ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਵਿਸ਼ਵ ਯੁਵਾ ਕੌਸ਼ਲ ਦਿਵਸ’ ਦੇ ਅਵਸਰ ’ਤੇ ਨੌਜਵਾਨਾਂ ਨੂੰ ਕੌਸ਼ਲ ਪ੍ਰਾਪਤ ਕਰਨ, ਨਵਾਂ ਕੌਸ਼ਲ ਸਿੱਖਣ ਅਤੇ ਕੌਸ਼ਲ ਵਧਾਉਣ ਦਾ ਸੱਦਾ ਦਿੱਤਾ
‘ਸਕਿੱਲ ਇੰਡੀਆ ਮਿਸ਼ਨ’ ਨੇ ਸਥਾਨਕ ਅਤੇ ਵਿਸ਼ਵ ਦੋਹਾਂ ਹੀ ਪੱਧਰਾਂ ’ਤੇ ਰੋਜ਼ਗਾਰ ਪ੍ਰਾਪਤ ਕਰਨ ਦੇ ਅਵਸਰ ਵਧਾ ਦਿੱਤੇ ਹਨ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਕਿਹਾ, ‘ਕੁਸ਼ਲ ਵਰਕਰਾਂ ਦਾ ਵੇਰਵਾ ਤਿਆਰ ਕਰਨ ਲਈ ਹਾਲ ਹੀ ਵਿੱਚ ਲਾਂਚ ਕੀਤੇ ਗਏ ਪੋਰਟਲ ਨਾਲ ਘਰ ਪਰਤੇ ਪ੍ਰਵਾਸੀ ਸ਼੍ਰਮਿਕਾਂ ਸਹਿਤ ਹੋਰ ਵਰਕਰਾਂ ਨੂੰ ਅਸਾਨੀ ਨਾਲ ਨੌਕਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਵੱਡੀ ਸੰਖਿਆ ਵਿੱਚ ਉਪਲੱਬਧ ਕੁਸ਼ਲ ਵਰਕਰਾਂ ਤੋਂ ਲਾਭ ਉਠਾਉਣ ਅਤੇ ਇਨ੍ਹਾਂ ਦੀ ਬਦੌਲਤ ਗਲੋਬਲ ਮੰਗ ਪੂਰੀ ਕਰਨ ਦੇ ਮਾਮਲੇ ਵਿੱਚ ਭਾਰਤ ਦੀ ਵਿਆਪਕ ਸਮਰੱਥਾ ’ਤੇ ਪ੍ਰਕਾਸ਼ ਪਾਇਆ
Posted On:
15 JUL 2020 11:33AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਯੁਵਾ ਕੌਸ਼ਲ ਦਿਵਸ ਅਤੇ ‘ਸਕਿੱਲ ਇੰਡੀਆ’ ਮਿਸ਼ਨ ਦੀ ਪੰਜਵੀਂ ਵਰ੍ਹੇਗੰਢ ਦੇ ਅਵਸਰ ’ਤੇ ਅੱਜ ਆਯੋਜਿਤ ਡਿਜੀਟਲ ਸਕਿੱਲ ਕਾਨਕਲੇਵ ਲਈ ਆਪਣੇ ਸੰਦੇਸ਼ ਵਿੱਚ ਨੌਜਵਾਨਾਂ ਨੂੰ ਕੌਸ਼ਲ ਪ੍ਰਾਪਤ ਕਰਨ, ਨਵਾਂ ਕੌਸ਼ਲ ਸਿੱਖਣ ਅਤੇ ਕੌਸ਼ਲ ਵਧਾਉਣ ਦਾ ਸੱਦਾ ਦਿੱਤਾ, ਤਾਕਿ ਤੇਜ਼ੀ ਨਾਲ ਬਦਲਦੇ ਕਾਰੋਬਾਰੀ ਮਾਹੌਲ ਅਤੇ ਬਾਜ਼ਾਰ ਸਥਿਤੀਆਂ ਵਿੱਚ ਨਿਰੰਤਰ ਪ੍ਰਾਸੰਗਿਕ ਬਣੇ ਰਹਿਣਾ ਸੰਭਵ ਹੋ ਸਕੇ। ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਦੇਸ਼ ਦੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦੁਨੀਆ ਸਹੀ ਮਾਅਨਿਆਂ ਵਿੱਚ ਨੌਜਵਾਨਾਂ ਦੀ ਹੈ ਕਿਉਂਕਿ ਉਨ੍ਹਾਂ ਵਿੱਚ ਹਮੇਸ਼ਾ ਨਵੇਂ ਕੌਸ਼ਲ ਹਾਸਲ ਕਰਨ ਦੀ ਵਿਆਪਕ ਸਮਰੱਥਾ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸੇ ਦਿਨ ਪੰਜ ਸਾਲ ਪਹਿਲਾਂ ਸ਼ੁਰੂ ਕੀਤੇ ਗਏ ‘ਸਕਿੱਲ ਇੰਡੀਆ ਮਿਸ਼ਨ’ ਨਾਲ ਕੌਸ਼ਲ ਪ੍ਰਾਪਤ ਕਰਨ, ਨਵਾਂ ਕੌਸ਼ਲ ਸਿੱਖਣ ਅਤੇ ਕੌਸ਼ਲ ਵਧਾਉਣ ਲਈ ਇੱਕ ਵਿਸ਼ਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਹੋਇਆ ਹੈ ਅਤੇ ਇਸ ਦੇ ਨਾਲ ਹੀ ਸਥਾਨਕ ਅਤੇ ਵਿਸ਼ਵ ਦੋਹਾਂ ਹੀ ਪੱਧਰਾਂ ’ਤੇ ਰੋਜ਼ਗਾਰ ਪ੍ਰਾਪਤ ਕਰਨ ਦੇ ਅਵਸਰ ਵਧ ਗਏ ਹਨ। ਇਸ ਦੀ ਬਦੌਲਤ ਦੇਸ਼ ਭਰ ਵਿੱਚ ਸੈਂਕੜੇ ਪੀਐੱਮ ਕੌਸ਼ਲ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਆਈਟੀਆਈ ਪਰਿਵੇਸ਼ ਜਾਂ ਵਿਵਸਥਾ ਦੀ ਸਮਰੱਥਾ ਕਾਫ਼ੀ ਵਧ ਗਈ ਹੈ। ਇਨ੍ਹਾਂ ਠੋਸ ਪ੍ਰਯਤਨਾਂ ਸਦਕਾ ਪਿਛਲੇ ਪੰਜ ਵਰ੍ਹਿਆਂ ਵਿੱਚ ਪੰਜ ਕਰੋੜ ਤੋਂ ਵੀ ਅਧਿਕ ਨੌਜਵਾਨਾਂ ਨੂੰ ‘ਕੁਸ਼ਲ’ ਬਣਾ ਦਿੱਤਾ ਗਿਆ ਹੈ।
ਕੁਸ਼ਲ ਵਰਕਰਾਂ ਅਤੇ ਨਿਯੁਕਤੀਕਾਰਾਂ ਦਾ ਖਾਕਾ (ਮੈਪਿੰਗ) ਜਾਂ ਵੇਰਵਾ ਤਿਆਰ ਕਰਨ ਲਈ ਹਾਲ ਹੀ ਵਿੱਚ ਲਾਂਚ ਕੀਤੇ ਗਏ ਪੋਰਟਲ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਘਰ ਪਰਤੇ ਪ੍ਰਵਾਸੀ ਮਜ਼ਦੂਰਾਂ ਸਮੇਤ ਹੋਰ ਵਰਕਰਾਂ ਨੂੰ ਅਸਾਨੀ ਨਾਲ ਨੌਕਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਨਿਯੁਕਤੀਕਾਰਾਂ ਨੂੰ ਵੀ ਮਾਊਸ ਨੂੰ ਕਲਿੱਕ ਕਰਦੇ ਹੀ ਕੁਸ਼ਲ ਕਰਮਚਾਰੀਆਂ ਨਾਲ ਸੰਪਰਕ ਕਰਨ ਵਿੱਚ ਕਾਫ਼ੀ ਅਸਾਨੀ ਹੋਵੇਗੀ। ਉਨ੍ਹਾਂ ਨੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਵਾਸੀ ਸ਼੍ਰਮਿਕਾਂ ਦੇ ਸ਼ਾਨਦਾਰ ਕੌਸ਼ਲ ਨਾਲ ਸਥਾਨਕ ਅਰਥਵਿਵਸਥਾ ਨੂੰ ਬਦਲਣ ਵਿੱਚ ਵੀ ਕਾਫ਼ੀ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ‘ਗਿਆਨ’ ਅਤੇ ‘ਕੌਸ਼ਲ’ ਦਰਮਿਆਨ ਦੇ ਅੰਤਰ ਨੂੰ ਵੀ ਸਾਹਮਣੇ ਰੱਖਿਆ। ਉਨ੍ਹਾਂ ਨੇ ਇੱਕ ਉਦਾਹਰਣ ਦੇ ਨਾਲ ਇਸ ਨੂੰ ਸਪਸ਼ਟ’ ਕੀਤਾ – ਇਹ ਜਾਣਨਾ ਕਿ ਸਾਈਕਲ ਕਿਵੇਂ ਚਲਦੀ ਹੈ, ਇਹ ‘ਗਿਆਨ’ ਹੈ, ਜਦਕਿ ਅਸਲ ਵਿੱਚ ਖ਼ੁਦ ਸਾਈਕਲ ਚਲਾ ਲੈਣਾ ‘ਕੌਸ਼ਲ’ ਹੈ। ਨੌਜਵਾਨਾਂ ਲਈ ਦੋਹਾਂ ਦਰਮਿਆਨ ਦੇ ਅੰਤਰ ਨੂੰ ਸਮਝਣਾ ਅਤੇ ਉਨ੍ਹਾਂ ਦੇ ਵਿਭਿੰਨ ਸੰਦਰਭਾਂ ਅਤੇ ਪ੍ਰਭਾਵਾਂ ਨੂੰ ਮਹਿਸੂਸ ਕਰਨਾ ਅਤਿਅੰਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਤਰਖਾਣ ਦੇ ਕੰਮਕਾਜ ਦਾ ਇੱਕ ਉਦਾਹਰਣ ਦਿੰਦੇ ਹੋਏ, ਸਕਿੱਲਿੰਗ, ਰੀਸਕਿੱਲਿੰਗ ਅਤੇ ਅੱਪਸਕਿੱਲਿੰਗ ਦਰਮਿਆਨ ਦੀਆਂ ਬਰੀਕੀਆਂ ਨੂੰ ਸਮਝਾਇਆ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਵੱਡੀ ਸੰਖਿਆ ਵਿੱਚ ਉਪਲੱਬਧ ਕੁਸ਼ਲ ਵਰਕਰਾਂ ਦਾ ਲਾਭ ਉਠਾਉਣ ਦੇ ਮਾਮਲੇ ਵਿੱਚ ਭਾਰਤ ਦੀ ਵਿਆਪਕ ਸਮਰੱਥਾ ’ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਸਿਹਤ ਸੇਵਾ ਖੇਤਰ ਦਾ ਉਦਾਹਰਣ ਦਿੱਤਾ ਜਿੱਥੇ ਵੱਡੀ ਸੰਖਿਆ ਵਿੱਚ ਉਪਲੱਬਧ ਭਾਰਤੀ ਸਕਿੱਲਡ ਮੈਨਪਾਵਰ ਗਲੋਬਲ ਮੰਗ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਨੇ ਇਸ ਮੰਗ ਦਾ ਖਾਕਾ ਜਾਂ ਵੇਰਵਾ ਤਿਆਰ ਕਰਨ ਅਤੇ ਭਾਰਤੀ ਮਿਆਰਾਂ ਨੂੰ ਹੋਰ ਦੇਸ਼ਾਂ ਦੇ ਮਿਆਰਾਂ ਅਨੁਰੂਪ ਕਰਨ ਦੀ ਜ਼ਰੂਰਤ ’ਤੇ ਬਲ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਨੇ ਇਹ ਸੁਝਾਅ ਦਿੱਤਾ ਕਿ ਲੰਬੀ ਸਮੁੰਦਰੀ ਪਰੰਪਰਾ ਦਾ ਅਨੁਭਵ ਰੱਖਣ ਵਾਲੇ ਭਾਰਤੀ ਯੁਵਾ ਇਸ ਸੈਕਟਰ ਵਿੱਚ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਵ ਭਰ ਵਿੱਚ ਮਰਚੈਂਟ ਨੇਵੀ ਵਿੱਚ ਮਾਹਿਰ ਨਾਵਿਕਾਂ ਦੇ ਰੂਪ ਵਿੱਚ ਅਹਿਮ ਯੋਗਦਾਨ ਦੇ ਸਕਦੇ ਹਨ।
ਹਰ ਸਾਲ 15 ਜੁਲਾਈ ਨੂੰ ਮਨਾਏ ਜਾਣ ਵਾਲਾ ‘ਵਿਸ਼ਵ ਯੁਵਾ ਕੌਸ਼ਲ ਦਿਵਸ’ ਇਸ ਸਾਲ ਵਰਚੁਅਲ ਮੋਡ ਵਿੱਚ ਮਨਾਇਆ ਗਿਆ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ, ਡਾ. ਮਹੇਂਦਰ ਨਾਥ ਪਾਂਡੇ, ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਆਰ. ਕੇ ਸਿੰਘ, ਅਤੇ ਲਾਰਸਨ ਐਂਡ ਟੁਬਰੋ ਲਿਮਿਟਿਡ ਦੇ ਗਰੁੱਪ ਚੇਅਰਮੈਨ ਸ਼੍ਰੀ ਏ ਐੱਮ ਨਾਇਕ ਨੇ ਵੀ ਇਸ ਸੰਮੇਲਨ ਨੂੰ ਸੰਬੋਧਨ ਕੀਤਾ। ਲੱਖਾਂ ਦੀ ਸੰਖਿਆ ਵਿੱਚ ਟ੍ਰੇਨੀਆਂ ਦੇ ਵਿਆਪਕ ਨੈੱਟਵਰਕ ਸਹਿਤ ਪ੍ਰਣਾਲੀ ਦੇ ਸਾਰੇ ਹਿਤਧਾਰਕਾਂ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ।
*****
ਵੀਆਰਆਰਕੇ / ਐੱਸਐੱਚ
(Release ID: 1638815)
Visitor Counter : 204
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam