ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡੀਐੱਸਟੀ ਨੇ ਭਾਰਤ-ਰੂਸ ਸਹਿਯੋਗ ਸੰਯੁਕਤ ਖੋਜ ਤੇ ਵਿਕਾਸ ਅਤੇ ਇੱਕ-ਦੂਜੇ ਦੇਸ਼ ਦੀ ਟੈਕਨੋਲੋਜੀ ਅਪਣਾਉਣ ਲਈ 15 ਕਰੋੜ ਰੁਪਏ ਦਾ ਫੰਡ ਲਾਂਚ ਕੀਤਾ
Posted On:
24 JUL 2020 12:14PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਭਾਰਤੀ ਵਣਜ ਅਤੇ ਉਦਯੋਗ ਮਹਾਸੰਘ (ਫਿੱਕੀ) ਅਤੇ ਰੂਸ ਦੇ ਲਘੂ ਨਵੇਂ ਉਦਯੋਗਾਂ ਦੀ ਸਹਾਇਤਾ ਲਈ ਫਾਊਂਡੇਸ਼ਨ (ਐੱਫਏਐੱਸਆਈਈ) ਦੀ ਸਾਂਝੇਦਾਰੀ ਨਾਲ ਭਾਰਤ-ਰੂਸ ਸੰਯੁਕਤ ਟੈਕਨੋਲੋਜੀ ਆਕਲਨ ਅਤੇ ਤੇਜ਼ ਕਮਰਸ਼ਲਾਈਜ਼ੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ ਵਿਗਿਆਨ ਅਤੇ ਟੈਕਨੋਲੋਜੀ (ਐੱਸਐੱਡਟੀ) ਨਾਲ ਸੰਚਾਲਿਤ ਭਾਰਤੀ ਅਤੇ ਰੂਸੀ ਐੱਸਐੱਮਈ ਅਤੇ ਸਟਾਰਟ-ਅੱਪ ਨੂੰ ਟੈਕਨੋਲੋਜੀ ਵਿਕਾਸ ਲਈ ਅਤੇ ਇੱਕ-ਦੂਜੇ ਦੇਸ਼ ਦੀ ਟੈਕਨੋਲੋਜੀ ਨੂੰ ਅਪਣਾਉਣ ਲਈ ਸੰਯੁਕਤ ਖੋਜ ਅਤੇ ਵਿਕਾਸ ਲਈ ਜੋੜੇਗਾ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ 23 ਜੁਲਾਈ, 2020 ਨੂੰ ਇੱਥੇ ਲਾਂਚ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਰੂਸ ਦਰਮਿਆਨ ਲੰਬੇ ਸਮੇਂ ਤੋਂ ਦੁਵੱਲਾ ਵਿਗਿਆਨਿਕ ਸਹਿਯੋਗ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ - ਰੂਸ ਸੰਯੁਕਤ ਟੈਕਨੋਲੋਜੀ ਆਕਲਨ ਅਤੇ ਤੇਜ਼ ਕਮਰਸ਼ਲਾਈਜ਼ੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਦੋਹਾਂ ਦੇਸ਼ਾਂ ਦਰਮਿਆਨ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਟਿਵ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਇਹ ਪਹਿਲ ਬਹੁਤ ਹੀ ਸਮੇਂ ਸਿਰ ਹੈ, ਜਿਸ ਵਿੱਚ ਅਸੀਂ ਉਸੇ ਤਰ੍ਹਾਂ ਦੀਆਂ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਲਈ ਸੰਯੁਕਤ ਬੌਧਿਕ ਅਤੇ ਵਿੱਤੀ ਸੰਸਾਧਨਾਂ ਦਾ ਲਾਭ ਉਠਾ ਸਕਦੇ ਹਾਂ ਜੋ ਕੱਲ੍ਹ ਲਈ ਸਮਾਧਾਨ ਪ੍ਰਦਾਨ ਕਰਨਗੇ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਵੱਡੀ ਸਫ਼ਲਤਾ ਦੀ ਕਾਮਨਾ ਕੀਤੀ ਹੈ।
