ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਕੰਪਲੈਕਸ ਗੁਰੂਗ੍ਰਾਮ ਵਿਖੇ ਰਾਸ਼ਟਰਵਿਆਪੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲਿਆ
ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇਸ਼ ਭਰ ਦੇ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਤੇ ਆਤੰਕਵਾਦ ਦੇ ਲੜਾਈ ਦੇ ਨਾਲ ਹੀ ਕੋਵਿਡ -19 ਮਹਾਮਾਰੀ ਨਾਲ ਲੜਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ - ਕੇਂਦਰੀ ਗ੍ਰਹਿ ਮੰਤਰੀ
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਵਾਤਾਵਰਣ ਦੀ ਸੁਰੱਖਿਆ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ, ਪਰ ਰੁੱਖ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਵਧ ਰਹੇ ਪ੍ਰਦੂਸ਼ਣ ਨੂੰ ਘਟ ਕੀਤਾ ਜਾ ਸਕਦਾ ਹੈ ਅਤੇ ਪ੍ਰਿਥਵੀ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ
ਪ੍ਰਧਾਨ ਮੰਤਰੀ ਜੀ ਦੀ ਅਗਵਾਈ ਇੱਚ 'ਏਕ ਜਨ, ਏਕ ਮਨ, ਏਕ ਰਾਸ਼ਟਰ' ਦੇ ਸੂਤਰ ਨੂੰ ਅਮਲੀ ਰੂਪ ਦਿੰਦੇ ਹੋਏ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਅਸੀਂ ਚੰਗੇ ਮੁਕਾਮ ‘ਤੇ ਖੜ੍ਹੇ ਹਾਂ - ਸ਼੍ਰੀ ਅਮਿਤ ਸ਼ਾਹ
ਵਿਕਾਸ ਦੀ ਦੌੜ ਵਿੱਚ ਅੰਨ੍ਹੇਵਾਹ ਕੁਦਰਤ ਦਾ ਦੋਹਨ ਕਰਨ ਵਾਲੇ ਦੇਸ਼ਾਂ ਨੂੰ ਸਾਡੇ ਪ੍ਰਧਾਨ ਮੰਤਰੀ ਨੇ ਚੇਤਾਇਆ ਅਤੇ ਪੈਰਿਸ ਸਮਝੌਤੇ ਵਿੱਚ ਮੋਦੀ ਸੂਤਰ ਨੂੰ ਅਪਣਾਇਆ ਗਿਆ - ਕੇਂਦਰੀ ਗ੍ਰਹਿ ਮੰਤਰੀ
ਮੈਂ ਆਪਣੇ ਹਥਿਆਰਬੰਦ ਬਲਾਂ ਦੇ ਵੀਰ ਜਵਾਨਾਂ ਦਾ ਅਭਿਨੰਦਨ ਕਰਦਾ ਹਾਂ ਅਤੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਜੋ ਦੇਸ਼ ਦੀ ਰੱਖਿਆ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਕਰਨ ਵਾਲੀ ਇਸ ਵਿਸ਼ਾਲ ਮੁਹਿੰਮ ਰਾਹੀਂ ਦੇਸ਼ ਭਰ ਵਿੱਚ 1 ਕਰੋੜ ਤੋਂ ਵੱਧ ਲੰਬੀ ਉਮਰ ਵਾਲੇ ਰੁੱਖਾਂ ਦੇ ਪੌਦੇ ਲਗਾ ਰਹੇ ਹਨ - ਸ਼੍ਰੀ ਅਮਿਤ ਸ਼ਾਹ
Posted On:
12 JUL 2020 2:08PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇਸ਼ ਭਰ ਦੇ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਤੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਦੇ ਨਾਲ ਹੀ ਕੋਵਿਡ -19 ਮਹਾਮਾਰੀ ਨਾਲ ਲੜਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੁਆਰਾ ਚਲਾਏ ਜਾ ਰਹੇ 'ਰਾਸ਼ਟਰਵਿਆਪੀ ਪੌਦੇ ਲਗਾਉਣ ਦੀ ਮੁਹਿੰਮ' ਵਿੱਚ ਹਿੱਸਾ ਲੈਂਦੇ ਹੋਏ ਅੱਜ ਗੁਰੂਗ੍ਰਾਮ ਵਿੱਚ ਸਥਿਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਗਰੁੱਪ ਕੇਂਦਰ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਇਸ ਮਹਾਮਾਰੀ ਵਿੱਚ ਜਾਨ ਗਵਾਉਣ ਵਾਲੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ 31 ਕੋਰੋਨਾ ਵਾਰੀਅਰਸ ਨੂੰ ਸ਼ਰਧਾਂਜਲੀਆਂ ਅਰਪਿਤ ਕਰਦਿਆਂ ਕਿਹਾ ਕਿ ਇਨ੍ਹਾਂ ਕੋਰੋਨਾ ਵਾਰੀਅਰਸ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ ਅਤੇ ਕੋਰੋਨਾ ਦੇ ਖ਼ਿਲਾਫ਼ ਲੜਾਈ ਦੇ ਇਤਿਹਾਸ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਪ੍ਰੋਗਰਾਮ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਪੂਰੀ ਦੁਨੀਆ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਾਲਾਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਮਹਾਮਾਰੀ ਦਾ ਜ਼ਿਕਰ ਨਹੀਂ ਮਿਲਦਾ ਹੈ ਅਤੇ ਅੱਜ ਪੂਰੇ ਵਿਸ਼ਵ ਵਿੱਚ ਕੋਰੋਨਾ ਮਹਾਮਾਰੀ ਮਾਨਵ ਜੀਵਨ ਦੀ ਹੋਂਦ ਨਾਲ ਲੜਾਈ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਇਸ ਜੰਗ ਨੂੰ ਚੰਗੀ ਤਰ੍ਹਾਂ ਨਾਲ ਲੜ ਰਿਹਾ ਹੈ।
ਕੋਰੋਨਾ ਦੇ ਵਿਰੁੱਧ ਲੜਾਈ ਵਿੱਚ ਜਦੋਂ ਵੱਡੇ ਤੋਂ ਵੱਡੇ ਵਿਕਸਿਤ ਦੇਸ਼ਾਂ ਦੀਆਂ ਸਿਹਤ ਵਿਵਸਥਾਵਾਂ ਚਰਮਰਾ ਗਈਆਂ ਉੱਥੇ ਹੀ ਸੰਘਣੀ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਸਾਡੇ ਦੇਸ਼ ਵਿੱਚ ਜਿੱਥੇ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਹੋਰ ਵਿਕਸਿਤ ਦੇਸ਼ਾਂ ਦੀ ਤੁਲਨਾ ਵਿੱਚ ਮਜ਼ਬੂਤ ਨਹੀਂ ਸੀ, ਤਾਂ ਸਾਰਿਆਂ ਦੇ ਮਨ ਵਿੱਚ ਆਸ਼ੰਕਾਵਾਂ ਸਨ ਕਿ ਕੋਰੋਨਾ ਦੇ ਵਿਰੁੱਧ ਲੜਾਈ ਭਾਰਤ ਜਿਹਾ ਦੇਸ਼ ਕਿਵੇਂ ਲੜੇਗਾ। ਪਰ ਅੱਜ ਪੂਰੀ ਦੁਨੀਆ ਦੇਖ ਰਹੀ ਹੈ ਕਿ ਕੋਰੋਨਾ ਦੇ ਖ਼ਿਲਾਫ਼ ਸਾਰੇ ਵਿਸ਼ਵ ਵਿੱਚ ਸਫਲਤਾ ਨਾਲ ਜੰਗ ਜੇਕਰ ਕਿਤੇ ਲੜੀ ਗਈ ਤਾਂ ਉਹ ਭਾਰਤ ਦੇ ਅੰਦਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਅਗਵਾਈ ਵਿੱਚ ਲੜੀ ਗਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਪੁਰਖਿਆਂ ਦਾ ਕਹਿਣਾ ਸੀ ਕਿ ਕੁਦਰਤ ਦਾ ਦੋਹਨ ਕਰਨਾ ਚਾਹੀਦਾ ਹੈ, ਕੁਦਰਤ ਦਾ ਸ਼ੋਸ਼ਣ ਨਹੀਂ ਕਰਨਾ ਚਾਹੀਦਾ। ਵੇਦ ਕਾਲ ਵਿੱਚ ਰਿਸ਼ੀ-ਮੁਨੀਆਂ ਦੁਆਰਾ ਬਣਾਏ ਗਏ ਇਸ ਸੰਤੁਲਨ ਨੂੰ ਭੌਤਿਕਵਾਦੀ ਵਿਚਾਰਧਾਰਾ ਨੇ ਤੋੜਿਆ ਇਸੇ ਲਈ ਅੱਜ ਜਲਵਾਯੂ ਪਰਿਵਰਤਨ, ਵਧਦੇ ਤਾਪਮਾਨ ਅਤੇ ਗਲੋਬਲ ਵਾਰਮਿੰਗ ਦੇ ਖਤਰੇ ਸਾਹਮਣੇ ਖੜ੍ਹੇ ਹਨ। ਇਸ ਸੰਕਟ ਤੋਂ ਸਾਨੂੰ ਰੁੱਖ ਹੀ ਬਚਾ ਸਕਦੇ ਹਨ ਇਸ ਲਈ ਸਾਡੇ ਪੁਰਖਿਆਂ ਨੇ ਸਾਰੇ ਗ੍ਰੰਥਾਂ ਵਿੱਚ ਬਿਰਖ ਦੇ ਮਹੱਤਵ ਨੂੰ ਸਮਝਾਇਆ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਿਰਖਾਂ ਦੀ ਮਾਨਵ ਜੀਵਨ ਵਿੱਚ ਮਹੱਤਤਾ ਨੂੰ ਦਰਸਾਉਣ ਵਾਲੇ ਮਤਸਯ ਪੁਰਾਣ ਦੇ ਨਿਮਨ ਸੂਤਰ ਨੂੰ ਅਭਿਯਾਨ ਦਾ ਮੂਲ ਮੰਤਰ ਬਣਾਇਆ ਗਿਆ ਜਿਸ ਨਾਲ ਕਿ ਬਲ ਕਰਮੀਆਂ ਅਤੇ ਉਨ੍ਹਾਂ ਰਾਹੀਂ ਸਮਾਜ ਵਿੱਚ ਰੁੱਖਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਅਤੇ ਚੇਤਨਾ ਜਾਗ੍ਰਿਤ ਹੋਵੇ।
ਦਸ਼ਕੂਪਸਮਾ ਵਾਪੀ, ਦਸ਼ਵਾਪੀਸਮੋ ਹਰਦ:।
ਦਸ਼ਹਰਦਸਮੋ ਪੁਤ੍ਰੋ, ਦਸ਼ਪੁਤ੍ਰਸਮੋ ਦ੍ਰੁਮ:।।
(दशकूपसमा वापी,दशवापीसमो ह्रदः।
दशह्रदसमो पुत्रो,दशपुत्रसमो द्रुमः।।)
(ਇੱਕ ਜਲਕੁੰਡ ਦਸ ਖੂਹਾਂ ਦੇ ਸਮਾਨ ਹੈ, ਇੱਕ ਤਲਾਬ ਦਸ ਜਲਕੁੰਡਾਂ ਦੇ ਬਰਾਬਰ ਹੈ, ਇੱਕ ਪੁੱਤਰ ਦਾ ਦਸ ਤਲਾਬਾ ਜਿੰਨਾ ਮਹੱਤਵ ਹੈ ਅਤੇ ਇੱਕ ਰੁੱਖ ਦਾ ਦਸ ਪੁੱਤਰਾਂ ਦੇ ਸਮਾਨ ਮਹੱਤਵ ਹੈ। )
ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਵਿੱਚ ਇਸ ਜੰਗ ਨਾਲ ਸਰਕਾਰਾਂ ਲੜੀਆਂ ਹਨ, ਪਰ ਭਾਰਤ ਵਿੱਚ ਕੇਂਦਰ ਸਰਕਾਰ ਦੇ ਨਾਲ-ਨਾਲ ਸਾਰੀਆਂ ਰਾਜ ਸਰਕਾਰਾਂ ਅਤੇ ਇੱਕ-ਇੱਕ ਵਿਅਕਤੀ ਇਸ ਲੜਾਈ ਵਿੱਚ ਨਾਲ ਖੜ੍ਹਾ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅਸੀਂ ‘ਏਕ ਜਨ, ਏਕ ਮਨ, ਏਕ ਰਾਸ਼ਟਰ’ ਦੇ ਸੂਤਰ ਨੂੰ ਅਮਲੀ ਰੂਪ ਦਿੰਦੇ ਹੋਏ, ਕੋਰੋਨਾ ਵਿਰੁੱਧ ਜੰਗ ਵਿੱਚ ਅਸੀਂ ਚੰਗੇ ਮੁਕਾਮ ‘ਤੇ ਖੜ੍ਹੇ ਹਾਂ। ਕਿਤੇ ਡਰ ਦਾ ਮਾਹੌਲ ਨਹੀਂ ਹੈ, ਇਸ ਦੇ ਖ਼ਿਲਾਫ਼ ਲੜਨ ਦਾ ਜਜ਼ਬਾ ਹੈ, ਹਰਾਉਣ ਦਾ ਹੌਸਲਾ ਹੈ ਅਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਜੰਗ ਵਿੱਚ ਸਾਡੇ ਸੁਰੱਖਿਆ ਬਲਾਂ ਦਾ ਵੀ ਬਹੁਤ ਮਹੱਤਵਪੂਰਨ ਯੋਗਦਾਨ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਸਮਾਰਕ, ਦਿੱਲੀ ਵਿੱਚ ਬਣਾਇਆ ਗਿਆ ਹੈ ਜੋ ਹਮੇਸ਼ਾ ਜਨਤਾ ਨੂੰ ਬਲੀਦਾਨ ਦੀ ਯਾਦ ਦਿਵਾਉਂਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਸਾਡੇ ਹਥਿਆਰਬੰਦ ਬਲਾਂ ਦੇ ਵੀਰ ਜਵਾਨਾਂ ਦਾ ਅਭਿਨੰਦਨ ਕਰਦਾ ਹਾਂ ਅਤੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ, ਜੋ ਦੇਸ਼ ਦੀ ਰੱਖਿਆ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਕਰਨ ਵਾਲੀ ਇਸ ਵਿਸ਼ਾਲ ਮੁਹਿੰਮ ਰਾਹੀਂ ਦੇਸ਼ ਭਰ ਵਿੱਚ 1 ਕਰੋੜ ਤੋਂ ਵੀ ਜ਼ਿਆਦਾ ਲੰਬੀ ਉਮਰ ਵਾਲੇ ਰੁੱਖਾਂ ਦੇ ਪੌਦੇ ਲਗਾ ਰਹੇ ਹਨ।ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਲਗਾਉਣ ਵਾਲੇ ਵਿਅਕਤੀ ਤੋਂ ਰੁੱਖ ਵੱਡਾ ਨਾ ਹੋ ਜਾਵੇ ਉਦੋਂ ਤੱਕ ਉਸ ਦਾ ਧਿਆਨ ਰੱਖਿਆ ਜਾਵੇ, ਉਸ ਤੋਂ ਬਾਅਦ ਉਹ ਰੁੱਖ ਪੀੜ੍ਹੀਆਂ ਤੱਕ ਸਾਡਾ ਧਿਆਨ ਰੱਖਣਗੇ। ਸ਼੍ਰੀ ਅਮਿਤ ਸ਼ਾਹ ਦਾ ਕਹਿਣਾ ਸੀ ਕਿ ਇਸ ਨਾਲ ਜੀਵਨ ਵੀ ਖੁਸ਼ਹਾਲ ਅਤੇ ਸੁਗੰਧਿਤ ਹੋਵੇਗਾ। ਰੁੱਖਾਂ ਤੋਂ ਸਾਨੂੰ ਪ੍ਰਾਣਵਾਯੂ ਮਿਲਦੀ ਹੈ ਅਤੇ ਪ੍ਰਾਣ ਵਾਯੂ ਦੇ ਬਗੈਰ ਸਰੀਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਕਸੀਜਨ ਦੇਣ ਦੀ ਸਮਰੱਥਾ, ਮੌਸਮ ਦੀ ਅਨੁਕੂਲਤਾ ਅਤੇ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਵੱਡੀ ਮੁਹਿੰਮ ਲਈ ਪਿੱਪਲ, ਜਾਮਣ, ਨਿੰਮ, ਵਟ ਅਤੇ ਬਰਗਦ ਜਿਹੇ ਰੁੱਖਾਂ ਦੀ ਚੋਣ ਕੀਤੀ ਗਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਤਾਵਰਣ, ਵਾਤਾਵਰਣ ਦੀ ਸੰਭਾਲ਼ ਅਤੇ ਵਾਤਾਵਰਣ ਦੇ ਵਾਧੇ ਨੂੰ ਬਹੁਤ ਮਹੱਤਵ ਦਿੱਤਾ ਹੈ। ਗੁਜਰਾਤ ਪਹਿਲਾ ਅਜਿਹਾ ਰਾਜ ਬਣਿਆ ਜਿੱਥੇ ਵਾਤਾਵਰਣ ਦੀ ਚਿੰਤਾ ਲਈ ਡਿਪਾਰਟਮੈਂਟ ਦੀ ਰਚਨਾ ਕੀਤੀ ਗਈ। ਦੇਸ਼ ਦੇ ਪ੍ਰਧਾਨ ਮੰਤਰੀ ਸਵੱਛ ਈਂਧਣ ਦੀ ਗੱਲ ਕਰਦੇ ਹਨ ਅਤੇ ਪੈਟਰੋਲ ਦੀ ਜਗ੍ਹਾ ਐਥੇਨੌਲ ਦੀ ਵਰਤੋਂ ਨੂੰ ਹੁਲਾਰਾ ਦੇਣਾ ਚਾਹੁੰਦੇ ਹਨ।
ਅੱਜ ਭਾਰਤ ਪੂਰੇ ਵਿਸ਼ਵ ਦੇ ਅੰਦਰ ਸੌਰ ਊਰਜਾ ਦਾ ਕੇਂਦਰ ਬਣਿਆ ਹੈ, ਛੇਤੀ ਹੀ ਅਸੀਂ ਇਸ ਸਥਿਤੀ ਵਿੱਚ ਪਹੁੰਚ ਜਾਵਾਂਗੇ ਕਿ ਸਭ ਤੋਂ ਜ਼ਿਆਦਾ ਦੇਸ਼ ਦੇ ਅੰਦਰ ਊਰਜਾ ਦਾ ਉਤਪਾਦਨ ਸੌਰ ਊਰਜਾ ਜ਼ਰੀਏ ਹੋਵੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉੱਜਵਲਾ ਯੋਜਨਾ ਤਹਿਤ 8 ਕਰੋੜ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਜਿਹੀਆਂ ਯੋਜਨਾਵਾਂ ਵੀ ਭਾਰਤ ਸਰਕਾਰ ਦੁਆਰਾ ਵਾਤਾਵਰਣ ਦੀ ਸੁਰੱਖਿਆ ਦੇ ਯਤਨਾਂ ਵਿੱਚੋਂ ਇੱਕ ਹੈ। ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਭੱਲਾ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ਨ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਮਾ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਿਸ ਬਲ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਭਾਰਤ-ਤਿੱਬਤ ਸੀਮਾ ਪੁਲਿਸ, ਹਥਿਆਰਬੰਦ ਸੀਮਾ ਬਲ, ਅਸਾਮ ਰਾਈਫਲਸ ਅਤੇ ਰਾਸ਼ਟਰੀ ਸੁਰੱਖਿਆ ਗਾਰਡ) ਨੇ ਰੁੱਖ ਲਗਾਉਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਟੀਚਾ ਸਾਲ 2020 ਵਿੱਚ 1.37 ਕਰੋੜ ਤੋਂ ਜ਼ਿਆਦਾ ਪੌਦੇ ਲਗਾਉਣ ਦਾ ਹੈ। ਇਹ ਪੌਦੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਪਰਸੋਨਲ ਆਪਣੇ ਸ਼੍ਰਮਦਾਨ ਨਾਲ ਲਗਾਉਣਗੇ। ਸਾਰੇ ਬਲਾਂ ਦੁਆਰਾ 30 ਜੂਨ, 2020 ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 20 ਲੱਖ ਤੋਂ ਵੱਧ ਪੌਦੇ ਲਗਾਏ ਜਾ ਚੁੱਕੇ ਹਨ।
