ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜੰਮੂ ਅਤੇ ਕਸ਼ਮੀਰ ਵਿੱਚ ਛੇ ਰਣਨੀਤਕ ਪੁਲ਼ਾਂ ਦਾ ਈ-ਉਦਘਾਟਨ ਕੀਤਾ

Posted On: 09 JUL 2020 12:21PM by PIB Chandigarh

ਜੰਮੂ-ਕਸ਼ਮੀਰ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਅਤੇ ਲਾਈਨ ਆਵ੍ ਕੰਟਰੋਲ (ਐੱਲਓਸੀ) ਦੇ ਨੇੜੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਸੜਕਾਂ ਅਤੇ ਪੁਲ਼ਾਂ ਦੀ ਕਨੈਕਟੀਵਿਟੀ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਂਦਿਆਂ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਵੀਡੀਓ  ਕਾਨਫਰੰਸਿੰਗ ਦੇ ਜ਼ਰੀਏ  ਛੇ ਪ੍ਰਮੁੱਖ ਪੁਲ਼ ਰਾਸ਼ਟਰ ਨੂੰ ਸਮਰਪਿਤ ਕੀਤੇ।। ਰਣਨੀਤਕ ਮਹੱਤਤਾ ਵਾਲੇ ਇਨ੍ਹਾਂ ਪੁਲ਼ਾਂ ਨੂੰ ਸੀਮਾ ਸੜਕ ਸੰਗਠਨ (ਬੀਆਰਓ) ਦੁਆਰਾ ਇੱਕ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ ਸੀ।

 

ਰੱਖਿਆ ਮੰਤਰੀ ਨੇ ਬੀਆਰਓ ਦੇ ਸਾਰੇ ਰੈਂਕਾਂ ਨੂੰ ਰਿਕਾਰਡ ਸਮੇਂ ਵਿੱਚ ਛੇ ਪੁਲ਼ਾਂ ਦਾ ਕੰਮ ਮੁਕੰਮਲ ਕਰਨ ਲਈ ਵਧਾਈ ਦਿੱਤੀ ਅਤੇ ਸਭ ਤੋਂ ਕਠਿਨ ਧਰਾਤਲ ਤੇ ਮੌਸਮ ਸਬੰਧੀ ਜਟਿਲ ਹਾਲਤਾਂ ਵਿੱਚ ਕੰਮ ਕਰਦਿਆਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਪੁਲ਼ ਕਿਸੇ ਵੀ ਰਾਸ਼ਟਰ ਦੀ ਜੀਵਨ ਰੇਖਾ ਹੁੰਦੀਆਂ ਹਨ ਅਤੇ ਦੂਰ-ਦੁਰਾਡੇ  ਇਲਾਕਿਆਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੰਮੂ ਕਸ਼ਮੀਰ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਪ੍ਰਤੀ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀਨਰੇਂਦਰ ਮੋਦੀ ਬਾਕਾਇਦਾ ਇਨ੍ਹਾਂ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਲੋੜੀਂਦੇ ਫੰਡ ਉਪਲੱਬਧ ਕਰਵਾਏ ਜਾ ਰਹੇ ਹਨ।

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਲੋਕਾਂ ਨੂੰ ਜੋੜਨ ਵਾਲੇ ਇਨ੍ਹਾਂ ਪੁਲ਼ਾਂ  ਦਾ ਉਦਘਾਟਨ ਕਰਨਾ ਇੱਕ ਸੁਖਦ ਅਨੁਭਵ ਹੈ, ਵਿਸ਼ੇਸ਼ ਕਰਕੇ ਅਜਿਹੇ ਸਮੇਂ, ਜਦੋਂ ਦੁਨੀਆ ਦੂਰੀ ਬਣਾਈ ਰੱਖਣ ਤੇ ਜ਼ੋਰ ਦੇ ਰਹੀ ਹੈ, ਲੋਕ ਇੱਕ ਦੂਜੇ ਤੋਂ ਨਿਖੜ ਰਹੇ ਹਨ (ਕੋਵਿਡ-19 ਦੇ ਕਾਰਨ)। ਮੈਂ ਸੀਮਾ ਸੜਕ ਸੰਗਠਨ ਨੂੰ ਇਸ ਮਹੱਤਵਪੂਰਨ ਕੰਮ ਨੂੰ ਬਹੁਤ ਹੀ ਕੁਸ਼ਲਤਾ ਨਾਲ ਮੁਕੰਮਲ ਕਰਨ 'ਤੇ ਵਧਾਈ ਦੇਣੀ ਚਾਹੁੰਦਾ ਹਾਂ।

 