ਰੂਸ ਵਿੱਚ ਭਾਰਤੀ ਰਾਜਦੂਤ ਸ਼੍ਰੀ ਡੀ ਬੀ ਵੇਂਕਟੇਸ਼ ਵਰਮਾ ਨੇ ਕਿਹਾ ਕਿ ਭਾਰਤ ਦੇ ਪਾਸ ਦੁਨੀਆ ਦੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮਾਂ ਵਿੱਚੋਂ ਇੱਕ ਹੈ ਅਤੇ ਇਨ੍ਹਾਂ ਦੀ ਵੱਡੀ ਸੰਖਿਆ ਦੇਸ਼ ਦੀ ਜ਼ਬਰਦਸਤ ਪ੍ਰਤਿਭਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਤੇ ਟੈਕਨੋਲੋਜੀ ਵਾਲੇ ਇਨੋਵੇਸ਼ਨ ਅਤੇ ਉੱਤਮਤਾ ਦੋਹਾਂ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ਹਨ ਅਤੇ ਇਹ ਏਜੰਡੇ ’ਤੇ ਇੱਕ ਮਹੱਤਵਪੂਰਨ ਬਿੰਦੂ ਹੋਵੇਗਾ ਕਿਉਂਕਿ ਇਸ ਸਾਲ ਦੇ ਅੰਤ ਵਿੱਚ ਭਾਰਤ ਦੀ ਯਾਤਰਾ ’ਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤੀਨ ਆ ਰਹੇ ਹਨ। ਸ਼੍ਰੀ ਡੀ ਬੀ ਵੇਂਕਟੇਸ਼ ਵਰਮਾ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਵਿਗਿਆਨੀ ਸਹਿਯੋਗ ਦਾ ਇਤਿਹਾਸ ਰਿਹਾ ਹੈ ਅਤੇ ਇਸ ਪਹਿਲ ਦੇ ਨਾਲ ਅਸੀਂ ਕਮਰਸ਼ਲਾਈਜ਼ੇਸ਼ਨ ਦੀ ਦਿਸ਼ਾ ਵਿੱਚ ਅਗਲਾ ਕਦਮ ਉਠਾਉਣ ਜਾ ਰਹੇ ਹਨ।
ਰੂਸ ਦੇ ਲਘੂ ਨਵੇਂ ਉਦਯੋਗਾਂ ਦੀ ਸਹਾਇਤਾ ਲਈ ਫਾਊਂਡੇਸ਼ਨ (ਐੱਫਏਐੱਸਆਈਈ) ਦੇ ਜਨਰਲ ਡਾਇਰੈਕਟਰ ਸ਼੍ਰੀ ਸਰਗੇਈ ਪਾਲਿਅਕੋਵ ਨੇ ਕਿਹਾ ਕਿ ਅਸੀਂ ਭਾਰਤ-ਰੂਸ ਸੰਯੁਕਤ ਟੈਕਨੋਲੋਜੀ ਆਕਲਨ ਅਤੇ ਤੇਜ਼ ਕਮਰਸ਼ਲਾਈਜ਼ੇਸ਼ਨ ਪ੍ਰੋਗਰਾਮ ਸ਼ੁਰੂ ਕਰ ਕੇ ਬੇਹੱਦ ਖੁਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਵੱਡੇ ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਉੱਦਮਸ਼ੀਲਤਾ ਈਕੋਸਿਸਟਮ ਵਿੱਚ ਭਾਰਤ ਦੇ ਗਿਆਨ ਅਤੇ ਮਾਹਰਤਾ ਤੋਂ ਜਾਣੂ ਹਾਂ ਅਤੇ ਇਸ ਪ੍ਰੋਗਰਾਮ ਵਿੱਚ ਭਾਰਤ ਦੇ ਨਾਲ ਭਾਗੀਦਾਰੀ ਕਰਨ ਲਈ ਅਸੀਂ ਬੇਹੱਦ ਉਤਸ਼ਾਹਿਤ ਹਨ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਜ਼ਰੀਏ ਲਾਭਕਾਰੀ ਇਨੋਵੇਸ਼ਨਾਂ ਅਤੇ ਟੈਕਨੋਲੋਜੀਆਂ ਨਾਲ ਸਾਨੂੰ ਨਵੀਆਂ ਸਧਾਰਣ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨਾਲ ਨਿਪਟਣ ਵਿੱਚ ਕਾਫ਼ੀ ਮਦਦ ਮਿਲੇਗੀ।