ਇਸ ਪ੍ਰੋਗਰਾਮ ਦੇ ਸੁਨਿਯੋਜਿਤ ਲਾਗੂਕਰਨ ਲਈ ਯੋਜਨਾ ਬਣਾਉਣ ਦਾ ਕੰਮ ਇਸ ਸਾਲ ਫ਼ਰਵਰੀ ਤੋਂ ਹੀ ਸ਼ੁਰੂ ਹੋ ਗਿਆ ਸੀ। ਸਾਰੇ ਬਲਾਂ ਦੁਆਰਾ ਜਲਵਾਯੂ ਦੇ ਅਨੁਰੂਪ ਇਕਾਈਵਾਰ ਲਗਾਏ ਜਾਣ ਵਾਲੇ ਪੌਦਿਆਂ ਦੀ ਗਿਣਤੀ ਦੇ ਆਕਲਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਦੇ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ। ਇਸ ਕ੍ਰਮ ਵਿੱਚ ਲਗਾਏ ਜਾਣ ਵਾਲੇ ਪੌਦਿਆਂ ਦੀਆਂ ਪ੍ਰਜਾਤੀਆਂ ਦੀ ਵੀ ਚੋਣ ਕੀਤੀ ਗਈ। ਨਾਲ ਹੀ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਲਗਾਏ ਜਾਣ ਵਾਲੇ ਪੌਦੇ ਯਥਾ ਸੰਭਵ ਦੇਸੀ ਪ੍ਰਜਾਤੀਆਂ ਦੇ ਹੋਣਗੇ ਅਤੇ ਘੱਟੋ-ਘੱਟ ਪੰਜਾਹ ਪ੍ਰਤੀਸ਼ਤ ਪੌਦੇ ਲੰਬੀ ਉਮਰ (100 ਸਾਲ ਤੋਂ ਵੱਧ) ਦੇ ਹੋਣਗੇ। ਪੌਦਿਆਂ ਦੀਆਂ ਪ੍ਰਜਾਤੀਆਂ ਦੀ ਚੋਣ ਵਿੱਚ ਇਹ ਵੀ ਧਿਆਨ ਰੱਖਿਆ ਗਿਆ ਕਿ ਅਰੋਗਤਾ ਵਰਧਕ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਲਾਭਕਾਰੀ ਹੋਣ।
ਇਸ ਰਾਸ਼ਟਰਵਿਆਪੀ ਪੌਦੇ ਲਗਾਉਣ ਦੀ ਮੁਹਿੰਮ ਦੇ ਤਹਿਤ ਅੱਜ ਦੇਸ਼ ਭਰ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਪਰਿਸਰਾਂ ਵਿੱਚ 10 ਲੱਖ ਤੋਂ ਅਧਿਕ ਪੌਦੇ ਲਗਾਏ ਜਾ ਰਹੇ ਹਨ। ਪੌਦੇ ਲਗਾਉਣ ਦੀ ਇਹ ਵੱਡੀ ਮੁਹਿੰਮ ਭਾਰਤ ਦੀ ਧਰਾ ਨੂੰ ਹਰਾ-ਭਰਾ ਬਣਾਉਣ ਦੀ ਕੋਸ਼ਿਸ਼ ਤੋਂ ਇਲਾਵਾ ਇਹ ਵੀ ਦਰਸਾਉਂਦੀ ਹੈ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲ ਨਾ ਕੇਵਲ ਰਾਸ਼ਟਰ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਬਲਕਿ ਇਸ ਦੇ ਵਾਤਾਵਰਣ ਦੀ ਸੁਰੱਖਿਆ ਦੇ ਪ੍ਰਤੀ ਵੀ ਦ੍ਰਿੜ੍ਹਸੰਕਲਪ ਹਨ।
*****
ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀਡੀ
(Release ID: 1638250)
Visitor Counter : 189