ਹੀ ਹੋ ਜੋ ਇੰਨੇ ਹੁਸ਼ਿਆਰ ਹੋ?
ਉਸਮਾਨ : ਸਿਰਫ ਮੈਂ ਹੀ ਹਾਂ, ਮੇਰਾ ਭਰਾ ਤਾਂ ਥੋੜ੍ਹਾ ਜਿਹਾ ਸ਼ਰਾਰਤੀ ਹੈ।
ਮੋਦੀ ਜੀ : ਹਾਂ ਹਾਂ
ਉਸਮਾਨ : ਬਾਕੀ ਮੈਨੂੰ ਲੈ ਕੇ ਬਹੁਤ ਖੁਸ਼ ਰਹਿੰਦਾ ਹੈ।
ਮੋਦੀ ਜੀ : ਅੱਛਾ! ਅੱਛਾ! ਅੱਛਾ ਤੁਸੀਂ ਜਦੋਂ ਪੜ੍ਹ ਰਹੇ ਸੀ, ਉਸਮਾਨ ਤੁਹਾਡਾ ਪਸੰਦੀਦਾ ਵਿਸ਼ਾ ਕੀ ਸੀ?
ਉਸਮਾਨ : Mathematics
ਮੋਦੀ ਜੀ : ਬਈ ਵਾਹ! ਤਾਂ ਕੀ Mathematics ਵਿੱਚ ਕੀ ਰੁਚੀ ਰਹਿੰਦੀ ਸੀ, ਕਿਵੇਂ ਹੋਇਆ, ਕਿਸ ਟੀਚਰ ਨੇ ਤੁਹਾਨੂੰ ਪ੍ਰੇਰਿਤ ਕੀਤਾ?
ਉਸਮਾਨ : ਜੀ ਸਾਡੇ ਇਕ Subject Teacher ਰਜਤ ਸਰ। ਉਨ੍ਹਾਂ ਨੇ ਮੈਨੂੰ ਪ੍ਰੇਰਣਾ ਦਿੱਤੀ ਅਤੇ ਉਹ ਬਹੁਤ ਚੰਗਾ ਪੜ੍ਹਾਉਦੇ ਹਨ ਅਤੇ Mathematics ਸ਼ੁਰੂ ਤੋਂ ਹੀ ਮੇਰਾ ਚੰਗਾ ਰਿਹਾ ਹੈ ਅਤੇ ਉਹ ਕਾਫੀ Interesting Subject ਵੀ।
ਮੋਦੀ ਜੀ : ਹੂੰ ਹੂੰ
ਉਸਮਾਨ : ਤਾਂ ਜਿੰਨਾ ਜ਼ਿਆਦਾ ਕਰਦੇ ਹਾਂ, ਓਨਾ ਜ਼ਿਆਦਾ Interest ਆਉਂਦਾ ਹੈ। ਇਸ ਲਈ ਮੇਰਾ Favourite Subject.
ਮੋਦੀ ਜੀ : ਹੂੰ ਹੂੰ! ਤੁਹਾਨੂੰ ਪਤਾ ਹੈ ਇਕ Online Vedic Mathematics ਦੀਆਂ Classes ਚਲ ਰਹੀਆਂ ਹਨ?
ਉਸਮਾਨ: Yes ਸਰ
ਮੋਦੀ ਜੀ : ਤਾਂ ਕਦੇ Try ਕੀਤਾ ਹੈ ਇਸ ਲਈ?
ਉਸਮਾਨ : ਨਹੀਂ ਸਰ, ਅਜੇ ਨਹੀਂ ਕੀਤਾ।
ਮੋਦੀ ਜੀ : ਤੁਸੀਂ ਵੇਖੋ, ਤੁਹਾਡੇ ਬਹੁਤ ਸਾਰੇ ਦੋਸਤਾਂ ਨੂੰ ਲੱਗੇਗਾ ਜਿਵੇਂ ਤੁਸੀਂ ਜਾਦੂਗਰ ਹੋ। ਕਿਉਕਿ ਕੰਪਿਊਟਰ ਦੀ ਸਪੀਡ ਨਾਲ ਤੁਸੀਂ ਗਿਣਤੀ ਕਰ ਸਕਦੇ ਹੋ। Vedic Mathematics ਦੀ। ਬਹੁਤ ਸੌਖੀਆਂ Techniques ਹਨ ਅਤੇ ਅੱਜ-ਕੱਲ੍ਹ ਉਹ Online ਵੀ Available ਹੁੰਦੀਆਂ ਹਨ।
ਉਸਮਾਨ : ਜੀ ਸਰ
ਮੋਦੀ ਜੀ : ਕਿਉਕਿ ਤੁਹਾਡਾ Mathematics ਵਿੱਚ Interest ਹੈ ਤਾਂ ਬਹੁਤ ਸਾਰੀਆਂ ਨਵੀਆਂ-ਨਵੀਆਂ ਚੀਜ਼ਾਂ ਵੀ ਤੁਸੀਂ ਵੇਖ ਸਕਦੇ ਹੋ?
ਉਸਮਾਨ : ਜੀ ਸਰ
ਮੋਦੀ ਜੀ : ਅੱਛਾ ਉਸਮਾਨ, ਖਾਲੀ ਸਮੇਂ ਵਿੱਚ ਕੀ ਕਰਦੇ ਹੋ?
ਉਸਮਾਨ : ਖਾਲੀ ਸਮੇਂ ਵਿੱਚ ਮੈਂ ਸਰ ਕੁਝ ਨਾ ਕੁਝ ਲਿਖਦਾ ਰਹਿੰਦਾ ਹਾਂ ਮੈਂ। ਮੈਨੂੰ ਲਿਖਣ ਵਿੱਚ ਬਹੁਤ Intrest ਹੈ।
ਮੋਦੀ ਜੀ : ਬਈ ਵਾਹ! ਮਤਲਬ ਤੁਸੀਂ Mathematics ਵਿੱਚ ਵੀ ਰੁਚੀ ਲੈਂਦੇ ਹੋ, Literature ਵਿੱਚ ਵੀ ਰੁਚੀ ਲੈਂਦੇ ਹੋ?
ਉਸਮਾਨ : Yes ਸਰ।
ਮੋਦੀ ਜੀ : ਕੀ ਲਿਖਦੇ ਹੋ? ਕਵਿਤਾਵਾਂ ਲਿਖਦੇ ਹੋ, ਸ਼ਾਇਰੀ ਲਿਖਦੇ ਹੋ?
ਉਸਮਾਨ : ਕੁਝ ਵੀ Current Affairs ਨਾਲ Related ਕੋਈ ਵੀ Topic ਹੋਵੇ, ਉਸ ’ਤੇ ਲਿਖਦਾ ਰਹਿੰਦਾ ਹਾਂ।
ਮੋਦੀ ਜੀ : ਹਾਂ ਹਾਂ
ਉਸਮਾਨ : ਨਵੀਂ-ਨਵੀਂ ਜਾਣਕਾਰੀ ਮਿਲਦੀ ਰਹਿੰਦੀ ਹੈ। ਜਿਵੇਂ ਜੀ. ਐੱਸ. ਟੀ. ਚੱਲਿਆ ਸੀ ਅਤੇ ਸਾਡੀ ਨੋਟਬੰਦੀ - ਸਾਰੀਆਂ ਚੀਜ਼ਾਂ।
ਮੋਦੀ ਜੀ : ਬਈ ਵਾਹ, ਤਾਂ ਤੁਸੀਂ ਕਾਲਜ ਦੀ ਪੜ੍ਹਾਈ ਕਰਨ ਦੇ ਲਈ ਅੱਗੇ ਦਾ ਕੀ Plan ਬਣਾ ਰਹੇ ਹੋ?
ਉਸਮਾਨ : ਕਾਲਜ ਦੀ ਪੜ੍ਹਾਈ, ਸਰ ਮੇਰਾ JEE Mains ਦਾ First Attempt Clear ਹੋ ਚੁੱਕਾ ਹੈ ਅਤੇ ਮੈਂ ਸਤੰਬਰ ਦੇ ਲਈ Second Attempt ਵਿੱਚ ਹੁਣ ਬੈਠਾਂਗਾ। ਮੇਰਾ ਮੇਨ ਏਮ ਹੈ ਕਿ ਮੈਂ ਪਹਿਲਾਂ ਆਈ. ਆਈ. ਟੀ. ਤੋਂ ਪਹਿਲਾਂ Bachelor Degree ਲਵਾਂ ਅਤੇ ਉਸ ਤੋਂ ਬਾਅਦ Civill Services ਵਿੱਚ ਜਾਵਾਂ ਅਤੇ ਇਕ ਆਈ. ਏ. ਐਸ. ਬਣਾਂ।
ਮੋਦੀ ਜੀ : ਬਈ ਵਾਹ, ਅੱਛਾ ਤੁਸੀਂ Technology ਵਿੱਚ ਵੀ ਰੁਚੀ ਲੈਂਦੇ ਹੋ?
ਉਸਮਾਨ : Yes Sir , ਇਸ ਲਈ ਮੈਂ IT Opt ਕੀਤਾ ਹੈ, First Time Best IIT ਦਾ।
ਮੋਦੀ ਜੀ : ਅੱਛਾ, ਚਲੋ ਉਸਮਾਨ ਮੇਰੇ ਵੱਲੋਂ ਬਹੁਤ ਸ਼ੁਭਕਾਮਨਾਵਾਂ ਅਤੇ ਤੁਹਾਡਾ ਭਾਈ ਸ਼ਰਾਰਤੀ ਹੈ ਤਾਂ ਤੁਹਾਡਾ ਸਮਾਂ ਵੀ ਚੰਗਾ ਗੁਜ਼ਰਦਾ ਹੋਵੇਗਾ ਅਤੇ ਆਪਣੇ ਮਾਤਾ-ਪਿਤਾ ਜੀ ਨੂੰ ਵੀ ਮੇਰੇ ਵੱਲੋਂ ਪ੍ਰਣਾਮ ਕਹਿਣਾ। ਉਨ੍ਹਾਂ ਨੇ ਤੁਹਾਨੂੰ ਇਸ ਤਰ੍ਹਾਂ ਨਾਲ ਮੌਕਾ ਦਿੱਤਾ, ਹੌਂਸਲਾ ਬੁਲੰਦ ਕੀਤਾ ਅਤੇ ਇਹ ਮੈਨੂੰ ਚੰਗਾ ਲੱਗਾ ਕਿ ਤੁਸੀਂ ਪੜ੍ਹਾਈ ਦੇ ਨਾਲ-ਨਾਲ Current Issues ਦਾ ਅਧਿਐਨ ਵੀ ਕਰਦੇ ਹੋ ਅਤੇ ਲਿਖਦੇ ਵੀ ਹੋ। ਵੇਖੋ ਲਿਖਣ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਹਾਡੇ ਵਿਚਾਰਾਂ ਵਿੱਚ Sharpness ਆਉਦੀ ਹੈ। ਬਹੁਤ-ਬਹੁਤ ਚੰਗਾ ਫਾਇਦਾ ਹੁੰਦਾ ਹੈ ਲਿਖਣ ਨਾਲ। ਤਾਂ ਬਹੁਤ-ਬਹੁਤ ਵਧਾਈ ਮੇਰੇ ਵੱਲੋਂ।
ਉਸਮਾਨ : Thank You Sir.
ਆਓ, ਚਲੋ ਫਿਰ ਇਕਦਮ ਹੇਠਾਂ ਸਾਊਥ ਵਿੱਚ ਚਲੇ ਜਾਂਦੇ ਹਾਂ, ਤਮਿਲ ਨਾਡੂ ਨਾਮਾਕਲ ਤੋਂ ਬੇਟੀ ਕਨਿਗਾ ਨਾਲ ਗੱਲ ਕਰਾਂਗੇ ਅਤੇ ਕਨਿੱਗਾ ਦੀ ਗੱਲ ਤਾਂ ਬਹੁਤ ਹੀ International ਹੈ।
ਮੋਦੀ ਜੀ : ਕਨਿੱਗਾ ਜੀ, ਵਡੱਕਮ (Vadakam)
ਕਨਿੱਗਾ : ਵਡੱਕਮ (Vadakam)
ਮੋਦੀ ਜੀ : ਕੀ ਹਾਲ ਹੈ ਤੁਹਾਡਾ?
ਕਨਿੱਗਾ : ਚੰਗਾ ਹੈ ਸਰ
ਮੋਦੀ ਜੀ : ਸਭ ਤੋਂ ਪਹਿਲਾਂ ਮੈਂ ਤੁਹਾਡੀ ਸ਼ਾਨਦਾਰ ਸਫਲਤਾ ਲਈ ਵਧਾਈ ਦੇਣਾ ਚਾਹਾਂਗਾ।
ਕਨਿੱਗਾ : Thank You Sir.
ਮੋਦੀ ਜੀ : ਜਦੋਂ ਮੈਂ ਨਾਮਾਕਲ ਬਾਰੇ ਸੁਣਦਾ ਹਾਂ ਤਾਂ ਮੈਨੂੰ ਅੰਜਾਨੱਯਰ ਮੰਦਿਰ ਯਾਦ ਆਉਦਾ ਹੈ।
ਕਨਿੱਗਾ : ਹਾਂ ਸਰ।
ਮੋਦੀ ਜੀ : ਹੁਣ ਮੈਂ ਤੁਹਾਡੇ ਨਾਲ ਗੱਲਬਾਤ ਨੂੰ ਵੀ ਯਾਦ ਰੱਖਾਂਗਾ?
ਕਨਿੱਗਾ : ਹਾਂ ਸਰ।
ਮੋਦੀ ਜੀ : ਤਾਂ ਇਕ ਵਾਰ ਫਿਰ ਤੋਂ ਵਧਾਈ।
ਕਨਿੱਗਾ : ਧੰਨਵਾਦ ਸਰ
ਮੋਦੀ ਜੀ : ਤੁਸੀਂ ਇਮਤਿਹਾਨਾਂ ਲਈ ਬਹੁਤ ਸਖਤ ਮਿਹਨਤ ਕੀਤੀ ਹੈ, ਇਸ ਤਿਆਰੀ ਦੇ ਦੌਰਾਨ ਤੁਹਾਡਾ ਕੀ ਤਜਰਬਾ ਰਿਹਾ?
ਕਨਿੱਗਾ : ਸਰ ਅਸੀਂ ਸ਼ੁਰੂ ਤੋਂ ਹੀ ਬਹੁਤ ਮਿਹਨਤ ਕਰ ਰਹੇ ਹਾਂ। ਫਿਰ ਮੈਂ ਇਸ ਨਤੀਜੇ ਦੀ ਆਸ ਨਹੀਂ ਸੀ ਰੱਖਦੀ ਪਰ ਮੈਂ ਚੰਗੀ ਤਰ੍ਹਾਂ ਲਿਖਿਆ, ਇਸ ਕਰਕੇ ਮੇਰਾ ਨਤੀਜਾ ਚੰਗਾ ਆਇਆ।
ਮੋਦੀ ਜੀ : ਤੁਹਾਨੂੰ ਕੀ ਆਸ ਸੀ?
ਕਨਿੱਗਾ : ਮੈਨੂੰ ਲੱਗਦਾ ਸੀ ਕਿ 485, 486 ਇਸ ਤਰ੍ਹਾਂ ਹੀ ਕੁਝ।
ਮੋਦੀ ਜੀ : ਤੇ ਹੁਣ
ਕਨਿੱਗਾ : 490
ਮੋਦੀ ਜੀ : ਤੁਹਾਡੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਦੀ ਕੀ ਪ੍ਰਤੀਕਿਰਿਆ sਸੀ?
ਕਨਿੱਗਾ : ਉਹ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੂੰ ਬਹੁਤ ਮਾਣ ਸੀ।
ਮੋਦੀ ਜੀ : ਤੁਹਾਡਾ ਪਸੰਦੀਦਾ ਵਿਸ਼ਾ ਕੀ ਹੈ?
ਕਨਿੱਗਾ : ਗਣਿਤ
ਮੋਦੀ ਜੀ : ਹੁਣ ਤੁਹਾਡੀਆਂ ਭਾਵੀ ਯੋਜਨਾਵਾਂ ਕੀ ਹਨ?
ਕਨਿੱਗਾ : ਮੈਂ ਡਾਕਟਰ ਬਣਨਾ ਚਾਹੁੰਦੀ ਹਾਂ, ਜੇਕਰ ਸੰਭਵ ਹੋ ਸਕਿਆ ਤਾਂ ਏ. ਐਫ. ਐਮ. ਸੀ. ਵਿੱਚ।
ਮੋਦੀ ਜੀ : ਕੀ ਤੁਹਾਡੇ ਪਰਿਵਾਰਕ ਮੈਂਬਰ ਵੀ ਮੈਡੀਕਲ ਪ੍ਰੋਫੈਸ਼ਨ ਵਿੱਚ ਹਨ ਜਾਂ ਕੁਝ ਹੋਰ ਕਰਦੇ ਹਨ?