ਬੀਆਰਓ ਦੀ ਸ਼ਲਾਘਾ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ, “ਦੇਸ਼ ਦੇ ਸਰਹੱਦੀ ਖੇਤਰਾਂ ਵਿੱਚ ਬੀਆਰਓ ਦੁਆਰਾ ਪੂਰੀ ਪ੍ਰਤੀਬੱਧਤਾ ਨਾਲ ਸੜਕਾਂ ਅਤੇ ਪੁਲ਼ਾਂ ਦਾ ਨਿਰੰਤਰ ਨਿਰਮਾਣ , ਸਭ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਪਹੁੰਚਣ ਪ੍ਰਤੀ ਸਰਕਾਰ ਦੇ ਪ੍ਰਯਤਨਾਂ ਨੂੰ ਸਫ਼ਲ ਕਰਨ ਵਿਚ ਸਹਾਇਤਾ ਕਰੇਗਾ। ਸੜਕਾਂ ਕਿਸੇ ਵੀ ਰਾਸ਼ਟਰ ਦੀ ਜੀਵਨ ਰੇਖਾ ਹੁੰਦੀਆਂ ਹਨ।ਸਰਹੱਦੀ ਖੇਤਰਾਂ ਦੀਆਂ ਸੜਕਾਂ ਨਾ ਸਿਰਫ ਰਣਨੀਤਕ ਤਾਕਤ ਹਨ, ਬਲਕਿ ਦੂਰ ਦੁਰਾਡੇ  ਖੇਤਰਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਵੀ ਕਾਰਜ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਚਾਹੇ ਹਥਿਆਰਬੰਦ ਫੌਜਾਂ ਦੀ ਰਣਨੀਤਕ ਜ਼ਰੂਰਤ ਹੋਵੇ ਜਾਂ ਸਿਹਤ, ਸਿੱਖਿਆ, ਵਪਾਰ ਨਾਲ ਜੁੜੇ ਹੋਰ ਵਿਕਾਸ ਕਾਰਜ ਹੋਣ, ਇਹ ਸਭ ਸਿਰਫ ਕਨੈਕਟੀਵਿਟੀ ਨਾਲ ਹੀ ਸੰਭਵ ਹਨ।

 

ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ, “ਮੈਨੂੰ ਯਕੀਨ ਹੈ ਕਿ ਆਧੁਨਿਕ ਸੜਕਾਂ ਅਤੇ ਪੁਲ਼ਾਂ ਦੀ ਉਸਾਰੀ ਨਾਲ ਖੇਤਰ ਵਿੱਚ ਖੁਸ਼ਹਾਲੀ ਆਵੇਗੀ। ਸਾਡੀ ਸਰਕਾਰ ਆਪਣੀਆਂ ਸਰਹੱਦਾਂ 'ਤੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੈ ਅਤੇ ਇਸ ਵਾਸਤੇ ਜ਼ਰੂਰੀ ਸੰਸਾਧਨ ਉਪਲੱਬਧ ਕਰਵਾਏ ਜਾਣਗੇ। ਸਾਡੀ ਸਰਕਾਰ ਜੰਮੂ ਤੇ ਕਸ਼ਮੀਰ ਦੇ ਵਿਕਾਸ ਵਿਚ ਡੂੰਘੀ ਦਿਲਚਸਪੀ ਰੱਖਦੀ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਅਤੇ ਹਥਿਆਰਬੰਦ ਬਲਾਂ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖਦਿਆਂ, ਕਈ ਹੋਰ ਵਿਕਾਸ ਕਾਰਜ ਵੀ ਪਾਈਪਲਾਈਨ ਵਿੱਚ ਹਨ, ਜਿਨ੍ਹਾਂ ਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ। ਜੰਮੂ ਖੇਤਰ ਵਿੱਚ ਇਸ ਵੇਲੇ ਤਕਰੀਬਨ 1000 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ।

 

ਰੱਖਿਆ ਮੰਤਰੀ ਨੇ ਮੰਨਿਆ ਕਿ ਪਿਛਲੇ ਦੋ ਸਾਲਾਂ ਦੌਰਾਨ, ਆਧੁਨਿਕ ਟੈਕਨੋਲੋਜੀ ਅਤੇ ਅਤਿ-ਆਧੁਨਿਕ ਉਪਕਰਨਾਂ ਦੀ ਵਰਤੋਂ ਨਾਲ ਬੀਆਰਓ ਨੇ 2200 ਕਿਲੋਮੀਟਰ ਤੋਂ ਵੱਧ ਦੀ ਕੱਟਿੰਗ, ਲਗਭਗ 4,200 ਕਿਲੋਮੀਟਰ ਸੜਕਾਂ ਦੀ ਸਰਫੇਸਿੰਗ ਕੀਤੀ ਹੈ ਅਤੇ ਲਗਭਗ 5,800 ਮੀਟਰ ਸਥਾਈ ਪੁਲ਼ਾਂ ਦਾ ਨਿਰਮਾਣ ਕੀਤਾ ਗਿਆ ਹੈ।

