ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਕੇਂਦਰੀ ਫ਼ੂਡ ਪ੍ਰੋਸੈੱਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮਿਜ਼ੋਰਮ ਵਿੱਚ ਜ਼ੋਰਮ ਮੈਗਾ ਫ਼ੂਡ ਪਾਰਕ ਦਾ ਈ–ਉਦਘਾਟਨ ਕੀਤਾ

ਡਾ. ਜਿਤੇਂਦਰ ਸਿੰਘ ਨੇ ਕਿਹਾ, ਫ਼ੂਡ ਪਾਰਕ ਇਸ ਖੇਤਰ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਕਰੇਗਾ ਅਤੇ ਨੌਜਵਾਨਾਂ ਨੂੰ ਲਾਹੇਵੰਦ ਰੋਜ਼ਗਾਰ ਮੁਹੱਈਆ ਕਰਵਾਏਗਾ


ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਉੱਤਰ–ਪੂਰਬੀ ਖੇਤਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਾਸ ਏਜੰਡੇ ਅਨੁਸਾਰ ਅੱਗੇ ਵਧਣ ਲਈ ਪ੍ਰਤੀਬੱਧ ਹੈ: ਡਾ. ਜਿਤੇਂਦਰ ਸਿੰਘ

Posted On: 20 JUL 2020 3:46PM by PIB Chandigarh

ਭਾਰਤ ਸਰਕਾਰ ਵਿੱਚ ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਰਚੁਅਲ ਕਾਨਫ਼ਰੰਸ ਜ਼ਰੀਏ ਮਿਜ਼ੋਰਮ ਵਿੱਚ ਕੋਲਾਸਿਬ ਵਿਖੇ ਜ਼ੋਰਮ ਮੈਗਾ ਫ਼ੂਡ ਪਾਰਕ ਲਿਮਿਟਿਡ ਦਾ ਉਦਘਾਟਨ ਕੀਤਾ। ਇਹ ਫ਼ੂਡ ਪਾਰਕ 75 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ 55 ਏਕੜ ਰਕਬੇ ਵਿੱਚ ਫੈਲੇ ਇਸ ਫ਼ੂਡ ਪਾਰਕ ਤੋਂ ਇਸ ਖੇਤਰ ਦੇ 25,000 ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ ਅਤੇ ਇਸ ਖੇਤਰ ਦੇ 5,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ। ਸ਼੍ਰੀਮਤੀ ਬਾਦਲ ਨੇ ਫ਼ੂਡ ਪਾਰਕ ਦੇ ਉਦਘਾਟਨ ਨੂੰ ਇਸ ਖੇਤਰ ਲਈ ਇੱਕ ਨਵੀਂ ਸਵੇਰ ਕਰਾਰ ਦਿੰਦਿਆਂ ਕਿਹਾ ਕਿ ਇਹ ਲੰਬੇ ਸਮੇਂ ਤੱਕ ਇੱਕ ਆਤਮਨਿਰਭਰ ਭਾਰਤਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਪਨਾ ਸਾਕਾਰ ਕਰੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਸਾਲਾਂ ਵਿੱਚ 1,000 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਉੱਤਰਪੂਰਬੀ ਖੇਤਰ ਲਈ ਮਿਜ਼ੋਰਮ 7 ਸਮੇਤ 88 ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਤੋਂ 3 ਲੱਖ ਕਿਸਾਨਾਂ ਨੂੰ ਸਿੱਧਾ ਲਾਭ ਪੁੱਜੇਗਾ ਅਤੇ ਇਸ ਖੇਤਰ ਦੇ 50,000 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ।

 

 

ਵਿਸ਼ੇਸ਼ ਮਹਿਮਾਨ ਅਤੇ ਕੇਂਦਰੀ ਉੱਤਰਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 6 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰਪੂਰਬੀ ਖੇਤਰ ਨੂੰ ਉੱਚਤਮ ਤਰਜੀਹ ਦਿੱਤੀ ਹੈ ਅਤੇ ਇਸ ਖੇਤਰ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਵੱਲ ਬਰੀਕੀ ਨਾਲ ਧਿਆਨ ਦਿੰਦਿਆਂ ਕਾਰਜਸੱਭਿਆਚਾਰ ਨੂੰ ਤਬਦੀਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2014 ’ਚ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਛੇਤੀ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉੱਤਰਪੂਰਬੀ ਖੇਤਰ ਨੂੰ ਦੇਸ਼ ਦੇ ਹੋਰ ਵਿਕਸਤ ਖੇਤਰਾਂ ਦੇ ਬਰਾਬਰ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਦਸੰਬਰ 2017 ’ਚ ਖ਼ੁਦ ਮਿਜ਼ੋਰਮ ਵਿਖੇ 60 ਮੈਗਾਵਾਟ ਤੁਰੀਅਲ (Tuirial) ਪਣਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ ਇਸ ਨੂੰ ਉੱਤਰਪੂਰਬ ਵਿੱਚ ਸਿੱਕਿਮ ਅਤੇ ਤ੍ਰਿਪੁਰਾ ਤੋਂ ਬਾਅਦ ਤੀਜਾ ਵਾਧੂ ਬਿਜਲੀ ਵਾਲਾ ਰਾਜ ਬਣਾਇਆ ਸੀ। ਉਨ੍ਹਾਂ ਕਿਹਾ ਕਿ ਉੱਤਰਪੂਰਬੀ ਖੇਤਰ ਦੇ ਸਮੁੱਚੇ ਵਿਕਾਸ ਲਈ ਮੋਦੀ ਸਰਕਾਰ ਦੀ ਇੱਛਾ, ਪ੍ਰਤੀਬੱਧਤਾ ਅਤੇ ਸੁਹਿਰਦਤਾ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਉੱਤਰਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਵੀ ਇਸੇ ਟੀਚੇ ਅਤੇ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਭਾਰਤ ਨੂੰ ਉੱਤਰਪੂਰਬ ਦੇ ਨੇੜੇ ਲਿਆਉਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਛੋਟੇ ਰਾਜਾਂ ਦੇ ਅਮੀਰ ਤੇ ਵਿਭਿੰਨਤਾਭਰਪੂਰ ਸੱਭਿਆਚਾਰਕ ਅਨੁਭਵਾਂ ਤੋਂ ਸਿੱਖਣ ਨੂੰ ਬਹੁਤ ਕੁਝ ਹੈ।

ਜ਼ੋਰਮ ਮੈਗਾ ਫ਼ੂਡ ਪਾਰਕ ਦੇ ਉਦਘਾਟਨ ਦੀ ਸ਼ਲਾਘਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਚੋਲਿਆਂ ਨੂੰ ਲਾਂਭੇ ਕਰਨ ਨਾਲ ਇਸ ਖੇਤਰ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਮਿਲੇਗੀ। ਕਿਸੇ ਪ੍ਰੋਸੈੱਸਿੰਗ ਇਕਾਈ ਦੀ ਅਣਹੋਂਦ ਕਾਰਣ ਹੁਣ ਤੱਕ ਫਲਾਂ ਦੀ ਹੁੰਦੀ ਰਹੀ 40% ਬਰਬਾਦੀ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਫਲਾਂ ਦੀਆਂ ਭਰਪੂਰ ਅਤੇ ਵਧੀਆ ਕਿਸਮਾਂ ਦੇ ਫਲ ਭਾਰਤ ਦੇ ਵੱਡੇ ਮੈਟਰੋ ਸ਼ਹਿਰਾਂ ਵਿੱਚ ਸ਼ੁੱਧ ਪੈਕੇਜਡ ਜੂਸ ਵਜੋਂ ਵੀ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉੱਤਰਪੂਰਬੀ ਖੇਤਰ ਵਿੱਚ ਖੇਤੀਬਾੜੀ ਅਤੇ ਬਾਗ਼ਬਾਨੀ ਉਤਪਾਦਾਂ ਦੀ ਬਹੁਤਾਤ ਹੋਣ ਕਾਰਣ ਇਸ ਦੇ ਵਿਸ਼ਵ ਦਾ ਆਰਗੈਨਿਕ ਟਿਕਾਣਾ ਬਣਨ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ ਸਿੱਕਿਮ ਨੂੰ ਪਹਿਲਾਂ ਹੀ ਇੱਕ ਆਰਗੈਨਿਕ ਰਾਜ ਐਲਾਨਿਆ ਜਾ ਚੁੱਕਾ ਹੈ।

 

 

ਡਾ. ਜਿਤੇਂਦਰ ਸਿੰਘ ਨੇ ਕੇਰਲ ਤੋਂ ਬਾਅਦ ਦੂਜੇ ਨੰਬਰ ਉੱਤੇ ਮੌਜੂਦ ਮਿਜ਼ੋਰਮ ਦੀ ਲਗਭਗ 96 ਪ੍ਰਤੀਸ਼ਤ ਉੱਚ ਸਾਖਰਤਾ ਦਰ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇਸ਼ਧਰੋਹੀਆਂ ਅਤੇ ਨਸ਼ਿਆਂ ਦੀ ਸਮੱਸਿਆ ਤੋਂ ਰਾਜ ਨੂੰ ਮੁਕਤ ਕਰਨ ਲਈ ਮਿਜ਼ੋਰਮ ਦੇ ਉੱਚ ਅਨੁਸ਼ਾਸਨੀ ਸੱਭਿਆਚਾਰ ਦੀ ਵੀ ਤਾਰੀਫ਼ ਕੀਤੀ; ਇਸ ਲਈ ਸਮੁੱਚੇ ਸ਼ਹਿਰੀ ਸਮਾਜ ਅਤੇ ਧਾਰਮਿਕ ਸੰਗਠਨਾਂ ਨੇ ਮਿਲ ਕੇ ਕੰਮ ਕੀਤਾ ਸੀ। ਮੰਤਰੀ ਨੇ ਤੀਜੇ ਲੌਕਡਾਊਨ ਤੱਕ ਮਿਜ਼ੋਰਮ ਦੇ ਕੋਰੋਨਾਮੁਕਤ ਰਹਿਣ ਦੀ ਵੀ ਸ਼ਲਾਘਾ ਕੀਤੀ, ਉਸ ਤੋਂ ਬਾਅਦ ਕੁਝ ਲੋਕਾਂ ਦੀ ਆਵਾਜਾਈ ਹੋਈ ਅਤੇ ਕੁਝ ਮਾਮਲੇ ਸਾਹਮਣੇ ਆਏ। ਉਨ੍ਹਾਂ ਆਸ ਪ੍ਰਗਟਾਈ ਕਿ ਉੱਤਰਪੂਰਬੀ ਖੇਤਰ ਕੋਵਿਡ ਤੋਂ ਬਾਅਦ ਦੇ ਜੁੱਗ ਵਿੱਚ ਆਪਣੇ ਵਿਸ਼ਾਲ ਕੁਦਰਤੀ ਤੇ ਮਨੁੱਖੀ ਹੁਨਰ ਦੇ ਵਸੀਲਿਆਂ ਨਾਲ ਇੱਕ ਆਰਥਿਕ ਸ਼ਕਤੀ ਵਜੋਂ ਉੱਭਰਨ ਵਿੱਚ ਭਾਰਤ ਦੀ ਅਗਵਾਈ ਕਰੇਗਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ 54 ਨੇੜੇ ਸਥਿਤ ਜ਼ੋਰਮ ਮੈਗਾ ਫ਼ੂਡ ਪਾਰਕ ਦੀਆਂ ਟ੍ਰਾਂਸਪੋਰਟੇਸ਼ਨ ਦੀਆਂ ਔਕੜਾਂ ਦੂਰ ਕਰਨ ਵਿੱਚ ਵੀ ਮਦਦ ਮਿਲੇਗੀ ਅਤੇ ਇਹ ਛੇਤੀ ਹੀ ਇਸ ਖੇਤਰ ਵਿੱਚ ਤਿਆਰ ਹੋਣ ਤੇ ਉੱਗਣ ਵਾਲੇ ਵਧੀਆ ਕਿਸਮ ਦੇ ਭੋਜਨਾਂ, ਮਸਾਲਿਆਂ, ਫਲਾਂ ਤੇ ਸਬਜ਼ੀਆਂ ਨੂੰ ਭੰਡਾਰ ਕਰ ਕੇ ਰੱਖਣ ਅਤੇ ਉਨ੍ਹਾਂ ਦੀ ਪ੍ਰੋਸੈੱਸਿੰਗ ਕਰਨ ਵਿੱਚ ਇੱਕ ਵੱਡਾ ਮੀਲਪੱਥਰ ਬਣੇਗਾ।

 

ਫ਼ੂਡ ਪ੍ਰੋਸੈੱਸਿੰਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਸ਼੍ਰੀ ਨਰੇਂਦਰ ਮੋਦੀ ਸਰਕਾਰ ਨੇ 37 ਮੈਗਾ ਫ਼ੂਡ ਪਾਰਕਾਂ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਉਨ੍ਹਾਂ ਵਿੱਚੋਂ 18 ਪਹਿਲਾਂ ਹੀ ਚਲ ਰਹੇ ਹਨ।

 

ਮਿਜ਼ੋਰਮ ਦੇ ਵਣਜ ਅਤੇ ਉਦਯੋਗ ਮੰਤਰੀ ਡਾ. ਆਰ. ਲਲਥੰਗਲਿਆਨਾ, ਬਿਜਲੀ ਮੰਤਰੀ ਆਰ. ਲਾਲ ਜ਼ਿਰਲਿਆਨਾ ਅਤੇ ਲੋਕ ਸਭਾ ਮੈਂਬਰ ਸੀ. ਲਲਰੋਸੰਗਾ ਅਤੇ ਫ਼ੂਡ ਮੰਤਰਾਲੇ ਅਤੇ ਮਿਜ਼ੋਰਮ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਈਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ।

 

<><><><><>

 

ਐੱਸਐੱਨਸੀ/ਐੱਸਐੱਸ



(Release ID: 1640080) Visitor Counter : 211