ਕਨਿੱਗਾ : ਨਹੀਂ ਸਰ, ਮੇਰੇ ਪਿਤਾ ਜੀ ਡਰਾਈਵਰ ਹਨ ਅਤੇ ਮੇਰੀ ਭੈਣ ਐਮ. ਬੀ. ਬੀ. ਐਸ. ਦੀ ਸਟੱਡੀ ਕਰ ਰਹੀ ਹੈ।
ਮੋਦੀ ਜੀ : ਸਭ ਤੋਂ ਪਹਿਲਾਂ ਮੈਂ ਤੁਹਾਡੇ ਪਿਤਾ ਜੀ ਨੂੰ ਪ੍ਰਣਾਮ ਕਰਦਾ ਹਾਂ ਜੋ ਤੁਹਾਡੀ ਅਤੇ ਤੁਹਾਡੀ ਭੈਣ ਦੀ ਦੇਖਭਾਲ ਕਰ ਰਹੇ ਹਨ, ਉਹ ਬਹੁਤ ਮਹਾਨ ਕੰਮ ਕਰ ਰਹੇ ਹਨ।
ਕਨਿੱਗਾ : ਹਾਂ ਸਰ
ਮੋਦੀ ਜੀ : ਉਹ ਸਾਰਿਆਂ ਲਈ ਪ੍ਰੇਰਣਾ ਹਨ।
ਕਨਿੱਗਾ : ਹਾਂ ਸਰ
ਮੋਦੀ ਜੀ : ਮੈਂ ਤੁਹਾਨੂੰ, ਤੁਹਾਡੀ ਭੈਣ ਅਤੇ ਤੁਹਾਡੇ ਪਿਤਾ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ।
ਕਨਿੱਗਾ : ਧੰਨਵਾਦ ਸਰ
ਸਾਥੀਓ, ਅਜਿਹੇ ਹੋਰ ਵੀ ਕਿੰਨੇ ਨੌਜਵਾਨ ਦੋਸਤ ਹਨ, ਮੁਸ਼ਕਿਲ ਹਾਲਾਤ ਵਿੱਚ ਵੀ ਜਿਨ੍ਹਾਂ ਦੇ ਹੌਂਸਲੇ ਦੀਆਂ, ਜਿਨ੍ਹਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਸਾਨੂੰ ਪ੍ਰੇਰਿਤ ਕਰਦੀਆਂ ਹਨ। ਮੇਰਾ ਮਨ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਨੌਜਵਾਨ ਸਾਥੀਆਂ ਨਾਲ ਗੱਲ ਕਰਨ ਦਾ ਮੌਕਾ ਮਿਲੇ, ਲੇਕਿਨ ਸਮੇਂ ਦੀਆਂ ਵੀ ਕੁਝ ਸੀਮਾਵਾਂ ਹੁੰਦੀਆਂ ਹਨ। ਮੈਂ ਸਾਰੇ ਨੌਜਵਾਨ ਸਾਥੀਆਂ ਨੂੰ ਇਹ ਅਨੁਰੋਧ ਕਰਾਂਗਾ ਕਿ ਉਹ ਆਪਣੀ ਕਹਾਣੀ, ਆਪਣੀ ਜ਼ੁਬਾਨੀ ਜੋ ਦੇਸ਼ ਨੂੰ ਪ੍ਰੇਰਿਤ ਕਰ ਸਕੇ, ਉਹ ਸਾਡੇ ਸਾਰਿਆਂ ਦੇ ਨਾਲ ਜ਼ਰੂਰ ਸਾਂਝਾ ਕਰਨ।
ਮੇਰੇ ਪਿਆਰੇ ਦੇਸ਼ਵਾਸੀਓ, ਸੱਤ ਸਮੁੰਦਰ ਪਾਰ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਇਕ ਛੋਟਾ ਜਿਹਾ ਦੇਸ਼ ਹੈ, ਜਿਸ ਦਾ ਨਾਂ ਹੈ ‘ਸੂਰੀਨਾਮ’। ਭਾਰਤ ਦੇ ਸੂਰੀਨਾਮ ਨਾਲ ਬਹੁਤ ਹੀ ਨਜ਼ਦੀਕੀ ਸਬੰਧ ਹਨ। ਸੌ ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਭਾਰਤ ਤੋਂ ਲੋਕ ਉੱਥੇ ਗਏ ਅਤੇ ਉਸ ਨੂੰ ਹੀ ਆਪਣਾ ਘਰ ਬਣਾ ਲਿਆ। ਅੱਜ ਚੌਥੀ-ਪੰਜਵੀਂ ਪੀੜ੍ਹੀ ਉੱਥੇ ਹੈ। ਅੱਜ ਸੂਰੀਨਾਮ ਵਿੱਚ ਇਕ-ਚੌਥਾਈ ਤੋਂ ਜ਼ਿਆਦਾ ਲੋਕ ਭਾਰਤੀ ਮੂਲ ਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉੱਥੋਂ ਦੀਆਂ ਆਮ ਭਾਸ਼ਾਵਾਂ ਵਿੱਚ ਇਕ ‘ਸਰਨਾਮੀ’ ਵੀ ‘ਭੋਜਪੁਰੀ’ ਦੀ ਹੀ ਇਕ ਬੋਲੀ ਹੈ। ਇਨ੍ਹਾਂ ਸੱਭਿਆਚਾਰਕ ਸਬੰਧਾਂ ਨੂੰ ਲੈ ਕੇ ਅਸੀਂ ਭਾਰਤੀ ਕਾਫੀ ਫ਼ਖਰ ਮਹਿਸੂਸ ਕਰਦੇ ਹਾਂ।
ਹੁਣੇ ਜਿਹੇ ਹੀ ਸ਼੍ਰੀ ਚੰਦਰਿਕਾ ਪ੍ਰਸਾਦ ਸੰਤੋਖੀ ਸੂਰੀਨਾਮ ਦੇ ਨਵੇਂ ਰਾਸ਼ਟਰਪਤੀ ਬਣੇ, ਉਹ ਭਾਰਤ ਦੇ ਮਿੱਤਰ ਹਨ ਅਤੇ ਉਨ੍ਹਾਂ ਨੇ ਸਾਲ 2018 ਵਿੱਚ ਆਯੋਜਿਤ Person of Indian Origin (PIO) Parliamentary conference ਵਿੱਚ ਵੀ ਹਿੱਸਾ ਲਿਆ ਸੀ। ਸ਼੍ਰੀ ਚੰਦਰਿਕਾ ਪ੍ਰਸਾਦ ਸੰਤੋਖੀ ਜੀ ਨੇ ਸਹੁੰ ਦੀ ਸ਼ੁਰੂਆਤ ਵੇਦ ਮੰਤਰਾਂ ਦੇ ਨਾਲ ਕੀਤੀ, ਉਹ ਸੰਸਿਤ ਵਿੱਚ ਬੋਲੇ। ਉਨ੍ਹਾਂ ਨੇ ਵੇਦਾਂ ਦਾ ਵਰਨਣ ਕੀਤਾ ਅਤੇ ‘ਓਮ ਸ਼ਾਂਤੀ ਸ਼ਾਂਤੀ ਸ਼ਾਂਤੀ’ ਦੇ ਨਾਲ ਆਪਣੀ ਸਹੁੰ ਪੂਰੀ ਕੀਤੀ। ਆਪਣੇ ਹੱਥ ਵਿੱਚ ਵੇਦ ਲੈ ਕੇ ਉਹ ਬੋਲੇ - ਮੈਂ ਚੰਦਰਿਕਾ ਪ੍ਰਸਾਦ ਸੰਤੋਖੀ ਅਤੇ, ਅੱਗੇ ਉਨ੍ਹਾਂ ਨੇ ਸਹੁੰ ਵਿੱਚ ਕੀ ਕਿਹਾ? ਉਨ੍ਹਾਂ ਨੇ ਵੇਦ ਦੇ ਹੀ ਇਕ ਮੰਤਰ ਦਾ ਉਚਾਰਣ ਕੀਤਾ। ਉਨ੍ਹਾਂ ਨੇ ਕਿਹਾ :-
ਓਮ ਅਗਨੇ ਵ੍ਰਤਪਤੇ ਵ੍ਰਤੰ ਚਰਿਸ਼ਯਾਮਿ ਤੱਛੇਕੇਯਮ ਤਨਮੇ ਰਾਧਯਤਾਮ ।
ਇਦਮਹਮਨ੍ਰਤਾਤ ਸਤਯਮੁਪੈਮਿ ॥
[ ॐ अग्ने व्रतपते व्रतं चरिष्यामि तच्छकेयम तन्मे राध्यताम |
इदमहमनृतात सत्यमुपैमि || ]
ਯਾਨੀ, ਹੇ ਅਗਨੀ, ਸੰਕਲਪ ਦੇ ਦੇਵਤਾ, ਮੈਂ ਇੱਕ ਪ੍ਰਤਿਗਿਆ ਕਰ ਰਿਹਾ ਹਾਂ, ਮੈਨੂੰ ਇਸ ਦੇ ਲਈ ਸ਼ਕਤੀ ਅਤੇ ਸਮਰੱਥਾ ਪ੍ਰਦਾਨ ਕਰੋ। ਮੈਨੂੰ ਝੂਠ ਤੋਂ ਦੂਰ ਰਹਿਣ ਅਤੇ ਸੱਚ ਵੱਲ ਜਾਣ ਦਾ ਆਸ਼ੀਰਵਾਦ ਪ੍ਰਦਾਨ ਕਰੋ। ਸੱਚ ਵਿੱਚ ਹੀ ਇਹ ਸਾਡੇ ਸਾਰਿਆਂ ਲਈ ਮਾਣ ਕਰਨ ਵਾਲੀ ਗੱਲ ਹੈ।