 

ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਰਣਨੀਤਕ ਸੜਕਾਂ ਦੇ ਨਿਰਮਾਣ ਲਈ ਬੀਆਰਓ ਨੂੰ ਲੋੜੀਂਦੇ ਸੰਸਾਧਨ ਉਪਲੱਬਧ ਕੀਤੇ ਜਾਣਗੇ। ਕੋਵਿਡ -19 ਮਹਾਂਮਾਰੀ ਦੇ ਬਾਵਜੂਦ, ਸਰਕਾਰ ਬੀਆਰਓ ਦੇ ਸੰਸਾਧਨਾਂ ਨੂੰ ਘੱਟ ਨਹੀਂ ਹੋਣ ਦੇਵੇਗੀ। ਉਨ੍ਹਾਂ ਹੋਰ ਕਿਹਾ ਕਿ ਮੰਤਰਾਲਾ ਬੀਆਰਓ ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਦੀਆਂ ਸੁਵਿਧਾਵਾਂ ਦਾ ਵੀ ਪੂਰਾ ਧਿਆਨ ਰੱਖੇਗਾ।

ਇਨ੍ਹਾਂ ਛੇ ਪੁਲ਼ਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਦਫ਼ਤਰ (ਸੁਤੰਤਰ ਚਾਰਜ), ਪ੍ਰਸੋਨਲ , ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ: ਜਤਿੰਦਰ ਸਿੰਘ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਜੰਮੂ ਤੋਂ ਸੰਸਦ ਮੈਂਬਰ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਵੀਡੀਓ ਲਿੰਕ ਰਾਹੀਂ ਸਾਈਟ ʼਤੇ ਮੌਜੂਦ ਸਨ।

 

ਕਠੂਆ ਜ਼ਿਲ੍ਹੇ ਵਿੱਚ ਤਰਨਾਹ ਨਾਲ਼ੇ 'ਤੇ ਦੋ ਪੁਲ਼ਾਂ ਅਤੇ ਅਖਨੂਰ / ਜੰਮੂ ਜ਼ਿਲੇ ਵਿੱਚ ਅਖਨੂਰ-ਪੱਲਾਂਵਾਲਾ ਸੜਕ 'ਤੇ ਸਥਿਤ ਚਾਰ ਪੁਲ਼ਾਂ ਦਾ ਫੈਲਾਅ  30 ਤੋਂ 300 ਮੀਟਰ ਤੱਕ ਦਾ ਹੈ ਅਤੇ ਕੁੱਲ 43 ਕਰੋੜ ਰੁਪਏ ਦੀ ਲਾਗਤ ਨਾਲ ਇਨ੍ਹਾਂ ਦੀ ਉਸਾਰੀ ਕੀਤੀ ਗਈ ਹੈ। ਬੀਆਰਓ ਦੇ ਪ੍ਰੋਜੈਕਟ ਸੰਪਰਕ ਦੁਆਰਾ ਬਣਾਏ ਗਏ ਇਹ ਪੁਲ਼ ਇਸ ਰਣਨੀਤਕ ਮਹੱਤਵਪੂਰਨ ਸੈਕਟਰ ਵਿੱਚ ਹਥਿਆਰਬੰਦ ਸੈਨਾਵਾਂ ਦੀ ਆਵਾਜਾਈ ਨੂੰ ਸੁਵਿਧਾ ਪ੍ਰਦਾਨ ਕਰਨਗੇ ਅਤੇ ਦੂਰ ਦੁਰਾਡੇ ਸਰਹੱਦੀ ਖੇਤਰਾਂ ਦੇ ਸਮੁੱਚੇ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਣਗੇ।

 