ਭਾਰਤੀ ਵਣਜ ਅਤੇ ਉਦਯੋਗ ਮਹਾਸੰਘ (ਫਿੱਕੀ) ਦੇ ਜਨਰਲ ਸਕੱਤਰ ਸ਼੍ਰੀ ਦਲੀਪ ਚੇਨੋਏ ਨੇ ਕਿਹਾ ਕਿ ਭਾਰਤ-ਰੂਸ ਸੰਯੁਕਤ ਟੈਕਨੋਲੋਜੀ ਆਕਲਨ ਅਤੇ ਤੇਜ਼ ਕਮਰਸ਼ਲਾਈਜ਼ੇਸ਼ਨ ਪ੍ਰੋਗਰਾਮ ਦੀ ਅੱਜ ਇਹ ਸ਼ੁਰੂਆਤ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਦੋਹਾਂ ਦੇਸ਼ਾਂ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਵਿਗਿਆਨ ਅਤੇ ਟੈਕਨੋਲੋਜੀ (ਐੱਸਐੱਡਟੀ) ਤੋਂ ਸੰਚਾਲਿਤ ਭਾਰਤੀ ਅਤੇ ਰੂਸੀ ਐੱਸਐੱਮਈ ਅਤੇ ਸਟਾਰਟ-ਅੱਪ ਲਈ ਇੱਕ ਈਕੋਸਿਸਟਮ ਬਣਾਇਆ ਜਾਵੇਗਾ ਜਿਸ ਵਿੱਚ ਸਾਰੇ ਮਿਲ ਕੇ ਨਵੇਂ ਟੈਕਨੋਲੋਜੀ ਸਮਾਧਾਨ ਵਿਕਸਿਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਪ੍ਰੋਗਰਾਮ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿਉਂਕਿ ਅਸੀਂ ਪੂਰੀ ਤਰ੍ਹਾਂ ਭਰੋਸੇਯੋਗ ਹਾਂ ਕਿ ਇਸ ਤਰ੍ਹਾਂ ਦੇ ਸਹਿਯੋਗ ਸਥਾਈ ਵਿਕਾਸ ਵੱਲ ਮੋਹਰੀ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਵਿੱਚ ਜਾਨ ਪਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਮਦਦ ਕਰਨਗੇ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਸਲਾਹਕਾਰ ਅਤੇ ਪ੍ਰਮੁੱਖ ਸ਼੍ਰੀ ਐੱਸਕੇ ਵਾਰਸ਼ਣੇ ਨੇ ਕਿਹਾ ਕਿ ਦੋਵੇਂ ਦੇਸ਼ ਕਈ ਦਹਾਕਿਆਂ ਤੋਂ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿਸ ਦੇ ਨਤੀਜੇ ਵਜੋਂ ਗਿਆਨ ਸਿਰਜਣ, ਆਦਰਸ਼ ਵਿਕਾਸ ਅਤੇ ਸੰਸਥਾਨ ਦਾ ਨਿਰਮਾਣ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਗਿਆਨ ਨੂੰ ਉਤਪਾਦਾਂ ਵਿੱਚ ਪਰਿਵਰਤਿਤ ਕਰਨ ਦੀ ਜ਼ਰੂਰਤ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਭਾਰਤ ਅਤੇ ਰੂਸ ਦੇ ਵਿਗਿਆਨੀ ਤੇ ਪ੍ਰੋਡਕਸ਼ਨ ਹਾਊਸਜ਼, ਖੋਜਕਾਰਾਂ ਅਤੇ ਉੱਦਮੀਆਂ ਨੂੰ ਨਾ ਸਿਰਫ਼ ਦੋਹਾਂ ਦੇਸ਼ਾਂ ਦੇ ਬਲਕਿ ਵਿਸ਼ਵ ਪੱਧਰ ’ਤੇ ਸਮਾਜਿਕ ਚੁਣੌਤੀਆਂ ਨਾਲ ਨਿਪਟਣ ਵਿੱਚ ਮਦਦ ਮਿਲੇਗੀ।
ਇਹ ਪ੍ਰੋਗਰਾਮ ਦੋ ਸਲਾਨਾ ਚੱਕਰਾਂ ਜ਼ਰੀਏ ਚਲੇਗਾ ਜਿਸ ਵਿੱਚ ਹਰੇਕ ਚੱਕਰ ਦੇ ਤਹਿਤ ਪੰਜ ਪ੍ਰੋਜੈਕਟਾਂ ਨੂੰ ਵਿੱਤ ਪੋਸ਼ਿਤ ਕੀਤਾ ਜਾਵੇਗਾ। ਇਸ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਕੇਂਦ੍ਰਿਤ ਪ੍ਰੋਜੈਕਟ ਚਲਣਗੇ ਜਿਨ੍ਹਾਂ ਵਿੱਚ ਆਈਟੀ ਅਤੇ ਆਈਸੀਟੀ (ਏਆਈ, ਏਆਰ, ਵੀਆਰ ਸਹਿਤ), ਮੈਡੀਸਿਨ ਐਂਡ ਫਾਰਮਾਸਿਊਟਿਕਲਸ, ਅਖੁੱਟ ਊਰਜਾ, ਏਅਰੋਸਪੇਸ, ਵੈਕਲਪਿਕ ਟੈਕਨੋਲੋਜੀ, ਵਾਤਾਵਰਣ, ਨਵੀਂ ਸਮੱਗਰੀ, ਜੈਵ ਟੈਕਨੋਲੋਜੀ, ਰੋਬੋਟਿਕਸ ਅਤੇ ਡਰੋਨ ਸ਼ਾਮਲ ਹਨ, ਲੇਕਿਨ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਤਰਫੋਂ ਦੇਸ਼ ਵਿੱਚ ਇਸ ਪ੍ਰੋਗਰਾਮ ਦਾ ਲਾਗੂਕਰਨ ਫਿੱਕੀ ਕਰੇਗਾ।
ਦੋ ਸਾਲ ਦੀ ਮਿਆਦ ਵਿੱਚ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦਸ ਭਾਰਤੀ ਐੱਸਐੱਮਈ/ ਸਟਾਰਟ - ਅੱਪ ਨੂੰ 15 ਕਰੋੜ ਰੁਪਏ ਤੱਕ ਦਾ ਫੰਡ ਦੇਵੇਗਾ ਅਤੇ ਰੂਸ ਦੇ ਲਘੂ ਨਵੇਂ ਉਦਯੋਗਾਂ ਦੀ ਸਹਾਇਤਾ ਲਈ ਫਾਊਂਡੇਸ਼ਨ (ਐੱਫਏਐੱਸਆਈਈ) ਵੀ ਰੂਸੀ ਪ੍ਰੋਜੈਕਟਾਂ ਨੂੰ ਇੰਨ੍ਹਾਂ ਹੀ ਪੈਸਾ ਉਪਲੱਬਧ ਕਰਾਵੇਗਾ। ਇਸ ਪ੍ਰੋਗਰਾਮ ਦੇ ਤਹਿਤ ਭਾਰਤ ਤੋਂ ਘੱਟ ਤੋਂ ਘੱਟ ਇੱਕ ਸਟਾਰਟ-ਅੱਪ / ਐੱਸਐੱਮਈ ਅਤੇ ਰੂਸ ਤੋਂ ਇੱਕ ਐੱਸਐੱਮਈ ਦੀ ਭਾਗੀਦਾਰੀ ਦੇ ਨਾਲ ਸੰਯੁਕਤ ਰੂਪ ਨਾਲ ਚੁਣੇ ਪ੍ਰੋਜੈਕਟਾਂ ਲਈ ਆਂਸ਼ਿਕ ਜਨਤਕ ਧਨ ਤੱਕ ਪਹੁੰਚ ਪ੍ਰਦਾਨ ਕਰਵਾਈ ਜਾਵੇਗੀ। ਚੁਣੇ ਪ੍ਰੋਜੈਕਟਾਂ ਨੂੰ ਆਂਸ਼ਿਕ ਪੈਸੇ ਦੇ ਨਾਲ-ਨਾਲ ਖ਼ੁਦ ਦੇ ਧਨ ਜਾਂ ਧਨ ਦੇ ਵੈਕਲਪਿਕ ਸਰੋਤਾਂ ਜ਼ਰੀਏ ਖਰਚ ਵਹਨ ਕਰਨ ਦੀ ਜ਼ਰੂਰਤ ਹੋਵੇਗੀ। ਵਿੱਤੀ ਸਹਾਇਤਾ ਦੇ ਇਲਾਵਾ, ਟੀਮਾਂ ਨੂੰ ਸਮਰੱਥਾ ਨਿਰਮਾਣ, ਸੰਭਾਲ਼ ਅਤੇ ਕਮਰਸ਼ੀਅਲ ਵਿਕਾਸ ਜ਼ਰੀਏ ਵੀ ਮਦਦ ਦਿੱਤੀ ਜਾਵੇਗੀ।
ਪ੍ਰੋਗਰਾਮ ਲਈ ਦੋ ਵਿਆਪਕ ਸ਼੍ਰੋਣੀਆਂ ਅਰਥਾਤ ਸੰਯੁਕਤ ਭਾਗੀਦਾਰੀ ਪ੍ਰੋਜੈਕਟਾਂ ਅਤੇ ਟੈਕਨੋਲੋਜੀ ਤਬਾਦਲਾ /ਅਨੁਕੂਲਨ ਦੇ ਤਹਿਤ ਐਪਲੀਕੇਸ਼ਨਾਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ। ਕਾਲ ਦੇ ਪਹਿਲੇ ਦੌਰ ਲਈ ਆਵੇਦਨ ਕਰਨ ਦੀ ਅੰਤਿਮ ਮਿਤੀ 30 ਸਤੰਬਰ, 2020 ਹੈ। ਇਸ ਉਦੇਸ਼ ਲਈ ਇੱਕ ਸਮਰਪਿਤ ਪੋਰਟਲ www.indiarussiainnovate.org ਵਿਕਸਿਤ ਕੀਤਾ ਗਿਆ ਹੈ।


*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1641222)