ਮੈਂ ਸ਼੍ਰੀ ਚੰਦਰਿਕਾ ਪ੍ਰਸਾਦ ਸੰਤੋਖੀ ਨੂੰ ਵਧਾਈ ਦਿੰਦਾ ਹਾਂ ਅਤੇ ਆਪਣੀ ਰਾਸ਼ਟਰ ਦੀ ਸੇਵਾ ਕਰਨ ਲਈ 130 ਕਰੋੜ ਭਾਰਤੀਆਂ ਵੱਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਇਸ ਸਮੇਂ ਬਾਰਿਸ਼ ਦਾ ਮੌਸਮ ਵੀ ਹੈ। ਪਿਛਲੀ ਵਾਰ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਬਰਸਾਤ ਵਿੱਚ ਗੰਦਗੀ ਅਤੇ ਉਸ ਨਾਲ ਹੋਣ ਵਾਲੀ ਬਿਮਾਰੀ ਦਾ ਖ਼ਤਰਾ ਵਧ ਜਾਂਦਾ ਹੈ। ਹਸਪਤਾਲਾਂ ਵਿੱਚ ਭੀੜ ਵੀ ਵਧ ਜਾਂਦੀ ਹੈ। ਇਸ ਲਈ ਤੁਸੀਂ ਸਾਫ-ਸਫਾਈ ਦਾ ਬਹੁਤ ਜ਼ਿਆਦਾ ਧਿਆਨ ਦਿਓ। Immunity ਵਧਾਉਣ ਵਾਲੀਆਂ ਚੀਜ਼ਾਂ ਆਯੁਰਵੈਦਿਕ ਕਾਹੜਾ ਵਗੈਰਾ ਲੈਂਦੇ ਰਹੋ। ਕੋਰੋਨਾ ਸੰਕਰਮਣ ਦੇ ਸਮੇਂ ਵਿੱਚ ਅਸੀਂ ਹੋਰ ਬਿਮਾਰੀਆਂ ਤੋਂ ਦੂਰ ਰਹੀਏ। ਸਾਨੂੰ ਹਸਪਤਾਲਾਂ ਦੇ ਚੱਕਰ ਨਾ ਲਗਾਉਣੇ ਪੈਣ, ਇਸ ਦਾ ਪੂਰਾ ਧਿਆਨ ਰੱਖਣਾ ਹੋਵੇਗਾ।
ਸਾਥੀਓ, ਬਾਰਿਸ਼ ਦੇ ਮੌਸਮ ਵਿੱਚ ਦੇਸ਼ ਦਾ ਇਕ ਵੱਡਾ ਹਿੱਸਾ ਹੜ੍ਹ ਨਾਲ ਵੀ ਜੂਝ ਰਿਹਾ ਹੈ। ਬਿਹਾਰ, ਅਸਾਮ ਵਰਗੇ ਰਾਜਾਂ ਦੇ ਕਈ ਖੇਤਰਾਂ ਵਿੱਚ ਤਾਂ ਹੜ੍ਹ ਨੇ ਕਾਫੀ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ। ਯਾਨੀ ਇਕ ਪਾਸੇ ਕੋਰੋਨਾ ਹੈ ਤਾਂ ਦੂਸਰੇ ਪਾਸੇ ਇਹ ਇਕ ਹੋਰ ਚੁਣੌਤੀ ਹੈ। ਅਜਿਹੇ ਵਿੱਚ ਸਾਰੀਆਂ ਸਰਕਾਰਾਂ ਐਨ. ਡੀ. ਆਰ. ਐਫ. ਦੀਆਂ ਟੀਮਾਂ, ਰਾਜ ਦੀਆਂ ਆਪਦਾ ਨਿਯੰਤਰਣ ਟੀਮਾ, ਸਵੈਸੇਵੀ ਸੰਸਥਾਵਾਂ, ਸਾਰੇ ਇਕੱਠੇ ਮਿਲ ਕੇ ਜੁਟੇ ਹੋਏ ਹਨ। ਹਰ ਤਰ੍ਹਾਂ ਨਾਲ ਰਾਹਤ ਅਤੇ ਬਚਾਓ ਦੇ ਕੰਮ ਕਰ ਰਹੇ ਹਨ। ਇਸ ਆਫ਼ਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਪੂਰਾ ਦੇਸ਼ ਖੜ੍ਹਾ ਹੈ।