ਇਹ ਸਪਸ਼ਟ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਬੀਆਰਓ ਦੁਆਰਾ ਪੂਰੇ ਕੀਤੇ ਜਾਣ ਵਾਲੇ ਕੰਮਾਂ ਵਿੱਚ ਵੱਡਾ ਵਾਧਾ ਹੋਇਆ ਹੈ। ਇਹ ਇਸ ਤੱਥ ਤੋਂ ਸਪਸ਼ਟ ਹੈ ਕਿ ਬੀਆਰਓ ਨੇ ਵਿੱਤੀ ਸਾਲ (ਐੱਫਵਾਈ) 2019-20 ਵਿੱਚ ਵਿੱਤੀ ਸਾਲ 2018-19 ਦੀ ਤੁਲਨਾ ਵਿੱਚ ਲਗਭਗ 30 ਪ੍ਰਤੀਸ਼ਤ ਵਧੇਰੇ ਕਾਰਜ ਮੁਕੰਮਲ ਕੀਤੇ ਹਨ। ਇਹ ਸਰਕਾਰ ਦੁਆਰਾ ਲੋੜੀਂਦੀ ਬਜਟਰੀ ਸਹਾਇਤਾ ਅਤੇ ਢਾਂਚਾਗਤ ਸੁਧਾਰਾਂ ਦੇ ਪ੍ਰਭਾਵ ਅਤੇ ਬੀਆਰਓ ਦੁਆਰਾ ਪੂਰੇ ਫੋਕਸ / ਸਮਰਪਿਤ ਪ੍ਰਯਤਨਾਂ ਦੇ ਕਾਰਨ ਸੰਭਵ ਹੋਇਆ ਹੈ।

 

ਬੀਆਰਓ ਦਾ ਸਲਾਨਾ ਬਜਟ ਜੋ ਵਿੱਤੀ ਵਰ੍ਹੇ 2008-2016 ਵਿੱਚ 3,300 ਕਰੋੜ ਰੁਪਏ ਤੋਂ ਲੈ ਕੇ 4,600 ਕਰੋੜ ਰੁਪਏ ਤੱਕ ਸੀ, ਵਿੱਤੀ ਸਾਲ 2019 - 2020 ਵਿੱਚ ਕਾਫ਼ੀ ਮਹੱਤਵਪੂਰਨ ਵਾਧੇ ਨਾਲ 8,050 ਕਰੋੜ ਰੁਪਏ ਰਿਹਾ ਹੈ। ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ʼਤੇ ਸਰਕਾਰ ਦੇ ਫੋਕਸ ਨਾਲ, ਵਿੱਤੀ ਸਾਲ 2020-2021 ਦਾ ਬਜਟ 11,800 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਇਸ ਨਾਲ ਚਲ ਰਹੇ ਪ੍ਰੋਜੈਕਟਾਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਸਾਡੀਆਂ ਉੱਤਰੀ ਸਰਹੱਦਾਂ ਦੇ ਨਾਲ ਨਾਲ ਰਣਨੀਤਕ ਸੜਕਾਂ, ਪੁਲ਼ਾਂ ਅਤੇ ਸੁਰੰਗਾਂ ਦੇ ਨਿਰਮਾਣ ਵਿੱਚ ਤੇਜ਼ੀ ਆਵੇਗੀ।

 

ਇਸ ਮੌਕੇ ਬੋਲਦਿਆਂ, ਬੀਆਰਓ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੇ ਰਾਸ਼ਟਰ ਨਿਰਮਾਣ ਵਿੱਚ ਬੀਆਰਓ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਅਤੇ  ਨਿਰੰਤਰ ਮਾਰਗਦਰਸ਼ਨ ਤੇ ਸਹਾਇਤਾ ਲਈ ਰੱਖਿਆ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਬੀਆਰਓ, ਸਰਕਾਰ ਦੁਆਰਾ ਤੈਅ ਕੀਤੇ ਗਏ ਸਮੁੱਚੇ ਰਾਸ਼ਟਰੀ ਰਣਨੀਤਕ ਉਦੇਸ਼ਾਂ ਅਨੁਸਾਰ ਨਿਰਧਾਰਤ ਟੀਚਿਆਂ ਦੀ ਪੂਰਤੀ ਲਈ ਯਤਨਸ਼ੀਲ ਰਹੇਗਾ।

 

ਇਸ ਮੌਕੇ ʼਤੇ ਚੀਫ਼ ਆਵ੍ ਆਰਮੀ ਸਟਾਫ ਜਨਰਲ ਐੱਮਐੱਮ ਨਰਵਨੇ, ਰੱਖਿਆ ਸੱਕਤਰ ਡਾ. ਅਜੈ ਕੁਮਾਰ, ਡੀਜੀ ਬੀਆਰਓ ਲੈਫਟੀਨੈਂਟ ਜਨਰਲ ਹਰਪਾਲ ਸਿੰਘ-  ਦਿੱਲੀ ਵਿਖੇ ਅਤੇ ਸੀਨੀਅਰ ਆਰਮੀ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਸਾਈਟ ʼਤੇ ਮੌਜੂਦ ਸਨ।

 

***

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ


(Release ID: 1637662) Visitor Counter : 248