ਸਾਥੀਓ, ਅਗਲੀ ਵਾਰੀ ਜਦੋਂ ਆਪਾਂ ‘ਮਨ ਕੀ ਬਾਤ’ ਵਿੱਚ ਮਿਲਾਂਗੇ, ਉਸ ਤੋਂ ਪਹਿਲਾਂ ਹੀ 15 ਅਗਸਤ ਵੀ ਆਉਣ ਵਾਲਾ ਹੈ। ਇਸ ਵਾਰੀ 15 ਅਗਸਤ ਵੀ ਵੱਖਰੇ ਹਾਲਾਤ ਵਿੱਚ ਹੋਵੇਗਾ - ਕੋਰੋਨਾ ਮਹਾਮਾਰੀ ਦੀ ਇਸ ਆਫ਼ਤ ਵਿੱਚ ਹੋਵੇਗਾ।
ਮੇਰਾ ਆਪਣੇ ਨੌਜਵਾਨਾਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਅਨੁਰੋਧ ਹੈ ਕਿ ਅਸੀਂ ਆਜ਼ਾਦੀ ਦਿਵਸ ’ਤੇ ਮਹਾਮਾਰੀ ਤੋਂ ਆਜ਼ਾਦੀ ਦਾ ਸੰਕਲਪ ਲਈਏ। ਆਤਮ-ਨਿਰਭਰ ਭਾਰਤ ਦਾ ਸੰਕਲਪ ਲਈਏ। ਕੁਝ ਨਵਾਂ ਸਿੱਖਣ ਅਤੇ ਸਿਖਾਉਂਣ ਦਾ ਸੰਕਲਪ ਲਈਏ। ਆਪਣੇ ਫ਼ਰਜ਼ਾਂ ਦੇ ਪਾਲਣ ਦਾ ਸੰਕਲਪ ਲਈਏ। ਸਾਡਾ ਦੇਸ਼ ਅੱਜ ਜਿਸ ਉਚਾਈ ’ਤੇ ਹੈ, ਉਹ ਕਈ ਅਜਿਹੀਆਂ ਮਹਾਨ ਸ਼ਖਸੀਅਤਾਂ ਦੀ ਤਪੱਸਿਆ ਦੀ ਵਜ੍ਹਾ ਨਾਲ ਹੈ, ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਮਹਾਨ ਸ਼ਖਸੀਅਤਾਂ ਵਿੱਚੋਂ ਇਕ ਹੈ ‘ਲੋਕਮਾਨਯ ਤਿਲਕ’। 1 ਅਗਸਤ 2020 ਨੂੰ ਲੋਕਮਾਨਯ ਤਿਲਕ ਜੀ ਦੀ 100ਵੀਂ ਬਰਸੀ ਹੈ। ਲੋਕਮਾਨਯ ਤਿਲਕ ਜੀ ਦਾ ਜੀਵਨ ਸਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਿਖਾਉਂਦਾ ਹੈ।
ਅਗਲੀ ਵਾਰ ਜਦੋਂ ਅਸੀਂ ਮਿਲਾਂਗੇ ਤਾਂ ਫਿਰ ਢੇਰ ਸਾਰੀਆਂ ਗੱਲਾਂ ਕਰਾਂਗੇ, ਮਿਲ ਕੇ ਕੁਝ ਨਵਾਂ ਸਿੱਖਾਂਗੇ ਅਤੇ ਸਾਰਿਆਂ ਨਾਲ ਸਾਂਝਾ ਕਰਾਂਗੇ। ਹੁਣ ਤੁਸੀਂ ਆਪਣਾ ਖਿਆਲ ਰੱਖੋ ਅਤੇ ਸਵਸਥ ਰਹੋ। ਸਾਰੇ ਦੇਸ਼ਵਾਸੀਆਂ ਨੂੰ ਆਉਣ ਵਾਲੇ ਸਾਰੇ ਤਿਓਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
*****
ਵੀਆਰਆਰਕੇ/ਕੇਪੀ
(Release ID: 1641341)
Visitor Counter : 288
Read this release in:
Hindi
,
Telugu
,
Urdu
,
Assamese
,
Manipuri
,
English
,
Marathi
,
Bengali
,
Gujarati
,
Odia
,
Tamil
,
Kannada
,
Malayalam